Thursday 14 November 2013

ਸ਼ਮਾ ਤੇ ਪਤੰਗਾ


ਅਕਸਰ ਪਤੰਗਾ ਖਿਚਿਆ ਆਉਂਦਾ
ਬਲਦੀ ਇਕ ਸ਼ਮਾ ਦੇ ਵੱਲ
ਜਦ ਸ਼ਮਾ ਦੇ ਨੇੜੇ ਜਾਂਦਾ 
ਝੱਟ ਹੀ ਓਹ ਜਾਂਦਾ ਫਿਰ ਜਲ਼

ਕੀ ਇਸਨੂੰ ਮੈਂ ਪਿਆਰ ਕਹਾਂਗਾ
ਜਾਂ ਫੇਰ ਕਹਾਂਗਾ ਲਾਲਸਾ
ਕੀ ਇਹ ਹੈ ਇਕ ਜਾਲ ਮੌਤ ਦਾ
ਯਾ ਫੇਰ ਕੋਈ ਹੋਰ  ਫਲਸਫਾ

ਇਕ ਪਿਆਰਾ ਦੂਜੈ ਨੂੰ ਸਾੜੇ
ਇਹ ਗੱਲ ਮੇਰੀ ਸਮਝੋਂ ਬਾਹਿਰ
ਯਾਰ ਤਾਂ ਇਕ ਦੂਜੇ ਲਈ ਮਰਦੇ
ਫਿਰ ਹੈ ਇਹ ਕਿਦਾਂ ਦਾ ਪਿਆਰ

ਕੀ ਸ਼ਮਾ ਆਪਣੇ ਬਚਾਓ ਖਾਤਿਰ
ਧਾਰ ਲੈਂਦੀ ਚੰਡੀ ਦਾ ਰੂਪ
ਮਾੜੀ ਸੋਚ ਜੋ ਇਸ ਵੱਲ ਵੱਧੇ
ਝੱਟ ਦਿੰਦੀ ਇਹ ਓਹਨੂੰ ਫੂਕ

ਇਸ ਸਮੇਂ ਦੀਓ ਕੁੜੀਓ ਚਿੜੀਓ
ਕੁਝ ਤੁਸੀਂ ਇਸ ਸ਼ਮਾ ਤੋਂ ਸਿਖੋ
ਹਰ ਇਕ ਅਜਿਹੇ ਪਤੰਗੇ ਨੂੰ ਤੁਸੀਂ
ਚੰਡੀ ਵਾਂਗੂੰ ਹਰ ਪਲ ਦਿਖੋ

ਧੰਨਵਾਦ

ਸਿਰ ਮੱਥੇ ਅਸੀਂ ਕੀਤੀਆਂ  ਕਬੂਲ
ਤੁਹਾਡੀਆਂ ਵਧਾਈਆਂ ਤੇ ਸ਼ੁਭ ਇਛਾਵਾਂ 
ਭੇਜੀਆਂ ਜੋ ਅਮਰੀਕਾ ਕਨੇਡਾ ਭਾਰਤ
ਤੇ ਆਸਟਰੇਲੀਆ ਚ ਵਸਦੇ ਭੈਣ ਭਰਾਵਾਂ

ਖੁੱਲਾ ਸੱਦਾ ਸਾਰਿਆਂ ਨੂੰ ਸਾਡੇ ਵੱਲੋਂ
ਕੱਲੇ ਕੱਲੇ ਨੂੰ ਨਾਂ ਸੱਦਾ ਘ੍ਲਾਵਾਂ
ਜਦ ਕਰੇ ਦਿਲ ਬਸ ਆ ਜਾਇਓ
ਨਾਲ ਖੁਸ਼ੀਆਂ ਤੇ ਡੁਲ੍ਹਦੇ ਚਾਵਾਂ

ਸਦਾ ਖੁੱਲੇ ਘਰ ਤੇ ਦਿਲ ਦੇ ਦਰਵਾਜ਼ੇ
ਸਵਾਗਤ ਕਰਾਂਗੇ ਨਾਲ ਖੁਲੀਆਂ ਬਾਹਵਾਂ 
ਬਹਿ ਮੋਟਰ ਤੇ ਕਰਾਂਗੇ ਪਾਰਟੀ
ਸੰਗ ਕੰਗਰੂਆਂ ਘੋੜਿਆ ਤੇ ਗਾਵਾਂ

ਪੇਂਡੂ ਜਾ ਇੱਕ ਮਹੌਲ ਬਨੂੰਗਾ
ਖੁਲੀਆਂ ਵਾਦੀਆਂ ਤਾਰਿਆਂ ਦੀ ਛਾਵੇਂ
ਚੜਦੀ ਜਵਾਨੀਂ ਵਾਂਗ ਨੱਚਾਂ ਕੁਦਾਂਗੇ
ਢਲਗੀ ਜਵਾਨੀ ਹੁਣ ਤਾਂ ਭਾਵੇਂ

