Tuesday, 29 July 2014

ਮੇਰੀ ਸੋਚ

 
ਕੁਝ ਕੰਮਾਂ ਨੇ ਕੁਝ ਕਾਰਾਂ ਨੇ
ਕੁਝ ਜਿੰਦਗੀ ਦੇ ਵਾਕ਼ਾਰਾਂ ਨੇ
ਕੁਝ ਧਰਮ ਦੇ ਠੇਕੇਦਾਰਾਂ ਨੇ
ਕੁਝ ਸਮੇ ਦੀਆਂ ਸਰਕਾਰਾਂ ਨੇ
ਮੈਨੂੰ ਜਿਉਂਣ ਲਈ ਮਜ਼ਬੂਰ ਕੀਤਾ
ਮੇਰੀ ਹੋਂਦ ਨੂੰ ਮੈਥੋਂ ਦੂਰ ਕੀਤਾ

ਕੁਝ ਗਲ ਵਿਚ ਪਏ ਫੰਧਿਆਂ ਨੇ
ਕੁਝ ਧਰਮ ਦੇ ਨਾਂ ਹੋਏ ਦੰਗਿਆਂ ਨੇ
ਕੁਝ ਰੱਬ ਦੇ ਨੇੜੇ ਦੇ ਬੰਦਿਆਂ ਨੇ
ਕੁਝ ਰੋਜਾਨਾਂ ਜਿੰਦਗੀ ਦੇ ਧੰਦਿਆਂ ਨੇ
ਮੇਰੀ ਸੋਚ ਨੂੰ ਬਿਲਕੁਲ ਬਦਲ ਦਿੱਤਾ
ਤਾਂਹੀ ਆਪਣੀ ਰੂਹ ਨੂੰ ਮੈਂ ਕਤਲ ਕੀਤਾ

ਕੁਝ ਠੱਗਾਂ ਨੇ ਕੁਝ ਚੋਰਾਂ ਨੇ
ਕੁਝ ਲੋਟੂ ਮਿਲਾਵਟ ਖੋਰਾਂ ਨੇ
ਕੁਝ ਝੂਠਿਆਂ ਚੁਗਲਖੋਰਾਂ ਨੇ
ਕੁਝ ਲੋਕਾਂ ਦੀਆਂ ਟਕੋਰਾਂ ਨੇ
ਮੇਰਾ ਹੌਸਲਾ ਚਕਨਾ ਚੂਰ ਕੀਤਾ
ਮੈਨੂੰ ਸੋਚਣ ਲਈ ਮਜਬੂਰ ਕੀਤਾ

ਕੁਝ ਕੁੱਖ ਵਿਚ ਮਰੀਆਂ ਧੀਆਂ ਨੇ
ਕੁਝ ਭੁੱਖੇ ਮਰਦੇ ਜੀਆਂ ਨੇ
ਕੁਝ ਬੇ ਮੌਸਮੀ ਮੀਹਾਂ ਨੇ
ਕੁਝ ਤਕੜੇ ਦੀਆਂ ਸੱਤਾਂ ਬੀਹਾਂ ਨੇ 
ਮੇਰੀ ਰੂਹ ਨੂੰ ਲਹੂ ਲੋਹਾਣ ਕੀਤਾ
ਮੇਰੀ ਸੋਚ ਦਾ ਇਹਨਾ ਘਾਣ ਕੀਤਾ

ਕੁਝ ਨਸ਼ਿਆਂ ਦੀ ਮਾਂਹ ਮਾਰੀ ਨੇ
ਕੁਝ ਫੈਲੀ ਬੇਰੁਜਗਾਰੀ ਨੇ
ਕੁਝ ਕੈਂਸਰ ਦੀ ਬਿਮਾਰੀ ਨੇ
ਕੁਝ ਮਾਪਿਆਂ ਦੀ ਲਾਚਾਰੀ ਨੇ
ਮੈਨੂੰ ਫਾਹੇ ਵੱਲ ਇਹਨਾ ਤੋਰ ਦਿੱਤਾ
ਪਿਛੋਂ ਕਰਜ਼ਾ ਮੇਰਾ ਮੋੜ ਦਿੱਤਾ

ਕੁਝ ਲੋਕਾਂ ਦੀਆਂ ਕਰਤੂਤਾਂ ਨੇ
ਕੁਝ ਝੂਠੇ ਗਵਾਹ ਸਬੂਤਾਂ ਨੇ
ਕੁਝ ਅੱਜ ਦੇ ਹੋਣਹਾਰ ਪੁੱਤਾਂ ਨੇ
ਕੁਝ ਨਿੱਤ ਦੀਆਂ ਲੁੱਟ ਕਸੁੱਟਾਂ ਨੇ
ਮੇਰੇ ਜੀਣ ਦਾ ਮਕ਼ਸਦ ਖੋਹਿਆ ਹੈ
ਤਾਹਿਓਂ ਦਿਲ ਅੰਦਰੋਂ ਮੇਰਾ ਰੋਇਆ ਹੈ 

HSD 30/07/2014

ਮੀਂਹ ਲੁਧਿਆਣੇ ਦਾ


ਮੀਂਹ ਵਰਿਆਹ
ਤਾਂ ਜਲ ਥਲ ਹੋਏ
ਸਾਰੇ ਗਲੀ ਮੁਹੱਲੇ
ਨਿਕਾਸ ਨਾਲੀਆਂ
ਜਵਾਬ ਦੇ ਗੀਆਂ
ਜੋ ਪਾਈਆਂ ਸੜਕਾਂ ਥੱਲੇ

ਮੀਂਹ ਨੂੰ ਤਰਸਦੇ
ਲੋਕਾਂ ਉੱਤੇ ਅੱਜ
ਐਸਾ ਬੱਦਲ ਵਰਿਆਹ
ਕੀ ਸੜਕਾਂ
ਕੀ ਵੇਹੜੇ ਪਾਰਕ
ਹਰ ਥਾਂ ਪਾਣੀ ਭਰਿਆ

ਹਰ ਸਾਲ ਹੀ
ਹੁੰਦੀ ਇਥੇ ਏਹੋ
ਰਾਮ ਕਹਾਣੀ
ਕਦੇ ਇਥੇ ਹਨ
ਹੜ੍ਹ ਆ ਜਾਂਦੇ
ਕਦੇ ਲਭਦਾ ਨਹੀ ਹੈ ਪਾਣੀ 

ਆਫਤ ਕੋਈ ਜਦ 
ਪੈਂਦੀ ਲੋਕਾਂ ਤੇ
ਫਿਰ ਬਣਦੇ ਨੋਟ ਨੇ ਲੱਖਾਂ
ਮੁੰਹ ਚ ਲੀਡਰਾਂ ਦੇ 
ਪਾਣੀ ਭਰ ਆਉਂਦਾ
ਤੇ ਚਮਕਣ ਅਫਸਰਾਂ ਦੀਆਂ ਅੱਖਾਂ

ਪਤਾ ਨੀਂ ਕਦ ਤੱਕ
ਕਰੂ ਰੱਬ ਵੀ  ਇਥੇ 
ਲੋਕਾਂ ਦੀ ਬਰਬਾਦੀ
ਰਿਸ਼ਵਤ ਖੋਰੀ ਚੋਰ ਬਜਾਰੀ
ਬਣਕੇ ਚਿੰਬੜੇ 
ਲੋਕਾਂ ਨੂੰ ਕੋਹੜ ਸਮਾਜੀ 
 
HSD 29/07/2014

Monday, 28 July 2014

ਮੈਂ ਗੁਲਾਮ


ਮੈਂ ਗੁਲਾਮ ਰਿਹਾ ਸਦਾ
ਭੁਖ ਦਾ ਤੇ ਮੋਹ ਦਾ
ਉਸ ਮਾਂ ਦੇ ਮਿੱਠੇ ਦੁਧ ਤੇ
ਕੋਮਲ ਹਥਾਂ ਦੀ ਛੋਹ ਦਾ

ਮੈਂ ਗੁਲਾਮ ਰਿਹਾ ਸਦਾ
ਭੈਣ ਭਾਈ ਦੇ ਪਿਆਰ ਦਾ
ਬਾਪੂ ਦੀ ਪੱਗ ਤੇ
ਰੁਤਵਾ ਸੀ ਜੋ ਪ੍ਰੀਵਾਰ ਦਾ

ਮੈਂ ਗੁਲਾਮ ਰਿਹਾ ਸਦਾ
ਮਾਸਟਰਾਂ ਦੀ ਮਾਰ ਦਾ
ਪਿੰਡ ਦੀ ਇੱਜ਼ਤ ਤੇ
ਵੱਡਿਆਂ ਦੇ ਸਤਿਕਾਰ ਦਾ

ਮੈਂ ਗੁਲਾਮ ਰਿਹਾ ਸਦਾ
ਮਿੱਟੀ ਦਾ ਤੇ ਪਾਣੀ ਦਾ
ਉਸ ਸਾਫ਼ ਸੁਥਰੀ ਹਵਾ
ਤੇ ਵੱਖਰੇ ਪੌਣ-ਪਾਣੀ ਦਾ

ਮੈਂ ਗੁਲਾਮ ਰਿਹਾ ਸਦਾ
ਕਲਪਨਾ ਤੇ ਉਮੰਗਾਂ ਦਾ
ਉਹਦੇ ਸੁਪਰ ਸੋਨਿਕ ਹਾਸੇ
ਤੇ ਪਹਿਲੀ ਮਿਲਣੀ ਦੀਆਂ ਸੰਗਾ ਦਾ 

