Wednesday 27 June 2012

ਗੀਤ

ਪੈਣ ਗਲ੍ਹਾਂ ਵਿਚ ਟੋਏ, ਠੋਡੀ ਉਤੇ ਤਿੱਲ ਕਾਲਾ
ਲੰਬੀ ਧੌਣ ਸੁਰਾਹੀ, ਗਲ ਮੋਤੀਆਂ ਦੀ ਮਾਲਾ
ਕੋਕਾ ਨੱਕ ਦਾ ਮਾਰੇ ਲਿਸ਼ਕਾਰੇ
ਮਿੱਤਰਾਂ ਦਾ ਦਿਲ ਲੁਟ ਕੇ
ਕਿਥੇ ਤੁਰ ਗਈ ਸੁਨ੍ਖੀਏ ਨਾਰੇ ...

ਪਾਵੇਂ ਕੁੜਤੀ ਤੋ ਵ੍ਖੀਆਂ ਤੋਂ ਤੰਗ ਨੀ
ਸੁਚੇ ਮੋਟੀਆਂ ਤੋ ਚਿੱਟੇ ਤੇਰੇ ਦੰਦ ਨੀ
ਤੇਰੀ ਚੁੰਨੀ ਤੇ ਚਮਕਦੇ ਤਾਰੇ
ਮਿੱਤਰਾਂ ਦਾ ਦਿਲ ਲੁਟ ਕੇ
ਕਿਥੇ ਤੁਰ ਗਈ ਸੁਨ੍ਖੀਏ ਨਾਰੇ ...

ਪਾਇਆ ਘੱਗਰਾ ਸੂਫ਼ ਦਾ ਕਾਲਾ
ਵਿਚ ਸੁੱਚੇ ਨੀ ਰੇਸ਼ਮ ਦਾ ਨਾਲਾ
ਗੁੱਤ ਨਾਗਣੀ ਮਾਰੇ ਫੁੰਕਾਰੇ
ਮਿੱਤਰਾਂ ਦਾ ਦਿਲ ਲੁਟ ਕੇ
ਕਿਥੇ ਤੁਰ ਗਈ ਸੁਨ੍ਖੀਏ ਨਾਰੇ ...

ਪੈਰੀਂ ਪਾਵੇਂ ਤੂੰ ਜੁੱਤੀ ਤਿਲੇਦਾਰ ਨੀ
ਤਕ਼ ਵੱਲ ਸਾਡੇ ਨਾਲ ਕਦੇ ਪਿਆਰ ਨੀ
ਤੇਰੀ ਤੋਰ ਤੇ ਮਰਨ ਮੁੰਡੇ ਸਾਰੇ
ਮਿੱਤਰਾਂ ਦਾ ਦਿਲ ਲੁਟ ਕੇ
ਕਿਥੇ ਤੁਰ ਗਈ ਸੁਨ੍ਖੀਏ ਨਾਰੇ ...

Friday 15 June 2012

ਬਦਲਾਅ ਪਿੰਡ ਦਾ


ਕੀ ਬਦਲਾਅ ਜਰੂਰੀ ਹੈ
ਜਾਂ ਫਿਰ ਇਹ ਸਾਡੀ ਮਜਬੂਰੀ ਹੈ

ਜਦ ਪਿਛੇ ਮੁੜ ਕੇ ਵੇਖਦਾਂ ਹਾਂ
ਯਾਦਾਂ ਦੇ ਧੁੰਦਲੇ ਸਾਇਆਂ ਚੋਂ
ਯਾਦ ਪਿੰਡ ਮੁਹਰੇ ਆਉਂਦੀ ਹੈ
ਪਲ ਜਿੰਦਗੀ ਦੇ ਬਿਤਾਇਆਂ ਚੋਂ
ਰੂਹ ਚੋਂ ਸੁਆਲ ਇਹੀ ਉਠਦਾ ਹੈ
ਕਿਥੇ ਗੁਮ ਗਈ ਮਾਂ ਦੀ ਚੂਰੀ ਹੈ