Wednesday 6 November 2013

ਹਾਇਕੂ - 1

ਹੀਟਰ ਬੰਦ 
ਠੰਡਾ ਪਾਣੀ 
ਨਾਹੁਣਾ ਜਰੂਰੀ 

ਜੂਨ ਮਹੀਨਾ 
ਖੜ ਗਿਆ ਹੀਟਰ 
ਕਰਾਂ  ਠੁਰ ਠੁਰ 

ਸਵੇਰ ਦਾ ਘੁਸ੍ਮ੍ਸਾ 
ਬਾਜਾਂ ਦਾ ਪ੍ਰੀਵਾਰ 
ਸੁਣਿਆ ਗੁਫਤਗੂ ਕਰਦਾ  

ਧੁੰਦਲੀ ਸਵੇਰ 
ਪਹਾੜੀ ਤੇ ਲੱਗੀ ਬੱਤੀ 
ਪਵੇ ਭੁਲੇਖਾ ਜੁਗਨੂੰ ਦਾ 

ਬਾਲਕੋਨੀ ਚੋਂ ਬਿਨਾ ਐਨਕਾਂ 
ਤੱਕਿਆ ਰਾਤੀਂ ਸ਼ਹਿਰ  
ਬੱਤੀਆਂ ਬਣੀਆਂ ਅਸ਼ਤਬਾਜ਼ੀ

ਸਰਦੀ ਦੀ ਸੁਬਹ 
ਕੈਨਬਰਾ ਤੇ ਪਿਆ 
ਧੁੰਦ ਦਾ ਪਰਦਾ 

ਸਿਰ ਤੋਂ ਚੱਲੀਆਂ ਘਰਾਲਾਂ 
ਮੁਖੜੇ ਤੋਂ ਰਸਤੇ ਬਣਾਉਂਦੀਆਂ 
ਕੁੜਤੀ ਚ ਜਾ ਸਮਾਈਆਂ 

ਸਟਨ ਚ ਘਰ

ਪਿੰਡ ਸਟਨ ਚ ਘਰ ਲੈ ਲਿਆ 
ਨਾਲੇ ਛੱਤੀ  ਕੁ ਕਿੱਲੇ 
ਨਾਂ ਹੀ ਪੂਰੀ ਪੱਧਰੀ ਧਰਤੀ 
ਨਾਂ ਹੀ ਬਹੁਤੇ ਟਿੱਲੇ 
ਬਣ ਕੇ ਜੱਟ ਕਰੂੰਗਾ ਖੇਤੀ 
ਨਾਲੇ ਕਟੁੰਗਾ ਚਿੱਲੇ
ਸ਼ਹਿਰੀ ਜੱਟੀ ਦਾ
ਹਥ ਵਿਚ ਦਰਵਾਜਿਓਂ ਹਿੱਲੇ

ਪਾਣੀ ਲਈ ਦੋ ਛੱਪੜ ਹੈਗੇ
ਨਾਲੇ ਬੰਬੀ ਚੱਲੇ 
ਕੰਗਰੁਆਂ ਦੀ ਟੋਲੀ ਆਕੇ 
ਨਿੱਤ ਚਰੇ ਸਫੈਦਿਆਂ ਥੱਲੇ 
ਸਹਿਆਂ ਨੇ ਵੀ ਖੁੱਡਾਂ ਕਰਕੇ 
ਅਪਣੇ ਥਾਂ ਹਨ ਮੱਲੇ 
ਸ਼ਹਿਰ ਦੀ ਖਚ ਖਚ ਨੂੰ 
ਛੱਡ ਲੱਗਗੇ ਰਹਿਣ ਅਸੀਂ ਕੱਲੇ

ਅੰਗੂਰਾਂ ਦੀਆਂ ਕੁਝ ਵੇਲਾਂ ਲੱਗੀਆਂ
ਕਈ ਫਲਾਂ ਦੇ ਬੂਟੇ
ਕਿਸ ਬੂਟੇ ਨੂੰ ਕੀ ਫਲ ਲਗਦਾ
ਪਤਾ ਲੱਗੂ ਬਹਾਰ ਦੀ ਰੁੱਤੇ
ਘਰ ਦੀ ਮੁਰਗੀ ਘਰ ਦੀ ਸਬ੍ਜ਼ੀ
ਹੁਣ ਕੋਈ ਨਾ ਸਾਨੂੰ ਲੁੱਟੇ
ਆਹ ਬਹਿ ਟਰੈਕਟਰ ਤੇ
ਤੈਨੂੰ ਦੇਵਾਂ ਮੈਂ ਦੇਸੀ ਝੂਟੇ

ਵਿਚ ਵਿਹੜੇ ਦੇ ਬਹਿ ਕੇ ਤੱਕਾਂ
ਵਾਦੀ ਵਿਚਲੇ ਨਜ਼ਾਰੇ
ਚਾਨਣੀ ਰਾਤ ਨੂੰ ਚੰਦ ਪਿਆ ਚਮਕੇ
ਨੇਰ੍ਹੀ ਰਾਤ ਨੂੰ ਤਾਰੇ
ਹਵਾ ਦੇ ਬੁੱਲੇ ਸਦਾ ਹੀ ਵੱਗਦੇ
ਕੁਝ ਗਰਮ ਜਿਹੇ ਕੁਝ ਠਾਰੇ
ਆ ਨੀਂ ਸੁਨੀਤ ਕੁਰੇ
ਕੱਠੇ ਤੱਕੀਏ ਬੈਠ ਨਜ਼ਾਰੇ

