Thursday 6 November 2014

ਹਾਇਕੁ- 10

ਰੰਗਲਾ ਤੋਤਾ
ਸਿਖਰ ਦੁਪਿਹਰ
ਖੰਭੇ ਤੇ ਬੈਠਾ

ਸੋਹਣਾ ਦਿਨ
ਦਫਤਰ ਦੀ ਬਾਰੀ 
ਤੱਕਾਂ ਬੱਦਲ

ਸੂਰਜਮੁਖੀ
ਸਿਖਰ ਦੁਪਿਹਰ
ਅੰਬਰੀ ਦੇਖੇ

ਸ਼ਾਂਤ ਮੌਸਮ
ਹਿਲਿਆ ਦਰਖਤ
ਹਵਾ ਦਾ ਬੁੱਲਾ

ਹਵਾ ਦਾ ਝੋਂਕਾ
ਝੀਲ ਦੀਆਂ ਲਹਿਰਾਂ
ਤੈਰੇ ਬੱਤਖ਼

ਹਾਇਕੁ-9

ਪੂਰਨਮਾਸ਼ੀ
ਬਾਬੇ ਦਾ ਗੁਰਪੁਰਬ
ਹਨੇਰਾ ਗੁੰਮ

ਅੱਜ ਸਵੇਰੇ
ਬੱਦਲਾਂ ਦਾ ਪਰਦਾ
ਪਿਛੇ ਸੂਰਜ


ਕੱਢੀ ਟੌਹਰ 
ਕਈ ਕੁਝ ਲੁਕਾਵੇ  
ਸਿਰ ਤੇ ਟੋਪੀ

ਕਿੱਟੀ ਪਾਰਟੀ -
ਕੁੜਤੀ ਤੇ ਸੁਰਖੀ 
ਇੱਕੋ ਰੰਗ ਦੇ 

ਸ਼ੁਕਰਵਾਰ-
ਪਾਰਟੀ ਦੀ ਤਿਆਰੀ
ਪੂਰੀ ਟੌਹਰ


ਵੰਡੀਆਂ


ਨਾਂ ਕੋਈ ਹਿੰਦੂ ਨਾਂ ਮੁਸਲਮਾਨ 
ਸੀ ਇਹ ਬਾਬੇ ਦਾ  ਫਰਮਾਨ 
ਪਰ ਬਾਬੇ ਦੇ ਨਾਂ ਤੇ ਵੰਡੀਆਂ 
ਪਾ ਬੈਠਾ ਹੈ ਅੱਜ ਇਨਸਾਨ

ਕੋਈ ਜੱਟ ਕੋਈ ਭਾਪਾ ਛੀਂਬਾ 
ਕੋਈ ਨਾਈ ਲੁਹਾਰ ਤਰਖਾਣ 
ਮਜ੍ਹਬੀ ਸਿਖਾਂ ਨੇ ਵੀ ਬਣਾ ਲਈ 
ਅੱਜ ਅਪਣੀ ਵੱਖਰੀ ਪਹਿਚਾਣ 

ਕੰਬੋਆਂ ਨਾਲੋਂ ਸੈਣੀ ਵੱਖਰੇ 
ਕਈ ਸੋਢੀ ਬੇਦੀ ਅਖਵਾਣ 
ਭਾਟ੍ੜੇ ਤੇ ਘੁਮਾਰ ਅੱਡੋ ਅੱਡ 
ਰਾਏ ਸਿਖ ਕਈ ਬਣ ਜਾਣ

ਸਿਕਲੀਗਰ ਮਰਾਸੀ ਭਈਏ
ਓਹ ਵੀ ਗੁਰੂ ਘਰਾਂ ਵਿਚ ਜਾਣ
ਕੌਣ ਬਾਬੇ ਦੇ ਅਸਲੀ ਵਾਰਿਸ
ਇਹਦੀ ਕੌਣ ਕਰੂ ਪਹਿਚਾਣ 

ਇੱਕੋ ਗੁਰੂ ਦੇ ਸਿਖ ਨੇ ਸਾਰੇ 
ਸਾਰੇ ਜਪਦੇ ਇੱਕੋ ਹੀ ਨਾਮ
ਇੱਕੋ ਦੁਆਰੇ ਮੱਥਾ ਟੇਕਦੇ
ਕੋਈ ਦਿੰਦਾ ਨਹੀਂ ਆਜਾਨ 
 