ਕਿੰਨਾ ਕੁਝ ਇਥੇ ਬਦਲ ਗਿਆ
ਜਿਸ ਦਿਨ ਤੋ ਹੋਸ਼ ਸੰਭਾਲੀ ਹੈ
ਨਾਂ ਓਹ ਗਾਰੇ ਮਿੱਟੀ ਦਾ ਘਰ ਰਿਹਾ
ਨਾਂ ਓਹ ਘਰ ਨੂੰ ਸਾਂਭਣ ਵਾਲੀ ਹੈ
ਨਾਂ ਹੁਣ ਕੱਚੇ ਕੋਠੇ ਚੋਂਦੇ ਨੇ
ਨਾਂ ਲਿੱਪਣਾ ਕੋਈ ਜਰੂਰੀ ਹੈ

ਮੱਕੀ ਦੇ ਟਾਂਡੇ ਦਿਖਦੇ ਨੀ
ਜਿਥੇ ਦੇਖੋ ਉਥੇ ਪਰਾਲੀ ਹੈ
ਨਾਂ ਪਿੜਾਂ ਦੇ ਵਿਚ ਬੋਹਲ ਰਹੇ
ਕੋਠਾ ਨੀਰੇ ਵਾਲਾ ਖਾਲੀ ਹੈ
ਨਾਂ ਓਹ ਲੋਕ ਰਹੇ ਨਾਂ ਪਿਆਰ ਰਿਹਾ
ਬਸ ਮਨਾ ਚ ਵਧ ਗਈ ਦੂਰੀ ਹੈ

ਨਾਂ ਕੁਤਰਨ ਵਾਲੇ ਪਠਿਆਂ ਦੇ
ਅਜ ਕੱਲ ਮੁਹਾਰੇ ਲਗਦੇ ਨੇ
ਨਾਂ ਪਾਥੀਆਂ ਕੋਈ ਪਥਦਾ ਹੈ
ਨਾਂ ਹੀ ਗੁਹਾਰੇ ਲਗਦੇ ਨੇ
ਨਾਂ ਕਿੱਲਿਆਂ ਉਤੇ ਮਝਾਂ ਨੇ
ਨਾਂ ਪਾਲੀ ਹੁਣ ਜਰੂਰੀ ਹੈ

ਨਾਂ ਕਾੜਨੀਂ ਦੇ ਵਿਚ ਦੁਧ ਕਿਤੇ
ਨਾਂ ਦੁਧ ਨੂੰ ਰਿੜਕਣ ਵਾਲੀ ਹੈ
ਨਾਂ ਸੰਨ੍ਹੀ ਕਰਨ ਦੀ ਲੋੜ ਪੈਂਦੀ
ਨਾਂ ਧਾਰ ਕਢਣ ਦੀ ਕਾਹਲੀ ਹੈ
ਨਾਂ ਮਝਾਂ ਟੋਭੇ ਨ੍ਹਾਉਂਦੀਆਂ ਨੇ
ਨਾਂ ਚਾਰਨ ਦੀ ਮਜਬੂਰੀ ਹੈ

ਨਾਂ ਗੱਡਾ ਰਿਹਾ ਨਾਂ ਹਲਟ ਰਹੇ
ਨਾਂ ਬਲਦਾਂ ਗਲ ਪੰਜਾਲੀ ਹੁਣ
ਘਿਰਲੀ ਸੁਹਾਗਾ ਨਹੀ ਲਭਦਾ
ਨਾਂ ਕੈਲੇ ਵਰਗਾ ਹਾਲੀ ਹੁਣ
ਟਰੈਕਟਰ ਟਰਾਲੀ ਚੱਲਦੇ ਨੇ
ਨਾ ਖੇਤਾਂ ਦੇ ਵਿਚ ਦੂਰੀ ਹੈ

ਨਾਂ ਲੀਹਾਂ ਨੇ ਨਾਂ ਪਹੀਆਂ ਨੇ
ਨਾਂ ਖੁਰਪੇ ਦਾਤੀਆਂ ਕਹੀਆਂ ਨੇ
ਨਾਂ ਸਲੰਘ ਤਰਿੰਗਲੀ ਲਭਦੇ ਨੇ
ਨਾਂ ਸੇਠਾਂ ਦੇ ਕੋਲ ਵਹੀਆਂ ਨੇ
ਬੈੰਕਾਂ ਦਾ ਕਰਜਾ ਹਰ ਸਿਰ ਤੇ
ਨਾਂ ਮੋਢਿਆਂ ਉਤੇ ਭੂਰੀ ਹੈ

