Friday 28 September 2012

ਜ਼ਖਮ


ਮੇਰੇ ਦਿਲ ਤੇ ਜ਼ਖਮ ਜੋ ਲੱਗਦੇ 
ਕਦੇ ਕਿਸੇ ਨੂੰ ਨਹੀਂ ਓਹ ਦਿਸਦੇ 
ਮੂੰਹ ਫੁੱਟ ਫੋੜੇ ਵਾਂਗੂੰ ਓਹ ਤਾਂ 
ਅਕਸਰ ਮੇਰੇ ਅੰਦਰ ਹੀ  ਰਿਸਦੇ 

ਜਦ ਕਦੇ ਵੀ ਇਹ ਜਾਣ ਨਸੂਰੇ
ਆ ਕੋਈ ਇਹਨਾ ਨੂੰ ਕਰੇਦ ਹੀ ਦਿੰਦਾ 
ਅਕਸਰ ਗਮ ਵੰਡਾਉਣ  ਦਾ ਕਹਿਕੇ 
ਤੰਦ ਪੀੜ ਓਹ ਛੇੜ ਹੀ ਦਿੰਦਾ 

ਹਰ ਕੋਈ ਚਾਹੁੰਦਾ ਮੈਂ ਓਹਦੇ ਦਰਦ ਨੂੰ ਜਾਣਾ 
ਹਰ ਉਠਦੀ ਓਹਦੀ ਚੀਸ ਪਛਾਣਾ
ਲਾਵਾਂ ਮਲ੍ਹਮ ਓਹਦੇ ਜਖਮਾਂ ਉੱਤੇ 
ਵਾਂਗ ਧਨੰਤਰ ਬਣ ਵੈਦ ਸਿਆਣਾ 

ਸਭ ਦੇ ਜ਼ਖਮ ਮੇਰੇ ਤੋ ਵੱਡੇ 
ਕੱਚੇ ਰਿਸਦੇ ਅਤੇ ਅਲੂਣੇ
ਕਰਾਂ ਪੱਟੀਆਂ ਸਾਫ਼ ਮੈ ਕਰਕੇ 
ਧੋਕੇ ਪਾਣੀ ਨਾਲ ਸਲੂਣੇ 

ਸਖਤ ਦਿਖਾਂ ਮੈਂ ਬਾਹਰੋਂ ਸਭ ਨੂੰ 
ਵਾਂਗੂੰ ਕੱਚੇ ਨਾਰੀਅਲ ਫਲ ਦੇ 
ਅੰਦਰ ਮੇਰੇ ਕੋਈ ਨਾਂ ਜਾਣੇ 
ਕਿਨੇ ਖੂਨੀ ਦਰਿਆ ਨੇ ਚਲਦੇ 

ਬੱਸ ਇਕ ਆਸ ਤੇ ਜੀ ਰਿਹਾ ਮੈਂ 
ਕਿ ਇਕ ਦਿਨ ਐਸਾ ਆਏਗਾ 
ਮੇਰੇ ਜ਼ਖਮਾ ਨੂੰ ਆਪਣਾ ਸਮਝ ਕੇ
ਕੋਈ ਤਾਂ ਮਲ੍ਹਮ ਲਾਏਗਾ 

Saturday 22 September 2012

ਪਿਆਰੇ ਨਾਲ ਮੇਲ


ਮੈਂ ਇਥੇ ਓਹ ਦੂਰ ਖੜਾ ਸੀ  ਸਾਡੇ ਦੋਨਾ ਚ ਫਰਕ਼ ਬੜਾ ਸੀ 
ਵਿਚ ਦਰਿਆ ਦਾ ਇਕ ਪੜਾ ਸੀ ਹਥ ਮੇਰੇ ਵਿਚ ਕੱਚਾ ਘੜਾ ਸੀ 

ਪਿਆਰ ਦਾ ਕਿੰਝ ਇਕਰਾਰ ਕਰਾਂਗਾ  ਕਿੰਝ ਦਰਿਆ ਨੂੰ ਪਾਰ ਕਰਾਂਗਾ 
ਕੱਚੇ ਘੜੇ ਸੰਗ ਕਿੰਝ ਤਰਾਂਗਾ ਕੀ ਮੈਂ ਅਧ ਵਿਚਕਾਰ ਮਰਾਂਗਾ 

ਦਰਿਆ ਦਾ ਪਾਣੀ ਅੱਗੇ ਬਹਿ ਗਿਆ  ਜਾਂਦਾ ਹੋ ਗਿਆ ਇਕ ਗੱਲ ਕਹਿ ਗਿਆ 
ਆਫਤ ਦੇਖਕੇ ਜੇ ਤੂੰ  ਸਹਿ ਗਿਆਂ  ਪਿਆਰ ਦੇ ਵਿਚ ਫਿਰ ਝੂਠਾ ਪੈ ਗਿਆਂ 

ਪਾਣੀ ਦੀ ਗੱਲ ਦਿਲ ਨੂੰ ਜੱਚੀ ਮਨ ਵਿਚ ਇਕ ਤਰਥੱਲੀ ਮੱਚੀ
ਜੇ ਕਰਦਾਂ ਮੁਹਬਤ ਸੱਚੀ ਫਿਰ ਕਿਓਂ ਨੀ ਬਣ ਜਾਂਦਾ ਹੁਣ ਮੱਛੀ 

ਹਿੰਮਤ ਕਰ ਪਾਣੀ ਵਿਚ ਠਿੱਲ ਗਿਆ  ਕੱਚਾ ਘੜਾ ਪਾਣੀ ਨਾਲ ਸਿੱਲ ਗਿਆ 
ਮੇਰਾ ਸਾਰਾ ਸੰਤੁਲਨ ਹਿੱਲ ਗਿਆ  ਡੁੱਬ  ਕੇ ਮੈਂ ਜਾ  ਯਾਰ ਨੂੰ ਮਿਲ ਗਿਆ 

ਯਾਰ ਨਾਲ ਜੋ ਪਲ ਬਿਤਾਏ ਭੁੱਲੇ  ਨਾਂ ਜਾਣ ਓਹ ਕਦੇ ਭੁਲਾਏ
ਮਨ ਦੇ ਕੈਨਵਾਸ ਜੋ ਓਹਦੇ ਅਕਸ ਬਣਾਏ ਕਵਿਤਾ ਵਿਚ ਨਾਂ ਜਾਣ ਦਰਸਾਏ