Thursday 14 July 2016

ਗੁੰਮੀ ਹੋਈ ਸਹੇਲੀ


ਵਿੱਚ ਲੋਕਾਂ ਲੱਭਦਾ ਫਿਰਦਾ ਮੈ 
ਉਸ ਗੁੰਮੀ ਹੋਈ ਸਹੇਲੀ ਨੂੰ
ਕਿੰਨੇ ਚਿਰ ਤੋਂ ਲੱਭਦਾ ਫਿਰਦਾ ਮੈਂ
ਉਸ ਭਾਨੀ ਮਾਰਨ ਵਾਲੇ ਬੇਲੀ ਨੂੰ
ਉਹਦਾ ਨਾਂ ਤੇ ਤਸਵੀਰ ਉਹਦੀ
ਮੇਰੇ ਦਿਲ ਦੇ ਤੇ ਅਜੇ ਵੀ ਉੱਕਰੀ ਹੈ
ਕਈ ਬਾਰ ਖਿਆਲੀਂ ਪੁੱਛਿਆ ਉਹਨੂੰ
ਨਾਂ ਉਸ ਹਾਂਹ ਕੀਤੀ ਨਾਂ ਉਹ ਮੁੱਕਰੀ ਹੈ
ਕਿੰਝ ਹਕੀਕਤ ਇਹਨੂੰ ਬਣਾਵਾਂ ਮੈਂ
ਵਿੱਚ ਸੁਪਨਿਆਂ ਖੇਲ ਇਸ ਖੇਲੀ ਨੂੰ
ਵਿੱਚ ਲੋਕਾਂ ਲੱਭਦਾ ਫਿਰਦਾ ਮੈ
ਉਸ ਗੁੰਮੀ ਹੋਈ ਸਹੇਲੀ ਨੂੰ
ਨਾਂ ਕੋਲ ਜਾਣ ਦੀ ਹਿੰਮਤ ਹੋਈ
ਉਹਨੂੰ ਦੂਰੋਂ ਦੂਰੋਂ ਹੀ ਤੱਕਦਾ ਰਿਹਾ
ਨਿੱਤ ਬੜੀਆਂ ਸਕੀਮਾਂ ਬਣਾਉਂਦਾ ਰਿਹਾ
ਪਰ ਉਹਨੂੰ ਕਹਿਣ ਤੋਂ ਸਦਾ ਈ ਜਕਦਾ ਰਿਹਾ
ਬੇਬੇ ਘਰ ਵਿਚ ਨਿੱਤ ਨਿਹਾਰਦੀ ਰਹੀ
ਉਸ ਖੰਮਣੀ ਬੰਨ੍ਹੀ ਹੋਈ ਭੇਲੀ ਨੂੰ
ਵਿੱਚ ਲੋਕਾਂ ਲੱਭਦਾ ਫਿਰਦਾ ਮੈ
ਉਸ ਗੁੰਮੀ ਹੋਈ ਸਹੇਲੀ ਨੂੰ
ਸਾਡੀ ਜਾਤ ਬਰਾਦਰੀ ਵੱਖਰੀ ਸੀ
ਨਾਲੇ ਡਰ ਬਾਪੂ ਦੇ ਡੰਡੇ ਦਾ
ਕਦੇ ਬਾਪੂ ਨੂੰ ਇਹ ਦੱਸਣ ਦਾ
ਹੌਸਲਾ ਬਣਿਆ ਨਾਂ ਇਸ ਬੰਦੇ ਦਾ
ਬੱਸ ਉਹਦੇ ਛਿੱਤਰਾਂ ਦੇ ਡਰ ਤੋਂ
ਹੱਥੋਂ ਖਿਸਕ ਜਾਂ ਦਿੱਤਾ ਧੇਲੀ ਨੂੰ
ਵਿੱਚ ਲੋਕਾਂ ਲੱਭਦਾ ਫਿਰਦਾ ਮੈ
ਉਸ ਗੁੰਮੀ ਹੋਈ ਸਹੇਲੀ ਨੂੰ
ਹਰ ਰੋਲ ਦੇ ਵਿਚ ਬੜੀ ਜਚਦੀ ਸੀ
ਜਦੋਂ ਬਣਦੀ ਸੋਹਣੀ ਆ ਸੱਸੀ ਉਹ
ਮੇਰਾ ਦਿਲ ਬਸ ਲੀਰੋ ਲੀਰ ਹੋਇਆ
ਜਦ ਨਾਲ ਹੋਰ ਕਿਸੇ ਜਾ ਵੱਸੀ ਉਹ
ਨਿੱਤ ਲਿਪਦਾ ਪੋਚਦਾ ਰਹਿੰਦਾ ਹਾਂ
ਉਹਦੇ ਨਾਂ ਤੇ ਬਣਾਈ ਹੋਈ ਹਵੇਲੀ ਨੂੰ
ਵਿੱਚ ਲੋਕਾਂ ਲੱਭਦਾ ਫਿਰਦਾ ਮੈ
ਉਸ ਗੁੰਮੀ ਹੋਈ ਸਹੇਲੀ ਨੂੰ
ਹਰ ਜੀ 08/0782016