ਭਾਵੇਂ ਸਭ ਕੁਝ ਬਦਲ ਗਿਆ
ਤੇ ਇਹ ਬਦਲਾਅ ਜਰੂਰੀ ਹੈ
ਇਕੱਠੇ ਖੇੜੇ ਪਰਿਵਾਰ ਬਿਨਾ
ਕੀ ਸਾਡੀ ਹੋਂਦ ਇਹ ਪੂਰੀ ਹੈ
ਤੇ ਪਿਆਰ ਦਾ ਗਲ ਘੁਟਣਾ ਵੀ
ਕਿਓਂ ਬਣ ਗਈ ਸਾਡੀ ਮਜਬੂਰੀ ਹੈ

Wednesday 13 June 2012

ਮੇਰਾ ਪਿਆਰ

ਜਿਦਾਂ ਪੱਥਰਾਂ ਦੇ ਵਿਚ ਓਹਨੇ ਪਾਣੀ ਭਰਿਆ
ਏਦਾਂ ਦਿਲ ਵਿਚ ਮੇਰੇ ਤੇਰਾ ਪਿਆਰ ਭਰਿਆ
ਕਦੇ ਥੋੜਾ ਕਦੇ ਬਹੁਤਾ ਪਰ ਮੁੱਕਣ ਨਾਂ ਦਿਤਾ
ਭਾਵੇਂ ਤੈਨੂੰ ਇਹ ਕਦੇ ਨੀ ਇਜਹਾਰ ਕਰਿਆ 

ਬਹਿ ਪੱਥਰਾਂ ਤੇ  ਵੇਖਦਾਂ ਸਾਂ ਪਾਣੀ ਵਾਲੇ ਰੰਗ 
ਅਜੇ ਤੱਕ ਵੀ ਹੈ ਯਾਦ ਪਹਿਲੀ ਮਿਲਣੀ ਦੀ ਸੰਗ 
ਰਿਹਾ ਤੱਕਦਾ ਮੈਂ ਤੈਨੂੰ ਨਿੱਤ  ਲੁਕ ਸ਼ਿੱਪ ਕੇ
 ਪਰ ਟੁੱਟਣ ਨਾਂ ਦਿੱਤੀ ਕਦੇ  ਪਿਆਰ ਵਾਲੀ ਤੰਦ 

 
ਭਟਕਦਾ ਸਾਂ ਵਿਚ ਮੰਜ੍ਧਾਰ ਜਦ ਮਿਲਿਆ ਸੀ ਤੈਨੂੰ 
ਧੁੰਦਲੇ ਛਾਇਆਂ ਦੇ  ਵਿਚੋਂ  ਕੁਝ  ਦਿੱਸਿਆ ਸੀ ਮੈਨੂੰ 
ਤੇਰੀ  ਇਕ ਤੱਕਣੀ ਤੇ  ਵਿਹੜਾ ਮਨ ਦਾ ਸੀ ਖਿਲਿਆ
ਜਿਹੜਾ  ਲਭਦਾ  ਨਹੀਂ ਸੀ ਕਿਨਾਰਾ ਮਿਲਿਆ ਸੀ ਮੈਨੂੰ 

ਆਪਣੇ ਪਿਆਰ ਦੇ ਰਸਤੇ ਚ ਕਈ  ਅੜਕਣਾ ਵੀ ਆਈਆਂ 
ਪਾਸੇ ਕਰਨ ਦੀਆਂ ਕੱਠੇ ਬਹਿ ਵਿਉਂਤਾ ਵੀ ਬਣਾਈਆਂ 
ਜਾਵਾਂ ਸਦਕੇ ਮੈਂ ਯਾਰਾਂ ਜਿਹਨਾ ਪਿਛੋਂ ਧੱਕਾ ਲਾਇਆ 
ਅਹਿਸਾਨ  ਕਿੰਝ ਮੈਂ  ਭੁੱਲਾਵਾਂ  ਜਿਹਨਾ ਜੋੜੀਆਂ ਬਣਾਈਆਂ