ਨਾਲ ਸਮੇ ਦੇ ਪਤਾ ਇਹ ਲੱਗੂ
ਕੀ ਖੱਟਿਆ ਕੀ ਗਵਾਇਆ
ਹੁਣ ਤੱਕ ਤਾਂ ਬਸ ਇਹੀ ਲਗਦਾ
ਜੋ ਉਸ ਦਿੱਤਾ ਸੋ ਪਾਇਆ
ਕੀ ਓਹਦੀ ਦਸ ਸਿਫਤ ਕਰਾਂ ਮੈਂ
ਸਭ ਕੁਝ ਉਸਦੀ ਮਾਇਆ
ਉਸਦਿਆਂ ਰੰਗਾਂ ਦਾ
ਕਦੇ ਕਿਸੇ ਭੇਤ ਨੀਂ ਪਾਇਆ 

ਖੁਦੋ ਖੂੰਡੀ ਤੇ ਗੋਲ੍ਫ਼



ਬਚਪਨ ਵਿਚ ਮੈਂ ਖੇਡ ਸੀ ਖੇਡੀ
ਖੁਦੋ ਖੂੰਡੀ ਇੱਕ ਹਥ ਚ ਫੜਕੇ
ਲੀਰਾਂ ਦੀ ਸੀ ਮੈਂ ਖੁਦੋ ਬਣਾਈ
ਕੱਟੀ ਖੂੰਡੀ ਕਿੱਕਰ ਤੋਂ ਚੜਕੇ
ਹੱਟ ਵੱਲ ਹੱਟ ਪਿਛੇ ਇਹ ਕਹਿਕੇ
ਮਾਰਦੇ  ਖੂੰਡੀ ਦੂਜੇ ਦੇ ਪੈਰੀਂ ਜ੍ੜਕੇ
ਨਾਂ ਕੋਈ ਗੁੱਸਾ ਤੇ ਨਾਂ ਕੋਈ ਰੋਸਾ
ਨਾਂ ਕਦੇ ਮੁੜੇ ਘਰਾਂ ਨੂੰ ਲੜਕੇ

ਹੁਣ ਵੀ ਮੈਂ ਇੱਕ ਖੇਡ ਖੇਡਦਾਂ
ਇਹ ਵੀ ਖੁਦੋ ਖੂੰਡੀ ਵਾਲੀ
ਨਾਂ ਲੀਰਾਂ ਦੀ ਖੁਦੋ ਇਥੇ
ਨਾਂ ਖੂੰਡੀ ਕਿੱਕਰ ਦੀ ਟਾਹਲੀ
ਚਮਕਦਾਰ ਤੇ ਪਥਰੀਲੀ ਖੁਦੋ
ਭੱਜਦੀ ਇਹਤਾਂ ਤੇਜ ਹੀ ਬਾਹਲੀ
ਖੂੰਡੀਆਂ ਛੋਟੀਆਂ ਵੱਡੀਆਂ ਬੈਠਣ
ਵਿਚ ਬੈਗ ਚੜ ਉੱਤੇ ਟਰਾਲੀ

ਹਰੇ ਕਚੂਰ ਮੈਦਾਨਾ ਦੇ ਵਿਚ
ਇਹ ਖੇਡ ਤਾਂ ਖੇਡੀ ਜਾਵੇ
ਵੱਡੇ ਦਰਖਤਾਂ ਦੇ ਵਿਚੋਂ ਦੀ 
ਟੇਢ਼ਾ ਮੇਢ਼ਾ ਰਸਤਾ ਜਾਵੇ
ਕਿਤੇ ਪਾਣੀ ਦਾ ਛੱਪੜ ਹੁੰਦਾ
ਕਿਤੇ ਨਦੀ ਨਾਲ੍ਹਾ ਬਹਿ ਜਾਵੇ
ਰੇਤੇ ਵਾਲੇ ਟੋਏ ਵੀ ਹੁੰਦੇ
ਖੁੱਤੀ ਵਾਲੀ ਥਾਂ ਪੁੱਟ ਕਹਾਵੇ

ਰਖ ਖੁਦੋ ਨੂੰ ਕਿੱਲੀ ਦੇ ਉੱਤੇ
ਵੱਡੀ ਖੂੰਡੀ ਨਾਲ ਚੋਟ ਮਾਰਦੇ
ਛੂੰ ਛੂੰ ਕਰਦੀ ਖੁਦੋ ਜਾਂਦੀ ਨੂੰ
ਸਾਰੇ ਖੜ ਖੜ ਕੇ ਨਿਹਾਰਦੇ
ਕਵੀ ਦੇ ਸ਼ੇਅਰ ਦੀ ਸ਼ੋਭਾ ਵਾਂਗੂੰ
ਨਾਲੇ ਵਾਹ ਵਾਹ ਕਰਨ ਪਿਆਰ ਦੇ
ਆਪੋ ਆਪਣੀ ਖੁਦੋ ਉੱਤੇ 
ਵਾਰੀ ਨਾਲ ਸਭ ਖੂੰਡੀ ਮਾਰਦੇ

ਜਿਥੇ ਜਾਕੇ ਖੁਦੋ ਡਿੱਗਦੀ
ਉਥੋਂ ਚਲਦੀ ਅਗਲੀ ਪਾਰੀ
ਵੱਖੋ ਵੱਖਰੀ ਖੂੰਡੀ ਦੇ ਨਾਲ
ਹਰ ਕੋਈ ਲੈਂਦਾ ਅਗਲੀ ਪਾਰੀ
ਘੱਟੋ ਘੱਟ ਪਾਰੀਆਂ ਮੈਂ ਲੈਣੀਆਂ
ਆਵੇ ਹਰ ਇਕ ਕਰ ਤਿਆਰੀ
ਖੁਦੋ ਅੜਿਕੇ ਵਿਚ ਨਾ ਜਾਵੇ
ਸਭ ਨੂੰ ਰਹਿੰਦੀ ਇਹ ਚਿੰਤਾ ਭਾਰੀ

