Tuesday, 18 April 2017

ਬਾਬੇ ਦਾ ਕਾਰੋਬਾਰ



ਪਹਿਲਾੰ ਰੱਬ ਨੂੰ ਹਊਆ ਬਣਾਕੇ
ਲੋਕਾਂ ਵਿੱਚ ਉਹਦਾ ਡਰ ਬਹਾਕੇ
ਫਿਰ ਉਹਨੂੰ ਕਿਸੇ ਥਾਂ ਤੇ ਛੁਪਾਕੇ
ਬਹਿ ਗਿਆ ਬਾਬਾ ਜੰਗਲ਼ ਵਿੱਚ ਜਾਕੇ

ਦੋ ਚਾਰ ਚੇਲੇ ਉਸ ਨਾਲ ਰਲਾਏ
ਗਲੀ ਮੁਹੱਲੇ ਚ ਢੰਡੋਰੇ ਪਿਟਵਾਏ
ਬਾਬਾ ਜੀ ਇੱਕ ਇੱਧਰ ਨੇ ਆਏ
ਵਿੱਚ ਕੁਟੀਆ ਉਹਨਾਂ ਡੇਰੇ ਨੇ ਲਾਏ

ਬਾਬਾ ਜੀ ਰੱਬ ਦੀ ਰਜ਼ਾ ਚ ਵਸਦੇ
ਤਾੰਹੀ ਤਾਂ ਸਦਾ ਰਹਿੰਦੇ ਨੇ ਹੱਸਦੇ
ਰੱਬ ਨੂੰ ਪਾਉਣ ਦਾ ਰਸਤਾ ਨੇ ਦੱਸਦੇ
ਦੁੱਖ ਕਲੇਸ਼ ਉਹਨਾਂ ਤੋਂ ਦੂਰ ਨੇ ਨੱਸਦੇ

ਜੇ ਰੱਬ ਨੂੰ ਤੁਸੀਂ ਪਾਉਣਾ ਚਾਹੁੰਦੇ 
ਉਸ ਦਾ ਡਰ ਮੁਕਾਉਣਾ ਚਾਹੁੰਦੇ
ਝੋਲੀ ਵਿੱਚ ਖ਼ੁਸ਼ੀ ਪਾਉਣਾ ਚਾਹੁੰਦੇ 
ਘਰ ਵਿੱਚ ਸ਼ਾਂਤੀ ਲਿਆਉਣਾ ਚਾਹੁੰਦੇ

ਬਾਬਾ ਜੀ ਦੇ ਦਰਬਾਰ ਚ ਆਓ
ਤਿਲ ਫੁੱਲ ਭੇਟਾ ਨਾਲ ਲਿਆਓ
ਰੱਬ ਦੇ ਨਾਂ ਦਾ ਪ੍ਰਸਾਦ ਕਰਾਓ 
ਫਿਰ ਤੁਸੀਂ ਮਨ ਇੱਛੇ ਫਲ ਪਾਓ

ਂਆਪੇ ਗੁਆਇਆ ਆਪੇ ਲਭਾਇਆ
ਜਨਤਾ ਨੂੰ ਭੰਬਲਭੂਸੇ ਵਿੱਚ ਪਾਇਆ
ਕੁਟੀਆ ਦੀ ਥਾਂ ਹੁਣ ਮਹਿਲ ਬਣਾਇਆ
ਬਾਬੇ ਨੇ ਚੰਗਾ ਕਾਰੋਬਾਰ ਚਲਾਇਆ

ਹਰ ਜੀ ੦੯/੦੮/੨੦੧੬

No comments:

Post a Comment