ਪਤਾ ਨਹੀਂ ਕਿੰਝ ਫਿਰ ਸਾਡੇ ਉੱਤੇ
ਇਹ ਹਾਵੀ ਹੋਗਿਆ ਸ਼ੈਤਾਨ
ਵੰਡੇ ਗਏ ਅਸੀਂ  ਜਾਤਾਂ ਦੇ ਵਿਚ
ਨਾਲੇ ਸਾਡਾ ਵੰਡਿਆ ਗਿਆ ਭਗਵਾਨ

ਬਾਬੇ ਦਾ ਸੀ ਜੋ ਮੂਲ ਸੁਨੇਹਾ
ਉਹਤੋਂ ਹੱਟ ਗਿਆ ਸਾਡਾ ਧਿਆਨ
ਬਾਬੇ ਦਾ ਨਾਂ ਵਰਤ ਵਰਤ ਕੇ
ਅਸੀਂ ਵੰਡਦੇ ਆਪਣਾ ਗਿਆਨ
HSD 06/11/2014

ਬਾਬੇ ਦਾ ਜਨਮ ਦਿਨ


ਕਿਓਂ ਅੱਜ ਮੈਂ ਬਾਬੇ ਦੀ ਦਿੱਤੀ
ਸਰਲ ਜਿੰਦਗੀ ਦੀ ਸੇਧ ਨੂੰ ਭੁੱਲ ਗਿਆ
ਕਿਓਂ ਮੈਂ ਲਾਲਚ ਦਿਖਾਵੇ ਉੱਤੇ
ਅੱਜ ਐਨਾ ਜਿਆਦਾ ਕਿਓਂ ਡੁੱਲ੍ਹ ਗਿਆ

ਓਹਦੇ ਦੱਸੇ ਰਾਸਤੇ ਉੱਤੇ
ਚਲਣਾ ਹੁਣ ਕਾਹਤੋਂ ਨੀਂ ਮੈਂ ਲੋੜਦਾ
ਓਹਦੀ ਦੱਸੀ ਹਰ ਇੱਕ ਗੱਲ ਨੂੰ
ਕਿਓਂ ਰਹਾਂ ਨਿੱਤ ਮੈਂ  ਤੋੜ ਮਰੋੜਦਾ

ਪੂਜਾਂ ਸਦਾ ਓਹਨੂੰ ਰੱਬ ਵਾਂਗੂਂ
ਪਰ ਆਖਾ ਨਾਂ ਕਦੇ ਓਹਦਾ ਮੰਨਾ
ਲੁੱਟ ਕ੍ਸੁੱਟ ਤੇ ਕਰ  ਚੋਰ ਬਜਾਰੀ
ਲੱਕ ਗਰੀਬ ਦਾ ਮੈਂ ਨਿੱਤ  ਭੰਨਾ

ਮਾਂ ਬਾਪ ਨੂੰ ਨਾਂ ਮੈਂ ਰੋਟੀ
ਕਦੇ ਵੀ ਤਿੰਨੇ  ਡੰਗ ਖੁਆਵਾਂ
ਪਰ ਗੋਲਕ ਨੂੰ ਮਾਇਆ ਦੇ ਗੱਫੇ 
ਆਪਣੇ ਹੱਥੀਂ ਮੈਂ ਨਿੱਤ ਲੁਆਵਾਂ

ਹੱਥੀਂ ਕਿਰਤ ਬਾਬੇ ਜੋ ਦੱਸੀ
ਓਹਨੂੰ ਮੈਂ ਬਿਲਕੁਲ ਛੱਡ ਦਿੱਤਾ
ਬਾਬੇ ਨੇ ਜੋ  ਦਿੱਤਾ ਫਲਸਫਾ
ਉਸ ਬੂਟੇ ਨੂੰ ਜੜੋਂ ਵੱਢ ਦਿੱਤਾ

ਫਿਰ ਵੀ ਹਰ ਵਰੇ ਗੁਰਪੁਰਬ ਮੈਂ ਓਹਦਾ
 ਬੜੀ ਹੀ ਧੂਮ ਧਾਮ ਨਾਲ ਮਨਾਵਾਂ
ਦਿਖਾਵੇ ਵਾਲੀ ਕਰਾਂ ਦੱਬ ਕੇ  ਸੇਵਾ
ਨਾਲੇ  ਦਿਖਾਵੇ ਵਾਲਾ ਨਾਮ ਜਪਾਂਵਾਂ
HSD 06/11/2014

ਰਾਜਨੀਤੀ ਦਾ ਫ਼ਲਸਫ਼ਾ


ਰਾਜਨੀਤੀ ਦਾ ਫ਼ਲਸਫ਼ਾ 
ਜੋ ਲੈਣਾ ਚਾਹਿਦਾ ਸਿੱਖ 
ਖਾਣ ਪੀਣ ਨੂੰ ਬਾਂਦਰੀ 
ਤੇ ਡੰਡੇ ਖਾਣ ਨੂੰ ਰਿੱਛ 