ਸ਼ੁਰੂ ਕਰਨ ਤੋ ਖੁੱਤੀ ਦੇ ਵਿਚ
ਖੁਦੋ ਪਾਉਣ ਦਾ ਸਫਰ ਨਿਰਾਲਾ
ਕੋਈ ਨਾਲ ਠਰੰਮੇ ਖੇਡੇ
ਕੋਈ ਦਿਖਦਾ ਬਹੁਤਾ ਕਾਹਲਾ
ਜਦ ਕਿਸੇ ਦੀ ਖੁਦੋ ਗੁੰਮ ਜੇ
ਹਾਲ ਹੁੰਦਾ ਹੈ ਦੇਖਣ ਵਾਲਾ
ਜਦ ਖੁਦੋ ਖੁੱਤੀ ਚ ਪੈ ਜੇ
ਫੇਰ ਮਾਰਦੇ ਉਚੀਆਂ ਛਾਲਾਂ

ਜਿੰਨੀਆ ਪਾਰੀਆਂ ਦੇ ਵਿਚ ਹੁੰਦਾ
ਖੁਦੋ ਖੁੱਤੀ ਦਾ ਇਹ ਮੇਲ
ਉੰਨੇ ਹੀ ਨੰਬਰਾਂ ਨਾਲ ਮੁੱਕਦਾ
ਇਸ ਖੇਡ ਦਾ ਪਹਿਲਾ ਖੇਲ
ਇਸੇ ਤਰਾਂ ਦੇ ਖੇਡਣੇ ਪੈਂਦੇ
ਹੋਰ ਅਠਾਰਾਂ ਅਜਿਹੇ ਹੀ  ਖੇਲ
ਆਖਿਰ ਤੱਕ ਤਾਂ  ਬੱਸ ਹੋ ਜਾਂਦੀ
ਮੁੱਕ ਜਾਂਦਾ ਹੱਡਾਂ ਚੋਂ ਤੇਲ

ਹਰ ਖੇਲ ਦੀਆਂ ਪਾਰੀਆਂ ਦਾ
ਨੰਬਰ ਪਹਿਲਾਂ ਹੀ ਮਿੱਥਿਆ ਹੁੰਦਾ
ਉੰਨੀਆਂ ਪਾਰੀਆਂ ਜੇ ਕੋਈ ਲੈਂਦਾ
ਤਾਂ ਓਹਦਾ ਅੰਕ ਪਾਰ ਕਹਾਉਂਦਾ
ਬਰਡੀ ਪਾਰ ਤੋ ਇੱਕ ਘੱਟ ਹੁੰਦੀ
ਪਾਰ ਤੋ ਦੋ ਘੱਟ ਈਗਲ ਕਹਾਉਂਦਾ
ਐਲਬਸਟ੍ਰਾਸ ਪਾਰ ਤੋ ਤਿੰਨ ਘੱਟ ਹੁੰਦਾ
ਪਾਰ ਤੋ ਚਾਰ ਘੱਟ ਕੌਂਡਰ ਆਉਂਦਾ

ਪਾਰ ਤੋਂ ਜੇ ਇੱਕ ਉੱਤੇ ਹੋ ਜੇ
ਓਹ ਅੰਕ ਬੋਗੀ ਅਖਵਾਵੇ  
ਇਸ ਤੋਂ ਜਿੰਨੇ ਵੀ ਉਪਰ ਹੁੰਦੇ
ਨੰਬਰ ਬੋਗੀ ਅੱਗੇ ਲੱਗ ਜਾਵੇ
ਜੋ ਜਿੰਨੀਆਂ ਪਾਰੀਆਂ ਹੈ ਲੈਂਦਾ
ਓਹ ਓਹਦਾ ਹੈੰਡੀਕੈਪ ਬਣ ਜਾਵੇ 
ਖੁਦੋ ਖੂੰਡੀ ਦੀ ਜੋ ਇਹ ਖੇਡ ਨਿਰਾਲੀ
ਦੁਨੀਆਂ ਤੇ ਇਹ  ਗੋਲ੍ਫ਼ ਕਹਾਵੇ  

ਵਿਹਲਾਪਣ



ਵਿਹਲਾ ਬੈਹਿਣਾ ਕਿੰਨਾ ਕੁ ਸੌਖਾ
ਸੁਣ ਦੱਸਾਂ ਮੈਂ ਤੈਨੂੰ
ਬਹਿ ਕੁਰਸੀ ਤੇ ਮੱਖੀਆਂ ਮਾਰਨਾ
ਕਦੇ ਨਾਂ ਭਾਵੇ ਮੈਨੂੰ

ਨਾਂ ਫਿਰ ਮੇਰਾ ਦਿਮਾਗ ਹੈ ਚਲਦਾ
ਸੁਸਤੀ ਚੜਦੀ ਜਾਵੇ
ਮੁੰਹ ਆਪਣੇ ਆਪ ਅੱਡਿਆ ਜਾਂਦਾ
ਅੱਖੀਆਂ ਚ ਨੀਦ ਸਤਾਵੇ