ਮੈਂ ਗੁਲਾਮ ਰਿਹਾ ਸਦਾ 
ਬੱਚਿਆਂ ਦੇ ਪਿਆਰ ਦਾ 
ਸਮਾਜ ਦਾ ਧਰਮ ਦਾ ਤੇ 
ਸਮੇ ਦੀ ਸਰਕਾਰ ਦਾ 

ਮੈਂ ਗੁਲਾਮ ਰਿਹਾ ਸਦਾ
ਕੰਮਾਂ ਦਾ ਤੇ ਕਾਰਾਂ ਦਾ
ਜਿੰਦਗੀ ਚ ਕੀਤੇ 
ਯਾਰਾਂ ਨਾਲ ਕਰਾਰਾਂ ਦਾ 

ਮੈਂ ਗੁਲਾਮ ਰਿਹਾ ਸਦਾ
ਤੇ ਗੁਲਾਮ ਹੀ ਮਰਾਂਗਾ
ਨਾਂ ਕਦੇ ਆਜ਼ਾਦੀ ਦੀ ਤਾਂਘ ਹੋਈ 
ਨਾਂ ਕਦੇ ਅਜਾਦੀ ਲਈ ਲੜਾਂਗਾ 

HSD 28/07/2014

ਤੋਹਫ਼ਾ?

ਅੱਜ ਉਸਨੇ ਵੀ
ਕਰ ਲਏ ਪੂਰੇ
ਪੰਜ ਦਹਾਕੇ
ਇਸ ਖਾਸ ਮੌਕੇ ਤੇ
ਕੀ ਤੋਹਫ਼ਾ ਦੇਵਾਂ
ਬੁਸ ਇਹੀ ਸੋਚ ਸੋਚ
ਕਈ ਦਿਨ ਨਿਕਲ ਗਏ
ਜੋ ਖੁਦ ਦੇਵਣਹਾਰ ਹੈ
ਮੈਂ ਉਸਨੂੰ ਕੀ ਦੇ ਸਕਦਾ ਹਾਂ
ਜਿਸਨੇ
ਆਪਣੀ ਜਿੰਦਗੀ ਦੇ
ਅੱਧੇ ਤੋ ਜਿਆਦਾ ਦਿਨ
ਮੇਰੇ ਨਾਂ ਤੇ ਲਾ ਦਿੱਤੇ
ਆਪਣੀ ਜਿੰਦਗੀ ਦੀ ਹਰ ਖੁਸ਼ੀ
ਮੇਰੇ ਤੇ ਨਿਸ਼ਾਵਰ ਕਰ ਦਿੱਤੀ
ਹਰ ਇੱਕ ਦੁਖ ਸ਼ੁਖ ਵਿਚ
ਮੇਰਾ ਸਾਥ ਦਿੱਤਾ
ਮੇਰੇ ਖੜਵੇਂ ਬੋਲਾਂ ਵਿਚੋਂ
ਹਮੇਸ਼ਾ ਪਿਆਰ ਹੀ ਲੱਭਿਆ
ਮੇਰੇ ਖੁਰਦਰੇ ਹੱਥਾਂ ਦੀ ਛੋਹ ਨੂੰ
ਰੇਸ਼ਮ ਦੀ ਛੋਹ ਤੋ ਪਹਿਲ ਦਿੱਤੀ
ਤੇ ਮੇਰੇ ਘਸਮੈਲੇ ਰੰਗ ਨੂੰ ਵੀ
ਮਜਨੂੰ ਦੀਆਂ ਅੱਖਾਂ ਚੋਂ ਤੱਕਿਆ
ਜਿੰਦਗੀ ਦੇ ਟੇਢੇ ਮੇਢੇ ਰਸਤਿਆਂ ਤੇ
ਮੇਰੇ ਨਾਲ ਲਟਾਪੀਂਘ ਹੁੰਦੀ ਰਹੀ
ਅਜਿਹੇ ਦੇਵਣਹਾਰ ਲਈ ਤਾਂ
ਦੁਆ ਹੀ ਕਰ ਸਕਦਾਂ
ਕਿ ਉਸਦਾ ਦਰਿਆ ਦਿਲ
ਹਮੇਸ਼ਾਂ ਖੁਸੀਆਂ ਨਾਲ
ਭਰਿਆ ਰਹੇ ਤੇ ਜਿੰਦਗੀ
ਦੇ ਬਾਕੀ ਸਾਲ 
ਤੰਦਰੁਸਤੀ ਭਰੇ ਹੋਣ
50ਵੇਂ ਆਗ੍ਮਾਨ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ

HSD 22/07/2014

ਪੰਥਿਕ ਮੋਰਚਾ


ਅਸੀਂ ਜਦ ਵੀ ਮੋਰਚਾ ਲਾਇਆ 
ਕੁਝ ਖੱਟਿਆ ਨਹੀਂ ਗਵਾਇਆ ਹੈ 
ਲੋਕਾਂ ਤੇ ਚੜਿਆ ਕੁਟਾਪਾ 
ਤੇ ਲੀਡਰਾਂ ਨੇ ਬੋਝਾ ਭਰਾਇਆ ਹੈ
 
ਕਦੇ ਪੰਜਾਬੀ ਬੋਲੀ ਖਾਤਿਰ 
ਮੇਰਾ ਦੇਸ਼ ਪੰਜਾਬ ਵੰਡਾਇਆ ਹੈ 
ਨਾਂ ਚੰਡੀਗੜ੍ਹ ਹੀ ਮਿਲਿਆ 
ਨਾਂ ਪਾਣੀ ਹੀ ਗਿਆ ਵੰਡਾਇਆ ਹੈ 
 
ਨਾਂ ਆਨੰਦਪੁਰ ਸਾਹਿਬ ਦੇ ਮਤੇ ਤੇ 
ਕੋਈ  ਫੈਸਲਾ ਗਿਆ ਸੁਣਾਇਆ ਹੈ 
ਇਸ ਗੋਲਕ ਦੀ ਮਾਇਆ ਨੇ 
ਸਦ ਨਵਾਂ ਹੀ ਚੰਨ ਚੜਾਇਆ ਹੈ
 
ਬਸ ਮੇਰੇ ਪੁੱਤ ਤੇ ਨੂੰਹ  
ਇਸ ਪੰਜਾਬ ਦਾ ਸਰਮਾਇਆ ਹੈ 
ਮਾਰ ਭੁੱਬਾਂ ਰੋਵਾਂ ਮੈਂ 
ਦੇਖ ਖੁਸੇ ਜੋ ਚਾਹਿਆ ਹੈ 
 
ਨਾਂ ਪੰਜਾਬ ਮੇਰੇ ਲਈ ਕੁਝ 
ਇਹ ਤਾਂ ਮੇਰਾ ਸਰਮਾਇਆ ਹੈ 
ਇਹਦੀ ਜਵਾਨੀ ਮਿਟਾਵਣ ਲਈ 
ਇੱਥੇ ਨਸ਼ਾ ਭਾਜਵਾਇਆ ਹੈ 
 
ਇਥੋਂ ਦੇ ਬੇਰੁਜਗਾਰਾਂ ਨੂੰ 
ਟੈਂਕੀਆਂ ਤੇ ਚੜਾਇਆ ਹੈ 
ਆਪਣੇ ਹੱਕਾਂ ਲਈ ਜੋ ਲੜਦੇ 
ਪੋਲੀਸ ਦਾ ਡੰਡਾ ਵਰਾਹਿਆ ਹੈ 
 
