Tuesday, 18 April 2017

ਚਰਚਾ



ਬਾਬਾ ਆਖੇ ਬਾਲੇ ਤਾਈਂ 
ਜਾ ਸੱਦ ਲਿਆ ਮਰਦਾਨੇ ਨੂੰ
ਕੱਠੇ  ਬਹਿ ਕੇ ਚਰਚਾ ਕਰੀਏ 
ਕਿ ਹੋ ਰਿਹਾ ਇਸ ਜ਼ਮਾਨੇ  ਨੂੰ  

ਬਾਲਾ ਕਹਿੰਦਾ ਸੁਣੋ ਬਾਬਾ ਜੀ 
ਤੁਸੀਂ ਸੌਣ  ਦਿਓ  ਮਰਦਾਨੇ ਨੂੰ 
ਮੈਂ ਹੀ ਥੋਨੂੰ ਦੱਸ ਦਿੰਦਾ ਹਾਂ 
ਜਿਹੜੀ ਅੱਗ ਲੱਗੀ ਜ਼ਮਾਨੇ ਨੂੰ 

ਤੁਸੀਂ ਗਏ ਸੀ ਕਰਨ ਅਧਾਰ 
ਇਸ ਧਰਤੀ ਦੇ ਵਾਸੀਆਂ ਦਾ 
ਪਰ ਕਿਸੇ ਤੇ ਅਸਰ ਨਾਂ ਹੋਇਆ 
ਥੋਡੀਆਂ  ਚਾਰ ਉਦਾਸੀਆਂ ਦਾ 

ਜਿਥੇ ਵੀ ਬਾਬਾ  ਪੈਰ ਤੂੰ ਧਰਿਆ 
ਉੱਥੇ  ਉਸਰੇ ਮਹਿਲ ਮੁਨਾਰੇ ਨੇ 
ਤੇਰੇ ਨਾਂ ਤੇ ਧੰਦਾ ਕਰਨ ਲਈ 
ਥਾਂ ਥਾਂ ਖੋਲ੍ਹੇ ਗੁਰੁਦਵਾਰੇ  ਨੇਂ 

ਤੇਰੀ ਦਿੱਤੀ ਸਿਖਿਆ ਨੂੰ ਬਾਬਾ  ਜੀ  
ਇਹ ਸੰਘ ਪਾੜ ਪਾੜ  ਗਾਉਂਦੇ ਨੇ 
ਤਰਕ ਨਾਲ ਸੀ ਜੋ ਤੂੰ ਸਮਝਾਇਆ 
ਹੁਣ ਇਹ ਡੰਡੇ ਨਾਲ ਸਮਝਾਉਂਦੇ ਨੇ 

ਥਾਂ ਥਾਂ ਤੇ ਇਥੇ ਕੌਡੇ  ਰਾਕਸ਼  
ਤੇ ਮਲਿਕ ਭਾਗੋ ਹੀ ਵਸਦੇ ਨੇ 
ਥੋੜੇ ਬਹੁਤੇ ਲਾਲੋ ਜੋ ਰਹਿਗੇ 
ਉਹ ਜਿਉਣ ਦੇ ਲਈ  ਤਰਸਦੇ ਨੇ 

ਦਸਾਂ ਨੌਹਾਂ ਦੀ ਕਿਰਤ ਕਮਾਈ 
ਦੇ ਵੱਖਰੇ ਮਤਲਬ ਕੱਢ ਲਏ 
ਮਾਇਆ ਮੋਹ ਦਾ ਜਾਲ਼ ਬੁਣ ਕੇ 
ਇਹਨਾਂ ਥਾਂ ਥਾਂ ਝੰਡੇ ਗੱਡ ਲਏ 

ਰਾਜਿਆਂ ਤੇ ਮੁਕੱਦਮਾਂ  ਦੇ ਸੰਗ
ਹੁਣ ਰਲ਼  ਗਏ ਨੇ ਮਸੰਦ ਬਾਬਾ 
ਆਪਣੀਆਂ ਜੇਬ੍ਹਾਂ ਭਰਨ ਦੇ ਲਈ 
ਨਿੱਤ ਚੜ੍ਹਦੇ ਇਹ ਨਵਾਂ ਚੰਦ ਬਾਬਾ  

