Saturday 30 March 2013

ਸਪਨੇ

ਅੱਖੀਆਂ ਦੀਆਂ ਨਿੱਕੀਆਂ ਕਿਆਰੀਆਂ ਨੂੰ
ਖਿਆਲਾਂ ਦੇ ਹਲ੍ਹ ਨਾਲ ਵਾਹਿਆ ਮੈਂ
ਸੋਚਾਂ ਦਾ ਮਾਰ ਸੋਹਾਗਾ ਉੱਤੇ
ਬੀਜ ਸੁਪਨਿਆ ਵਾਲ ਪਾਇਆ ਮੈਂ

ਇਹਨਾਂ ਪੁੰਗਰਦੇ ਨਿੱਕੇ ਸੁਪਨਿਆਂ ਨੂੰ
ਪਲਕਾਂ ਨਾਲ ਕੀਤੀ ਸੀ ਛਾਂ ਮੈਂ
ਸਿੰਜਿਆ ਨਾਲ ਹੰਝੂ ਖਾਰਿਆਂ ਦੇ
ਪਾਲਿਆ ਇਹਨਾ ਨੂੰ ਬਣ ਕੇ ਮਾਂ ਮੈਂ

ਤਪਦੇ ਸੂਰਜ ਤੋਂ ਮੈਂ ਲਈ ਗਰਮੀ
ਲਿਆ ਚਾਨਣ ਉਧਾਰਾ ਚੰਨ ਤੋਂ ਮੈਂ
ਸੇਧ ਲਈ ਸੀ ਮੈਂ ਤਾਰਿਆਂ ਕੋਲੋਂ
ਹਿੰਮਤ ਲਈ ਦਰਿਆ ਦੇ ਬੰਨ ਤੋਂ ਮੈਂ

ਨਾ ਦੁਸ਼ਮਣ ਹਮਲਾ ਕਰ ਦੇਵੇ
ਛਿੜਕਾ ਪਿਆਰ ਦਾ ਕੀਤਾ ਮੈਂ
ਬੁਰੀ ਨਜ਼ਰ ਕਿਸੇ ਦੀ ਨਾਂ ਲੱਗ ਜਾਵੇ
ਮੁੰਹ ਨਜ਼ਰ ਬੱਟੂ ਜਿਹਾ ਕੀਤਾ ਮੈਂ

ਆਖਰ ਨੂੰ ਇਹ ਤਾਂ ਪੱਕ ਗਈ
ਫ਼ਸਲ ਸਪਨਿਆ ਦੀ ਜੋ ਪਾਲੀ ਮੈਂ
ਕੁਝ ਬੱਲੀਆਂ ਦੇ ਵਿਚ ਬੀਜ ਮਿਲੇ
ਬਾਕੀ ਦੇਖੀਆਂ ਦਾਣਿਓ ਖਾਲੀ ਮੈਂ

ਹੋ ਜਾਣਗੇ ਸਾਰੇ ਸਕਾਰ ਸਪਨੇ
ਇਸ ਦਸਤੂਰ ਬਾਰੇ ਨੀਂ ਜਾਣਦਾ ਮੈਂ
ਜੇ ਕੁਝ ਥਾਵਾਂ ਤੇ ਫੇਲ ਹੋਇਆ
ਇਸ ਬਾਰੇ ਨੀ ਪਛਤਾਂਵਦਾ ਮੈਂ

ਰੱਬ ਨੇ ਜੋ ਵੀ ਦਿੱਤਾ ਮੈਨੂੰ
ਕਰਾਂ ਓਹਦਾ ਸਦਾ ਸ਼ੁਕਰਾਨਾ ਮੈਂ
ਓਹਦੀਆਂ ਬਖਸ਼ੀਆਂ ਨਿਆਂਮਤਾਂ ਦਾ
ਰਿਹਾ ਸ਼ੁਰੂ ਤੋਂ ਹੀ ਦੀਵਾਨਾ ਮੈਂ

No comments:

Post a Comment