ਬਹਿ ਦਫਤਰ ਵਿਚ ਸੌਂ ਨਹੀਂ ਸਕਦਾ
ਨਾਂ ਕੋਈ ਮੰਜਾ ਲੱਭੇ
ਇੰਝ ਲੱਗਦਾ ਸਭ ਮੈਨੂੰ ਵੇਖਣ
ਜਦ ਦੇਖਾਂ  ਸੱਜੇ ਖੱਬੇ

ਦੋ ਵਾਰੀ ਚਾਹ  ਪੀ ਮੈਂ ਚੁਕਿਆ
ਹੁਣ ਹੈ ਖਾਣਾ ਖਾਣ ਦੀ ਤਿਆਰੀ
ਰੱਬ ਕਰੇ  ਛੇਤੀ ਹੀ ਟੁੱਟ ਜੇ
ਵਿਹਲੇ ਪਣ ਦੀ ਇਹ ਬਿਮਾਰੀ

ਪਤਾ ਨੀਂ ਕਦੋਂ ਇਹ ਚਾਰ ਵੱਜਣਗੇ
ਜਦ ਮੈਂ ਘਰ ਨੂੰ ਜਾਵਾਂ
ਘਰ ਜਾਕੇ ਕੋਈ ਕੰਮ ਕਰਾਂ
ਇਸ ਸੁਸਤੀ ਨੂੰ ਮਾਰ ਭ੍ਜਾਵਾਂ

ਤਾਂ ਹੀ ਰੋਟੀ ਵਧਿਆ ਲੱਗੂ
ਨਾਲੇ ਨੀਂਦ ਆਉਗੀ ਚੰਗੀ
ਵਿਹਲੇ ਬਹਿਣਾ ਬਸ ਨਹੀਂ ਮੇਰੇ
ਮੇਰੀ ਹਾਲਤ ਹੁੰਦੀ ਮੰਦੀ  

ਅਨੋਖੀ ਉਲਝਣ



ਮਨ ਮੇਰੇ  ਵਿਚ ਕੁਝ ਕੁਝ ਹੁੰਦਾ
ਜਿਹਦੀ ਸਮਝ ਨਾ ਮੈਨੂੰ ਲੱਗੇ
ਉਠਦੇ ਸਾਰ ਹੀ ਸੁਬਾਹ ਸਵੇਰੇ
ਕੁਝ ਆ ਮੱਥੇ ਮੇਰੇ ਵਿਚ ਵੱਜੇ

ਸੋਚਾਂ ਸੋਚਾਂ ਸੋਚ ਕੇ ਹੰਭ ਜਾਂ
ਪੱਲੇ ਮੇਰੇ ਕੁਝ ਨਾਂ ਪੈਂਦਾ
ਰਾਤੀਂ ਸਾਉਣ ਵੇਲੇ ਸਭ ਕੁਝ ਚੰਗਾ
ਕਿਓਂ ਤੜਕੇ ਉਠ ਦਿਲ ਇਹ ਬਹਿੰਦਾ

ਪਹਿਲੀ ਕਿਰਣ ਸੂਰਜ ਚੜਦੇ ਦੀ
ਜਦ ਮੇਰੇ ਕਮਰੇ ਆ ਵੜਦੀ
ਖਿਆਲਾਂ ਦੀ ਜੋ ਰੇਲ ਇਹ ਚੱਲਦੀ 
ਇੱਕਦਮ ਇਹ ਰਫਤਾਰ ਹੈ ਫੜਦੀ

ਜਿਥੋਂ ਤੱਕ ਮੇਰੇ ਖਿਆਲ ਦੌੜਦੇ
ਕੁਝ ਨੀਂ ਮੈਨੂੰ ਇਸ ਵਿਚ ਲੱਭਦਾ 
ਆਉਣ ਵਾਲੇ ਸਮੇ ਦਾ ਵੀ
ਇਹ ਕੋਈ ਸੰਕੇਤ ਨੀਂ ਲੱਗਦਾ

ਹੌਲੀ ਹੌਲੀ ਮਨ ਮੇਰੇ ਵਿਚ
ਇਕ ਖੌਫ਼ ਜਿਹਾ ਬਣਦਾ ਜਾਵੇ
ਕਿਹੜੀ ਹੈ ਇਹ ਸ਼ੈ ਅਨੋਖੀ
ਜਿਹੜੀ ਤੜਕੀਂ ਆਣ ਜਗਾਵੇ

ਕੀਹਦੇ ਨਾਲ ਕਰਾਂ ਮੈਂ ਗੱਲਾਂ   
ਕਿਹਨੂੰ ਮੈਂ ਇਹਦੇ ਬਾਰੇ ਦੱਸਾਂ
ਇਸ ਅਨਹੋਣੀ ਉਲਝਣ ਬਾਰੇ
ਅਕਸਰ ਸੋਚ ਮੈਂ ਮਨ ਵਿਚ ਹੱਸਾਂ 

ਜੋ ਕੁਝ ਹੋਣਾ ਹੋ ਕੇ ਰਹਿਣਾ
ਫਿਰ ਮੈਨੂੰ ਇਹ ਉਲਝਣ ਕਾਹਦੀ
ਲਾੜਾ ਲਾੜੀ ਨਾਂ ਹੋਣ ਜੇ ਰਾਜੀ
ਤਾਂ ਫਿਰ ਕੀ ਕਰ ਲਉਗਾ ਕਾਜ਼ੀ

