Monday 28 May 2012

ਅਣਜੰਮੀ ਦੀ ਪੁਕਾਰ

ਮੈਂ ਅਣਜੰਮੀ ਜਾਨ ਨੀ ਦਾਦੀ
ਤੇਰੇ ਘਰ ਦੀ ਸ਼ਾਨ ਨੀ ਦਾਦੀ
ਕਿਓਂ ਮੈਨੂੰ ਤੂੰ ਘਿਰਨਾ ਕਰਦੀ
ਮੈਂ ਤੇਰੀ ਪਹਿਚਾਨ ਨੀ ਦਾਦੀ
ਤੇਰੇ ਨਾਲ ਜੇ ਇਹੀ ਹੁੰਦਾ
ਤੂੰ ਕਿੰਝ ਬਣਦੀ ਇਨਸਾਨ ਨੀ ਦਾਦੀ
ਮੇਰੀ ਹੋਂਦ ਮਿਟਾਵਣ ਵਾਲਾ
ਵਾਪਿਸ ਲੈ ਫੁਰਮਾਨ ਨੀ ਦਾਦੀ

ਮਾਂ ਦੇ ਦਰਦ ਨੂੰ ਸਹਿਣ ਕਰੇਂਗਾ
ਬੇਦਰਦੀ ਬਣ ਤੂੰ ਵੇ ਬਾਪੂ
ਇਕ ਪੁੱਤ ਦੀ ਚਾਹਿਤ ਖਾਤਿਰ
ਧੀਆਂ ਮਾਰੇਂਗਾ ਤੂੰ  ਵੇ ਬਾਪੂ
ਪੁੱਤ ਜੇ ਤੈਨੂੰ ਮਿਲ ਵੀ ਗਿਆ
ਫੇਰ ਕਿਥੋਂ ਲ੍ਭੇਂਗਾ ਨੂੰਹ ਵੇ ਬਾਪੂ
ਬੰਸ ਤਾਂ ਤੇਰਾ ਫਿਰ ਵੀ ਨੀਂ ਚਲਨਾ
ਗੱਲ ਤਾਂ ਜਿਓਂ ਦੀ ਤਿਓਂ ਵੇ ਬਾਪੂ

ਓਹ ਡਾਕਟਰ ਜੀਵਨ ਦੇ ਦਾਤੇ
ਕਿਓਂ ਆਪਣੀ ਰਾਹ ਤੋਂ ਭਟਕ ਗਿਆ ਤੂੰ
ਮੇਰੀ ਹੋਂਦ ਦੇ ਰਸਤੇ ਦੇ ਵਿਚ
ਰੋੜਾ ਬਣ ਕਿਓਂ ਅਟਕ ਗਿਆ ਤੂੰ
ਪੈਸੇ ਦੇ ਲਾਲਚ ਵਿਚ ਆਕੇ
ਇੰਨਾਂ ਕਾਹਤੋਂ ਸਟਕ ਗਿਆ ਤੂੰ
ਮੈਨੂੰ ਜਮਣ ਤੋਂ ਪਹਿਲਾਂ ਹੀ
ਮਾਂ ਦੀ ਕੁਖ ਚ ਝਟਕ ਗਿਆ ਤੂੰ

ਉਸ ਦੇ ਦੁੱਖ ਨੂੰ ਕਿਸੇ ਨਾਂ ਜਾਣਿਆ
ਕੀਤਾ ਕਤਲ ਜਦ ਮਾਂ ਦੀ ਕੁੱਖ ਦਾ
ਕਿਸੇ ਦੀ ਮਮਤਾ ਨੂੰ ਕਤਲ ਕਰਨਾ
ਇਹ ਕੰਮ ਹੈ ਨੀ ਕਿਸੇ ਮਨੁੱਖ ਦਾ
ਕਿਦਾਂ ਪੋਤਾ ਓਹ ਦਾਦੀ ਨੂੰ ਦੇਵੇ
ਕੀ ਕਰੇ ਬਾਪੂ ਦੀ ਭੁਖ ਦਾ
ਕੱਢਿਆ ਸਭ ਨੇ ਗਲਤ ਮਤੱਲਬ
ਇਸ ਦੁਖਾਂ ਮਾਰੀ ਦੀ ਚੁੱਪ ਦਾ