ਹਰਿਆਣੇ ਦੀ ਗੋਲਕ ਹਥੋਂ ਜਾਂਦੀ ਦੇਖ 
ਅੱਖਾਂ ਚ ਪਾਣੀ ਭਰ ਆਇਆ ਹੈ 
ਹੁਣ ਇਹਨੂੰ ਬੰਦ ਕਰਾਉਣ ਲਈ 
ਦਰਵਾਜ਼ਾ ਦਿੱਲੀ ਦਾ ਖੜਕਾਇਆ ਹੈ 
 
ਉਥੋਂ ਠੋਸ ਹੁੰਗਾਰਾ ਨਾਂ ਮਿਲਿਆ 
ਤਾਂਹੀ ਨਵਾਂ ਮੋਰਚਾ ਲਾਇਆ ਹੈ 
ਅਸੀਂ ਜਦ ਵੀ ਮੋਰਚਾ ਲਾਇਆ 
ਕੁਝ ਖੱਟਿਆ ਨਹੀਂ ਗਵਾਇਆ ਹੈ

वह बोली

 
वह बोली   
दिल की ख़ाक है
कैसे छोड़ दूँ!
मैंने कहा 
खाक पे कौनसी छाप है 
बस झाड़ दो 
 
वह बोली
सपनों के क़तरे
सुखे हुए आँसू
मैंने कहा 
बेजान हैं 
बस छोड़ दो 
 
वह बोली
बिखरी हुइ उम्मीदें 
तिड़कते हुऐ हौसले
मैंने कहा 
जिंदगी की हक़ीक़त है 
बस आगे बड़ो 
 
वह बोली
सिसकती प्यार की क़समें
झुलसते हुऐ वादे
मैंने कहा 
तेरे  काम के नहीं 
बस साथ मत घसीटो 
 
वह बोली
अंधजले विश्वास के तिनके 
सुलगते दिल के नाते!
मैंने कहा 
बहुत मिलेंगे रास्ते में 
बस चलते  रहो 
 
वह बोली
जाने से पहले बता देना
दिल की ख़ाक है
क्या रखूँ।
मैंने कहा 
दिल में तो आप हैं 
बस मुझे  खाक से मिलादो 

HSD १७/०७  /२०१४

Monday, 7 July 2014

ਹਾਇਕੂ -5


ਮੀਂਹ ਦੀ ਝੜੀ -
ਸਿਰ ਤੇ ਮੰਡਾਸਾ 
ਹਥ ਚ ਕਹੀ


ਨੀਲਾ ਅਸਮਾਨ
ਘਸਮੈਲੇ ਬੱਦਲ
ਪਪੀਹੇ ਪਾਈ ਨੀਵੀਂ

ਕਾਲੀ ਘਟਾ
ਮੀਂਹ ਦੇ ਛਰਾਟੇ
ਡੱਡੂਆਂ ਦੇ ਗੀਤ

ਅੱਤ ਦੀ ਗਰਮੀ
ਯਾਰਾਂ ਦੀ ਜੁੰਡਲੀ
ਬਰਫ਼ ਸੇਕੇ

ਸਿਆਲ ਦੀ ਰਾਤ
ਦਰਖਤਾ ਚ ਬੋਲਣ ਭੂਤ
ਚੱਲੇ ਸੀਤ ਹਵਾ

ਸਿਆਲ ਦੀ ਸਵੇਰ
ਇਧਰ ਚੜਦਾ  ਸੂਰਜ
ਓਧਰ ਸੱਤਰੰਗੀ ਪੀਂਘ

ਬਾਪੂ ਦਿਵਸ --
ਉੱਤਰੀ ਅਰਧ ਗੋਲੇ ਚ ਰੌਲਾ ਗੌਲਾ
ਦੱਖਣੀ ਅਰਧ ਗੋਲਾ ਚੁਪ 

ਰੱਬ ਇੱਕ ਹਊਆ

ਨਾਂ ਮਸਜਿਦ ਵਿਚ ਮਿਲਿਆ ਖੁਦਾ
ਨਾਂ ਮੰਦਿਰ ਦੇ ਵਿਚ ਦੇਵਤਾ 
ਸਤਿਨਾਮ ਲਭਦੇ ਲਭਦੇ ਨੇ 
ਜਾ ਦੁਆਰੇ ਮੱਥਾ ਟੇਕਤਾ 

ਗਿਰਜੇ ਵਿਚ ਵੀ ਫੂਕੀਆਂ 
ਦੋ ਚਾਰ ਮੋਮ ਬੱਤੀਆਂ 
ਮੜੀਆਂ  ਵਿਚ ਵੀ ਜਾਕੇ 
ਅੱਗ ਸਿਵਿਆਂ ਦੀ ਰਿਹਾ ਸੇਕਦਾ 

ਦੁੱਧ ਨਾਲ ਨੁਹਾਇਆ  
ਮੰਦਿਰ ਵਿਚਲੇ ਗੋਲ ਪੱਥਰ  ਨੂੰ 
ਮਾਤਾ  ਦੇ ਭਾਉਣ ਤੇ ਜਾਕੇ 
ਰਿਹਾ ਗੁਲਗਲੇ ਮੈਂ ਫੇਕਦਾ 

ਖੁਆਜੇ ਤੇ ਬਾਲ ਦੀਵਾ 
ਦਲੀਆ ਚੜਾਇਆ ਮੈਂ 
ਅੱਗ ਉੱਤੇ ਪਾਇਆ ਘਿਓ 
ਖੇੜੇ ਅੱਗੇ ਰਿਹਾ ਮਹਿਕਦਾ 

ਗੁੱਗੇ ਨੂੰ ਵੀ ਪੂਜਿਆ 
ਤੇ ਸਿਖ ਨੂੰ ਖਵਾਈ ਰੋਟੀ 
ਰੱਜ ਰੱਜ ਖੀਰ ਖਾਂਦੇ 
ਰਿਹਾ ਪੰਡਿਤ ਨੂੰ ਦੇਖਦਾ 

ਬਾਬਿਆਂ ਦੇ ਟੋਲੇ ਤੋਂ ਵੀ 
ਰੱਜ ਕੇ ਲੁਟਾਈ ਖਾਦੀ 
ਬਦਲ ਨਾਂ ਸਕਿਆ ਕੁਝ ਵੀ 
ਲਿਖਿਆ ਜੋ ਲੇਖਦਾ 

ਰੱਬ ਨੂੰ ਬਣਾ ਕੇ ਹਊਆ 
ਲੁੱਟ ਲਿਆ ਲੋਕਾਂ ਮੈਨੂੰ 
ਹੁਣ ਆਕੇ ਪਤਾ ਲੱਗਿਆ 
ਮੈਨੂੰ ਓਹਨਾ ਦੇ ਭੇਖਦਾ   

HSD 06/07/2014

ਪਿਆਰ ਦੀ ਮਾਰ

ਉਸਦੇ ਪਿਆਰ ਦੀ 
ਗੁੱਝੀ ਮਾਰ  ਦਾ 
ਦਰਦ ਇੰਨਾ ਗਹਿਰਾ
ਕਿ ਕਾਲਜੇ ਚੋਂ ਉੱਠੀ   
ਚੀਸ ਲਬਾਂ ਤੱਕ ਦਾ 
ਸਫਰ ਨਾਂ ਤਹਿ ਕਰ ਸਕੀ
ਅੱਥਰੂ ਪਲਕਾਂ ਦਾ 
ਬੰਨ੍ਹ ਪਾਰ ਕਰਨ ਤੋਂ 
ਪਹਿਲਾਂ ਹੀ ਸੁੱਕ ਗਏ
ਖਿਆਲਾਂ ਦੀ ਲੜੀ 
ਬਣਨ ਤੋ ਪਹਿਲਾਂ ਹੀ 
ਖੇਰੂੰ ਖੇਰੂੰ ਹੋ ਗਈ 
ਮਲ੍ਹਮ ਲਾਉਣ ਵਾਲੇ ਸ਼ਬਦ 
ਕੰਨਾਂ ਤੱਕ ਪਹੁੰਚਦੇ ਪਹੁੰਚਦੇ 
ਸ਼ਹਿਦ ਤੋਂ ਲੂਣ ਬਣ ਗਏ   

