Monday 17 February 2014

ਸਫ਼ਰ ਜਿੰਦਗੀ ਦਾ

ਕਰਾਂ ਜਿੰਦਗੀ ਦਾ ਸਫ਼ਰ
ਖਾਵਾਂ  ਸਮੇ ਦੇ ਥਫੇੜੇ
ਮਾਣਾ ਖੁਸ਼ੀ ਦੀਆਂ ਮਹਿਫਿਲਾਂ 
ਨਾਲੇ ਗਮੀ ਦੇ ਓਹ ਝੇੜੇ

ਮੁੜ ਮੁੜ ਕੇ ਨੀਂ  ਆਉਣੇ
ਪਲ ਬੀਤ ਗਏ ਨੇ ਜਿਹੜੇ
ਕਦੇ ਖੁਸ਼ੀ ਕਦੇ ਗਮੀ
ਆਉਂਦੀ ਰਹਿੰਦੀ ਸਾਡੇ ਵੇਹੜੇ

ਕਿੰਨੇ ਹੁੰਦੇ ਸੀ ਓਹ ਚੰਗੇ
ਪਲ ਬੀਤੇ ਕੱਠੇ ਜਿਹੜੇ
ਇੱਕ ਚੀਸ ਬਣ ਗਏ ਨੇ
ਤੰਦ ਸੋਚਾਂ ਦੇ ਜੋ ਛੇੜੇ

ਮੈਨੂੰ ਸਮਝ ਨੀਂ ਆਉਂਦੀ
ਕਿਥੋਂ ਆ ਗਏ ਇਹ ਬਖੇੜੇ
ਚਿੱਤ ਉੜੂੰ ਉੜੂੰ ਕਰੇ
ਬਹਿਜਾਂ ਜਾਕੇ ਤੇਰੇ ਨੇੜੇ

ਕੱਢਾਂ ਦੇ ਕੇ ਦਿਲਾਸਾ
ਵਿਚੋਂ ਰੋਗ ਜੋ ਸਹੇੜੇ
ਹੱਸ ਹੱਸ ਕੇ ਲੰਘਾਈਏ
ਦਿਨ ਬਾਕੀ ਬਚੇ ਜਿਹੜੇ।

HSD 18/02/2014

ਧੁੰਦਲਾ ਚੇਹਰਾ

ਖੋ ਜਾਵਾਂ  ਜਦ ਵਿਚ ਖਿਆਲਾਂ
ਦਿਸਦਾ ਹੈ ਇੱਕ ਧੁੰਦਲਾ ਚੇਹਰਾ
ਹੁਣ ਤੱਕ ਮੈਂਨੂੰ ਸਮਝ ਨਾਂ ਆਈ
ਕਿਸਦਾ ਹੈ ਇਹ ਧੁੰਦਲਾ ਚੇਹਰਾ 

ਮਲ ਮਲ਼ ਅੱਖਾਂ ਦੇਖ ਲਿਆ ਮੈਂ
ਓਹਦੀ ਕੋਈ ਪਹਿਚਾਣ ਨਾਂ ਆਈ
ਏਡੀ ਮੋਟੀ ਪਰਤ ਇਹ ਕਿਹੜੀ
ਬੈਠੀ ਜੋ ਚੇਹਰੇ ਨੂੰ ਲੁਕਾਈ

ਜਰੁਰ ਕੋਈ ਇਹ ਆਪਣਾ ਹੋਊਗਾ
ਜਿਸਨੂੰ ਮੈਂ ਕਦੇ ਮਿਲਿਆ ਹੋਵਾਂਗਾ
ਤਾਹਿਓਂ ਇਸ ਦੇ ਪੈਣ ਭੁਲੇਖੇ
ਦੇਖ ਇਹਨੂੰ ਮੈਂ ਕਦੇ ਖਿਲਿਆ ਹੋਵਾਂਗਾ

ਹੁਣ ਜੇ ਓਹ ਫਿਰ ਸਾਹਮਣੇ ਆ ਜਾਵੇ
ਸ਼ਾਇਦ ਓਹਦੇ ਮੈਂ ਗਲ ਲੱਗ ਰੋਵਾਂ
ਆਪਣੇ ਖਾਰੇ ਹੰਝੂਆਂ ਦੇ ਨਾਲ
ਮੁਖ ਤੋਂ ਮੋਟੀ ਪਰਤ ਮੈਂ ਧੋਵਾਂ

