Saturday 26 January 2013

ਜਖਮਾ ਨੂੰ ਜੁਬਾਨ


ਜਖਮ ਜੋ ਸਾਨੂੰ ਦਿੱਤੇ ਤੂੰ, ਉਹਨਾ ਜਖਮਾ ਨੂੰ ਜੁਬਾਨ ਤਾਂ ਦੇ 
ਤਾਂ ਕੇ ਬੋਲ ਕੇ ਤੈਨੂੰ ਦੱਸ ਸਕਣ, ਇਸ ਦੁਖ ਤੋਂ ਕਿੰਨੇ ਪਰੇਸ਼ਾਨ ਨੇ ਇਹ 
ਜੇ ਇਸ ਦੁਖ ਨੂੰ ਤੂੰ ਸਮਝੇਂ , ਫਿਰ ਆਕੇ ਇਹਨਾਂ ਨੂੰ ਤੂੰ ਆਰਾਮ ਤਾਂ ਦੇ 

ਆਕੇ ਸੁਣ ਸਾਡੀ ਤੂੰ ਹੱਡ  ਬੀਤੀ, ਕਿਓਂ ਜੱਗ ਬੀਤੀ ਵਿਚ ਰੁਝਿਆ ਏਂ
ਜਦ ਤੇਰੇ ਘਰ ਵਿਚ ਚਾਨਣ ਹੈ, ਫਿਰ ਸਾਡਾ ਦੀਵਾ ਕਿਓਂ ਬੁਝਿਆ ਏ
ਇਸ ਬੁਝੇ ਦੀਵੇ ਨੂੰ ਬਾਲਣ ਲਈ, ਉਹ ਲੋੜੀਂਦਾ ਤੂੰ ਸਮਾਨ  ਤਾਂ ਦੇ 

ਇਹ ਦੁਨੀਆ ਜੋ ਤੂੰ ਬਣਾਈ ਏ, ਇਥੇ ਕੋਏ ਕਿਸੇ  ਦਾ ਬੇਲੀ ਨੀਂ 
ਪੈਸੇ ਦੇ ਯਾਰ ਇਥੇ ਸਾਰੇ ਨੇ, ਪਰ ਮਦਦ ਲਈ  ਕਿਸੇ ਕੋਲ ਧੇਲੀ ਨੀਂ 
ਬੰਦੇ ਤੇ ਬੰਦਾ ਚਾਹੜ ਦਿੱਤਾ, ਪਰ ਕੁਝ ਅਸਲੀ ਤੂੰ ਇਨਸਾਨ ਤਾਂ ਦੇ 

ਗਿਆ ਸੀ ਇਕ ਦਿਨ  ਘਰ ਤੇਰੇ ਉਥੇ ਗੀਤ ਸੰਗੀਤ ਪਿਆ ਚਲਦਾ ਸੀ
ਤੇਰੇ ਬੰਦੇ ਭੂਖੇ ਮਰਦੇ ਨੇ, ਪਰ ਉਥੇ ਘਿਓ ਦਾ ਦੀਵਾ  ਬਲਦਾ ਸੀ 
ਇਹਨਾ ਤੈਨੂੰ ਪੂਜਣ  ਵਾਲਿਆਂ  ਨੂੰ, ਆਪਣੀ ਹੋਂਦ ਦਾ ਤੂੰ ਪ੍ਰਮਾਣ ਤਾਂ ਦੇ 

ਜੋ ਠੇਕੇਦਾਰ ਤੇਰੇ ਨਾਂ ਦੇ ਨੇ, ਉਤੋਂ ਮਿੱਠੇ ਤੇ ਅੰਦਰੋਂ ਛੁਰੀਆਂ ਨੇ 
ਲੋਕਾ ਦੀਆਂ ਨਜ਼ਰਾਂ ਚ ਬਾਬੇ ਨੇ, ਪਰ ਆਦਤਾਂ ਬਹੁਤ ਹੀ ਬੁਰੀਆਂ ਨੇ 
ਇਹਨਾ ਨਾਂ ਦੇ ਠੇਕੇਦਾਰਾਂ ਨੂੰ, ਕੋਈ ਇਨਸਾਨੀਅਤ ਦਾ ਤੂੰ ਪੈਗਾਮ ਤਾਂ ਦੇ 

ਓ ਦਰਦ ਮੰਦਾਂ ਦਿਆ ਦਰਦੀਆ ਵੇ, ਦੱਸ ਕੀ ਤੈਨੂੰ ਮੈਂ ਫਰਿਆਦ ਕਰਾਂ 
ਇਹਨਾ ਜਖ੍ਮਾ ਦੇ ਦਰਦਾਂ ਨੂੰ ਭੁੱਲਕੇ, ਦੱਸ ਕਿੰਝ ਤੈਨੂੰ ਮੈਂ ਯਾਦ ਕਰਾਂ 
ਇਹ ਦਰਦ ਜੋ ਪਾਏ ਝੋਲੀ ਸਾਡੀ, ਇਹਨਾ ਦਰਦਾਂ ਨੂੰ ਕੋਈ ਨਾਂਮ ਤਾਂ ਦੇ 

No comments:

Post a Comment