ਕਹਿੰਦੇ ਘਰੋਂ ਕਦਮ ਨਾਂ ਪੁੱਟੀਏ 
ਜੇ ਮਾਰ ਦੇਵੇ ਕੋਈ ਛਿੱਕ 
ਜੋ ਅੱਖਾਂ ਨੂੰ ਨੀਂ ਭਾਂਪਦਾ 
ਉਸ ਨੂੰ ਕਰ ਦਿਓ ਅਣਦਿੱਖ

ਅੱਡ ਹੋਣਾ ਹੀ ਬਸ ਰਹਿ ਜਾਂਦਾ 
ਜੇ ਹੋ ਸਕਦੇ ਨੀਂ ਇੱਕਮਿੱਕ 
ਮੰਜਿਲ ਵੱਲ ਹੋਰ ਵੀ ਜਾਂਵਦੇ 
ਨਾਂ ਸੋਚੋ ਰਸਤਾ ਹੈ ਬਸ ਇੱਕ 

ਜੁੜ ਬਹਿਕੇ ਹਮ ਖਿਆਲੀਏ 
ਬਣਾ ਲੈਂਦੇ ਆਪਣਾ ਜੁੱਟ
ਨਾਲ ਸਮੇ ਖਿਆਲ ਨੇ ਬਦਲਦੇ 
ਫਿਰ  ਜੁੱਟ ਜਾਂਦੇ ਇਹ ਟੁੱਟ

ਫੜ੍ਹ ਭਾਈਆਂ ਨਾਲ ਹੀ ਵੱਜਦੀ 
ਨਾਲੇ ਪਿਛੇ ਖ੍ੜਨ ਜਦ ਪੁੱਤ 
ਜਦ ਪੱਲੇ ਵਿਚ ਕੁਝ ਨਾਂ ਬਚੇ 
ਫਿਰ ਤਿੰਨ ਡੰਗ ਮਿਲੇ ਨਾਂ ਟੁੱਕ 

ਜੇ ਗੱਲ ਬਣਦੀ ਨਾਂ ਦਿਸੇ 
ਤਾਂ ਵੱਟ ਲਈਏ ਫਿਰ ਚੁੱਪ 
ਨਾਂ ਖੁੱਤੀ ਦੇ ਵਿਚ ਮੂਤੀਏ 
ਭਰ ਲਈਏ ਸਬਰ ਦਾ ਘੁੱਟ 

HSD 02/11/2014

ਇੱਕ ਮੁਲਾਕਾਤ


ਸੁਪਨੇ ਦੇ ਵਿਚ ਆਕੇ ਉਸਨੇ
ਸਿਰ ਮੇਰੇ ਤੇ  ਹੱਥ ਰੱਖਿਆ
ਲੈ ਬੁੱਕਲ ਵਿਚ ਘੁੱਟਿਆ ਮੈਨੂੰ
ਨਾਲੇ ਚੁੰਮਿਆ ਚੱਟਿਆ
ਇੱਕ ਦੂਜੇ ਦੇ ਸਾਹਮਣੇ ਬਹਿ ਕੇ 
ਅਸੀਂ ਰੱਜ ਕੇ ਕੀਤੀਆਂ ਗੱਲਾਂ
ਇਕਦਮ ਬਿਲਕੁਲ ਸ਼ਾਂਤ ਹੋ ਗੀਆਂ
ਮਨ ਵਿਚੋਂ ਉਠਦੀਆਂ ਛੱਲਾਂ

ਆਪਬੀਤੀ ਮੈਂ ਉਸਨੂੰ ਸੁਣਾਈ
ਕੁਝ ਉਸਨੇ ਆਪਣੀ  ਦੱਸੀ
ਨਾਂ ਉਸ ਨੇ ਕੋਈ ਰੋਸ ਦਿਖਾਇਆ
ਨਾਂ ਸੁਣਕੇ ਓਹ ਹੱਸੀ

ਹੌਸਲਾ ਦਿੱਤਾ ਮੋਢਾ ਥਾਪਿਆ
ਫਿਰ ਓਹ ਬੋਲ ਦੁਹਰਾਏ
ਚੰਗੇ ਕੰਮ ਤੋਂ ਪਾਸਾ ਨਾਂ ਵੱਟੀਂ
ਚਾਹੇ ਜੱਗ ਵੈਰੀ ਹੋ ਜਾਏ

