Wednesday 6 November 2013

ਖੁਦੋ ਖੂੰਡੀ ਤੇ ਗੋਲ੍ਫ਼



ਬਚਪਨ ਵਿਚ ਮੈਂ ਖੇਡ ਸੀ ਖੇਡੀ
ਖੁਦੋ ਖੂੰਡੀ ਇੱਕ ਹਥ ਚ ਫੜਕੇ
ਲੀਰਾਂ ਦੀ ਸੀ ਮੈਂ ਖੁਦੋ ਬਣਾਈ
ਕੱਟੀ ਖੂੰਡੀ ਕਿੱਕਰ ਤੋਂ ਚੜਕੇ
ਹੱਟ ਵੱਲ ਹੱਟ ਪਿਛੇ ਇਹ ਕਹਿਕੇ
ਮਾਰਦੇ  ਖੂੰਡੀ ਦੂਜੇ ਦੇ ਪੈਰੀਂ ਜ੍ੜਕੇ
ਨਾਂ ਕੋਈ ਗੁੱਸਾ ਤੇ ਨਾਂ ਕੋਈ ਰੋਸਾ
ਨਾਂ ਕਦੇ ਮੁੜੇ ਘਰਾਂ ਨੂੰ ਲੜਕੇ

ਹੁਣ ਵੀ ਮੈਂ ਇੱਕ ਖੇਡ ਖੇਡਦਾਂ
ਇਹ ਵੀ ਖੁਦੋ ਖੂੰਡੀ ਵਾਲੀ
ਨਾਂ ਲੀਰਾਂ ਦੀ ਖੁਦੋ ਇਥੇ
ਨਾਂ ਖੂੰਡੀ ਕਿੱਕਰ ਦੀ ਟਾਹਲੀ
ਚਮਕਦਾਰ ਤੇ ਪਥਰੀਲੀ ਖੁਦੋ
ਭੱਜਦੀ ਇਹਤਾਂ ਤੇਜ ਹੀ ਬਾਹਲੀ
ਖੂੰਡੀਆਂ ਛੋਟੀਆਂ ਵੱਡੀਆਂ ਬੈਠਣ
ਵਿਚ ਬੈਗ ਚੜ ਉੱਤੇ ਟਰਾਲੀ

ਹਰੇ ਕਚੂਰ ਮੈਦਾਨਾ ਦੇ ਵਿਚ
ਇਹ ਖੇਡ ਤਾਂ ਖੇਡੀ ਜਾਵੇ
ਵੱਡੇ ਦਰਖਤਾਂ ਦੇ ਵਿਚੋਂ ਦੀ 
ਟੇਢ਼ਾ ਮੇਢ਼ਾ ਰਸਤਾ ਜਾਵੇ
ਕਿਤੇ ਪਾਣੀ ਦਾ ਛੱਪੜ ਹੁੰਦਾ
ਕਿਤੇ ਨਦੀ ਨਾਲ੍ਹਾ ਬਹਿ ਜਾਵੇ
ਰੇਤੇ ਵਾਲੇ ਟੋਏ ਵੀ ਹੁੰਦੇ
ਖੁੱਤੀ ਵਾਲੀ ਥਾਂ ਪੁੱਟ ਕਹਾਵੇ

ਰਖ ਖੁਦੋ ਨੂੰ ਕਿੱਲੀ ਦੇ ਉੱਤੇ
ਵੱਡੀ ਖੂੰਡੀ ਨਾਲ ਚੋਟ ਮਾਰਦੇ
ਛੂੰ ਛੂੰ ਕਰਦੀ ਖੁਦੋ ਜਾਂਦੀ ਨੂੰ
ਸਾਰੇ ਖੜ ਖੜ ਕੇ ਨਿਹਾਰਦੇ
ਕਵੀ ਦੇ ਸ਼ੇਅਰ ਦੀ ਸ਼ੋਭਾ ਵਾਂਗੂੰ
ਨਾਲੇ ਵਾਹ ਵਾਹ ਕਰਨ ਪਿਆਰ ਦੇ
ਆਪੋ ਆਪਣੀ ਖੁਦੋ ਉੱਤੇ 
ਵਾਰੀ ਨਾਲ ਸਭ ਖੂੰਡੀ ਮਾਰਦੇ