HSD 29/06/2014

ਜਿੰਦਗੀ ਦਾ ਭੰਬਲਭੂਸਾ

ਕਦੇ ਸੁਣਦੇ ਸਾਂ 
ਕਦੇ ਕਹਿੰਦੇ ਸਾਂ 
ਕਦੇ ਚੁਪ ਕਰਕੇ ਹੀ 
ਬਹਿੰਦੇ ਸਾਂ 
ਕਦੇ ਭੱਜ ਭੱਜ 
ਪੌੜੀ ਚੜਦੇ ਸਾਂ
ਕਦੇ ਮੋੜਾਂ ਉੱਤੇ
ਖੜਦੇ ਸਾਂ
ਕਦੇ ਘੋੜ ਕਬੱਡੀ 
ਪਾਉਂਦੇ ਸਾਂ 
ਕਦੇ ਲੰਬੀ ਦੌੜ 
ਲਗਾਉਂਦੇ ਸਾਂ 
ਕਦੇ ਡੰਗਰ ਚਾਰ 
ਲਿਆਉਂਦੇ ਸਾਂ   
ਸੰਗ ਮਝਾਂ
ਤਾਰੀਆਂ ਲਾਉਂਦੇ ਸਾਂ 
ਕਦੇ ਚੋਰੀ ਅੰਬੀਆਂ 
ਤੋੜਦੇ ਸਾਂ  
ਕਦੇ ਖੇਤੀਂ ਨੱਕੇ 
ਮੋੜਦੇ ਸਾਂ 

ਹੁਣ ਕੰਮਾਂ ਨੇ 
ਤੇ ਕਾਰਾਂ ਨੇ 
ਕੁਝ ਆਵਾਗਉਣ 
ਵਕਾਰਾਂ ਨੇ
ਕੁਝ ਸਮੇ ਦੀਆਂ 
ਸਰਕਾਰਾਂ ਨੇ
ਕੁਝ ਨਸ਼ੇ
ਤਸਕਰੀ ਕਾਰਾਂ ਨੇ
ਕੁਝ ਧਰਮ ਦੇ
ਠੇਕੇਦਾਰਾਂ ਨੇ
ਕੁਝ ਬਾਬਿਆਂ ਦੇ
ਪੈਰੋਕਾਰਾਂ ਨੇ
ਕੁਝ ਹੁਸਨ ਦੇ
ਪਹਿਰੇਦਾਰਾਂ ਨੇ 
ਕੁਝ ਨਕਲੀ 
ਬੇਲੀਆਂ ਯਾਰਾਂ ਨੇ
ਕੁਝ ਬਿਨ ਬਿਜਲੀ
ਦੀਆਂ ਤਾਰਾਂ ਨੇ
ਕੁਝ ਸਿਰ ਗ੍ਰਿਹਸਿਤੀ
ਦੇ ਭਾਰਾਂ ਨੇ

ਇਸ ਛੋਟੀ ਜਿਹੀ
ਜਿੰਦਗਾਨੀ ਨੂੰ 
ਭੰਬਲਭੂਸੇ ਵਿਚ 
ਪਾ ਦਿੱਤਾ
ਭੁਲਾ ਪਿਆਰ ਦਾ
ਰਿਸਤਾ ਜਗ ਅੰਦਰ
ਸਭ ਨੂੰ ਪੈਸੇ ਦੀ ਹੋੜ
ਤੇ ਲਾ ਦਿੱਤਾ 
HSD 17/06/2014

डर

याद तो करते हैं हम रोज उनको  
खो देने के डर से 
निकलते है रोज मिलने उनको 
हम अपने ही घर से 
भर न जाएं कहीं उनकी आखें 
हमे देख कर 
आगे बड़ नहीं पाते हम 
बस इसी डर से 

HSD 11/06/2014

ਕੁਝ ਸਚਾਈਆਂ

ਕਦੇ ਚੜਦਾ ਨੀ ਪਿਆਰ
ਸਿਰੇ ਲਾਰਿਆਂ ਦੇ ਨਾਲ
 ਚੰਗਾ ਲੱਗੇ ਸਦਾ ਰਹਿਣਾ
ਪਿਆਰਿਆਂ ਦੇ ਨਾਲ
ਆਵੇ ਪੀਣ ਦਾ ਸੁਆਦ 
ਬੱਤੇ  ਖਾਰਿਆਂ ਦੇ ਨਾਲ
ਖਿੜੇ ਪੀਤੀ ਹੋਈ  ਸਦਾ
ਲਲਕਾਰਿਆਂ ਦੇ ਨਾਲ
ਕਾਲੀ ਰਾਤ ਚੰਗੀ ਲੱਗੇ   
ਸਦਾ ਤਾਰਿਆਂ ਦੇ ਨਾਲ 
ਦਾਲ ਬਣਦੀ ਸੁਆਦ  
ਕੱਚੇ ਹਾਰਿਆਂ ਦੇ ਨਾਲ 
ਬਾਹਰੋਂ ਪਿੰਡਦੀ ਪਹਿਚਾਣ 
ਹੋਵੇ ਗੁਹਾਰਿਆਂ ਦੇ ਨਾਲ
ਹੁੰਦੀ ਘਰਾਂ ਦੀ ਪਹਿਚਾਣ 
ਬਣੇ ਚੁਬਾਰਿਆਂ ਦੇ ਨਾਲ 
ਰੈਲੀ ਹੁੰਦੀ ਕਾਮਯਾਬ
ਚੰਗੇ ਬੁਲਾਰਿਆਂ ਦੇ ਨਾਲ
 ਖੜਨਾ ਚੰਗੇ ਕਿਹਨੂੰ ਲੱਗੇ
ਓਹਨਾ  ਹਾਰਿਆਂ ਦੇ ਨਾਲ
ਦੂਰ ਹੁੰਦੀ ਨਹੀਂ ਗਰਮੀ
ਠੰਡੇ ਠਾਰਿਆਂ ਦੇ ਨਾਲ
ਕੱਟੇ  ਲੱਕੜਾਂ ਤਖਾਣ 
ਤਿੱਖੇ ਆਰਿਆਂ ਦੇ ਨਾਲ
ਮੱਝ ਦੁੱਧ ਜਿਆਦਾ ਦੇਵੇ 
ਹਰੇ ਚਾਰੀਆਂ ਦੇ ਨਾਲ 
ਕਰੇ ਗੁੰਗੇ  ਨਾਲ ਗੱਲਾਂ 
ਮਾਂ ਇਸ਼ਾਰਿਆਂ ਦੇ ਨਾਲ 
ਪਵੇ ਸਾਉਣ ਵਾਲਾ ਮੀਂਹ  
ਸ਼ਰਾਰਿਆਂ ਦੇ ਨਾਲ 
ਸੂਫ਼ ਵੀ ਖਤਮ ਹੋ ਗਈ 
ਗਰਾਰਿਆਂ  ਦੇ ਨਾਲ 
ਮੇਲ ਇਮਲੀ ਦੀ ਚਟਨੀ ਦਾ  
ਪਕੌੜੇ ਕਰਾਰਿਆਂ ਦੇ ਨਾਲ
ਕਦੇ ਲਿੱਪਦੇ ਸੀ ਕੋਠੇ 
ਤੂੜੀ ਗਾਰਿਆਂ ਦੇ ਨਾਲ 
ਕਦੇ ਮਰੇ ਨਾ ਕੋਈ ਕੌਮ 
ਘੱਲੂਘਾਰਿਆਂ ਦੇ ਨਾਲ 

HSD 17/06/2014

ਤਿੰਨ ਰੰਗ

ਅੱਜ ਰੰਗਾ ਦੀ ਜੇ ਗੱਲ ਕਰਾਂ 
ਚੇਤੇ ਆਵੇ ਰੰਗਲਾ ਪੰਜਾਬ 
ਜਿਹਦੀ ਸੋਹਣੀ ਧਰਤੀ ਦੇ ਉੱਤੇ 
 ਸਨ ਵਗਦੇ  ਕਦੇ ਪੰਜ ਆਬ 

ਜਦ ਗੇੜਾ ਕਦੇ ਉਥੇ ਮਰਦਾਂ 
ਵਿਚ ਆਪਣੇ ਮੈਂ ਹੁਣ ਖਾਬ 
ਨਾਂ ਪਿੰਡ ਦੀ ਸੱਥ ਹੁਣ ਲੱਭਦੀ 
ਨਾਂ ਪਿੰਡੋਂ ਬਾਹਰਲੀ ਢਾਬ 

ਉਸ ਸਤਰੰਗੀ ਪੀਂਘ ਦੇ 
ਉਥੋਂ ਗੁੰਮ ਗਏ ਸੱਤੇ ਰੰਗ
ਨਾਂ ਹੁਣ  ਜੁੱਸੇ ਡੌਲੇ ਖੌਲਦੇ 
ਨਾਂ ਛਣਕੇ ਵੀਣੀ ਵਿਚ ਵੰਗ 

