Thursday 11 February 2016

ਮੇਰੇ ਰਾਹ


ਕਹਿੰਦਾ ਮੈਂ ਚਲਦਾਂ ਤਾਂ ਰਾਹ ਬਣਦੇ ਨੇਂ
ਬਣਿਆਂ ਰਾਹਾਂ ਤੇ ਘੱਟ ਹੀ ਤੁਰਿਆ ਮੈਂ
ਜਿਹਨਾਂ ਰਾਹਾਂ ਤੇ ਇੱਕ ਵਾਰ ਲੰਘ ਗਿਆ 
ਉਹਨਾਂ ਰਾਹਾਂ ਤੇ ਕਦੇ ਨਾਂ ਮੁੜਿਆ ਮੈਂ
ਨਵੇਂ ਰਾਹਾਂ ਨੂੰ ਖੋਜਣ ਦੇ ਲਈ
ਉਹਨੂੰ ਕੋਈ ਤਾਂ ਸੇਧ ਦਿੰਦਾਂ ਹੋਵੇਗਾ
ਚਾਹੇ ਹੋਵੇਗਾ ਉਹਦਾ ਆਪਣਾ ਹੀ ਪਰਛਾਵਾਂ
ਜਾਂ ਆਕਾਸ਼ ਚ ਉਡਦਾ ਕੋਈ ਪਰਿੰਦਾ ਹੋਵੇਗਾ
ਮੈਂ ਮੈਂ ਕਰਦਾ ਉਹ ਅਨਜਾਨੇ ਰਾਹਾਂ ਤੇ
ਅਪਣੀ ਹਉਮੈਂ ਤੇ ਅਕਲ ਦਾ ਟੰਢੋਰਾ ਪਿੱਟਦਾ
ਸ਼ਾਇਦ ਅਜੇ ਤੱਕ ਉਸ ਨੇ ਚੜ੍ਹਦਾ ਹੀ ਦੇਖਿਆ
ਕੀਤਾ ਨੀਂ ਮੂੰਹ ਉੱਧਰ ਜਿੱਧਰ ਸੂਰਜ ਹੈ ਛਿੱਪਦਾ
ਲਗਦਾ ਅਜੇ ਤੱਕ ਤਾਂ ਉਸ ਨੇ
ਸਿਰਫ ਸੂਰਜ ਦੀ ਧੁੱਪ ਹੀ ਹੈ ਦੇਖੀ
ਸੂਰਜ ਦੇ ਅਸਤ ਹੋਣ ਤੋਂ ਬਾਅਦ
ਵਾਲੀ ਰਾਤ ਕਾਲੀ ਘੁੱਪ ਨਹੀਂ ਦੇਖੀ
ਭੁੱਲ ਗਿਆ ਉਹ ਜਦੋਂ ਜੰਮਿਆ ਸੀ
ਰਸਤਾ ਉਦੋਂ ਵੀ ਉਹ ਪੁਰਾਣਾ ਸੀ
ਮਾਂ ਦੇ ਪਿੱਛੇ ਰਹਿੰਦਾ ਸੀ ਸਦਾ ਘੁੰਮਦਾ
ਜਦੋਂ ਉਹ ਬਾਲ ਨਿਆਣਾ ਸੀ
ਜਦੋਂ ਹੱਥ ਫੜਲੀ ਡੰਗੋਰੀ
ਰਸਤਾ ਹਰ ਇੱਕ ਹੋਊ ਪੁਰਾਣਾ
ਜਿਸ ਤੋਂ ਮੁੜ ਕੇ ਨੀ ਆਉਣਾ
ਰਸਤਾ ਆਖਰੀ ਵੀ ਪੁਰਾਣਾ
ਹਰ ਜੀ ੧੪-੦੯-੨੦੧੫

No comments:

Post a Comment