ਐ ਦੁਨੀਆ ਦੇ ਲੋਕੋ ਸੁਣ੍ਲੋ
ਇਕ  ਅਣਜੰਮੀ ਥੋਨੂੰ ਪੁਕਾਰੇ
ਓਹਦਾ ਹੁੱਕਾ ਪਾਣੀ ਕਰੋ  ਬੰਦ
ਜੇਹੜਾ ਅੱਜ ਤੋਂ ਅਣਜੰਮੀ ਨੂੰ ਮਾਰੇ
ਰੋਕ ਦਿਓ ਇਹ ਕੋਹੜ ਸਮਾਜੀ
ਤਾਂ ਜੋ ਮੁੰਡੇ ਮਰਨ ਨਾਂ ਕੁਆਰੇ
ਮੁੜ ਵੇਹੜੇ ਵਿਚ ਖੁਸੀਆਂ ਆਵਨ
ਨਚਣ ਖੇਡਣ ਹੱਸਣ ਸਾਰੇ

Friday 18 May 2012

ਮੰਗਤਾ

ਮੰਗਤਿਆਂ ਦੀ ਦੁਨਿਆ ਹੈ ਇਹ
ਇਥੇ ਹਰ ਇਕ ਬੰਦਾ ਮੰਗੇ
ਕੋਈ ਬੇਝਿਝਕ ਹੋਕੇ ਮੰਗਦਾ
ਕੋਈ ਮੰਗਣ ਲੱਗਿਆ ਸੰਗੇ
ਕੋਈ ਵਿਚ ਚੁਰਾਹੇ ਮੰਗਦਾ
ਕੋਈ ਰੱਬ ਦੇ ਘਰ ਲੁੱਕ ਮੰਗੇ
ਜਦ ਮੈਂ ਵੀ ਮੰਗਤਾ ਤੁਸੀਂ ਵੀ ਮੰਗਤੇ
ਫਿਰ ਕੌਣ ਬੁਰਾ ਕੌਣ ਚੰਗੇ

ਪਹਿਲਾਂ ਪਹਿਲਾਂ ਮਾਂ ਕੋਲੋਂ ਮੈਂ
ਰੋ ਰੋ ਕੇ ਦੁਧ ਮੰਗਿਆ
ਭੁਖ ਲੱਗੀ ਰੋਟੀ ਦੇ ਬੇਬੇ
ਇਹ ਕਹਿਣੋ ਕਦੇ ਨੇ ਸੰਗਿਆ
ਕੁਝ ਨਾਂ ਕੁਝ ਮੈਂ ਲੈਣ ਬਹਾਨੇ
ਸਦਾ ਪੈਸੇ ਬਾਪੂ ਤੋਂ ਮੰਗੇ
ਜਦ ਮੈਂ ਵੀ ਮੰਗਤਾ ਤੁਸੀਂ ਵੀ ਮੰਗਤੇ
ਫਿਰ ਕੌਣ ਬੁਰਾ ਕੌਣ ਚੰਗੇ

ਧੰਨ ਦੌਲਤਾਂ ਰੱਬ ਤੋਂ ਮੰਗੀਆਂ
ਓਹਦੇ ਘਰ ਵਿਚ ਜਾਕੇ
ਕੰਨ ਪਕੜ ਕੇ ਨੱਕ ਰਗੜਿਆ
ਓਹਨੂੰ ਤੁਛ ਜੀ ਭੇਟ ਚੜਾਕੇ
ਰੱਬ ਨੂੰ ਵੀ ਮੈਂ ਮੰਗਤਾ ਸਮਝਿਆ
ਦੇਵਾਂ ਓਹਦੇ ਨਾਂ ਤੇ ਚੰਦੇ
ਜਦ ਮੈਂ ਵੀ ਮੰਗਤਾ ਤੁਸੀਂ ਵੀ ਮੰਗਤੇ
ਫਿਰ ਕੌਣ ਬੁਰਾ ਕੌਣ ਚੰਗੇ

