Saturday 26 January 2013

ਪਿਆਰਾ


ਓਹ  ਪਤਾ ਨਹੀਂ ਮੇਰੇ ਲਈ ਕੀ ਸੀ
ਘੱਟ ਹੀ ਜਾਣਦੇ ਸਨ ਅਸੀਂ ਇਕ ਦੂਜੇ ਨੂੰ 
ਪਰ ਫੇਰ ਵੀ ਉਸਨੂੰ ਮੇਰੇ ਤੇ ਇਤਬਾਰ ਸੀ 
ਚੁਪ ਚਾਪ ਆਕੇ ਮੇਰੀ ਅਲਮਾਰੀ ਖੋਲਦਾ 
ਰੱਖ ਜਾਂਦਾ ਆਪਣੇ ਕਮਰੇ ਦੀ  ਚਾਬੀ 
ਯਾ ਫਿਰ ਆਪਣੀਆਂ ਕੀਮਤੀ  ਚੀਜਾਂ  
ਮੇਰੇ ਸਿਰਹਾਣੇ ਜਾਂ ਫਿਰ ਮੇਰੇ ਮੰਜੇ ਦੇ ਥੱਲੇ 
ਕੁਝ ਦਿਨਾ ਬਾਅਦ ਆਕੇ 
ਫਿਰ ਓਹ ਲੈ ਜਾਂਦਾ ਆਪਣੀ ਅਮਾਨਤ
ਨਾਂ ਕਦੇ ਮੈਂ ਪੁਛਿਆ  
ਤੇ ਨਾਂ ਕਦੇ ਉਸ ਦੱਸਿਆ
ਕੀ ਇਹ ਸਭ ਕੀ ਹੈ 
ਅਕਸਰ ਉਹ ਸੁਬਹ ਖੇਡਣ ਜਾਂਦਾ 
ਮੈਨੂੰ ਪੜਨ ਲਈ ਉਠਾ ਜਾਂਦਾ 
ਬਸ ਇੰਨਾ ਕੁ ਸੀ ਸਾਡਾ ਮਿਲਣਾ ਜੁਲਨਾ 

ਜਦੋਂ ਓਹ ਹੋਸਟਲ ਹੁੰਦਾ 
ਤਾਂ ਕਦੇ ਕੋਈ ਨਾਂ ਬੋਲਦਾ 
ਜਦੋਂ ਓਹ ਨਹੀ ਹੁੰਦਾ 
ਤਾਂ ਲੋਕ ਰਾਤ ਨੂੰ ਆਕੇ 
ਓਹਦੇ ਦਰਵਾਜੇ ਤੇ ਲੱਤਾਂ ਮਾਰਦੇ 
ਤੇ ਓਹਨੂੰ ਗਾਲਾਂ ਕਢਦੇ 
ਪਰ ਓਹ ਕਦੇ ਪਰਿਵਾਹ ਨਾਂ ਕਰਦਾ 
ਸਗੋਂ ਕਹਿੰਦਾ ਫਿਕਰ ਨਾਂ ਕਰ 
ਰਾਹੀਆਂ ਨੂੰ ਸੈਕੜੇ ਕੁੱਤੇ ਭੌਂਕਦੇ ਨੇ 

ਉਸ ਦਿਨ ਮੈਂ ਫਰੀਦਕੋਟ ਤੋਂ ਆਇਆ ਸੀ 
ਦੋਸਤ ਦੀ ਭੈਣ ਦੇ ਵਿਆਹ ਤੋਂ 
ਇਕ ਨੰਬਰ ਗੇਟ ਤੇ ਹੀ ਖਬਰ ਮਿਲ ਗਈ 
ਕਿ ਉਸਦੇ ਗੋਲੀ ਲੱਗੀ ਹੈ  
ਇੰਝ ਲੱਗਿਆ ਜਿਵੇ 
ਕਿਸੇ ਨੇ ਮੇਰੇ ਗੋਲੀ ਮਾਰ ਦਿੱਤੀ ਹੋਵੇ 
ਬੈਗ ਹੋਸਟਲ ਰੱਖ ਕੇ 
ਸਿਧਾ ਸੀ ਐਮ ਸੀ ਪਹੁੰਚਿਆ 