ਠੱਗੀ ਚੋਰੀ ਝੂਠ ਅਡੰਬਰ 
ਦਾ ਹੈ ਇਥੇ ਬੋਲਬਾਲਾ 
ਅੱਗੇ ਹੋਰ ਨੀਂ ਦੱਸ ਹੁੰਦਾ ਹੁਣ 
ਕਹਿ ਕੇ ਚੁੱਪ ਕਰ ਗਿਆ ਬਾਲਾ 

ਸੁਣ ਬਾਲੇ ਦੀਆਂ ਗੱਲਾਂ ਬਾਬਾ 
ਸੋਚਾਂ ਦੇ ਵਿੱਚ  ਪੈ  ਗਿਆ 
ਲੱਗਿਆ ਜਿਵੇਂ ਕਰਤਾਰਪੁਰ ਬਾਬੇ ਦਾ 
ਵਿਚ ਰਾਵੀ ਦੇ ਬਹਿ ਗਿਆ 

ਸਿਰ  ਤੇ ਰੱਖ ਫਿਰ ਹੱਥ ਬਾਲੇ ਦੇ 
ਬਾਬਾ ਉੱਠ ਖਲੋ ਗਿਆ 
ਵਿਚ ਖਿਆਲਾਂ ਦੇ ਜੋ ਆਇਆ ਸੀ 
ਕਿਧਰੇ ਬਾਬਾ ਅਲੋਪ ਹੋ ਗਿਆ 

 ਹਰ ਜੀ 15/12/2016

ਉਹਦਾ ਜਨਮ ਦਿਨ




ਮੈਂ ਉਹਨੂੰ ਮੰਨਦਾ ਹਾਂ 
ਮੈਂ ਉਹਨੂੰ ਪੂਜਦਾ ਹਾਂ 
ਪਰ ਲੋਕ ਦਿਖਾਵੇ ਲਈ 
ਉਹਦੀ ਸਿੱਖਿਆ ਨਾਲ  ਜੂਝਦਾ ਹਾਂ 

ਉਸਦਾ ਸਿੱਖ ਕਹਾਉਣ ਲਈ 
ਇੱਕ ਬਾਣਾ  ਵੀ ਪਾਉਂਦਾ ਹਾਂ 
ਉਸ ਬਾਣੇ  ਪਿਛੇ ਸਦਾ 
ਖੁਦ ਨੂੰ  ਛੁਪਾਉਂਦਾ ਹਾਂ 

ਲੋਕ ਦਿਖਾਵੇ ਲਈ  ਸੇਧ 
ਉਸਦੀ ਬਾਣੀ ਤੋਂ  ਲੈਂਦਾ ਹਾਂ 
ਪਰ ਕਰਦਾਂ  ਹਾਂ  ਮਰਜ਼ੀ 
ਵਿੱਚ  ਵਿਕਾਰਾਂ ਦੇ ਵਹਿੰਦਾ ਹਾਂ 

ਮੈਂ ਪੁੰਨ ਵੀ ਕਰਦਾ ਹਾਂ 
ਮੈਂ ਪਾਪ ਵੀ ਕਰਦਾ ਹਾਂ 
ਹਰ ਦਿਨ ਉਸਦੀ ਬਾਣੀ ਦਾ 
ਮੈਂ ਜਾਪੁ ਵੀ ਕਰਦਾ ਹਾਂ 

ਮੈਂ ਸੇਵਾ ਵੀ ਕਰਦਾ ਹਾਂ 
ਮੈਂ ਚੁਗਲੀ ਵੀ ਕਰਦਾ ਹਾਂ 
ਇੱਕ ਦੇ ਵਿਰੁੱਧ ਦੂਜੇ ਦੇ 
ਮੈਂ ਕੰਨ ਵੀ ਭਰਦਾ ਹਾਂ 

ਹਰ ਸਾਲ  ਧੂਮ ਧਾਮ ਨਾਲ 
ਉਹਦਾ ਜਨਮ ਦਿਨ  ਮਨਾਉਂਦਾ ਹਾਂ 
ਕਰ ਲੋਕ ਕੱਠੇ 
ਉਹਦੀ ਸ਼ੋਭਾ ਵੀ ਗਾਉਂਦਾ ਹਾਂ 