ਕੁਝ ਆਉਂਦਾ ਹੀ ਹੈ ਜਾਂਦਾ ਤੇ ਨਹੀਂ
ਬਾਣੀਆ ਬੁੱਧੀ ਇਹ ਦਰਸਾਵੇ
ਇਹੀ ਸੋਚ ਕੇ ਬਾਕੀ ਦਾ ਵੀ
ਦਿਨ ਮੇਰਾ ਰੋਜ ਲੰਘ ਹੀ ਜਾਵੇ 

ਛੋਹ



ਉਦਾਸੀ ਦੇ ਉਹ ਪਲ
ਜਿਹਨਾ ਬਾਰੇ ਲੱਗਦਾ ਸੀ
ਕਿ ਸ਼ਾਇਦ ਉਹਨਾ ਦੇ ਮੁੱਕਣ ਤੋਂ
ਪਹਿਲਾਂ ਹੀ ਮੈਂ ਹੀ ਮੁੱਕ ਜਾਵਾਂਗਾ
ਕਦੋਂ ਉਡੀਕ ਚ ਬਦਲ ਗਏ 
ਪਤਾ ਈ ਨੀ ਲੱਗਿਆ  
ਘੰਟਿਆਂ ਬੱਧੀ ਸੋਚਦਾ
ਗੁੰਮ ਸੁੰਮ ਬੈਠਾ ਰਹਿੰਦਾ
ਫਿਰ ਆਚਾਨਿਕ ਇਕ ਦਿਨ
ਮੇਰੇ ਇਕ ਹੱਥ ਨੇ 
ਮਹਿਸੂਸ ਕੀਤੀ ਇੱਕ ਛੋਹ
ਸ਼ਰੀਰ ਚ ਇਕ ਬਿਜਲੀ ਜਿਹੀ ਦੌੜੀ
ਧੁੜਧੜੀ ਜਿਹੀ ਆਈ
ਹੌਲੀ ਹੌਲੀ ਚੇਹਰੇ ਤੇ ਮੁਸਕਾਣ ਆ ਗਈ
ਉਹਦੀ ਛੂਹ ਕੁਝ ਪਲਾਂ ਲਈ
ਉਦਾਸੀ ਨੂੰ ਡੀਕ ਲਾਕੇ ਪੀ ਗਈ
ਅੱਖਾਂ ਉਪਰ ਕਰਕੇ
ਇਧਰ ਉਧਰ ਦੇਖਿਆ
ਕੁਝ ਨੀ ਦਿਸਿਆ
ਝੱਟ ਅੱਖਾਂ ਬੰਦ ਕਰ ਲਈਆਂ
ਤੇ ਗੁਆਚ ਗਿਆ ਉਹਨਾ ਪਲਾਂ ਚ
ਜਿਹੜੇ ਮਿਲੇ ਸਨ
ਉਸ ਛੋਹ  ਦੇ ਅਹਿਸਾਸ ਨਾਲ
ਬੈਠਦਾ ਹਾਂ ਹੁਣ ਵੀ ਮੈਂ
ਉਦਾਸ ਹੋਕੇ ਨਹੀਂ
ਬਸ ਇਕ ਉਡੀਕ ਚ
ਸ਼ਾਇਦ ਮਿਲ ਜਾਵੇ
ਓਹ ਛੋਹ ਫੇਰ ਕਿਤੇ 

ਕਰਤੇ ਦੀ ਕਿਰਤ

ਕਿਓਂ  ਕਰਤੇ ਨੂੰ ਨਹੀਂ 
ਉਸਦੀ ਕਿਰਤ ਨੂੰ ਪੂਜਦਾ ਹਾਂ ਮੈਂ 
ਇਸ  ਗੁੰਝਲ ਨੂੰ ਸਮਝਣ ਲਈ 
ਕਾਫੀ ਚਿਰ ਤੋਂ ਜੂਝਦਾ ਹਾਂ ਮੈਂ 

ਮਿਸਤਰੀ  ਨੂੰ ਨਹੀਂ 
ਉਸ ਦੇ ਬਣਾਏ ਮੰਦਿਰ ਨੂੰ 
ਸਜਾਉਂਦਾ ਹਾਂ ਮੈਂ 
ਕਾਰੀਗਰ ਨੂੰ ਨਹੀਂ 
ਉਸ ਦੀ ਬਣਾਈ ਮੂਰਤੀ ਤੇ 
ਫੁੱਲ ਚੜਾਉਂਦਾ ਹਨ ਮੈਂ 

ਚਿਤਰਕਾਰ ਦੇ ਨਹੀਂ 
ਉਸਦੇ ਚਿੱਤਰਾਂ ਤੇ 
ਹਾਰ ਪਾਉਂਦਾ ਹਾਂ ਮੈਂ 
ਕਾਸ਼ਤਕਾਰਾਂ ਦੀ ਜਿਣ੍ਸ  ਦੇ
ਕਈ ਪਦਾਰਥ ਉਸ ਦੇ
ਅੱਗੇ ਚੜਾਉਂਦਾ ਹਾਂ ਮੈਂ

ਸ਼ਾਇਦ ਇਹੀ ਕਾਰਨ ਹੈ
ਰੱਬ ਨੂੰ ਨਹੀਂ
ਉਸਦੇ ਬੰਦਿਆਂ ਨੂੰ ਪੂਜਦਾ ਹਾਂ ਮੈਂ
ਸਭ ਕੁਝ ਸਮਝਕੇ ਵੀ
ਪਤਾ ਨਹੀਂ ਫਿਰ  ਕਿਓਂ
ਉਸੇ ਉਲਝਣ ਨਾਲ ਜੂਝਦਾ ਹਾਂ ਮੈਂ.

