Thursday 20 March 2014

ਪੰਜਾਬ ਤੇ ਰੋਸ਼ਨੀ

ਪੇਪਰ ਵਿਚ ਸਵਾਲ ਆਇਆ
ਪੰਜਾਬ ਤੇ ਰੋਸ਼ਨੀ ਪਾਓ
ਬਹੁਤ ਸੋਚਿਆ
ਕਿ ਕਿਵੇਂ ਪਾਵਾਂ ਰੋਸ਼ਨੀ 
ਪੰਜਾਬ ਤੇ
ਬਿਜਲੀ ਇਥੇ ਆਉਂਦੀ ਨੀ
ਸੂਰਜ ਕਦੇ ਨਿਕਲਦਾ ਨੀਂ
ਚੰਦ੍ਰਮਾਂ ਨੂੰ ਅਕਸਰ ਗ੍ਰਿਹਣ
ਲੱਗਿਆ ਰਹਿੰਦਾ
ਤਾਰਿਆਂ ਦੀ ਲੋ
ਇਥੇ ਪਹੁੰਚਦੀ ਨੀਂ
ਚਾਰੇ ਪਾਸੇ ਹਨੇਰਾ ਹੈ
ਧੁੰਦ ਹੈ ਯਾ ਧੂਆਂ
ਰੋਸ਼ਨੀ ਦੀ ਕੋਈ ਕਿਰਣ
ਦਿਖਦੀ ਨਹੀਂ
ਨੌਜਵਾਨ ਨਸ਼ਿਆਂ ਨੇ ਖਾ ਲਏ
ਤੇ ਮਾਂ ਪਿਓ ਫਿਕਰਾਂ ਨੇ
ਧੀ ਭੈਣ ਮਹਿਫੂਜ਼ ਨਹੀਂ
ਨਾ ਘਰ ਵਿਚ ਨਾਂ ਸੜਕ ਤੇ
ਰਿਸ਼ਵਤ ਖੋਰੀ ਚੋਰ ਬਾਜ਼ਾਰੀ
ਨੇ ਨੱਕ ਵਿਚ ਦਮ ਕਰ ਛੱਡਿਆ
ਬੇਰੁਜਗਾਰੀ ਨੇ ਅੱਤ ਕਰ ਦਿੱਤੀ 
ਤੇ ਲੱਕ ਮਹਿੰਗਾਈ ਨੇ ਤੋੜ ਦਿੱਤਾ
ਅੱਜ ਕਲ੍ਹ ਤਾਂ
ਜੇਬ ਖਰਚ ਚੋਂ
ਬਸ ਇਕ ਬੈਟਰੀ
ਹੀ ਖਰੀਦ ਸਕਿਆਂ
ਤੇ ਇਸੇ ਨਾਲ ਪੰਜਾਬ ਤੇ
ਰੋਸ਼ਨੀ ਪਾਉਣ ਦੀ ਕੋਸ਼ਿਸ ਕੀਤੀ
ਪਰ ਇਹ ਤਾਂ ਮਾਸਟਰ ਜੀ ਨੂੰ
ਪਸੰਦ ਹੀ  ਨੀਂ ਆਇਆ
ਤੇ ਦੇ ਗਏ ਓਹ ਗੋਲ ਅੰਡਾ
ਜਾਂ ਫਿਰ ਭੁੱਲ ਗਏ
ਅੰਡੇ ਮੁਹਰੇ ਏਕਾ ਲਾਉਣਾ
ਯਾ ਫ਼ਿਰ ਨਹੀਂ ਸਮਝ ਸਕੇ
ਓਹ ਮੇਰੀ ਮਜਬੂਰੀ
ਸ਼ਾਇਦ ਦਿਖਦਾ ਹੋਵੇਗਾ
ਓਹਨਾ ਨੂੰ ਰੋਸ਼ਨੀ ਦਾ
ਕੋਈ ਵਖਰਾ ਸਰੋਤ
ਜੋ ਹੈ ਮੇਰੀ ਪਹੁੰਚ
ਤੋਂ ਬਹੁਤ ਦੂਰ

No comments:

Post a Comment