ਕਰਨ ਲਈ ਢੌਂਗ
ਹਰ ਇੱਕ ਢੰਘ ਅਪਣਾਉਂਦਾ ਹਾਂ 
ਉਹਦਾ ਨਾਂ ਵਰਤ ਕੇ 
ਉਹਦਾ ਸਿੱਖ ਅਖਵਾਉਂਦਾ ਹਾਂ 

ਹਰ ਜੀ 14/11/2016

ਦਿਵਾਲੀ ਸਾਧ ਦੀ

ਸਦਾ ਦਿਵਾਲੀ ਸਾਧ ਦੀ 
ਅੱਠੋ ਪਹਿਰ ਬਸੰਤ
ਲੱਡੂ ਖਾਕੇ ਬੋਲਿਆ 
ਅਪਣੇ ਆਪ ਜੋ ਬਣਿਆ ਸੰਤ
ਇੱਕ ਦਿਨ ਹੀ ਨਾਂ ਭੇਜ ਦਿਓ 
ਸ਼ੁਭਕਾਮਨਾ ਸਾਰੇ ਸਾਲ ਦੀਆਂ
ਹਰ ਰੋਜ਼ ਹੀ ਦੀਵਾ ਬਾਲਿਓ ਇੱਕ
ਜੋ ਸੰਗਤਾਂ ਦੀਵੇ ਬਾਲਦੀਆਂ

ਸੰਨੀਆ ਨੂੰ ਸਮਰਪਿਤ


ਉਹ ਨੰਨੀ ਸੀ ਚਿੜੀ
ਫੁਦਕਦੀ ਸੀ ਰਹਿੰਦੀ
ਲੱਤਾਂ ਨੂੰ ਚਿੰਬੜਕੇ
ਸਦਾ ਪਾਪਾ ਸੀ ਕਹਿੰਦੀ
ਪਤਾ ਨੀ ਲੱਗਿਆ
ਕਦ ਬੜੀ ਹੋ ਗਈ ਉਹ
ਪਾਪਾ ਤੇ ਮੰਮੀ ਵਿਚਲੀ
ਕੜੀ ਹੋ ਗਈ ਉਹ
ਦੇਖਦੇ ਹੀ ਦੇਖਦੇ
ਉੜਨੇ ਲੱਗੀ ਉਹ
ਚਸ਼ਮੇ ਤੋਂ ਕਦ
ਬਣ ਗਈ ਨਦੀ ਉੁਹ
ਕਿੰਨੇ ਹੀ ਚਾਵਾੰ ਨਾਲ
ਉਹਦੇ ਮੈਂ ਕਾਜ ਰਚਾਏ ਸੀ
ਯਾਰਾੰ ਸੰਗ ਰੱਜ ਕੇ
ਮੈਂ ਉਹਦੇ ਸ਼ਗਨ ਮਨਾਏ ਸੀ
ਪਤਾ ਨੀ ਕਦ ਉਹਨੇ
ਕਰਲੀ ਸੀ ਤਿਆਰੀ
ਛੱਡ ਕੇ ਇਕੱਲਾ ਕਿਉੰ
ਮਾਰ ਗਈ ਉਹ ਉਡਾਰੀ
ਕਿੱਥੋਂ ਲਿਆਵਾਂਗਾ ਮੈਂ
ਲੱਭ ਹੁਣ ਚਿੜੀ ਨੂੰ
ਵਿਹੜੇ ਅਪਣੇ ਦੀ
ਉੁਸ ਫੁੱਲਝੜੀ ਨੂੰ
ਹਰ ਜੀ ੨੭/੧੦।੨੦੧੬

