Tuesday 25 August 2015

ਮੁੱਠੀਆਂ ਚੋਂ ਕਿਰਿਆ ਰੇਤਾ



ਬੀਚ ਤੇ ਖੜੀ ਉਹ
ਰੇਤੇ ਦੀਆਂ ਮੁੱਠੀਆਂ ਭਰਦੀ
ਤੇ ਸਮੁੰਦਰ ਦੇ ਅਥਾਹ ਪਾਣੀ ਵੱਲ ਦੇਖਦੀ
ਹੌਲੀ ਹੌਲੀ ਰੇਤਾ ਉਸ ਦੀਆਂ 
ਉੰਂਗਲਾਂ ਚੋ ਕਿਰ ਜਾਂਦਾ
ਸੁੱਕਾ ਰੇਤਾ ਕਿਰਨਾ ਤਾਂ ਸੀ ਹੀ
ਉਹ ਮੁੱਠੀਆਂ ਮੀਟਦੀ
ਮੁੜ ਮੁੜ ਰੇਤੇ ਦੀਆਂ ਮੁੱਠੀਆਂ ਭਰਦੀ
ਪਿੰਨੀਆਂ ਵੱਟਦੀ
ਮੁੱਠੀਆਂ ਚ ਰੇਤਾ ਘੁੱਟਦੀ 
ਪਿੰਨੀਆਂ ਨੂੰ ਤਲੀਆਂ ਵਿੱਚ ਦਬਾਉਂਦੀ
ਪਰ ਰੇਤਾ ਫਿਰ ਕਿਰ ਜਾਂਦਾ
ਉਸ ਦੀਆਂ ਗੱਲ੍ਹਾਂ ਤੇ ਚੱਲੀਆਂ
ਅੱਥਰੂਆਂ ਦੀਆਂ ਘਰਾਲ੍ਹਾਂ 
ਸ਼ਾਇਦ ਉਸ ਬੇਬਸੀ ਦਾ ਇਜਹਾਰ ਕਰਾਉਂਦੀਆਂ
ਜਾਂ ਰੇਤੇ ਨੂੰ ਗਿੱਲਾ ਕਰਨ ਦਾ ਨੁੱਖਸਾ ਦੱਸਦੀਆਂ
ਪਰ ਉਹ ਤਾਂ ਗੁੰਮ ਸੀ ਆਪਣੀ ਬੇਬਸੀ ਚ
ਤੇ ਰੇਤੇ ਦੇ ਫਿਰ ਕਿਰ ਜਾਣ ਦਾ ਡੂੰਘੇ ਦੁੱਖ ਚ
ਹੰਝੂਆਂ ਦੇ ਨੁੱਖਸੇ ਨੂੰ ਉਹ ਸਮਝ ਹੀ ਨਾਂ ਸਕੀ
ਸਿੱਲ੍ਹੀ ਹਵਾ ਦੇ ਬੁੱਲੇ  
ਕੰਨਾ ਚ ਕੀਤੀਆਂ ਗਲੀਆਂ ਚੋਂ ਸੀਟੀਆਂ
ਗੱਲ੍ਹਾਂ ਤੇ ਝਰੀਟਾਂ ਮਾਰਦੇ ਤੇ 
ਵਾਲਾਂ ਨੂੰ ਖਿਲਾਰਦੇ ਹੋਏ 
ਉਸ ਦੀ ਪਸੀਨੇ ਨਾਲ ਭਿੱਜੀ ਚਮੜੀ ਤੇ
ਰੇਤ ਚੁੱਭੋ ਕੇ ਅੱਗੇ ਤੁਰ ਜਾਂਦੇ
ਤੇ ਉਹ ਹਰਕਿਆਈਆਂ ਮਾਰ 
ਹਵਾ ਦੇ ਬੁੱਲਿਆਂ ਤੋਂ ਬਚਣ
ਤੇ ਖੁਦ ਨੂੰ ਸਥਿਰ ਰੱਖਣ ਦੀ 
ਨਕਾਮਿ ਕੋਸ਼ਿਸ ਕਰਦੀ ਪਰ
ਉਸ ਦੇ ਪੈਰ ਹੋਰ ਰੇਤੇ ਚ ਧਸ ਜਾਂਦੇ
ਹਵਾ ਨਾਲ ਕਣ ਦਰ ਕਣ
ਰੇਤਾ ਉੱਡਦਾ ਰਹਿੰਦਾ
ਤੇ ਉਸ ਦੇ ਮਨ ਵਿੱਚ ਬੇਰੰਗ ਜਿੰਦਗੀ ਦਾ 
ਚਿੱਤਰਹਾਰ ਚੱਲਦਾ ਰਹਿੰਦਾ
ਦੂਰ ਦੁਰਾਡੇ ਜਾ  ਰਹੇ ਰੇਤ ਦੇ ਕਣਾ ਵਾਂਗ
ਉਹ ਰੰਗਾਂ ਦੇ ਕਿਰ ਜਾਣ ਦੀ ਿਕਰਿਆ ਨੂੰ 
ਮਹਿਸੂਸ ਕਰਦੀ ਤੇ ਮੰਨ ਲੈਂਦੀ ਕਿ 
ਜਿੰਦਗੀ ਚੋਂ ਜੋ ਕੁਝ ਗੁੰਮ ਗਿਆ
ਉਹ ਅੱਜ ਤੱਕ ਵਾਪਿਸ ਨੀਂ ਆਇਆ 
ਤੇ ਸ਼ਾਇਦ ਦੇ ਆਵੇਗਾ ਵੀ ਨਹੀਂ
ਉਹ ਵਾਰ ਵਾਰ ਰੇਤੇ ਨੂੰ ਚੱਕਦੀ 
ਮੁੱਠੀਆਂ ਘੁੱਟਦੀ ਸਮੁੰਦਰ ਵੱਲ ਤੱਕਦੀ 
ਪਰ ਉੰਗਲਾਂ ਚੋਂ ਕਿਰਦੇ ਰੇਤ ਨੂੰ
ਕਦੇ ਰੋਕ ਨਾਂ ਸਕੀ

