Thursday 23 July 2015

ਜੱਟਾਂ ਦੀ ਵੈਸਾਖੀ


ਨਾਂ ਖਿਚੋ ਫੋਟੋਆਂ ਖੜਕੇ ਖੇਤਾਂ ਵਿਚ ਜੱਟਾਂ ਦੇ
ਹੁਣ ਤਾਂ ਮੇਲੇ ਲਗਦੇ ਨੇ ਬਾਬਿਆਂ ਦੀਆਂ ਹੱਟਾਂ ਤੇ
ਖੇਤੀ ਦੇ ਨਾਲ ਜੋੜੋ ਨਾਂ ਹੁਣ ਵੈਸਾਖੀ ਮੇਲੇ ਨੂੰ
ਜੱਟ ਦਾ ਰੂਪ ਹੀ ਸਮਝੋ ਤੁਸੀਂ ਹੁਣ ਬਾਬੇ ਦੇ ਚੇਲੇ ਨੂੰ 
ਹਰ ਇੱਕ ਧਾਰਮਿਕ ਥਾਂ ਦੇ ਉੱਤੇ ਦੁਨੀਆਂ ਜਾਂਦੀ ਹੈ
ਖਾਲੀ ਖੀਸੇ ਕਰਕੇ ਓਹ ਵੈਸਾਖੀ ਮਨਾਉਂਦੀ ਹੈ
ਕਿਧਰੇ ਗੜ੍ਹੇ ਤੇ ਤੇਜ ਹਵਾਂਵਾਂ ਮੀਂਹ ਦੇ ਨਾਲ ਚੱਲੀਆਂ
ਵੈਸਾਖੀ ਵਾਲੇ ਦਿਨ ਜੱਟ ਲਭੇ ਕਣਕ ਦੀਆਂ ਬੱਲੀਆਂ
ਕਿਦਾਂ ਮੋੜੂੰ ਕਰਜ਼ਾ ਜਿਹੜਾ ਸ਼ਾਹ ਤੋਂ ਮੈਂ ਚੁੱਕਿਆ
ਭੁਬਾਂ ਮਾਰਕੇ ਰੋਇਆ ਲੋਕਾਂ ਭਾਣੇ ਜੱਟ ਬੁੱਕਿਆ
ਘਰੇ ਆਣ ਕੇ ਹਾੜਾ ਉਹਨੇ ਦੇਸੀ ਦਾ ਲਾਇਆ
ਜਾ ਖੂਹੀ ਤੇ ਉਸਨੇ ਗਲ ਵਿਚ ਫਾਹਾ ਸੀ ਪਾਇਆ
ਪੁੱਤ ਵੀ ਪੜ੍ਹਕੇ ਵਿਹਲਾ ਗਲੀਆਂ ਵਿਚ ਰਹੇ ਘੁੰਮਦਾ
ਚੜ੍ਹੇ ਟੈਂਕੀਆਂ ਉੱਤੇ ਫਿਰ ਵੀ ਗੱਲ ਕੋਈ ਨੀਂ ਸੁਣਦਾ
ਪਿਓ ਦੀ ਮੌਤ ਦੇ ਪਿਛੋਂ ਪੁੱਤਰ ਬਹੁਤ ਘਬਰਾਇਆ ਸੀ
ਹੌਲੀ ਹੌਲੀ ਹਥ ਫਿਰ ਉਹਨੇ ਚਿੱਟੇ ਨੂੰ ਪਾਇਆ ਸੀ
ਫਿਰ ਕੀ ਸੀ ਘਰ ਉਜੜ ਗਿਆ ਜੋ ਵਸਦਾ ਰਸਦਾ ਸੀ
ਬੁੱਢੀ ਮਾਂ ਦੇ ਵੈਣਾ ਤੇ ਹੁਣ ਸਾਰਾ ਜਗ ਹਸਦਾ ਸੀ
ਨਾਂ ਸਰਕਾਰ ਨੇ ਪੁਛਿਆ ਨਾਂ ਕੋਈ ਬਾਬਾ ਆਣ ਖੜਿਆ
ਘੁੰਮਦਾ ਫਿਰਦਾ ਇੱਕ ਦਿਨ ਵੇਹੜੇ ਪਟਵਾਰੀ ਆ ਬੜਿਆ
ਲਵਾ ਬੇਬੇ ਤੋਂ ਗੂਠਾ ਉਹਨੇ ਫ਼ਤੇਹ ਬੁਲਾ ਦਿੱਤੀ
ਜੱਟ ਦੀ ਬਚੀ ਜ਼ਮੀਨ ਨਾਂ ਸ਼ਾਹੂਕਾਰ ਚੜ੍ਹਾ ਦਿੱਤੀ
ਇੰਝ ਵੈਸਾਖੀ ਅੱਜ ਕਲ੍ਹ ਦੇਖੋ ਜੱਟ ਮਨਾਉਂਦੇ ਨੇ
ਮੇਲਿਆਂ ਦੀ ਥਾਂ ਸਿਵਿਆਂ ਦੇ ਵਿਚ ਭੰਗੜੇ ਪਾਉਂਦੇ ਨੇ

ਹਰ ਜੀ 14/04/2015

No comments:

Post a Comment