ਰੱਜਕੇ ਕਰਾਂ ਨਾਲ ਬੈਠ ਓਸਦੇ
ਜੁਦਾਈ ਵਾਲੀ ਹਰ ਇੱਕ ਗੱਲ
ਪੁੱਛਾਂ ਕਿੰਝ ਬਿਤਾਏ ਕੱਲੇ 
ਜਿੰਦਗੀ ਦੇ ਓਹ ਸਾਰੇ ਪਲ

HSD 17/02/2014

ਕੀ ਖਿਆਲ


ਤੇਰੀ ਮੁਛ੍ਹ ਤੇ ਮੇਰੀ ਨੱਥਨੀ
ਤੇਰੀ ਨਿਗਾਹ ਤੇ ਮੇਰੀ ਤੱਕਣੀ
ਤੇਰੀ ਮੁਸਕਰਾਹਟ ਤੇ ਮੇਰੀ ਹੱਸਣੀ
ਬਾਰੇ ਕੀ ਖਿਆਲ ਹੈ 

ਤੇਰਾ ਕੈਂਠਾ ਤੇ ਮੇਰੀ ਸੱਗੀ
ਤੇਰਾ ਕੁੜਤਾ ਤੇ ਮੇਰੀ ਝੱਗੀ
ਤੇਰਾ ਘੋੜਾ ਤੇ ਮੇਰੀ ਬੱਘੀ 
ਬਾਰੇ ਕੀ ਖਿਆਲ ਹੈ

ਤੇਰੀ ਮੁੰਦਰ ਤੇ ਮੇਰੇ ਝੁਮਕੇ
ਤੇਰੀ ਤੋਰ ਤੇ  ਮੇਰੇ ਠੁਮਕੇ
ਤੇਰੀ ਪਤੰਗ ਤੇ ਮੇਰੇ ਤੁਣਕੇ 
ਬਾਰੇ ਕੀ ਖਿਆਲ ਹੈ

ਤੇਰੀ ਮੁੰਦਰੀ ਤੇ ਮੇਰੀਆਂ ਵੰਗਾਂ
ਤੇਰੀ ਸ਼ਰਾਰਤ ਤੇ ਮੇਰੀਆਂ ਸੰਗਾਂ
ਤੇਰੀ ਨੀਂਦ ਤੇ ਮੇਰੀਆਂ ਖੰਘਾਂ
ਬਾਰੇ ਕੀ ਖਿਆਲ ਹੈ

ਤੇਰੀ ਗਾਨੀ ਤੇ ਮੇਰਾ ਹਾਰ
ਤੇਰੀ ਨਰਾਜ਼ਗੀ ਤੇ ਮੇਰਾ ਪਿਆਰ
ਤੇਰੀ ਚੁੱਪ ਤੇ ਮੇਰਾ ਇਜ਼ਹਾਰ
ਬਾਰੇ ਕੀ ਖਿਆਲ ਹੈ

HSD 18/02/2014

Monday 3 February 2014

ਦਿਲ ਤਾਂ ਕਰਦਾ ਹੈ

ਦਿਲ ਤਾਂ ਕਰਦਾ ਹੈ 
ਮਾਂ ਦੀਆਂ ਲੋਰੀਆਂ ਗੁਨਗੁਨਾਵਾ
ਓਹਦੇ ਚਰਨਾ ਚ ਬਹਿ ਜਾਵਾਂ
ਉਹਨੂੰ ਹਥੀਂ ਖਾਣਾ ਖੁਆਵਾਂ
ਪਰ...

ਦਿਲ ਤਾਂ ਕਰਦਾ ਹੈ
ਮੈਂ ਬਾਪੂ ਕੋਲ ਬਹਿ ਜਾਵਾਂ
ਸ਼ਾਮੀ ਓਹਦੇ ਲਈ ਪੈਗ ਬਣਾਵਾਂ
ਲੱਤਾਂ ਘੁੱਟਾਂ ਤੇ  ਮੋਢੇ ਦਬਾਵਾਂ
ਪਰ...

ਦਿਲ ਤਾਂ ਕਰਦਾ ਹੈ 
ਮੈਂ ਵੀਰੇ ਕੋਲ ਜਾਵਾਂ
ਉਹਨੂੰ ਘੁੱਟਕੇ ਗਲਵਕੜੀ ਪਾਵਾਂ
ਆਪਣੀ ਹੱਡਬੀਤੀ ਸੁਣਾਵਾਂ
ਪਰ...