ਬੇਦਰਦੀ ਚੰਨ



ਜਦ ਇੱਕ ਤਾਰਾ ਅਸਮਾਨੀ ਟੁੱਟਦਾ
ਲੱਗਦਾ  ਦ਼ੋਸ਼  ਬੇਦਰਦੀ ਚੰਨ ਤੇ  
ਆਪਣੀ ਪੀੜ ਤਾਂ ਸਭ ਨੂੰ ਪਿਆਰੀ
ਕੀ ਬੀਤਦੀ ਕਿਸੇ ਹੋਰ ਦੇ ਮਨ ਤੇ  

ਚੰਨ ਤੇ ਐਵੀਂ ਦਾਗ ਨੀਂ ਪੈਗੇ
ਓਹਨੇ ਵੀ ਜ਼ਖਮ  ਹੰਢਾਏ  ਹੋਣਗੇ
ਮੇਰੀ  ਪੀੜ ਵੀ ਕੋਈ ਸੁਣਲੋ  
ਕਦੇ ਵਾਸਤੇ ਉਸ ਪਾਏ  ਹੋਣਗੇ

ਫਿਰ ਉਹਨੇ ਸਿੱਖ ਲਿਆ ਹੀ ਹੋਣਾ
ਦਿਲ ਦੇ ਜ਼ਖਮਾ ਨੂੰ ਕਿੰਝ ਸਹਿਣਾ
ਇਸ ਸਵਾਰਥੀ  ਦੁਨੀਆਂ ਦੇ ਵਿੱਚ
ਕਿੰਝ ਬੇਦਰਦੀ ਬਣ ਕੇ ਰਹਿਣਾ

ਜੋ ਆਕੜ ਦੇ ਓਹੀ ਟੁੱਟਦੇ
ਸਮਝ ਲਿਆ ਹੋਣਾ  ਇਹ ਦਸਤੂਰ
ਜੋ ਝੁੱਕ ਜਾਂਦੇ ਕਦੇ ਨਾਂ  ਟੁੱਟਦੇ
ਜਿਵੇਂ  ਲੰਮੇ ਨਾਰਿਅਲ  ਅਤੇ ਖਜੂਰ

ਹਰ ਜੀ 19/08/2015

ਕੰਗ ਦੇ ਆਗਮਨ ਦਿਵਸ ਤੇ.