ਅੱਜ ਵੀ ਤਾਜ਼ਾ ਹਨ 
ਆਈ ਸੀ ਯੂ ਦੇ ਬੈੱਡ ਤੇ 
ਪਿਆ ਓਹ ਭਰਵਾਂ ਸ਼ਰੀਰ
ਇੰਝ ਪਿਆ ਸੀ ਜਿਵੇ  
ਦੁਨੀਆਂ ਤੋਂ ਬੇਖਬਰ ਹੋਵੇ 
ਅੱਜ ਵੀ ਤਾਜ਼ਾ ਹਨ 
ਓਹਦੇ ਸ਼ਰੀਰ ਤੇ ਦੇਖੇ 
ਸ਼ਰਿਆਂ ਨਾਲ ਜਲੇ  ਹੋਏ ਨਿਸ਼ਾਨ 
ਤੇ ਉਸ ਦਾ ਸ਼ਾਂਤ ਚਿੱਤ  ਚਿਹਰਾ 
ਅੱਜ ਵੀ ਤਾਜ਼ਾ ਹਨ 
ਉਸ ਦੀ ਮੌਤ ਦੀ ਖਬਰ 
ਉਸ ਦੀ ਦੇਹ ਨੂ ਗੱਡੀ ਚ ਰੱਖਨਾ
ਤੇ ਵੈਨ ਦੀ ਪਿਛਲੀਸੀਟ ਤੇ  ਬੈਠ ਕੇ
ਬਾਪੁ ਦੀ ਮਾਰੀ ਓਹ ਧਾਹ 
ਮੇਰਾ ਤਾਂ ਸਭ ਕੁਝ ਲੁਟ ਲਿਆ ਤੂੰ
ਓਹ ਰੱਬਾ 

ਉਸ ਦੀ ਮੌਤ ਤੇ ਮੇਰੀਆਂ ਅੱਖਾਂ ਚੋ 
ਇਕ ਵੀ ਹੰਝੂ ਨਹੀ ਕਿਰਿਆ 
ਸਭ ਕੁਝ ਸੁੰਨ ਹੀ ਹੋ ਗਿਆ 
ਮੈ ਉਸ ਦੀ ਅੰਤਿਮ ਯਾਤਰਾ ਤੇ ਵੀ ਨਹੀ ਗਿਆ 
ਬਸ ਦਿਲ ਦੇ ਉਸ ਡੂੰਘੇ ਜ਼ਖਮ ਨੂੰ 
ਬੁੱਕਲ ਚ ਲੈਕੇ ਘੁਮਦਾ ਰਿਹਾ 
ਮੇਰੇ ਕਮਰੇ ਵਿਚ ਉਸਦੇ ਔਣ ਦੇ 
ਅਕਸਰ ਭੁਲੇਖਿਆਂ ਨਾਲ ਗੱਲਾਂ ਕਰਦਾ ਰਿਹਾ 
ਸਮੇ ਨੇ ਹੌਲੀ ਹੌਲੀ ਇਹ ਜਖ੍ਮ ਵੀ ਭਰ ਦਿੱਤਾ 
ਤੇ ਅੱਜ ਉਸਦੀ ਯਾਦ ਨੇ 
ਮੇਰੇ ਉਸ ਹੰਝੂਆਂ ਤੇ ਲੱਗੇ 
ਬੰਨ ਨੂੰ ਵੀ ਤੋੜ ਦਿੱਤਾ
ਪਤਾ ਨਹੀ ਕੀ ਸੀ ਮੇਰਾ  ਰਿਸ਼ਤਾ ਓਹਦੇ ਨਾਲ 
ਤੇ ਕਿਓਂ ਕਰਦਾ ਸੀ ਓਹ ਮੇਰੇ ਤੇ ਇੰਨਾ ਯਕੀਨ 
ਇਸ ਦਾ ਜਵਾਬ ਤਾਂ 
ਓਹ ਆਪਣੇ ਨਾਲ  ਹੀ ਲੈ ਗਿਆ 

No comments:

Post a Comment