ਆਪਣਿਆਂ ਦੀ ਪਹਿਚਾਣ



ਜੋ ਅਪਣੱਤ ਦੇ ਹਾਮੀ ਸਨ
ਪਾਸਾ ਵੱਟ ਗਏ ਓਹ ਛੇਤੀ
ਹੁਣ ਲੱਭਿਆਂ ਲੱਭਦੇ ਨੀਂ
ਜਿਹੜੇ ਬਣਦੇ ਸੀ ਬਹੁਤ ਪਿਆਰੇ

ਇਹ ਔਖਾ ਵੇਲਾ ਜੋ
ਜੇ ਕਿਤੇ ਆ ਜਾਂਦਾ ਕੁਝ ਪਹਿਲਾਂ
ਤਾਂ ਕਾਫੀ ਪਹਿਲਾਂ ਸੀ
ਮੇਰੇ ਹੋ ਜਾਂਦੇ ਛੁੱਟਕਾਰੇ

ਘਰ ਫੂਕ ਤਮਾਸ਼ਾ ਸੀ
ਨਿੱਤ ਮੈਂ ਦੇਖਿਆ ਕੋਲ ਬਹਾਕੇ
ਆਪਾ ਕਈਆਂ ਤੇ ਵਾਰਿਆ
ਕਈ ਡੁਬਦੇ ਸੀ ਮੈਂ ਤਾਰੇ 

ਮੈਂ ਮਰ ਮਰ ਕੇ ਜਿਓਂਆ
ਮੇਰੀ ਬਾਤ ਕਿਸੇ ਨਾਂ ਪੁੱਛੀ
ਸਭ ਪਾਸਾ ਵੱਟ ਗਏ
ਡਿੱਗਿਆ ਦੇਖ ਕੇ ਮੁੰਹ ਦੇ ਭਾਰੇ

ਕੁਝ ਯਾਰ ਜੁੰਡੀ ਦੇ ਨੇ
ਜਿਹਨਾ ਮੋਢਾ ਆਪਣਾ ਦਿੱਤਾ
ਤਿਣਕੇ ਨੂੰ ਫੜ ਡੁੱਬਦਾ ਮੈਂ
ਉੱਠ ਖੜਿਆ ਓਹਨਾ ਸਹਾਰੇ

ਨਾਂ ਲੈ ਮੰਜਿਲ ਤੱਕ ਜਾਊ
ਮੈਨੂੰ ਕਬਰਾਂ ਦੀ ਮਿੱਟੀ
ਸਿਵਿਆਂ ਦਾ ਧੁਆਂ ਵੀ
ਮੈਨੂੰ ਛੱਡ ਜੂ ਅੱਧ ਵਿਚਕਾਰੇ

ਜੋ  ਸਾਥ ਮੰਜਿਲ ਤੱਕ  ਦਊ 
ਓਹ ਹੈ ਜੀਵਨ ਦਾ ਸਾਥੀ
ਬੱਚੇ  ਸ਼ਾਇਦ ਨਾਲ ਖੜਨਗੇ 
ਪਰ ਬਾਪੂ ਖ੍ੜੂ ਲਾਠੀ ਦੇ ਸਹਾਰੇ

ਅਪਣੱਤ ਦਾ ਜਾਲ

ਕਬਰਾਂ ਚ ਦੱਬਾਂਗਾ ਪੀੜਾਂ
ਯਾ ਸਿਵਿਆਂ ਚ ਜਲਾਵਾਂਗਾ ਗਮ
ਅਪਣੱਤ ਦੇ ਜਾਲ ਚ ਫਸਿਆ
ਲੈ ਰਿਹਾ ਸਾਂ ਆਖਰੀ ਦਮ

ਸਾਂ ਇਹੀ ਸੋਚ ਰਿਹਾ
ਕੀ ਖੱਟਿਆ ਤੇ ਕੀ ਪਾਇਆ
ਇਨਾਂ ਕੁਝ ਕਰਕੇ ਵੀ
ਕੀ ਪੱਲੇ ਮੇਰੇ ਆਇਆ

ਇਹ ਅਕਲ ਕੰਮ੍ਬ੍ਖਤੀ ਵੀ
ਇੰਨੀ ਦੇਰ ਨਾਲ ਕਿਓਂ ਆਈ
ਚਾਹੇ ਰਿਹਾ ਸਿਆਣਿਆਂ ਨਾਲ
ਪਰ ਮੈਨੂੰ ਕਦੇ ਨਾਂ ਦਿੱਤੀ ਦਿਖਾਈ

ਹਾਲ ਹੋਇਆ ਮੇਰਾ ਕੁਝ ਏਦਾਂ
ਜਿਵੇਂ ਦੀਵੇ ਥੱਲੇ ਹਨੇਰਾ 
ਘਰ ਰੱਬ ਦੇ ਦੇਰੀ ਹੈ
ਹੈ ਨੀਂ ਉਥੇ ਘੁੱਪ ਹਨੇਰਾ