ਕਹਿੰਦਾ ਬਿਲਕੁਲ ਨੀਂ ਘਬਰਾਉਣਾ
ਐਤਕੀਂ ਜਨਮ ਦਿਨ ਤਾਂ ਮਨਾਉਣਾ
ਦਿਲ ਵਿਚ ਪੁਰਜਾ ਨਵਾਂ ਪਵਾਉਣਾ
ਕਿਓਂ ਕੇ ਪੁਰਾਣੇ ਨੂੰ ਲੱਗ ਗਈ  ਜੰਗ
ਹੈਪੀ ਬਰਥਡੇ  ਡਾਕਟਰ ਕੰਗ

ਕੈਸੋਆਂਣੇ  ਚ ਜੰਮਿਆ ਪਲਿਆ
ਪੀਏਯੂ ਦੇ ਵਿਚ ਇਹ  ਪੜਿਆ
ਆਸਟ੍ਰੇਲੀਆ ਵਿਚ ਆਕੇ ਵਸ ਗਿਆ
ਜਿਥੇ ਪੈਂਦੀ ਬਹੁਤੀ ਠੰਡ
ਹੈਪੀ ਬਰਥਡੇ  ਡਾਕਟਰ ਕੰਗ

ਮਲਵਈਆਂ ਦਾ ਸੋਹਣਾ ਮੁੰਡਾ
ਪਹਿਲਾਂ ਪੱਗ ਸੀ ਬੰਨਦਾ ਹੁੰਦਾ
ਕੱਟੇ ਵਾਲਾਂ ਨੂੰ ਹੁਣ ਰੰਗਦਾ
ਪਰ ਰੱਖਦਾ  ਹਰ ਸਮੇਂ ਚਿੱਟੇ ਦੰਦ
ਹੈਪੀ ਬਰਥਡੇ  ਡਾਕਟਰ ਕੰਗ

ਆੜੀ  ਯਾਰਾਂ ਦਾ ਹੈ ਪੱਕਾ
ਭਾਵੇਂ ਸਹਿਲੇ  ਪਰ ਕਰਦਾ ਨੀ ਧੱਕਾ
ਗੱਲ ਵਿਗਿਆਨ ਦੀ ਓਟ ਚ ਕਰਦਾ
ਪਰ ਕਦੇ ਨੀਂ ਬਕਦਾ ਇਹ ਗੰਦ ਮੰਦ
ਹੈਪੀ ਬਰਥਡੇ  ਡਾਕਟਰ ਕੰਗ

ਡਾ ਸੁਰਜੀਤ ਕੰਗ ਦੇ ਆਗਮਨ ਦਿਵਸ ਤੇ.