ਤਿੰਨ ਆਬਾਂ ਵਾਲਾ ਰਹਿ ਗਿਆ 
ਓਹ ਪੰਜ ਦਰਿਆਵਾਂ ਦਾ ਦੇਸ 
ਹੁਣ ਖਾਣਾ ਪੀਣਾ ਬਦਲ ਗਿਆ 
ਨਾਲੇ ਪਹਿਰਾਵਾ ਤੇ ਭੇਸ 

ਰੰਗ ਤਿੰਨ ਹੀ ਬਹੁਤੇ ਲੱਭਦੇ
ਚਿੱਟਾ ਕਾਲਾ ਤੇ ਥੋੜਾ ਲਾਲ 
ਤਿੰਨੇ ਖਾ ਗਏ ਜਵਾਨੀ ਪੰਜਾਬ ਦੀ 
ਇਹਨੂੰ ਕੋਈ ਨਾਂ ਸਕਿਆ ਸੰਭਾਲ 

ਓਹ ਬਿਨਾ ਅਕਲ ਦੇ  ਹਾਕਮਾ 
ਉੱਠ ਤੱਕ ਤੂੰ ਅਪਣਾ ਪੰਜਾਬ 
ਛੱਡ ਝੂਠਾ ਨਾਹਰਾ ਸੇਵਾ ਦਾ  
ਕਰ ਪਰਜਾ ਤੰਤਰੀ ਰਾਜ 

HSD 11/06/2013

ਕਿੰਨਾ ਚੰਗਾ ਹੁੰਦਾ

ਕਿੰਨਾ ਚੰਗਾ ਹੁੰਦਾ 
ਜੇ  ਮੈਂ ਚੁਪ ਰਹਿੰਦਾ  
ਤੇ ਇਸ ਜੁਬਾਨ ਨੂੰ 
ਮੌਕਾ ਹੀ ਨਾਂ ਮਿਲਦਾ
ਤਿਲਕਣ ਦਾ  
ਤੇ ਬਚ ਜਾਂਦਾ ਬਿਖਰਨ ਤੋਂ  
ਇਸ ਝੂਠ ਦੇ ਖੇਤ ਵਿਚ 
ਬੀਜ ਓਹ ਸਚ ਦਾ
ਜਿਸ ਦੇ ਵਿਚੋਂ ਨਿਕਲੀਆਂ 
ਓਹ ਕੋਮਲ ਪੱਤੀਆਂ 
ਨਾਂ ਬਣਦੀਆਂ ਕਿਸੇ ਦੀ 
ਕੋਮਲ ਚਮੜੀ ਤੇ 
ਨਿਕਲੀ ਰਗ ਤ੍ਬੀਤੀ 
ਯਾ ਫਿਰ  ਉਸ ਦੇ ਫੁੱਲਾਂ ਚੋਂ 
ਨਿਕਲਿਆ ਪਰਾਗ 
ਕਿਸੇ ਦੀਆਂ ਸੂਹੀਆਂ ਅੱਖਾਂ 
ਜਾਂ  ਵਗਦੇ ਨੱਕ ਦਾ
ਬਣ ਜਾਂਦਾ ਇੱਕ ਕਾਰਨ 
ਤੇ ਮੈਂ ਬਚ ਜਾਂਦਾ 
ਬਣਨ ਤੋਂ  
ਉਸ ਦੇ ਦੁਖ ਦਾ 
ਭਾਗੀਦਾਰ
HSD 26/05/2014

ਮੇਰਾ ਪੰਜਾਬ



ਮੇਰੇ ਰੰਗਲੇ ਪੰਜਾਬ ਵਿਚ
ਡੇਰਿਆਂ ਦੇ ਮਹੰਤ ਬੜੇ ਨੇ
ਰੰਗ ਬਿਰੰਗੇ ਚੋਲਿਆਂ ਵਾਲੇ
ਪਰਜਾ ਭੇਖੀ ਸੰਤ ਬੜੇ ਨੇ 
ਆਪਣਾ ਰੋਗ ਜੋ ਜਾਣ ਨਾਂ ਸਕਣ
ਇਹੋ ਜਿਹੇ ਧਨਵੰਤ  ਬੜੇ ਨੇ
ਦੋ ਲਾਇਨਾ ਕਾਗਜ਼ ਤੇ ਜੋ ਲਿਖਦੇ
ਮੇਰੇ ਜਿਹੇ ਖੁਸ਼ਵੰਤ  ਬੜੇ ਨੇ 

ਨਸ਼ੇ ਤਸਕਰੀ ਦੇ ਧੰਦੇ ਵਾਲੇ
ਭੋਲੇ ਬਿਕਰਮ ਬੰਤ ਬੜੇ ਨੇ
ਰਿਸ਼ਵਤ ਖੋਰੀ ਚੋਰ ਬਜਾਰੀ
ਵਾਲੇ ਸਰਕਾਰੀ ਏਜੰਟ ਬੜੇ ਨੇ
ਮਾਂ ਬੋਲੀ ਨਾਲ ਛੇੜ ਛਾੜ  
ਕਰਨ ਵਾਲੇ ਮਨ੍ਮੰਤ ਬੜੇ ਨੇ 
ਰਾਜ ਨਹੀਂ ਸੇਵਾ ਦੇ ਨਾਂ ਤੇ 
ਰਚੇ ਜਾਂਦੇ ਛੜਿਅੰਤ ਬੜੇ ਨੇ

ਧੀਆਂ ਨੂੰ ਕੁੱਖਾਂ ਵਿਚ ਮਾਰਦੇ 
ਨਾਰਾਂ ਦੇ ਇਥੇ ਕੰਤ ਬੜੇ ਨੇ
ਮਨ ਪਿਓ ਦੀ ਇੱਜਤ ਨੂੰ ਰੋਲਣ 
ਵਾਲੇ ਇਥੇ ਫਰਜੰਦ ਬੜੇ ਨੇ 

ਮਰੀਅਲ ਜਿਹੇ ਜੋ ਗੱਭਰੂ ਇਥੇ
ਕਹਿੰਦੇ ਸਾਡੇ ਵਿਚ ਤੰਤ ਬੜੇ ਨੇ 
ਲਾ ਨਸ਼ੇ ਦੇ ਟੀਕੇ ਇਹ ਤਾਂ 
ਹੋ ਜਾਂਦੇ ਫਿਰ ਚੰਟ ਬੜੇ ਨੇ 

HSD 24/05/2014

ਕਿੱਟੂ ਦੇ ਆਗਮਨ ਦਿਵਸ ਤੇ


ਖੁਸੀਆਂ ਆਈਆਂ ਜਦ ਤੂੰ ਆਇਆ  
ਜਨਮ ਦਿਹਾੜਾ ਹਰ ਸਾਲ ਮਨਾਇਆ 
ਕਦੇ ਰੱਖੀਆਂ ਸਨ ਕੁੰਡੀਆਂ ਮੁਛਾਂ  
ਹੁਣ ਹੈ ਸਿਰ ਘੋਨਮੋਨ ਕਰਾਇਆ  

ਯੂਨੀਵਰਸਿਟੀ ਚ ਸਕੂਟਰ ਖੂਬ ਭਜਾਇਆ 
ਥੋੜਾ ਚਿਰ ਫਿਰ ਉਥੇ ਹੀ ਪੜਾਇਆ 
ਹੁਣ ਸਿਡਨੀ ਚ ਕਰ ਲਿਆ ਵਾਸਾ 
ਚੰਗਾ ਕਾਰੋਬਾਰ ਹੁਣ ਇਥੇ ਵੀ ਚਲਾਇਆ 

ਕਲਾਕਾਰਾਂ ਨੂੰ ਯਾਰ ਬਣਾਇਆ 
ਮਰਾਸੀਆਂ ਦਾ ਵੀ ਮਾਣ ਵਧਾਇਆ     
ਆਸਟਰੇਲੀਆ ਵਿਚ ਬੁਲਾ ਕੇ ਹਰ ਸਾਲ
ਲੋਕਾਂ ਦਾ ਤੂੰ ਮਨ ਪਰਚਾਇਆ  

ਯਾਰਾਂ ਦਾ ਤੂੰ ਹੈਂ ਹਮਸਾਇਆ
ਕੱਠਿਆਂ ਕਈ ਵਾਰ ਜਸ਼ਨ ਮਨਾਇਆ 
ਖੁਸ਼ਨਸੀਬ ਕਿੰਨੇ ਓਹ ਆੜੀ 
ਤੇਰੇ ਜਿਹਾ ਜਿਨ੍ਹਾ ਯਾਰ ਹੈ ਪਾਇਆ 