ਦਿਲ ਤਾਂ ਕਰਦਾ ਹੈ
ਮੈਂ ਭੈਣ ਦੇ ਘਰ ਜਾਵਾਂ
ਉਹਦੇ ਬੱਚਿਆਂ ਨੂੰ ਖਿਡਾਵਾਂ
ਸ਼ਾਮੀ ਜੀਜੇ ਨੂੰ ਦਾਰੂ ਪਿਆਵਾਂ
ਪਰ....

ਦਿਲ ਤਾਂ ਕਰਦਾ ਹੈ
ਘਰਵਾਲੀ ਨੂੰ ਸ਼ਹਿਰ ਲਿਜਾਵਾਂ
ਉਹਨੂੰ ਖੂਬ ਸ਼ੌਪਿੰਗ ਕਰਾਵਾਂ 
ਉਹਨੂੰ ਗਹਿਣਿਆਂ ਨਾਲ ਸਜਾਵਾਂ 
ਪਰ...

ਦਿਲ ਤਾਂ ਕਰਦਾ ਹੈ
ਬਚਿਆਂ ਨੂੰ ਪਿੰਡ ਲੈ ਜਾਵਾਂ
ਉਹਨਾ ਨੂੰ ਆਪਣਾ ਬਚਪਨ ਦਿਖਾਵਾਂ
ਨਾਲੇ ਆਪਣੇ ਵਾਂਗ ਪੇਂਡੂ ਬਣਾਵਾਂ
ਪਰ...

ਦਿਲ ਤਾਂ ਕਰਦਾ ਹੈ
ਯਾਰਾਂ ਦੀ ਮਹਿਫਿਲ ਸਜਾਵਾਂ
ਨਿੱਤ ਉਹਨਾ ਨੂੰ ਘਰੇ ਬੁਲਾਵਾਂ
ਉਹਨਾ ਨਾਲ ਬਹਿ  ਕੇ ਪੈਗ ਲਗਾਵਾਂ
ਪਰ...

ਦਿਲ ਤਾਂ ਕਰਦਾ ਹੈ ਮੈਂ ਕੋਠੇ ਤੇ  ਚੜ੍ਹ ਜਾਵਾਂ
ਖੜ ਉਚੀਆਂ ਹੇਕਾਂ ਲਾਵਾਂ
ਤੇ ਮੈਂ ਸਬ ਕੁਝ ਹੀ ਭੁਲ ਜਾਵਾਂ
ਪਰ...

ਹਾਇਕੂ -3


ਬੱਦਲਵਾਈ
ਮੁਰਝਾਏ ਰੁਖ
ਤੱਕਣ ਅਸਮਾਨੀ 

ਬਿਨ ਵਰ੍ਸਿਆਂ
ਤੁਰ ਗਿਆ ਬੱਦਲ
ਰੁਖ ਕਮਲਾਏ

ਚਿੱਟੀ ਬੱਦਲੀ
ਮੈਂ ਦੇਖਾਂ ਵਿਚ
ਹਾਥੀ ਘੋੜੇ

ਖੁੱਲਾ ਅਸਮਾਨ
ਕੂੰਜਾਂ ਦੀ ਡਾਰ
ਬਦਲਦਾ ਮੋਹਰੀ
 
ਪੌਹ੍ਫੁਟ ਵੇਲਾ 
ਚਿੜੀਆਂ ਚਹਿਕੀਆਂ 
ਨੀਂਦ ਮਾਰੀ ਉਡਾਰੀ 

ਸੜਕ ਕਿਨਾਰਾ
ਲਾਈਟ ਪੋਲ ਤੇ ਬੈਠੇ ਪੰਛੀ
ਤੱਕਣ ਕਾਰਾਂ ਦੀਆਂ ਕਤਾਰਾਂ

ਸੜਕ ਵਿਚਾਲੇ
ਕੰਗਾਰੂ ਦੀ ਲਾਸ਼
ਆਵਾਜਾਈ ਤੋ ਬੇਖਬਰ

ਜਨਵਰੀ ਮਹੀਨਾ
ਨਿੱਤ ਨਵਾਂ ਖਿਣ
ਲਿਖਿਆ ਹਰਰੋਜ ਇੱਕ ਹਾਇਕੂ