ਹਰ ਜੀ 14/08/2015

Tuesday 4 August 2015

ਧਰਮ ਦਾ ਜੰਗਲ



ਅਕਸਰ ਸੁਣਿਆ
ਹਰ ਧਰਮ ਦੇ 
ਠੇਕੇਦਾਰਾਂ ਨੂੰ
ਕਰਦਿਆਂ ਗਿਲਾ
ਕਿ ਅੱਜ ਕਲ੍ਹ ਲੋਕ
ਵੱਟ ਰਹੇ ਹਨ
ਪਾਸਾ ਧਰਮ ਤੋਂ 
ਮਨ ਚ ਖਿਆਲ ਆਇਆ
ਕਿਓਂ ਨਾ ਲੱਭਿਆ ਜਾਏ
ਇਸ ਦਾ ਕਾਰਨ
ਤੇ ਮੈ ਕੀਤਾ ਕੂਚ
ਧਰਮ ਦੇ ਜੰਗਲ ਵੱਲ
ਇਸ ਜੰਗਲ ਦੀ
ਵੰਨਸਵੰਨਤਾ ਦੇਖ
ਮੇਰੇ ਤਾਂ ਗਵਾਚਗੇ ਹੋਸ਼
ਕੀਤਾ ਭਟਕਣਾ ਸ਼ੁਰੂ
ਇੱਧਰ ਉੱਧਰ
ਇਸ ਭਾਲ ਵਿੱਚ
ਕਿ ਸ਼ਾਇਦ 
ਮਿਲਜੇ ਕੋਈ 
ਜੋ ਪਾ ਸਕੇ ਚਾਨਣ
ਧਰਮ ਦੇ ਜੰਮਣ ਤੇ
ਭਟਕਦੇ ਭਟਕਦੇ
ਮਿਲੀ ਇੱਕ ਸ਼ਿਲਾ 
ਲਿਖਿਆ ਸੀ ਜਿਸ ਤੇ  
ਕੁੱਝ ਇੰਝ 
"ਮਿਲਿਆ ਸੀ 
ਜਦ ਪਹਿਲੀ ਵਾਰ 
ਇੱਕ ਠੱਗ ਇੱਕ ਮੂਰਖ ਨੂੰ
ਰੱਖਿਆ ਗਿਆ ਸੀ ਉੱਦੋਂ
ਧਰਮ ਦਾ ਨੀਂਹ ਪੱਥਰ"
ਤੇ ਲਿਖਣ ਵਾਲੇ ਦਾ ਨਾਂ ਸੀ
ਮਾਰਕ ਤਵਾਇਨ
ਇਸ ਦੇ ਨਾਲ ਸੀ
ਇੱਕ ਹੋਰ ਸ਼ਿਲਾ
ਜਿਸ ਤੇ ਸੀ ਲਿਖਿਆ
"ਫੇਰ ਠੱਗਾੰ ਨੇ 
ਅਦਿੱਖ ਰੱਬ ਤੇ 
ਅਖੋਤੀ ਧਰਮਾੰ ਦੇ ਨਾੰ ਤੇ 
ਗੋਲਕਾੰ ਰਾਜ ਭਾਗ ਸਾੰਭ ਲੇ 
ਤੇ ਮੂਰਖਾੰ ਨੇ 
ਨੇਜੇ ਬਰਛੇ ਤਲਵਾਰਾੰ"
ਲਿਖਣ ਵਾਲਾ ਸੀ
ਇੱਕ ਧਰਮ ਦੇ ਮੋਢੀਆ
ਦੀ ਕੁੱਲ ਵਿੱਚੋਂ
ਯੁਵਰਾਜ ਬੇਦੀ
ਬਸ ਇਸ ਤੋਂ ਅੱਗੇ ਜਾਣ ਦੀ
ਨਾਂ ਮੈਨੂੰ ਲੋੜ ਪਈ
ਤੇ ਨਾਂ ਮੇਰੀ ਹਿੰਮਤ ਹੋਈ
ਲੱਗ ਪਿਆ ਸਾਫ ਹੋਣ
ਸ਼ੀਸ਼ੇ ਦਾ ਧੁੰਦਲਾਪਣ
ਸ਼ਾਇਦ ਸਮਝਣ ਲੱਗ ਪਏ
ਲੋਕ ਠੱਗਾਂ ਦੀ ਨੀਤ ਨੂੰ
ਤੇ ਮੂਰਖਾਂ ਦੇ ਵਿਓਹਾਰ ਨੂੰ
ਸ਼ਾਇਦ ਸਾਇੰਸ ਦੀ ਦੇਣ ਨੇ 
ਠੱਗਾਂ ਦੇ ਬਣਾਏ
ਰੱਬ ਦੇ ਡਰ ਦੇ
ਪਰਦੇ ਦੇ ਕੀਤੇ
ਚੀਰ ਹਰਣ ਕਰਕੇ ਹੀ
ਲੋਕ ਧਰਮ ਦੇ ਜੰਗਲ
ਦੇ ਭੰਬਲਭੂਸੇ ਤੋ
ਨਿੱਕਲ ਰਹੇ ਹਨ ਬਾਹਿਰ।

ਹਰ ਜੀ ੩੦-੦੭-੨੦੧੫