ਆਖਿਰ ਨੂੰ ਮੈਂ ਅਜਾਦ ਹੋਗਿਆ
ਤੋੜ ਕੇ ਅਪਣੱਤ ਦਾ ਇਹ ਜਾਲ
ਨਵੇਂ ਸਿਰੇ ਤੋ ਸ਼ੁਰੂ ਕੀਤਾ
ਸਫਰ ਜਿੰਦਗੀ ਦਾ ਅਪਣਿਆ ਨਾਲ

ਨਾਂ ਪੀੜਾਂ ਦੀ ਫਿਕਰ ਕੋਈ
ਨਾਂ ਗਮਾਂ ਹੁਣ ਦਾ ਕੋਈ ਡਰ
ਖੁਸ਼ੀਆਂ ਦਾ ਖੇੜਾ ਹੈ ਇਹ
ਆਪਣਿਆਂ ਨਾਲ ਭਰਿਆ ਘਰ 

ਬਚਪਨ ਦਾ ਸਾਥੀ



ਬਚਪਨ ਤੋਂ ਜੋ ਸਾਥੀ ਮੇਰਾ
ਹੁਣ ਪਤਾ ਨੀਂ ਕਿਓਂ ਰੁੱਸ ਗਿਆ
ਸੋਹਨਾ ਸ਼ੈਲ ਜਵਾਨ ਹੁੰਦਾ ਸੀ
ਹੁਣ ਐਵੇਂ ਹੀ ਓਹ ਠੁਸ ਗਿਆ

ਬਚਪਨ ਤੋਂ ਜਵਾਨੀ ਤੱਕ
ਖੇਡਦੇ  ਕੱਠੇ ਰਹਿੰਦੇ ਸੀ
ਵਿਚ ਜਵਾਨੀ  ਦੋਵੇਂ ਜਣੇ
ਅਕੜ ਅਕੜ ਕੇ ਬਹਿੰਦੇ ਸੀ

ਕੱਠਿਆਂ ਅਸੀਂ ਮਸਤੀ ਮਾਰੀ
ਕੱਠਿਆਂ ਚੰਨ ਚੜਾਏ ਅਸੀਂ
ਸੁੰਨ੍ਮ ਸੁਨੀਆਂ ਥਾਵਾਂ ਓਤੇ
ਵਖਰੇ ਰੰਗ ਰੰਗਾਏ ਅਸੀਂ

ਪੱਕੀ ਹੋਰ ਹੋ ਗਈ ਯਾਰੀ
ਸ਼ਾਦੀ ਜਦ ਹੋ ਗਈ ਸੀ ਮੇਰੀ 
ਝੱਟ ਸੀ ਓਹ ਉਠ ਖਲੋਂਦਾ 
ਸੁਣਦਾ ਜਦ ਹਾਕ ਸੀ ਮੇਰੀ   

ਪਿਛਲੇ ਕੁਝ ਮਹੀਨਿਆ ਤੋ ਓਹ
ਹੁਣ ਕੁਝ ਬੁਝਿਆ ਬੁਝਿਆ ਰਹਿੰਦਾ
ਝੰਜੋੜ ਝੰਜੋੜ ਕੇ ਪੁੱਛ ਲਿਆ ਮੈਂ
ਪਰ ਓਹ ਮੂਹੋਂ ਕੁਝ ਨੀ ਕਹਿੰਦਾ

ਸਿਰ ਸੁੱਟ ਕੇ ਓਹ ਬੈਠਾ ਰਹਿੰਦਾ
ਨਾਂ ਵਾਜਾਂ ਮਾਰੇ ਤੋ ਬੋਲੇ
ਖਿੱਚ ਧੂਹ ਵੀ ਕਰਕੇ ਦੇਖ ਲੀ
ਓਹ ਪਤੰਦਰ ਮੁੰਹ ਨਾਂ ਖੋਲੇ

ਲੈਕੇ ਓਹਨੂੰ ਨਾਲ ਫਿਰਾਂਗਾ
ਚਾਹੇ ਮੁੰਹ ਲਟਕਾਈ ਰੱਖੇ
ਕੋਸ਼ਿਸ਼ ਤਾਂ ਮੈਂ ਕਰਦੇ ਰਹਿਣਾ
ਜਦ ਤੱਕ ਓਹ ਗਰਦਨ ਨਾ ਚੱਕੇ

ਖਬਰੇ ਕਿਹਦੀ ਨਜਰ ਲੱਗ ਗਈ
ਯਾ ਲੱਗਿਆ ਕੋਈ ਰੋਗ ਅਵੱਲਾ
ਕੱਠਿਆਂ ਅਸੀਂ  ਉਮਰ ਹੰਡਾਈ
ਹੁਣ ਓਹਨੂੰ ਕਿੰਝ ਮਰਨ ਦਿਆਂ ਕੱਲਾ

ਇੱਕੋ ਸਮੇਂ ਮਰਾਂਗੇ ਦੋਵੇਂ
ਕੱਠਿਆਂ ਦੀ ਸਾਡੀ ਹੋਊ ਨਹਿਲਾਈ
ਕੱਠਿਆਂ ਦੀ ਅਰਥੀ ਸੱਜੁਗੀ
ਕੱਠਿਆਂ ਦੀ ਹੋਊਗੀ ਵਿਦਾਈ