HSD 22/05/14

ਹੋਰ ਚਾਹਿਦਾ ਮੈਨੂੰ ਕੀ


ਹੈਨ  ਕੁਦਰਤੀ ਨਜ਼ਰੇ 
ਸੰਗ ਹਨ  ਜੋ ਨੇ ਪਿਆਰੇ 
ਪਲ ਜਿੰਦਗੀ ਦੇ ਨਿਆਰੇ 
ਸੋਚਾਂ ਇੱਕੋ ਚੀਜ਼ ਬਾਰੇ 
ਹੋਰ ਚਾਹਿਦਾ ਮੈਨੂੰ ਕੀ

ਹਾਂ ਮੈਂ ਸਵਰਗਾਂ ਦਾ ਵਾਸੀ
ਨਾਂ ਕੋਈ ਮੱਕਾ ਨਾਂ ਕੋਈ ਕਾਸੀ 
ਰੋਟੀ ਚਾਹੇ ਖਾਧੀ ਬਾਸੀ  
ਜਿੰਦਗੀ ਜੀ  ਲਈ ਹੁਣ ਖਾਸੀ 
ਹੋਰ ਚਾਹਿਦਾ ਮੈਨੂੰ ਕੀ

ਖੁੱਲੀ  ਧਰਤੀ ਪੈਰਾਂ ਥੱਲੇ
ਕੱਲਾ ਆਇਆਂ ਜਾਣਾ ਕੱਲੇ 
ਅੱਜ ਬਹੁਤ ਕੁਝ ਹੈ ਪੱਲੇ 
ਕਈ ਯਾਰ ਮੇਰੇ ਅਣਮੁੱਲੇ 
ਹੋਰ ਚਾਹਿਦਾ ਮੈਨੂੰ ਕੀ 

ਨਾਂ ਕੋਲ ਘੋੜਾ ਨਾਂ ਕੋਲ ਹਾਥੀ 
ਖਾਣ ਪੀਣ ਲਈ ਕੌਲੀ ਬਾਟੀ 
ਬੈਠਣ ਲਈ ਕੋਲ ਸੁੱਕੀ ਪਾਥੀ 
ਸੁਘੜ ਸਿਆਣੀ ਜੀਵਨ ਸਾਥੀ 
ਹੋਰ ਚਾਹਿਦਾ ਮੈਨੂੰ ਕੀ

ਫਸਿਆਂ ਵਿਚ੍ ਮੈਂ ਘੁਮਣਘੇਰੀ 
ਕਰਦਾ ਫਿਰਦਾਂ ਮੇਰੀ ਤੇਰੀ 
ਲਗਦਾ ਮੱਤ ਮਾਰੀ ਗਈ ਮੇਰੀ 
ਓਹਦੀ ਰਹਿਮਤ ਸਿਰ ਤੇ ਬਥੇਰੀ 
ਹੋਰ ਚਾਹਿਦਾ ਮੈਨੂੰ ਕੀ
HSD 28/05/2014

ਆਵਾਗਾਉਣ ਦੌੜ


ਕਿਤੇ  ਸੁਗੰਧੀ ਭਰੀਆਂ ਪੌਣਾ
ਕਿਤੇ  ਠੰਡੀ ਹਵਾ ਦੇ ਬੁੱਲੇ
ਕਿਤੇ ਅੱਗ ਨਾਲ ਤਪਦੀ ਭੱਠੀ
ਕਿਤੇ  ਠੰਡੇ ਪਏ ਨੇ ਚੁੱਲ੍ਹੇ

ਕਿਤੇ  ਬੱਦਲਾਂ ਚ ਬਿਜਲੀ ਚਮਕੇ
ਕਿਤੇ  ਸਾੜੇ ਪਾਏ ਧੁੱਪਾਂ
ਕਿਤੇ ਕਾਵਾਂ ਰੌਲੀ ਪੈਂਦੀ
ਕਿਤੇ ਹੈਣ  ਡਰਾਉਣੀਆਂ ਚੁੱਪਾਂ

ਕਿਤੇ ਭੁੱਖੇ ਡੰਗਰ ਮਰਦੇ
ਕਿਤੇ ਤੂੜੀ ਭਰੀਆਂ ਕੁੱਪਾਂ
ਕਿਤੇ ਕੁੱਖ ਚ ਧੀ ਪਈ ਮਰਦੀ
ਕਿਤੇ ਮਾਪੇ ਲੁੱਟ ਲਏ ਪੁੱਤਾਂ

ਕਿਤੇ ਹਾਕਮ ਲੁੱਟੀ ਜਾਂਦਾ
ਕਿਤੇ ਰੱਬ ਦੇ ਨਾਂ ਤੇ ਚੋਰੀ
ਕਿਤੇ ਲੁੱਟਦੇ ਨਾਲ ਕਪਟ ਦੇ  
ਕਿਤੇ ਚਲਦੀ ਸੀਨਾਂ ਜੋਰੀ

ਕਿਤੇ  ਯਾਰਾਂ ਦੀਆਂ ਮਹਿਫਿਲਾਂ 
ਕਿਤੇ ਸਹੇਲੀਆਂ ਦਾ ਤਿਰੰਜਣ
ਕਿਤੇ ਲਚਰ ਪੰਜਾਬੀ ਗਾਣੇ
ਕਿਤੇ ਸਾਫ਼ ਸੁਥਰਾ ਮਨੋਰੰਜਨ

ਕਿਤੇ ਵਿਆਹਾਂ ਦੀ ਹੈ ਰੌਣਕ
ਕਿਤੇ ਰਾਜਨੀਤਕ ਹੋਣ ਜਲਸੇ
ਕਿਤੇ ਰੱਬ ਦੇ ਘਰ ਵਿਚ ਰੌਲਾ
ਕਿਤੇ ਬਾਬਿਆਂ ਦੇ ਫਲਸਫੇ

ਇਸ ਘਾਲ੍ਹੇ ਮਾਲ੍ਹੇ ਵਿਚੋਂ
ਕੀ ਮੈਂ ਕੱਢਣਾ ਤੇ ਕੀ ਪਾਉਣਾ
ਜਿੰਦ ਰਹਿਗੀ ਚਾਰ ਦਿਨਾ ਦੀ
ਇਹੀ ਮਨ ਨੂੰ ਮੈਂ ਸਮਝਾਉਨਾ

ਲੈ ਮਾਣ ਨਜਾਰੇ ਤੂੰ
ਦਿੱਤੇ ਕੁਦਰਤ ਤੈਨੂੰ ਜਿਹੜੇ
ਹਰਾ ਉੰਨਾਂ ਤੇਰੇ ਘਰ ਵੀ  
ਘਾਹ ਜਿੰਨਾਂ ਦੂਜਿਆਂ ਦੇ ਹੈ  ਵੇਹੜੇ

HSD  08/05/2014A

ਗੁਮ ਗਿਆ ਪਰਛਾਵਾਂ


ਸ਼ਹਿਰ ਤੇਰੇ ਚ ਆਕੇ
ਸਾਡਾ ਗੁਮ ਗਿਆ ਪਰਛਾਵਾਂ
ਅਸੀਂ ਤਾਂ ਤੱਤੀਆਂ ਧੁਪਾਂ ਸੇਕੀਆਂ
ਤੂੰ ਮਾਣੇ ਠੰਡੀਆਂ ਛਾਵਾਂ
ਦੇਖਣ ਤਾਂ ਅਸੀਂ ਆਏ ਸੀ
ਇਥੇ ਕਿਦਾਂ ਦੀਆਂ ਚਲਣ ਹਵਾਵਾਂ
ਪੌਣਾ ਇਥੇ ਸੁਗੰਧੀ ਭਰੀਆਂ
ਤੇ ਠੰਡੀਆਂ ਚਲਣ ਹਵਾਵਾਂ
ਸੁੰਦਰ ਹਨ ਤੇਰੇ ਗਲੀ ਤੇ  ਕੂਚੇ
ਤੇ ਫੁੱਲਾਂ ਭਰੀਆਂ ਰਾਹਵਾਂ
ਹਰ ਮੋੜ ਤੇ ਲੱਭਦੇ ਰਹੇ ਅਸੀਂ  
ਚੂੜੇ ਵਾਲੀਆਂ ਬਾਹਵਾਂ 
ਦੱਬ ਬੰਨੇ ਉੱਤੇ ਪਿੰਡ  ਮੁੜ ਆਏ 
ਤੈਨੂੰ ਮੁੜ ਮਿਲਣ ਦੀਆਂ ਚਾਹਾਂ
ਭੇਜਿਆ ਸੀ ਜੋ ਹੱਥੀਂ ਲਿਖਕੇ
ਅਸੀਂ ਗੁਆ ਬੈਠੇ ਸਿਰਨਾਵਾਂ