ਬਾਬਾ ਨਸਤ ਜੀ ਤੇ ੪ ਜੁਲਾਈ

ਚਾਰ ਜੁਲਾਈ ਨੂੰ ਬਾਬਾ ਨਸਤ ਜੀ
ਮਨਾਉਦੇ ਦਿਨ ਅਜ਼ਾਦੀ ਐ
ਭੁੱਖੇ ਢਿੱਡ ਹੀ ਭੱਜੇ ਫਿਰਦੇ
ਪਤਾ ਨੀ ਰੋਟੀ ਵੀ ਅਜੇ ਖਾਧੀ ਐ
ਤਕੜੇ ਮੁਲਕ ਦੇ ਹੋ ਕੇ ਬਸ਼ਿੰਦੇ
ਇਹਨਾਂ ਕੀਤੀਆਂ ਖੂਬ ਕਮਾਈਆਂ ਨੇ
ਯਾਰਾਂ ਦੇ ਸੰਗ ਬੈਠ ਹਮੇਸ਼ਾ
ਇਹਨਾ ਖੂਬ ਰੌਣਕਾਂ ਲਾਈਆਂ ਨੇ
ਵਚਨ ਬਿਲਾਸ ਬੜੇ ਹੀ ਸੋਹਣੇ
ਪਤਾ ਨੀ ਿਕਧਰੋਂ ਕੱਢ ਲਿਆਂਉਦੇ ਨੇ
ਕੁੰਡੀ ਜਦੋਂ ਫਸਾ ਕਿਤੇ ਲੈਂਦੇ
ਝੱਟ ਮੱਛੀ ਫੜ ਹੱਥ ਫੜਾਉਦੇ ਨੇ
ਸਭ ਤੋਂ ਪਹਿਲਾਂ ਅਜ਼ਾਦੀ ਵਾਲੇ
ਪਟਾਕੇ ਫੇਸਬੂਕ ਤੇ ਚਲਾਏ ਿੲਹਨਾਂ
ਤਕੜੇ ਉੱਠ ਕੇ ਪਤਾ ਲੱਗੂ
ਜਸ਼ਨ ਯਾਰਾਂ ਸੰਗ ਕਿੰਨੇ ਮਨਾਏ ਇਹਨਾਂ
ਕਰੋ ਕਬੂਲ ਵਧਾਈਆ ਸਾਡੀਆਂ
ਨਾਲੇ ਵੇਲਾਂ ਸੁੱਟੋ ਜੀ
ਹੱਥ ਕਿਰਤ ਵਿੱਚ ਹੋਵੇ ਵਾਧਾ
ਨਾਲੇ ਬੁੱਲੇ ਲੁੱਟੋ ਜੀ
ਹਰ ਜੀ ੦੪/੦੭/੨੦੧੬

ਕਨੇਡਾ ਦਿਨ ਤੇ


ਸੁਣੋ ਕਨੇਡਾ ਵਾਲਿਓ
ਦੇਸ ਤੁਹਾਡਾ ਬੜਾ ਹੀ ਚੰਗਾ ਹੈ
ਗਰਮੀਆਂ ਚ ਬੜਾ ਈ ਸੋਹਣਾ ਮੌਸਮ
ਭਾਵੇਂ ਸਰਦੀਆਂ ਵਿੱਚ ਬਹੁਤ ਠੰਡਾ ਹੈ
ਦੁਨੀਆਂ ਤੇ ਕਿਤੇ ਹੋਨੀ ਸਕਦੀ
ਮਹਿਮਾਨ ਨਵਾਜੀ ਥੋਡੇ ਵਰਗੀ
ਖੁੱਲੇ ਘਰ ਤੇ ਖੁਲੀਆਂ ਬਾਹਾਂ
ਦੁੱਖ ਸੁਖ ਦੇ ਹੋ ਤੁਸੀਂ ਹਮਦਰਦੀ
ਭਾਵੇਂ ਕੋਲ ਅਮਰੀਕਾ ਰਹਿੰਦੇ
ਫੇਰ ਵੀ ਵੱਖਰੀ ਸੋਚ ਹੈ
ਭਾਵੇਂ ਅਮਰੀਕਾ ਜਾਣ ਆਉਣ ਤੇ
ਨਾਂ ਕੋਈ ਰੋਕ ਯਾ ਟੋਕ ਹੈ
ਅੱਜ ਕਨੇਡਾ ਦਿਨ ਦੇ ੳੱਤੇ
ਕਰੋ ਕਬੂਲ ਵਧਾਈਆਂ ਤੁਸੀਂ
ਖਾਓ ਪੀਓ ਤੇ ਪਾਓ ਭੰਗੜੇ
ਵਿੱਚ ਮਹਿਫ਼ਲਾਂ ਹੋ ਸਜਾਈਆਂ ਤੁਸੀਂ
ਹਰਜਿੰਦਰ ਢੀਡਸਾ
੨/੭/੨੦੧੬

