Monday, 7 July 2014

ਤਿੰਨ ਰੰਗ

ਅੱਜ ਰੰਗਾ ਦੀ ਜੇ ਗੱਲ ਕਰਾਂ 
ਚੇਤੇ ਆਵੇ ਰੰਗਲਾ ਪੰਜਾਬ 
ਜਿਹਦੀ ਸੋਹਣੀ ਧਰਤੀ ਦੇ ਉੱਤੇ 
 ਸਨ ਵਗਦੇ  ਕਦੇ ਪੰਜ ਆਬ 

ਜਦ ਗੇੜਾ ਕਦੇ ਉਥੇ ਮਰਦਾਂ 
ਵਿਚ ਆਪਣੇ ਮੈਂ ਹੁਣ ਖਾਬ 
ਨਾਂ ਪਿੰਡ ਦੀ ਸੱਥ ਹੁਣ ਲੱਭਦੀ 
ਨਾਂ ਪਿੰਡੋਂ ਬਾਹਰਲੀ ਢਾਬ 

ਉਸ ਸਤਰੰਗੀ ਪੀਂਘ ਦੇ 
ਉਥੋਂ ਗੁੰਮ ਗਏ ਸੱਤੇ ਰੰਗ
ਨਾਂ ਹੁਣ  ਜੁੱਸੇ ਡੌਲੇ ਖੌਲਦੇ 
ਨਾਂ ਛਣਕੇ ਵੀਣੀ ਵਿਚ ਵੰਗ 

ਤਿੰਨ ਆਬਾਂ ਵਾਲਾ ਰਹਿ ਗਿਆ 
ਓਹ ਪੰਜ ਦਰਿਆਵਾਂ ਦਾ ਦੇਸ 
ਹੁਣ ਖਾਣਾ ਪੀਣਾ ਬਦਲ ਗਿਆ 
ਨਾਲੇ ਪਹਿਰਾਵਾ ਤੇ ਭੇਸ 

ਰੰਗ ਤਿੰਨ ਹੀ ਬਹੁਤੇ ਲੱਭਦੇ
ਚਿੱਟਾ ਕਾਲਾ ਤੇ ਥੋੜਾ ਲਾਲ 
ਤਿੰਨੇ ਖਾ ਗਏ ਜਵਾਨੀ ਪੰਜਾਬ ਦੀ 
ਇਹਨੂੰ ਕੋਈ ਨਾਂ ਸਕਿਆ ਸੰਭਾਲ 

ਓਹ ਬਿਨਾ ਅਕਲ ਦੇ  ਹਾਕਮਾ 
ਉੱਠ ਤੱਕ ਤੂੰ ਅਪਣਾ ਪੰਜਾਬ 
ਛੱਡ ਝੂਠਾ ਨਾਹਰਾ ਸੇਵਾ ਦਾ  
ਕਰ ਪਰਜਾ ਤੰਤਰੀ ਰਾਜ 

HSD 11/06/2013

No comments:

Post a Comment