HSD 5/05/14

ਅਪੀਲ ਪੰਜਾਬੀਆਂ ਨੂੰ ਭਾਗ 2




ਫਸਲਾਂ ਲਈ ਹੈ ਰੂੜੀ ਚੰਗੀ 
ਰੂੜੀ ਲਈ ਚੰਗਾ  ਕਚਰਾ 
ਜੇ ਘਰ ਚੰਗਾ ਹੋਵੇ  ਝਾੜੂ   
ਤਾਂ ਕਦੇ ਨੀਂ ਖੜਦਾ ਕਚਰਾ 
 
ਪੰਜਾਬ ਅੰਦਰ ਜੋ ਕਚਰਾ ਖਿੰਡਿਆ 
ਓਹਦਾ ਕੀ ਦਸ ਕਰੀਏ 
ਲੈ ਹਥਾਂ ਵੀ ਝਾੜੂ ਸਾਰੇ 
ਧੱਕ ਰੂੜੀਆਂ ਤੇ ਧਰੀਏ 

ਵਸਾਖੀ ਵਾਲਾ ਮਹੀਨਾ ਹੈ ਇਹ 
ਤੇ ਕਣਕ ਵੱਢਣ ਦੀ ਤਿਆਰੀ 
ਪਹਿਲਾਂ ਝਾੜੂ ਤੇ  ਫੇਰ ਰੜਕਾ 
ਚੱਕ ਲਈਏ ਵਾਰੀ ਵਾਰੀ 

ਸੰਭਰ ਕੇ ਸਾਰੇ ਪੰਜਾਬ ਨੂੰ 
ਗੰਦ ਨੂੰ ਰੂੜੀਆਂ ਉੱਤੇ ਸੁੱਟੀਏ 
ਇਹ ਜੋ ਲੱਗੇ ਕੋਹੜ ਸਮਾਜੀ 
ਆਪਣੇ ਵਿਹੜੇ ਵਿਚੋਂ ਪੁੱਟੀਏ 

ਇਹਨਾਂ ਚਿੱਟੇ ਤੇ ਨੀਲੇ ਚੋਰਾਂ ਨੂੰ 
ਨਾਲ ਝਾੜੂ ਦੇ ਆਪਾਂ  ਕੁੱਟੀਏ 
ਹੁਣ ਤੱਕ ਇਹਨਾ ਅਸਾਂਨੂੰ ਲੁੱਟਿਆ 
ਹੁਣ ਆਪਾਂ ਇਹਨਾ ਨੂੰ ਲੁੱਟੀਏ 

ਦੱਬ ਕੇ ਬਟਨ ਹੁਣ ਝਾੜੂ ਵਾਲਾ 
ਆਪਾਂ ਕਰੀਏ ਇਹਨਾ ਦਾ ਸਫਾਇਆ 
ਇੱਕ ਵਾਰ ਜਿਹੜਾ ਲੰਘ ਗਿਆ ਯਾਰੋ
ਮੁੜ ਵੇਲਾ ਓਹ ਕਦੇ ਨੀਂ  ਆਇਆ 

ਆਮ ਆਦਮੀ ਬਣਕੇ ਆਪਾਂ 
'ਆਪ' ਦੀ  ਗੱਲ ਹੀ ਕਰੀਏ
ਇਹ ਜੋ ਨੀਲੇ ਚਿੱਟੇ ਬਗਲੇ 
ਇਹਨਾਂ ਦੀ ਧੌਣ ਤੇ ਗੋਡੇ ਧਰੀਏ 

ਅਪੀਲ ਪੰਜਾਬੀਆਂ ਨੂੰ ਭਾਗ 1



ਚਿੱਟੇ ਗਏ ਤੇ ਨੀਲੇ ਆਏ 
ਨੀਲਿਆਂ ਆਕੇ ਪੈਰ ਜਮਾਏ 
ਰਾਜ ਨਹੀਂ ਇਹ ਸੇਵਾ ਹੈ ਜੀ 
ਊਚੀ ਊਚੀ ਨਾਹਰੇ ਲਾਏ 

ਬੇਰੁਜਗਾਰਾਂ ਨੂੰ ਨੌਕਰੀਆਂ ਦਾ ਲਾਲਚ 
ਦੇ ਉਹਨਾ ਨੂੰ ਟੈਂਕੀਆਂ ਤੇ ਚੜਾਇਆ 
ਆਪਣੇ ਹੱਕ ਜਿਸ ਨੇ ਵੀ ਮੰਗੇ 
ਲਾਠੀਆਂ ਦਾ ਉਹਨਾ ਤੇ ਮੀਂਹ ਬਰ੍ਸਾਇਆ 

ਨੰਨੀ ਛਾਂ ਦਾ ਨਾਹਰਾ ਦੇ ਕੇ 
ਮਾਵਾਂ ਨੂੰ ਇਹਨਾ ਖੂਬ ਭਰਮਾਇਆ 
ਧੀ ਦੀ ਇਜ਼ਤ ਜੋ ਸੀ ਬਚਾਉਂਦਾ 
ਪਿਓ ਗੁੰਡਿਆਂ ਤੋਂ ਓਹ ਮਰਵਾਇਆ 

ਸਿੱਖੀ ਦੇ ਬਣ ਠੇਕੇਦਾਰ ਇਹਨਾਂ ਨੇ 
ਹਰ ਸਿੱਖ ਦੀ ਪੱਗ ਨੂੰ ਹਥ ਪਾਇਆ 
ਸਿੱਖਿਆ ਮੰਤਰੀ ਨੇ ਖੁਦ ਮਾਸਟਰ ਕੁੱਟੇ 
ਸਿੱਖਿਆ ਸੱਕਤਰ ਕਰਿੰਦਿਆਂ ਤੋਂ ਕੁਟਵਾਇਆ 

ਚੀਨੀ ਨਾਲੋ ਰੇਤਾ  ਮਹਿੰਗਾ 
ਬਜਰੀ ਠੁੱਡਾਂ ਜੀਰੀ  ਨੂੰ ਮਾਰੇ 
ਸਰਕਾਰੀ ਬੱਸਾਂ ਦੀ ਖਸਤਾ ਹਾਲਤ 
ਪਰਾਈਵੇਟਾਂ ਦੇ ਬਾਰੇ ਨਿਆਰੇ 

ਨੀਲੀਆਂ ਪੱਗਾਂ ਚਿੱਟੇ ਕੁੜਤੇ 
ਪਾ ਚਿੱਟੇ ਦਾ ਕਰਨ ਵਪਾਰ 
ਪੰਜਾਬ ਦਾ ਭੱਠਾ ਬੈਠਾ ਕੇ ਵੀ ਇਹ 
ਬਣਦੀ ਹਰਮਨ ਪਿਆਰੀ ਸਰਕਾਰ 

ਸੋਚੋ ਸਮਝੋ ਤੇ ਜਾਗੋ ਪੰਜਾਬੀਓ 
ਕੀ ਤੁਸੀਂ ਚਾਹੁੰਦੇ ਏਹੋ ਜਿਹੀ ਸਰਕਾਰ 
ਸਾਂਭ ਲਾਓ ਜੋ ਵੀ ਕੁਝ ਬੱਚਿਆ 
ਮੁੜ ਵੇਲਾ ਨੀਂ ਆਉਂਦਾ ਬਾਰ ਬਾਰ 

ਵਰਤੋ ਵੋਟ ਆਪਣੀ ਦੀ ਤਾਕ਼ਤ 
ਦਿਖਾ ਦਿਓ ਇਹਨਾਂ ਨੂੰ ਆਪਣਾ ਜਲਾਲ 
ਲਾ ਦਿਓ ਮੋਹਰਾਂ ਝਾੜੂ ਤੇ ਇਸ ਵਾਰੀ 
ਬੇਸ਼ਕ ਖਾ ਲਿਓ ਦੂਜਿਆਂ ਤੋਂ ਮਾਲ 

'ਆਪ' ਨੂੰ ਵੀ ਇੱਕ ਮੌਕਾ ਦੇ ਦਿਓ 
ਸੇਵਾ ਕਰਨ ਲਈ ਅਗਲੇ ਪੰਜ ਸਾਲ 
ਸ਼ਾਇਦ ਮਿਲ ਜਾਵੇ ਸਵਰਾਜ ਤੋਹਾਨੂੰ
ਬਣ ਗਿਆ ਪ੍ਰਧਾਨ ਮੰਤਰੀ  ਜੇ ਕੇਜਰੀਵਾਲ 

