Sunday 16 June 2013

ਅਲਵਿਦਾ

ਜੋ ਮੇਰੀ ਸੀ ਖਿਆਲੀ ਪ੍ਰੇਮ ਕਹਾਣੀ
ਓਹ ਤਾਂ ਟੁੱਟ ਗਈ ਅੱਧ ਵਿਚਕਾਰ
ਸਫਰ ਜਿੰਦਗੀ ਦਾ ਤਹਿ ਮੈਂ ਕੀਤਾ
ਨਾਲ ਆਪਣੇ ਸੱਚੇ ਪਿਆਰ

ਕਵਿਤਾ ਦੀਆਂ ਜੋ ਲੱਗੀਆਂ ਸਨ ਟੱਟੀਆਂ
ਓਹ ਵੀ ਹੁਣ ਤਾਂ ਹੋ ਗਈਆਂ  ਬੰਦ
ਫੇਰ ਲਿਖਾਂਗਾ ਮੁੜਕੇ ਸੱਜਣੋ
ਉਤਰੇਗਾ ਜਦ ਫਿਰ ਕੋਈ ਨਵਾਂ ਛੰਦ

ਤਦ ਤੱਕ ਮੇਰੀ ਹੱਥ ਜੋੜਕੇ
ਸਾਰੇ ਕਰਿਓ ਫਤਿਹ ਕਬੂਲ
ਮਾਫ਼ ਕਰ ਦਿਓ ਇਸ ਨਾਸਮਝ ਦੀ
ਕੀਤੀ ਹੋਈ ਹਰ ਇਕ ਭੁੱਲ

ਖੁਸ਼ੀ ਵਸੋ ਰਹੋ ਚੜਦੀ ਕਲਾ ਵਿਚ
ਫੇਰ ਮਿਲਾਂਗੇ ਛੇਤੀ ਹੀ ਜਰੂਰ
ਸਦਾ ਹੀ ਰਹੀਏ ਮਨਾਂ ਦੇ ਨੇੜੇ
ਉਂਝ ਚਾਹੇ ਵਸੀਏ ਕੋਹਾਂ ਦੂਰ

Saturday 15 June 2013

ਸੂਰਜ


ਅੱਜ ਆਪਣੇ ਘਰ ਦੀ ਖਿੜਕੀ ਚੋਂ 
ਮੈਂ ਚੜਦਾ ਸੂਰਜ  ਦੇਖਿਆ ਸੀ 
ਓਹਦੀ ਸੁਨਿਹਿਰੀ ਧੁੱਪ  ਨੂੰ ਮੈਂ 
ਵਿਚ ਵਿਹੜੇ ਖੜ ਕੇ ਸੇਕਿਆ ਸੀ 

ਹੌਲੀ ਹੌਲੀ ਪਹਾੜੀ ਦੇ ਉੱਤੋਂ ਦੀ 
ਸਿਰ ਉਸਨੇ ਆਪਣਾ ਚੱਕਿਆ ਸੀ 
ਇਕ ਸ਼ਰ੍ਮੀਲੀ ਨਾਰ ਵਾਂਗੂੰ ਉਸ 
ਅੱਖਾਂ ਨੀਵੀਆਂ ਕਰਕੇ ਤੱਕਿਆ ਸੀ 

ਇਕ ਬੱਦਲੀ ਨੇ ਛੇਤੀ ਆਕੇ 
ਓਹਦੇ ਅੱਗੇ ਪੱਲਾ ਕਰ ਦਿੱਤਾ 
ਜਿੱਦਾਂ ਡੋਲੀ ਚੋਂ ਨਿੱਕਲੀ ਵਹੁਟੀ ਦਾ 
ਘੁੰਡ ਸੱਸ ਨੇ ਨੀਵਾਂ ਕਰ ਦਿੱਤਾ 

ਓਹਦੀਆਂ ਸੋਨੇ ਰੰਗੀਆਂ ਕਿਰਨਾ ਨੇ 
ਵੇਹੜਾ ਮੇਰਾ ਰੁਸ਼ਨਾ ਦਿੱਤਾ 
ਜਿਦਾਂ ਨਵ ਵਿਆਹੀ ਨੇ ਸਹੁਰੇ ਘਰ 
ਆ ਅਪਣਾ ਦਾਜ ਸਜਾ ਦਿੱਤਾ

ਹਰ ਪਾਸੇ ਚਹਿਕਾਂ ਮਹਿਕਾਂ ਸਨ 
ਇੱਕ ਅਦਭੁਤ ਜਿਹਾ ਨਜ਼ਾਰਾ ਸੀ 
ਵਹੁਟੀ ਆਉਣ ਦੇ ਚਾ ਵਿਚ  
ਜਿਵੇ ਨੱਚਿਆ ਟੱਬਰ ਸਾਰਾ ਸੀ