ਆਪਾਂ ਕਵਿਤਾ ਲਿਖੀਏ


ਚੱਲ ਆਪਾਂ ਇੱਕ ਕਵਿਤਾ ਲਿਖੀਏ
ਬਹਿ ਕੇ ਨਦੀ ਕਿਨਾਰੇ
ਵਿੱਚ ਕਵਿਤਾ ਦੇ ਸਭ ਕੁਝ ਲਿਖੀਏ
ਧਰਤੀ ਸੂਰਜ ਚੰਨ ਤੇ ਤਾਰੇ
ਤੂੰ ਜੋ ਤੱਕੇਂ ਉਹ ਮੈਂ ਵੇਖਾਂ
ਵਿੱਚ ਤੇਰੀਆੰ ਅੱਖਾਂ
ਤੂੰ ਥੱਕੇਂ ਨਾਂ ਕੁਦਰਤ ਤੱਕਦੀ
ਮੈਂ ਤੈਨੂੰ ਤੱਕਦਾ ਨਾਂ ਥੱਕਾਂ
ਤੇਰੇ ਹਰ ਇੱਕ ਖਿਆਲ ਨੂੰ ਪੜ੍ਹਨਾ
ਮੈੰ ਤੇਰੀਆੰ ਅੱਖਾਂ ਚੋ ਸਿੱਖਾੰ
ਜੋ ਤੂੰ ਸੋਚੇਂ  ਤੱਕ ਕੇ ਕੁਦਰਤ
ਉਹ ਕਾਗ਼ਜ਼ ਤੇ ਮੈਂ ਲਿੱਖਾਂ 
ਇੱਕ ਇੱਕ ਅੱਖਰ ਜੋੜਕੇ ਮੈਂ ਫਿਰ
ਗੁੰਦਾਂ  ਸ਼ਬਦਾਂ ਦੀ ਮਾਲ਼ਾ
ਵਿੱਚ ਕਵਿਤਾ ਦੇ ਚਿੱਤਰ ਦਿਆਂ  ਉਹ
ਜੋ ਹੈ ਤੇਰੇ ਵਿੱਚ ਖਿਆਲਾਂ
ਅਕਸਰ ਆਪਾਂ ਨਿੱਤ ਨਵੀਂ ਥਾਂ  ਤੇ
ਇੰਝ ਬਹਿ ਕੇ ਕਵਿਤਾ ਲਿਖੀਏ
ਪਿਆਰ ਤੇ ਕੁਦਰਤ ਦੇ ਸੁਮੇਲ ਚੋ
ਜੀਵਣ ਦੀ ਜਾਂਚ ਸਿੱਖੀਏ
ਹਰ ਜੀ ੦੭/੧੦/੨੦੧੬

ਮੈਂ ਚੁੱਪ ਹਾਂ

 
ਇਸ ਦਾ ਮਤਲਬ ਇਹ ਨਹੀਂ 
ਕਿ ਮੈਂ ਨਰਾਜ਼  ਹਨ 
ਨਾਹੀਂ  ਇਹ 
ਕਿ ਮੈਂ ਆਜ਼ਾਦ ਹਾਂ 
ਚੁੱਪ ਇਸ ਕਰਕੇ ਵੀ ਨਹੀਂ 
ਕਿ ਮੈਂ ਡਰ ਗਿਆ 
ਜਾਂ  ਇਸ ਕਰਕੇ ਹਾਂ 
ਕਿ ਮੈਂ ਮਰ ਗਿਆ 
ਮੇਰੀ ਚੁੱਪੀ ਦਾ ਕਾਰਨ 
ਮੇਰੀ ਪ੍ਰੇਸ਼ਾਨੀ ਵੀ ਨਹੀਂ 
ਤੇ ਇਸ ਵਿਚ ਸ਼ਾਮਲ 
ਤੇਰੀ ਸ਼ੈਤਾਨੀ ਵੀ ਨਹੀਂ 
ਮੈਂ ਚੁੱਪ ਇਸ ਕਰਕੇ ਵੀ ਨਹੀਂ 
ਕਿ ਮੈਂ ਕੋਈ ਘੜਤਾਂ  ਘੜਦਾਂ 
ਤੇ ਨਾਂ ਹੀ  ਚੁੱਪ ਇਸ ਕਰਕੇ ਹਾਂ 
ਕਿ ਮੈਂ ਤੇਰੇ ਤੋਂ ਸੜਦਾਂ 
ਮੇਰੀ ਚੁੱਪੀ ਦਾ ਕਾਰਨ 
ਮੇਰਾ ਕੁਝ ਖੋ ਜਾਣਾ ਵੀ ਨਹੀਂ 
ਤੇ ਇਸ ਨੂੰ ਧਾਰਨ ਵਿਚ 
ਰੱਬ ਦਾ ਕੋਈ ਭਾਣਾ ਵੀ ਨਹੀਂ 
ਇਸ ਕਰਕੇ ਵੀ ਮੈਂ ਚੁੱਪ ਨਹੀਂ 
ਕਿ ਮੈਂ ਬਿਮਾਰ ਹਾਂ 
ਨਾਹੀਂ  ਇਸ ਕਰਕੇ ਚੁੱਪ ਹਾਂ 
ਕਿ ਮੈਂ ਬੇਕਰਾਰ ਹਾਂ 
ਮੈਂ ਚੁੱਪ ਇਸ ਕਰਕੇ ਵੀ ਨਹੀਂ 
ਕਿ ਮੈਂ ਕੁਝ ਸੋਚਦਾਂ 
ਨਾਂਹੀ ਇਸ ਕਰਕੇ ਹਾਂ 
ਕਿ ਮੈਂ ਕੁਝ ਪਾਉਣ ਲਈ ਲੋਚਦਾਂ 
ਮੈਂ ਤਾਂ ਬਸ ਚੁੱਪ ਹਾਂ  
ਇਹ ਦੇਖਣ ਲਈ 
ਕਿ ਕੀ  ਮੈਂ ਕਦੇ 
ਚੁੱਪ ਵੀ ਰਹਿ ਸਕਦਾਂ 