HSD 23/04/14

ਸਤਵੰਤ ਦੇ ਆਗਮਨ ਦਿਵਸ ਤੇ



ਇੱਕੋ ਚੀਜ ਰਹਿ ਜਾਂਦੀ ਹਰ ਵਾਰੀ 
ਹੋਰ ਛੱਡਾਂ ਕੋਈ ਕਸਰ ਨਾਂ ਬਾਕੀ
ਸੂਟ ਬੂਟ ਤੇ ਰੰਗਲੀ ਪੱਗ ਪਾਵਾਂ 
ਪਾਉਣੀ ਨਿੱਕਰ ਛੱਡਤੀ ਹੁਣ ਖਾਕੀ 

ਰੇਤਿਆਂ ਦੇ ਟਿੱਬਿਆਂ ਚੋਂ ਉਠ ਕੇ 
ਪਹੁੰਚ ਗਿਆ ਮੈਂ ਪਿੰਡ ਬਰਫਾਂ ਵਾਲੇ 
ਸਿਰ ਤੇ ਕੁਝ ਮੈਂ ਕਰ ਨੀ ਸਕਦਾ 
ਪਰ ਵਾਲ ਦਾਹੜੀ ਦੇ ਰਖਾਂ ਕਾਲੇ 

ਪੰਜਾਹ ਦੀ ਹਿੰਦੋਸ੍ਤਾਨ ਚਲਾਇਆ 
ਹੁਣ ਲਵਾਂ ਹੰਮਰ ਤੇ ਝੂਟੇ 
ਦਿਨੇ ਲੋਕਾਂ ਦੇ ਐਨਕਾਂ ਲਾਵਾਂ 
ਸ਼ਾਮੀ ਸਿੰਜਾਂ ਘਰ ਵਿਚਲੇ ਬੂਟੇ 

ਲੋਕ ਸੇਵਾ ਦਾ ਜਜ੍ਬਾ ਇਹ ਜੋ 
ਮੇਰੇ ਅੰਦਰ ਕੁੱਟ ਕੁੱਟ ਭਰਿਆ
ਨਾਲ ਲੋਕਾਈ ਧੱਕਾ ਹੁੰਦਾ 
ਮੈਥੋਂ ਦੇਖ ਨਾ ਜਾਵੇ ਜਰਿਆ 

ਕਿੰਨੇ ਸਾਲਾਂ ਦਾ ਹੋ ਗਿਆ ਅੱਜ ਮੈਂ 
ਬੇਬੇ ਹੁੰਦੀ ਤਾਂ ਪੁੱਛ ਮੈਂ ਲੈਂਦਾ 
ਅਠਵੰਜਾ ਸਾਲ ਜਿੰਦਗੀ ਦਾ ਤਜਰਬਾ 
ਬਸ ਇਹੀ ਮੈਂ  ਦੁਨੀਆਂ ਨੂੰ ਕਹਿੰਦਾ 

ਆਗਮਨ ਦਿਵਸ ਦੀਆਂ ਵਧਾਈਆਂ ਸਤਵੰਤ 
  HSD 11/04/2014

ਚੀਨੂੰ ਦੀ ਮੰਗਣੀ ਤੇ



ਰਿਸ਼ਤੇ ਨਾਤੇ ਕੀ ਹੁੰਦੇ ਨੇ ਕਿਓਂ ਹੁੰਦੇ ਨੇ 
ਇਹ ਤਾਂ ਮੈਨੂੰ ਸਮਝ ਹੈ ਆਉਂਦਾ
ਕਿੰਝ ਬਣਦੇ ਨੇ ਕਦ ਬਣਦੇ ਨੇ 
ਇਸ ਉਲਝਣ ਨੂੰ ਮੈਂ  ਰਹਾਂ ਸੁਲਝਾਉਂਦਾ 
ਇਹ ਹੁੰਦੇ ਨੇ ਸੰਜੋਗਾਂ ਦੇ ਮੇਲੇ 
ਸਾਡਾ ਵਿਰਸਾ ਤਾਂ ਇਹ ਸਮਝਾਉਂਦਾ 
ਆਪਣੇ ਜਮਣ ਵੇਲੇ ਜਿਹੜੇ 
ਹਰ ਕੋਈ ਧੁਰੋਂ ਲਿਖਾ ਕੇ ਲਿਆਉਂਦਾ 

ਕਿੱਥੇ ਜੰਮਣਾ ਕਿੱਥੇ ਮਰਨਾ 
ਕਿਸ ਧਰਤੀ ਤੇ ਜਾ ਕੇ ਵੱਸਣਾ   
ਕੀਹਦੇ ਸੰਗ ਸੰਜੋਗ ਲਿਖੇ ਨੇ 
ਕੀਹਦੇ ਸੰਗ ਬਹਿ ਕੇ ਹੈ ਹੱਸਣਾ 
ਇਹ ਤਾਂ ਉਸਦੀਆਂ ਓਹਿਓ ਜਾਣੇ 
ਇਹ ਸਾਰਾ ਕੁਝ ਸਾਡੇ ਵੱਸ ਨਾ 
ਰੱਬ ਇਕ ਗੁੰਜਲਦਾਰ ਬੁਝਾਰਤ 
ਪ੍ਰੋ, ਮੋਹਣ ਸਿੰਘ ਦਾ ਇਹ ਦੱਸਣਾ 

ਦਾਦੇ ਦਾਦੀ ਦਾ ਲਾਡਲਾ ਪੋਤਾ 
ਭੂਆ ਦਾ ਇਹ ਭਤੀਜ ਪਿਆਰਾ 
ਭੈਣ ਦਾ ਵੱਡਾ ਵੀਰ ਹੈ ਚੀਨੂੰ 
ਮਾਂ ਪਿਓ ਦਾ ਇਹ ਰਾਜ ਦੁਲਾਰਾ 
ਯਾਰਾਂ ਦਾ ਇਹ ਯਾਰ ਹੈ ਬੇਲੀ 
ਸੱਜਣਾ ਲਈ ਇਹ ਮੀਤ ਨਿਆਰਾ 
ਗਾਉਣ ਦਾ ਸ਼ੌਕ ਇਹ ਰਖਣ ਵਾਲਾ 
ਸਾਡੇ ਯਾਰ ਦੀ ਅੱਖ ਦਾ ਤਾਰਾ 

ਜਿੰਦਗੀ ਦਾ ਇੱਕ ਸਫਰ ਨਵਾਂ
ਅੱਜ ਤੋ ਤੁਸੀਂ ਸ਼ੁਰੂ ਕਰੋਗੇ 
ਸਿਧੇ ਟੇਢੇ ਉਬੜ ਖਬੜ 
ਰਸਤਿਆਂ ਤੇ ਹੁਣ ਤੁਸੀਂ ਤੁਰੋਗੇ 
ਪਹਿਲਾਂ ਦੋ ਸੀ ਹੁਣ ਇੱਕ ਹੋਗੇ 
ਇਸ ਗੱਲ ਤੋਂ ਨਾਂ ਤੁਸੀਂ ਮੁਕਰੋਗੇ 
ਕੱਠੇ ਤੁਰਨ ਦੀ ਆਦਤ ਪਾਕੇ 
ਪਿਆਰ ਨਾਲ ਰਹਿਣਾ ਸਿਖ ਲਓਗੇ  

ਮੈਂ ਕੀ ਦੇਵਾਂ ਸਿੱਖਿਆ ਥੋਨੂੰ 
ਮੇਰੇ ਨਾਲੋਂ ਤੁਸੀਂ ਵਧ ਸਿਆਣੇ 
ਕਿਸ ਰਿਸ਼ਤੇ ਨਾਲ ਕਿੰਝ ਵਰਤਣਾ 
ਇਸ ਗੱਲ ਤੋਂ ਨਾਂ ਤੁਸੀਂ ਅਨਜਾਣੇ 
ਉਸ ਡਾਢੇ ਦੀ ਵਖਰੀ ਲੀਲਾ 
ਉਸਦੀ ਕੋਈ ਸਾਰ ਨਾਂ ਜਾਣੇ 
ਓਹਦੀ ਰਜ਼ਾ ਵਿਚ ਰਹਿਣਾ ਸਿਖ ਲਿਓ 
ਜੇ ਜਿੰਦਗੀ ਦੇ ਸੁਖ ਹੰਡਾਉਣੇ 

ਨਵੀਂ ਰਿਸਤੇਦਾਰੀ ਦੀਆਂ ਦੋਵਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ 
HSD  21/03/2014