ਮੰਗ ਮੰਗ ਮੈਂ ਝੋਲੀ ਭਰਲੀ
ਇਹ ਹੈ ਮੇਰੀ ਕਹਾਣੀ
ਹੁਣ ਲੋੜਵੰਦਾਂ ਦੀ ਮੱਦਦ ਕਰਦਾਂ
ਬਣ ਮੰਗਤੇ ਤੋਂ ਦਾਨੀ
ਦੁਨੀਆ ਦਾ ਦਸਤੂਰ ਇਹ ਕੈਸਾ
ਇਥੇ ਮੰਗਤਾ ਮੰਗਤੇ ਤੋ ਮੰਗੇ
ਜਦ ਮੈਂ ਵੀ ਮੰਗਤਾ ਤੁਸੀਂ ਵੀ ਮੰਗਤੇ
ਫਿਰ ਕੌਣ ਬੁਰਾ ਕੌਣ ਚੰਗੇ

Monday 14 May 2012

ਏਹਿਸਾਸ

ਏਹਿਸਾਸ ਤਾਂ ਅਜ ਵੀ ਹੈ
ਮਾਂ ਦੀ ਲੋਰੀ ਦਾ
ਦਾਦੀ ਦੀ ਡਗੋਰੀ ਦਾ
ਬਾਪੂ ਦੇ ਮੋਢੇ ਦਾ
ਤਾਏ ਦੇ ਗੋਡੇ ਦਾ
ਪਰ .......

ਏਹਿਸਾਸ ਤਾਂ ਅੱਜ ਵੀ ਹੈ
ਪਿੰਡ ਦੀਆਂ ਗਲੀਆਂ ਦਾ
ਵਗਦੀਆਂ ਨਲੀਆਂ ਦਾ
ਧੂੜ ਅਸਮਾਨੀ ਦਾ
ਮੋਘੇ ਵਾਲੀ ਪਜਾਮੀ ਦਾ
ਪਰ ......

ਏਹਿਸਾਸ ਤਾਂ ਅੱਜ ਵੀ ਹੈ
ਪੈਰੀਂ ਚੁਭੇ ਕੰਡੇ ਦਾ
ਮਾਸਟਰ ਜੀ ਦੇ ਡੰਡੇ ਦਾ
ਭੈਣ ਦੇ ਪਿਆਰ ਦਾ
ਤੇ ਵੀਰੇ ਦੀ ਮਾਰ ਦਾ
ਪਰ ......

ਏਹਿਸਾਸ ਤਾਂ ਅੱਜ ਵੀ ਹੈ
ਬਚਪਨ ਦੀਆਂ ਖੇਡਾਂ ਦਾ
ਕੀਤੀਆਂ ਓਹਨਾ ਝੇਡਾਂ ਦਾ
ਗਾਵਾਂ ਮਝਾਂ ਚਾਰਨ ਦਾ
ਤਿੱਤਰ ਬਟੇਰੇ ਮਾਰਨ ਦਾ
ਪਰ .....

ਏਹਿਸਾਸ ਤਾਂ ਅੱਜ ਵੀ ਹੈ
ਚੰਨ ਚਾਨਣੀਆਂ ਰਾਤਾਂ ਦਾ
ਸੁਣੀਆਂ ਓਹਨਾ ਬਾਤਾਂ ਦਾ
ਟੋਭਿਆਂ ਚ ਨਹਾਉਣ ਦਾ
ਕੋਠਿਆਂ ਤੇ ਸੌਣ ਦਾ
ਪਰ .....

