Tuesday 18 April 2017

ਚਰਚਾ



ਬਾਬਾ ਆਖੇ ਬਾਲੇ ਤਾਈਂ 
ਜਾ ਸੱਦ ਲਿਆ ਮਰਦਾਨੇ ਨੂੰ
ਕੱਠੇ  ਬਹਿ ਕੇ ਚਰਚਾ ਕਰੀਏ 
ਕਿ ਹੋ ਰਿਹਾ ਇਸ ਜ਼ਮਾਨੇ  ਨੂੰ  

ਬਾਲਾ ਕਹਿੰਦਾ ਸੁਣੋ ਬਾਬਾ ਜੀ 
ਤੁਸੀਂ ਸੌਣ  ਦਿਓ  ਮਰਦਾਨੇ ਨੂੰ 
ਮੈਂ ਹੀ ਥੋਨੂੰ ਦੱਸ ਦਿੰਦਾ ਹਾਂ 
ਜਿਹੜੀ ਅੱਗ ਲੱਗੀ ਜ਼ਮਾਨੇ ਨੂੰ 

ਤੁਸੀਂ ਗਏ ਸੀ ਕਰਨ ਅਧਾਰ 
ਇਸ ਧਰਤੀ ਦੇ ਵਾਸੀਆਂ ਦਾ 
ਪਰ ਕਿਸੇ ਤੇ ਅਸਰ ਨਾਂ ਹੋਇਆ 
ਥੋਡੀਆਂ  ਚਾਰ ਉਦਾਸੀਆਂ ਦਾ 

ਜਿਥੇ ਵੀ ਬਾਬਾ  ਪੈਰ ਤੂੰ ਧਰਿਆ 
ਉੱਥੇ  ਉਸਰੇ ਮਹਿਲ ਮੁਨਾਰੇ ਨੇ 
ਤੇਰੇ ਨਾਂ ਤੇ ਧੰਦਾ ਕਰਨ ਲਈ 
ਥਾਂ ਥਾਂ ਖੋਲ੍ਹੇ ਗੁਰੁਦਵਾਰੇ  ਨੇਂ 

ਤੇਰੀ ਦਿੱਤੀ ਸਿਖਿਆ ਨੂੰ ਬਾਬਾ  ਜੀ  
ਇਹ ਸੰਘ ਪਾੜ ਪਾੜ  ਗਾਉਂਦੇ ਨੇ 
ਤਰਕ ਨਾਲ ਸੀ ਜੋ ਤੂੰ ਸਮਝਾਇਆ 
ਹੁਣ ਇਹ ਡੰਡੇ ਨਾਲ ਸਮਝਾਉਂਦੇ ਨੇ 

ਥਾਂ ਥਾਂ ਤੇ ਇਥੇ ਕੌਡੇ  ਰਾਕਸ਼  
ਤੇ ਮਲਿਕ ਭਾਗੋ ਹੀ ਵਸਦੇ ਨੇ 
ਥੋੜੇ ਬਹੁਤੇ ਲਾਲੋ ਜੋ ਰਹਿਗੇ 
ਉਹ ਜਿਉਣ ਦੇ ਲਈ  ਤਰਸਦੇ ਨੇ 

ਦਸਾਂ ਨੌਹਾਂ ਦੀ ਕਿਰਤ ਕਮਾਈ 
ਦੇ ਵੱਖਰੇ ਮਤਲਬ ਕੱਢ ਲਏ 
ਮਾਇਆ ਮੋਹ ਦਾ ਜਾਲ਼ ਬੁਣ ਕੇ 
ਇਹਨਾਂ ਥਾਂ ਥਾਂ ਝੰਡੇ ਗੱਡ ਲਏ 

ਰਾਜਿਆਂ ਤੇ ਮੁਕੱਦਮਾਂ  ਦੇ ਸੰਗ
ਹੁਣ ਰਲ਼  ਗਏ ਨੇ ਮਸੰਦ ਬਾਬਾ 
ਆਪਣੀਆਂ ਜੇਬ੍ਹਾਂ ਭਰਨ ਦੇ ਲਈ 
ਨਿੱਤ ਚੜ੍ਹਦੇ ਇਹ ਨਵਾਂ ਚੰਦ ਬਾਬਾ  

ਠੱਗੀ ਚੋਰੀ ਝੂਠ ਅਡੰਬਰ 
ਦਾ ਹੈ ਇਥੇ ਬੋਲਬਾਲਾ 
ਅੱਗੇ ਹੋਰ ਨੀਂ ਦੱਸ ਹੁੰਦਾ ਹੁਣ 
ਕਹਿ ਕੇ ਚੁੱਪ ਕਰ ਗਿਆ ਬਾਲਾ 

ਸੁਣ ਬਾਲੇ ਦੀਆਂ ਗੱਲਾਂ ਬਾਬਾ 
ਸੋਚਾਂ ਦੇ ਵਿੱਚ  ਪੈ  ਗਿਆ 
ਲੱਗਿਆ ਜਿਵੇਂ ਕਰਤਾਰਪੁਰ ਬਾਬੇ ਦਾ 
ਵਿਚ ਰਾਵੀ ਦੇ ਬਹਿ ਗਿਆ 

ਸਿਰ  ਤੇ ਰੱਖ ਫਿਰ ਹੱਥ ਬਾਲੇ ਦੇ 
ਬਾਬਾ ਉੱਠ ਖਲੋ ਗਿਆ 
ਵਿਚ ਖਿਆਲਾਂ ਦੇ ਜੋ ਆਇਆ ਸੀ 
ਕਿਧਰੇ ਬਾਬਾ ਅਲੋਪ ਹੋ ਗਿਆ 

 ਹਰ ਜੀ 15/12/2016

No comments:

Post a Comment