Wednesday 17 February 2016

ਮੇਰੀ ਕਲਮ ਦੀਆ ਪੈੜਾਂ


ਮਾਂ ਮੇਰੀ ਦੇ ਹੱਥਾਂ ਉਤੇ
ਆਲੀਓ ਪਾਲੀਓ ਕਰਕੇ
ਮੇਰੀ ਕਲਮ ਨੇ ਹਿਲਣਾ ਸਿੱਖਿਆ
ਮੇਰੇ ਵਿਹੜੇ ਦੀ ਮਿੱਟੀ ਉਤੇ
ਘੁੱਗੂ ਘਾਂਗੜੇ ਵਾਹ ਕੇ
ਕਲਮ ਮੇਰੀ ਨੇ ਰੁੜਨਾ ਸਿੱਖਿਆ
ਵਿੱਚ ਸਕੂਲੇ ਮਾਸਟਰ ਜੀ ਤੋਂ
ਫੱਟੀ ਉੱਘੜਾ ਕੇ
ਮੇਰੀ ਲੜਖੜਾਉਂਦੀ
ਕਾਨ੍ਹੇ ਦੀ ਕਲਮ ਨੇ
ਮਾਸਟਰ ਜੀ ਦਾ ਹੱਥ ਫੜ ਕੇ
ਪਹਿਲਾ ਕਦਮ ਸੀ ਪੁੱਟਿਆ
ਫਿਰ ਸਲੇਟ ਤੇ ਸਲੇਟੀ
ਤੇ ਕਾਗਜ਼ ਤੇ ਕਲਮ ਜਾਂ ਨਿਭ
ਦੇ ਸੰਗ ਮੇਰੀ ਕਲਮ ਨੇ
ਤੁਰਨਾ ਸਿਖਿਆ
ਹੌਲੀ ਹੌਲੀ ਇਸ ਕਲਮ ਨੇ
ਪੈਨਸਿਲ ਤੇ ਪੈੰਨ ਤੇ ਚੜ੍ਹ ਕੇ
ਭੱਜਣਾ ਸ਼ੁਰੂ ਕੀਤਾ ਤੇ
ਕਈ ਲੰਬੀਆਂ ਦੌੜਾਂ ਜਿੱਤੀਆਂ
ਅੱਜ ਕਲ੍ਹ ਮੇਰੀ ਕਲਮ
ਦੋ ਉਂਗਲਾਂ ਚ
ਫੜਨ ਵਾਲੀ ਨਹੀਂ ਰਹੀ
ਸਗੋਂ ਸਾਰੀਆਂ ਉਂਗਲਾਂ
ਨਾਲ ਲਿਖਦੀ ਹੈ
ਹੋ ਸਕਦਾ ਅਗਲੇ
ਕੁਝ ਸਾਲਾਂ ਚ
ਮੇਰੀ ਕਲਮ ਦਾ
ਮੇਰੇ ਹੱਥਾਂ ਨਾਲੋ ਨਾਤਾ
ਬਿਲਕੁਲ ਹੀ ਟੁੱਟ ਜਾਵੇ।
ਹਰ ਜੀ 12/02/2015

No comments:

Post a Comment