Saturday 5 May 2012

ਰੰਗ

ਰੰਗਾ ਦਾ ਮੈਂ ਬਣਕੇ ਸੁਦਾਗਰ
ਲੈਲੇ ਰੰਗ ਹਜ਼ਾਰਾਂ
ਕੀ ਕਰੇਂਗਾ ਨਾਲ ਇਹਨਾ ਦੇ
ਮਨ ਵਿਚ ਉਠਣ ਵਿਚਾਰਾਂ
ਕੁਝ ਰੰਗ ਲੋੜਵੰਦਾਂ ਨੂੰ ਦੇਦਾਂ
ਕੁਝ ਬਾਗੇ ਵਿਚ ਖਿਲਾਰਾਂ
ਕੁਝ ਰੰਗਾਂ ਨੂੰ ਸਾਂਭ ਕੇ ਰ੍ਖ੍ਲਾਂ
ਤੇ ਬਾਕੀ ਸੱਜਣਾ ਤੋਂ ਵਾਰਾਂ

ਲੋੜਵੰਦਾ ਨੂੰ ਜੋ ਰੰਗ ਦਿਤੇ
ਓਹਨਾ ਆਸ ਦੀ ਕਿਰਨ ਜਗਾਈ
ਉਠ ਓਏ ਜੀਤੇ ਉਠ ਓਏ ਗੀਤੇ
ਬੇਬੇ ਊਚੀ ਅਵਾਜ਼ ਲਗਾਈ
ਕਿਤੇ ਸੁਤੇ ਹੀ ਨਾਂ ਰਹਿ ਜਾਇਓ
ਵੇ ਉਠ ਕੇ ਕਰੋ ਕਮਾਈ
ਬਦਲ ਲਓ ਤਕ਼ਦੀਰ ਵੇ ਆਪਣੀ
ਮਸਾਂ ਵੇਹੜੇ ਖੁਸੀ ਸਾਡੇ ਆਈ

ਬਾਗੇ ਵਿਚ ਜਦ ਰੰਗ ਖਿਲਾਰੇ
ਉਥੇ ਭੌਰੇ ਤਿਤਲੀਆਂ ਆਈਆਂ
ਇਕ ਰੰਗ ਤੋ ਦੂਜੇ ਤਾਈਂ
ਉਹਨਾ ਕਿਨੀਆਂ ਗੇੜੀਆਂ ਲਾਈਆਂ
ਵਿਚ ਖੁਸ਼ੀ ਦੇ ਨਚ ਝੂਮ ਕੇ
ਕਿਕ੍ਲੀਆਂ ਵੀ ਪਾਈਆਂ
ਰੰਗਾਂ ਸੰਗ ਬਹਾ ਕੇ ਸਾਥੋਂ
ਓਹਨਾ ਇਹ ਸਤਰਾਂ ਲਿਖਵਾਈਆਂ

ਸੱਜਣਾ ਤੋਂ ਜਦ ਇਹ ਰੰਗ ਵਾਰੇ
ਇਹਨਾ ਕ੍ਰਿਸ਼ਮਾ ਇੱਕ ਦਿਖਾਇਆ
ਚੇਹਰੇ ਤੇ ਜੋ ਰੰਗ ਸੀ ਚੜਿਆ
ਓਹ ਚੜਦਾ ਨਹੀਂ ਚੜਾਇਆ
ਬੁਲੀਆਂ ਤੇ ਮੁਸਕਾਨ ਆ ਗਈ
ਅੱਖੀਆਂ ਤੋਂ ਨਸ਼ਿਆਇਆ
ਪੂਰਨਮਾਸ਼ੀ ਦੇ ਚੰਨ ਵਾਂਗੂੰ
ਇਹਨਾ ਸਾਰਾ ਆਲਮ ਰੁਸ਼ਨਾਇਆ

ਰੰਗ ਜੋ ਆਪਣੇ ਕੋਲ ਮੈਂ ਰੱਖੇ
ਸਮਝਕੇ ਆਪਣਾ ਸਰਮਾਇਆ
ਲੋਕਾਂ ਦੀਆਂ ਨਜ਼ਰਾਂ ਤੋ ਬਚਾਕੇ
ਆਪਣੀ ਬੁੱਕਲ ਵਿੱਚ ਲੁਕਾਇਆ
ਪਏ ਪਏ ਇਹ ਖਤਮ ਹੋ ਗਾਏ
ਮੇਰੇ ਹਥ ਨੀਂ ਕੁਝ ਵੀ ਆਇਆ
ਤੇਰਾ ਆਪਣਾ ਕੁਝ ਨੇ ਇਥੇ
ਇਹਨਾ ਏਹਿਓ ਸਬਕ ਸਿਖਾਇਆ