Wednesday, 29 August 2018

ਹੋਂਦ

ਹੋਂਦ 

ਸਾਲ  ਹੋ ਗਿਆ 
ਤੈਨੂੰ  ਇਥੋਂ ਗਏ ਨੂੰ 
ਬਹੁਤ ਕੁਝ 
ਬਦਲ ਗਿਆ 
ਤੇਰੇ 
ਜਾਣ ਤੋਂ ਬਾਅਦ 
ਘਰ ਦਾ ਮਹੌਲ 
ਤੇਰਾ ਕਮਰਾ 
ਗੱਲਾਂ ਬਾਤਾਂ 

ਹਾਂ ਤੇਰੇ 
ਜਾਣ  ਤੋਂ ਬਾਅਦ 
ਕੁਝ ਰਿਸ਼ਤਿਆਂ ਚ 
ਤਰੇੜਾਂ ਵੀ ਆਗੀਆਂ 
ਕੁਝ ਬੂਟੇ ਜਿਹੜੇ
ਤੇਰੀ ਸੰਘਣੀ ਛਾੰ
ਹੇਠਾਂ ਕੋਮਲ ਤੇ
ਮਿਠਾਸ ਭਰੇ ਸਨ 
ਹੁਣ ਉਹਨਾਂ ਦੇ 
ਸੂਲਾਂ ਵੀ 
ਉੱਗ ਆਈਆਂ 
ਤੇ ਫਲ ਵੀ 
ਕੌੜੇ ਹੋ ਗਏ 
ਲਗਦੇ ਨੇ 

ਪਰ ਕੀ  ਮੈਂ 
ਤੇਰੀ  ਦੇਹ ਨੂੰ 
ਦਾਗ ਲਾਕੇ 
ਤੇਰੇ ਫੁੱਲਾਂ ਨੂੰ  
ਪਾਣੀ ਚ ਬਹਾ  ਕੇ 
ਤੇਰਾ ਭੋਗ ਪਾਕੇ 
ਕਬੀਲੇ ਨੂੰ 
ਰੋਟੀ ਖਵਾ ਕੇ 
ਤੇਰਾ  ਸਮਾਨ
ਲੋੜਵੰਦਾਂ ਨੂੰ ਦੇ ਕੇ 
ਘਰ ਚ ਸਿਰਫ 
ਤੇਰੀ  ਫੋਟੋ ਲਾਕੇ 
ਤੇਰੀ ਹੋਂਦ ਨੂੰ 
ਮਿਟਾ  ਸਕਿਆ 

ਸ਼ਾਇਦ ਨਹੀਂ 
ਕਿਉਂ ਕਿ ਅੱਜ ਵੀ 
ਮੇਰੇ ਕੰਨਾਂ ਚ 
ਤੇਰੀ ਅਵਾਜ ਪੈਂਦੀ ਹੈ 
ਤੇ ਮੈਂ ਭੱਜ ਕੇ 
ਤੇਰੇ ਕਮਰੇ ਚ ਜਾਨਾ 
ਤੇਰੇ  ਨਾਲ  
ਖੁਦ ਦੀ ਹੋਂਦ ਨੂੰ 
ਜੁੜੀ ਮਹਿਸੂਸ ਕਰਦਾਂ 
ਮਨ ਨੂੰ 
ਤਸੱਲੀ ਹੁੰਦੀ 
ਕਿ ਤੇਰੀ ਹੋਂਦ 
ਮੇਰੇ ਜਿਉਂਦੇ ਜੀ 
ਖਤਮ ਨੀ ਹੋ ਸਕਦੀ 
ਯਾਰ ਬਾਪੂ 

ਹਰ ਜੀ ੦੯/੦੮/੨੦੧੭

No comments:

Post a Comment