ਹੁਣ ਕਿੱਥੋਂ ਲੱਭ ਲਿਆਵਾਂ ਮੈਂ


ਜੋ ਤੜਕੇ ਉੱਠ ਪੱਠੇ ਪਾਉਂਦਾ ਸੀ
ਮਾਰ ਥਾਪੀ ਬਲਦ ਂਉਠਾਉਂਦਾ ਸੀ
ਚਾਹ ਪੀ ਕੇ ਜੋਤ ਜੋ ਲੈਂਦਾ ਸੀ 
ਬਲਦਾਂ ਸਿਰ ਰੱਖ ਪੰਜਾਲ਼ੀ ਨੂੰ
ਹੁਣ ਕਿੱਥੋਂ ਲੱਭ ਲਿਆਵਾਂ ਮੈਂ
ਉਸ ਕੈਲੇ ਵਰਗੇ ਹਾਲੀ ਨੂੰ
ਰੋਜ ਮੱਝਾਂ ਚਾਰ ਲਿਆਉਂਦਾ ਜੋ
ਵਾੜ ਟੋਬ੍ਹੇ ਵਿੱਚ ਨਹਿਲਾਉਦਾ ਜੋ
ਤੇਲ ਸਿੰਗਾਂ ਨੂੰ ਮੱਲ ਮੱਲ ਲਾਉਂਦਾ ਜੋ
ਆਈ ਹਰ ਇਕ ਦਵਾਲੀ ਨੂੰ
ਹੁਣ ਕਿੱਥੋਂ ਲੱਭ ਲਿਆਵਾਂ ਮੈਂ
ਉਸ ਰਾਜੂ ਵਰਗੇ ਪਾਲੀ ਨੂੰ
ਤੜਕੇ ਉੱਠ ਦੁੱਧ ਰਿੜਕਦੀ ਸੀ
ਹਰ ਮਾੜੀ ਗੱਲ ਤੋਂ ਝਿੜਕਦੀ ਸੀ
ਚੁੰਮ ਚੱਟ ਕੇ ਸੀਨੇ ਲਾਉਂਦੀ ਸੀ
ਜੋ ਇਸ ਉੱਖਲ ਪੁੱਤ ਮਵਾਲੀ ਨੂੰ
ਹੁਣ ਕਿੱਥੋਂ ਲੱਭ ਲਿਆਵਾਂ ਮੈਂ
ਉਸ ਮਾਂ ਮੈਨੂੰ ਜੰਮਣ ਵਾਲੀ ਨੂੰ
ਮੋਢੇ ਚੱਕ ਨਿੱਤ ਖਿਡਾਉਂਦਾ ਸੀ
ਅਕਸਰ ਅੱਖਾਂ ਨਾਲ ਡਰਾਉਂਦਾ ਸੀ
ਜਦ ਦੋ ਤਿੰਨ ਦਿਨ ਬਾਅਦ ਉਹ ਘਰ ਮੁੜਦਾ
ਭਰ ਦਿੰਦਾ ਘਰ ਖਾਲ਼ੀ ਖਾਲ਼ੀ ਨੂੰ
ਹੁਣ ਕਿੱਥੋਂ ਲੱਭ ਲਿਆਵਾਂ ਮੈਂ
ਉਸ ਬਾਪੂ ਘਰ ਦੇ ਮਾਲੀ ਨੂੰ
ਂਉਹ ਪਿੰਡ ਦੇ ਵੱਡੇ ਵਡੇਰੇ ਸਨ
ਵਿੱਚ ਸੱਥ ਬੈਠਦੇ ਜਿਹੜੇ ਸਨ
ਗੱਲਾੰ ਸਾਰੇ ਜਹਾਨ ਦੀਆੰ ਕਰ ਲੈਂਦੇ
ਹੱਥ ਫੜਕੇ ਚਾਹ ਦੀ ਪਿਆਲੀ ਨੂੰ
ਹੁਣ ਕਿੱਥੋਂ ਲੱਭ ਲਿਆਵਾਂ ਮੈਂ
ਉਸ ਸੰਘਣੀ ਛਾੰ ਵਾਲੀ ਟਾਹਲੀ ਨੂੰ
ਬੇਬੇ ਬਾਪੂ ਸੰਗ ਹਾਲੀ ਪਾਲੀ ਮੁੱਕ ਗਏ
ਸੱਥ ਵਾਲੇ ਉਹ ਦਰਖ਼ਤ ਵੀ ਸੁੱਕ ਗਏ
ਹੋਇਆ ਦੇਣਦਾਰ ਘਰਵਾਲ਼ੀ ਦਾ ਮੈਂ
ਜਿਸ ਭਰਿਆ ਹੋਈ ਥਾਂ ਹੁਣ ਖਾਲ਼ੀ ਨੂੰ
ਹੁਣ ਕਿੱਥੋਂ ਲੱਭ ਲਿਆਵਾਂ ਮੈਂ
ਬੇਬੇ ਬਾਪੂ ਤੇ ਹਾਲੀ ਪਾਲੀ ਨੂੰ
ਹਰ ਜੀ ੨੪/੦੬/੨੦੧੬