ਹਰ ਜੀ 01/09/2016

ਬਾਬੇ ਦਾ ਕਾਰੋਬਾਰ



ਪਹਿਲਾੰ ਰੱਬ ਨੂੰ ਹਊਆ ਬਣਾਕੇ
ਲੋਕਾਂ ਵਿੱਚ ਉਹਦਾ ਡਰ ਬਹਾਕੇ
ਫਿਰ ਉਹਨੂੰ ਕਿਸੇ ਥਾਂ ਤੇ ਛੁਪਾਕੇ
ਬਹਿ ਗਿਆ ਬਾਬਾ ਜੰਗਲ਼ ਵਿੱਚ ਜਾਕੇ

ਦੋ ਚਾਰ ਚੇਲੇ ਉਸ ਨਾਲ ਰਲਾਏ
ਗਲੀ ਮੁਹੱਲੇ ਚ ਢੰਡੋਰੇ ਪਿਟਵਾਏ
ਬਾਬਾ ਜੀ ਇੱਕ ਇੱਧਰ ਨੇ ਆਏ
ਵਿੱਚ ਕੁਟੀਆ ਉਹਨਾਂ ਡੇਰੇ ਨੇ ਲਾਏ

ਬਾਬਾ ਜੀ ਰੱਬ ਦੀ ਰਜ਼ਾ ਚ ਵਸਦੇ
ਤਾੰਹੀ ਤਾਂ ਸਦਾ ਰਹਿੰਦੇ ਨੇ ਹੱਸਦੇ
ਰੱਬ ਨੂੰ ਪਾਉਣ ਦਾ ਰਸਤਾ ਨੇ ਦੱਸਦੇ
ਦੁੱਖ ਕਲੇਸ਼ ਉਹਨਾਂ ਤੋਂ ਦੂਰ ਨੇ ਨੱਸਦੇ

ਜੇ ਰੱਬ ਨੂੰ ਤੁਸੀਂ ਪਾਉਣਾ ਚਾਹੁੰਦੇ 
ਉਸ ਦਾ ਡਰ ਮੁਕਾਉਣਾ ਚਾਹੁੰਦੇ
ਝੋਲੀ ਵਿੱਚ ਖ਼ੁਸ਼ੀ ਪਾਉਣਾ ਚਾਹੁੰਦੇ 
ਘਰ ਵਿੱਚ ਸ਼ਾਂਤੀ ਲਿਆਉਣਾ ਚਾਹੁੰਦੇ

ਬਾਬਾ ਜੀ ਦੇ ਦਰਬਾਰ ਚ ਆਓ
ਤਿਲ ਫੁੱਲ ਭੇਟਾ ਨਾਲ ਲਿਆਓ
ਰੱਬ ਦੇ ਨਾਂ ਦਾ ਪ੍ਰਸਾਦ ਕਰਾਓ 
ਫਿਰ ਤੁਸੀਂ ਮਨ ਇੱਛੇ ਫਲ ਪਾਓ

ਂਆਪੇ ਗੁਆਇਆ ਆਪੇ ਲਭਾਇਆ
ਜਨਤਾ ਨੂੰ ਭੰਬਲਭੂਸੇ ਵਿੱਚ ਪਾਇਆ
ਕੁਟੀਆ ਦੀ ਥਾਂ ਹੁਣ ਮਹਿਲ ਬਣਾਇਆ
ਬਾਬੇ ਨੇ ਚੰਗਾ ਕਾਰੋਬਾਰ ਚਲਾਇਆ

ਹਰ ਜੀ ੦੯/੦੮/੨੦੧੬