ਸਭ ਦਾ ਹਾਲ ਚਾਲ ਓਹ ਪੁੱਛਕੇ
ਨਾਲੇ ਦੇ ਕੇ ਦੁਆਵਾਂ
ਪਤਾ ਨੀਂ ਕਿਧਰ ਗਾਇਬ ਹੋ ਗਈ
ਮਾਂ ਬਿਨ ਦੱਸੇ  ਸਿਰਨਾਵਾਂ

ਇੰਨੇ ਨੂੰ ਫਿਰ ਉਠਣ ਵਾਲੀ
ਘੰਟੀ ਘੜੀ ਵਜਾਈ
ਕਦੇ ਖੋਲਾਂ ਕਦੇ ਬੰਦ ਕਰਾਂ
ਪਰ ਅੱਖਾਂ ਲੱਭ ਨਾਂ ਸਕੀਆਂ ਮਾਈ
HSD 04/11/2014

ਹਾਇਕੁ-8

ਪੱਤੇ ਦਾ ਦੁਖ
ਪੱਤਝੜ ਦੀ ਰੁੱਤ
ਰੁਖੋਂ ਵਿਛੋੜਾ

ਰੰਗ ਬਿਰੰਗੇ
ਪੱਤਝੜ ਦੀ ਰੁੱਤੇ
ਰੁਖਾਂ ਦੇ ਪੱਤੇ

ਹਵਾ ਦ ਬੁੱਲਾ
ਪੱਤਝੜ ਦੀ ਰੁੱਤ
ਪੱਤੇ ਖੜਕੇ

ਸਿਆਲੂ ਰਾਤ-
ਖੁੱਲੇ ਖੇਤਾਂ ਚ ਸੇਕਾਂ
ਅੱਗ ਦੀ ਧੂਣੀ

ਧੁੰਦ ਸਵੇਰੇ-
ਅਸਮਾਨ ਚ  ਲੱਭਾਂ 
ਸੂਰਜ ਟਿੱਕੀ 


ਸਿਆਲੂ ਰਾਤ
ਹਰੇ ਘਾਹ ਤੇ ਮੋਤੀ 
ਚੰਦ ਅੰਬਰੀ 

ਮੇਰਾ ਪੰਜਾਬ


ਜੇਬਾਂ ਭਰੀਆਂ ਖਾਲੀ ਦਿਲ
ਤੇ ਅੱਖੀਆਂ ਵਿਚ ਸ਼ੈਤਾਨੀ
ਡਿੱਗਦੀ ਢਹਿੰਦੀ ਤੁਰਦੀ ਫਿਰਦੀ
ਨਸ਼ਿਆਂ ਮਾਰੀ ਜਵਾਨੀ

ਪੈਸਾ ਯਾਰ ਤੇ ਪੈਸਾ ਬੇਲੀ
ਪੈਸਾ ਸੰਗ ਨਿਸੰਗੀ
ਮਾਂ ਪਿਓ ਦੀ ਨਾਂ ਇੱਜਤ ਕੋਈ
ਨਾਂ ਕੋਈ ਸਾਕ ਸਬੰਧੀ

ਧਰਤੀ ਵਿਚਲੇ ਪਾਣੀ ਦੇ ਸੰਗ
ਅੱਖਾਂ ਚੋਂ ਪਾਣੀ ਵੀ ਮੁੱਕਿਆ
ਜਿਹਨਾ ਕਰਕੇ ਸਿਰ ਊਚਾ ਹੁੰਦਾ
ਅੱਜ ਓਹਨਾ ਕਰਕੇ ਹੀ ਝੁਕਿਆ

ਘਰ ਘਰ ਮੈਂ  ਇੱਹ ਖੇਡ ਨਿਰਾਲੀ
ਇੱਕੋ ਹੀ ਚਲਦੀ ਦੇਖੀ
ਮਾਂ ਪਿਓ ਦੇ ਹੱਡ ਬਾਲ ਬਾਲ
ਧੀ ਪੁੱਤ ਜਾਂਦੇ ਨੇ ਹੱਥ ਸੇਕੀਂ

ਨਾਂ ਮੈਨੂੰ ਮੇਰਾ  ਪੰਜਾਬ ਓਹ ਲੱਗਿਆ
ਨਾਂ ਪਿੰਡ, ਗਲੀ ਮੂਹੱਲਾ
ਲੱਖਾ ਦੀ ਉਸ ਭੀੜ ਦੇ ਅੰਦਰ
ਮੈਂ ਰੁਲਿਆ ਫਿਰਿਆ ਕੱਲਾ