ਜਿਥੇ ਜਾਕੇ ਖੁਦੋ ਡਿੱਗਦੀ
ਉਥੋਂ ਚਲਦੀ ਅਗਲੀ ਪਾਰੀ
ਵੱਖੋ ਵੱਖਰੀ ਖੂੰਡੀ ਦੇ ਨਾਲ
ਹਰ ਕੋਈ ਲੈਂਦਾ ਅਗਲੀ ਪਾਰੀ
ਘੱਟੋ ਘੱਟ ਪਾਰੀਆਂ ਮੈਂ ਲੈਣੀਆਂ
ਆਵੇ ਹਰ ਇਕ ਕਰ ਤਿਆਰੀ
ਖੁਦੋ ਅੜਿਕੇ ਵਿਚ ਨਾ ਜਾਵੇ
ਸਭ ਨੂੰ ਰਹਿੰਦੀ ਇਹ ਚਿੰਤਾ ਭਾਰੀ

ਸ਼ੁਰੂ ਕਰਨ ਤੋ ਖੁੱਤੀ ਦੇ ਵਿਚ
ਖੁਦੋ ਪਾਉਣ ਦਾ ਸਫਰ ਨਿਰਾਲਾ
ਕੋਈ ਨਾਲ ਠਰੰਮੇ ਖੇਡੇ
ਕੋਈ ਦਿਖਦਾ ਬਹੁਤਾ ਕਾਹਲਾ
ਜਦ ਕਿਸੇ ਦੀ ਖੁਦੋ ਗੁੰਮ ਜੇ
ਹਾਲ ਹੁੰਦਾ ਹੈ ਦੇਖਣ ਵਾਲਾ
ਜਦ ਖੁਦੋ ਖੁੱਤੀ ਚ ਪੈ ਜੇ
ਫੇਰ ਮਾਰਦੇ ਉਚੀਆਂ ਛਾਲਾਂ

ਜਿੰਨੀਆ ਪਾਰੀਆਂ ਦੇ ਵਿਚ ਹੁੰਦਾ
ਖੁਦੋ ਖੁੱਤੀ ਦਾ ਇਹ ਮੇਲ
ਉੰਨੇ ਹੀ ਨੰਬਰਾਂ ਨਾਲ ਮੁੱਕਦਾ
ਇਸ ਖੇਡ ਦਾ ਪਹਿਲਾ ਖੇਲ
ਇਸੇ ਤਰਾਂ ਦੇ ਖੇਡਣੇ ਪੈਂਦੇ
ਹੋਰ ਅਠਾਰਾਂ ਅਜਿਹੇ ਹੀ  ਖੇਲ
ਆਖਿਰ ਤੱਕ ਤਾਂ  ਬੱਸ ਹੋ ਜਾਂਦੀ
ਮੁੱਕ ਜਾਂਦਾ ਹੱਡਾਂ ਚੋਂ ਤੇਲ

ਹਰ ਖੇਲ ਦੀਆਂ ਪਾਰੀਆਂ ਦਾ
ਨੰਬਰ ਪਹਿਲਾਂ ਹੀ ਮਿੱਥਿਆ ਹੁੰਦਾ
ਉੰਨੀਆਂ ਪਾਰੀਆਂ ਜੇ ਕੋਈ ਲੈਂਦਾ
ਤਾਂ ਓਹਦਾ ਅੰਕ ਪਾਰ ਕਹਾਉਂਦਾ
ਬਰਡੀ ਪਾਰ ਤੋ ਇੱਕ ਘੱਟ ਹੁੰਦੀ
ਪਾਰ ਤੋ ਦੋ ਘੱਟ ਈਗਲ ਕਹਾਉਂਦਾ
ਐਲਬਸਟ੍ਰਾਸ ਪਾਰ ਤੋ ਤਿੰਨ ਘੱਟ ਹੁੰਦਾ
ਪਾਰ ਤੋ ਚਾਰ ਘੱਟ ਕੌਂਡਰ ਆਉਂਦਾ

ਪਾਰ ਤੋਂ ਜੇ ਇੱਕ ਉੱਤੇ ਹੋ ਜੇ
ਓਹ ਅੰਕ ਬੋਗੀ ਅਖਵਾਵੇ  
ਇਸ ਤੋਂ ਜਿੰਨੇ ਵੀ ਉਪਰ ਹੁੰਦੇ
ਨੰਬਰ ਬੋਗੀ ਅੱਗੇ ਲੱਗ ਜਾਵੇ
ਜੋ ਜਿੰਨੀਆਂ ਪਾਰੀਆਂ ਹੈ ਲੈਂਦਾ
ਓਹ ਓਹਦਾ ਹੈੰਡੀਕੈਪ ਬਣ ਜਾਵੇ 
ਖੁਦੋ ਖੂੰਡੀ ਦੀ ਜੋ ਇਹ ਖੇਡ ਨਿਰਾਲੀ
ਦੁਨੀਆਂ ਤੇ ਇਹ  ਗੋਲ੍ਫ਼ ਕਹਾਵੇ  

No comments:

Post a Comment