Wednesday 6 November 2013

ਅਨੋਖੀ ਉਲਝਣ



ਮਨ ਮੇਰੇ  ਵਿਚ ਕੁਝ ਕੁਝ ਹੁੰਦਾ
ਜਿਹਦੀ ਸਮਝ ਨਾ ਮੈਨੂੰ ਲੱਗੇ
ਉਠਦੇ ਸਾਰ ਹੀ ਸੁਬਾਹ ਸਵੇਰੇ
ਕੁਝ ਆ ਮੱਥੇ ਮੇਰੇ ਵਿਚ ਵੱਜੇ

ਸੋਚਾਂ ਸੋਚਾਂ ਸੋਚ ਕੇ ਹੰਭ ਜਾਂ
ਪੱਲੇ ਮੇਰੇ ਕੁਝ ਨਾਂ ਪੈਂਦਾ
ਰਾਤੀਂ ਸਾਉਣ ਵੇਲੇ ਸਭ ਕੁਝ ਚੰਗਾ
ਕਿਓਂ ਤੜਕੇ ਉਠ ਦਿਲ ਇਹ ਬਹਿੰਦਾ

ਪਹਿਲੀ ਕਿਰਣ ਸੂਰਜ ਚੜਦੇ ਦੀ
ਜਦ ਮੇਰੇ ਕਮਰੇ ਆ ਵੜਦੀ
ਖਿਆਲਾਂ ਦੀ ਜੋ ਰੇਲ ਇਹ ਚੱਲਦੀ 
ਇੱਕਦਮ ਇਹ ਰਫਤਾਰ ਹੈ ਫੜਦੀ

ਜਿਥੋਂ ਤੱਕ ਮੇਰੇ ਖਿਆਲ ਦੌੜਦੇ
ਕੁਝ ਨੀਂ ਮੈਨੂੰ ਇਸ ਵਿਚ ਲੱਭਦਾ 
ਆਉਣ ਵਾਲੇ ਸਮੇ ਦਾ ਵੀ
ਇਹ ਕੋਈ ਸੰਕੇਤ ਨੀਂ ਲੱਗਦਾ

ਹੌਲੀ ਹੌਲੀ ਮਨ ਮੇਰੇ ਵਿਚ
ਇਕ ਖੌਫ਼ ਜਿਹਾ ਬਣਦਾ ਜਾਵੇ
ਕਿਹੜੀ ਹੈ ਇਹ ਸ਼ੈ ਅਨੋਖੀ
ਜਿਹੜੀ ਤੜਕੀਂ ਆਣ ਜਗਾਵੇ

ਕੀਹਦੇ ਨਾਲ ਕਰਾਂ ਮੈਂ ਗੱਲਾਂ   
ਕਿਹਨੂੰ ਮੈਂ ਇਹਦੇ ਬਾਰੇ ਦੱਸਾਂ
ਇਸ ਅਨਹੋਣੀ ਉਲਝਣ ਬਾਰੇ
ਅਕਸਰ ਸੋਚ ਮੈਂ ਮਨ ਵਿਚ ਹੱਸਾਂ 

ਜੋ ਕੁਝ ਹੋਣਾ ਹੋ ਕੇ ਰਹਿਣਾ
ਫਿਰ ਮੈਨੂੰ ਇਹ ਉਲਝਣ ਕਾਹਦੀ
ਲਾੜਾ ਲਾੜੀ ਨਾਂ ਹੋਣ ਜੇ ਰਾਜੀ
ਤਾਂ ਫਿਰ ਕੀ ਕਰ ਲਉਗਾ ਕਾਜ਼ੀ

ਕੁਝ ਆਉਂਦਾ ਹੀ ਹੈ ਜਾਂਦਾ ਤੇ ਨਹੀਂ
ਬਾਣੀਆ ਬੁੱਧੀ ਇਹ ਦਰਸਾਵੇ
ਇਹੀ ਸੋਚ ਕੇ ਬਾਕੀ ਦਾ ਵੀ
ਦਿਨ ਮੇਰਾ ਰੋਜ ਲੰਘ ਹੀ ਜਾਵੇ 

No comments:

Post a Comment