ਬਾਬਾ ਆਖੇ ਬਾਲੇ ਤਾਈਂ
ਜਾ ਸੱਦ ਲਿਆ ਮਰਦਾਨੇ ਨੂੰ
ਕੱਠੇ ਬਹਿ ਕੇ ਚਰਚਾ ਕਰੀਏ
ਕਿ ਹੋ ਰਿਹਾ ਇਸ ਜ਼ਮਾਨੇ ਨੂੰ
ਬਾਲਾ ਕਹਿੰਦਾ ਸੁਣੋ ਬਾਬਾ ਜੀ
ਤੁਸੀਂ ਸੌਣ ਦਿਓ ਮਰਦਾਨੇ ਨੂੰ
ਮੈਂ ਹੀ ਥੋਨੂੰ ਦੱਸ ਦਿੰਦਾ ਹਾਂ
ਜਿਹੜੀ ਅੱਗ ਲੱਗੀ ਜ਼ਮਾਨੇ ਨੂੰ
ਤੁਸੀਂ ਗਏ ਸੀ ਕਰਨ ਅਧਾਰ
ਇਸ ਧਰਤੀ ਦੇ ਵਾਸੀਆਂ ਦਾ
ਪਰ ਕਿਸੇ ਤੇ ਅਸਰ ਨਾਂ ਹੋਇਆ
ਥੋਡੀਆਂ ਚਾਰ ਉਦਾਸੀਆਂ ਦਾ
ਜਿਥੇ ਵੀ ਬਾਬਾ ਪੈਰ ਤੂੰ ਧਰਿਆ
ਉੱਥੇ ਉਸਰੇ ਮਹਿਲ ਮੁਨਾਰੇ ਨੇ
ਤੇਰੇ ਨਾਂ ਤੇ ਧੰਦਾ ਕਰਨ ਲਈ
ਥਾਂ ਥਾਂ ਖੋਲ੍ਹੇ ਗੁਰੁਦਵਾਰੇ ਨੇਂ
ਤੇਰੀ ਦਿੱਤੀ ਸਿਖਿਆ ਨੂੰ ਬਾਬਾ ਜੀ
ਇਹ ਸੰਘ ਪਾੜ ਪਾੜ ਗਾਉਂਦੇ ਨੇ
ਤਰਕ ਨਾਲ ਸੀ ਜੋ ਤੂੰ ਸਮਝਾਇਆ
ਹੁਣ ਇਹ ਡੰਡੇ ਨਾਲ ਸਮਝਾਉਂਦੇ ਨੇ
ਥਾਂ ਥਾਂ ਤੇ ਇਥੇ ਕੌਡੇ ਰਾਕਸ਼
ਤੇ ਮਲਿਕ ਭਾਗੋ ਹੀ ਵਸਦੇ ਨੇ
ਥੋੜੇ ਬਹੁਤੇ ਲਾਲੋ ਜੋ ਰਹਿਗੇ
ਉਹ ਜਿਉਣ ਦੇ ਲਈ ਤਰਸਦੇ ਨੇ
ਦਸਾਂ ਨੌਹਾਂ ਦੀ ਕਿਰਤ ਕਮਾਈ
ਦੇ ਵੱਖਰੇ ਮਤਲਬ ਕੱਢ ਲਏ
ਮਾਇਆ ਮੋਹ ਦਾ ਜਾਲ਼ ਬੁਣ ਕੇ
ਇਹਨਾਂ ਥਾਂ ਥਾਂ ਝੰਡੇ ਗੱਡ ਲਏ
ਰਾਜਿਆਂ ਤੇ ਮੁਕੱਦਮਾਂ ਦੇ ਸੰਗ
ਹੁਣ ਰਲ਼ ਗਏ ਨੇ ਮਸੰਦ ਬਾਬਾ
ਆਪਣੀਆਂ ਜੇਬ੍ਹਾਂ ਭਰਨ ਦੇ ਲਈ
ਨਿੱਤ ਚੜ੍ਹਦੇ ਇਹ ਨਵਾਂ ਚੰਦ ਬਾਬਾ
ਠੱਗੀ ਚੋਰੀ ਝੂਠ ਅਡੰਬਰ
ਦਾ ਹੈ ਇਥੇ ਬੋਲਬਾਲਾ
ਅੱਗੇ ਹੋਰ ਨੀਂ ਦੱਸ ਹੁੰਦਾ ਹੁਣ
ਕਹਿ ਕੇ ਚੁੱਪ ਕਰ ਗਿਆ ਬਾਲਾ
ਸੁਣ ਬਾਲੇ ਦੀਆਂ ਗੱਲਾਂ ਬਾਬਾ
ਸੋਚਾਂ ਦੇ ਵਿੱਚ ਪੈ ਗਿਆ
ਲੱਗਿਆ ਜਿਵੇਂ ਕਰਤਾਰਪੁਰ ਬਾਬੇ ਦਾ
ਵਿਚ ਰਾਵੀ ਦੇ ਬਹਿ ਗਿਆ
ਸਿਰ ਤੇ ਰੱਖ ਫਿਰ ਹੱਥ ਬਾਲੇ ਦੇ
ਬਾਬਾ ਉੱਠ ਖਲੋ ਗਿਆ
ਵਿਚ ਖਿਆਲਾਂ ਦੇ ਜੋ ਆਇਆ ਸੀ
ਕਿਧਰੇ ਬਾਬਾ ਅਲੋਪ ਹੋ ਗਿਆ
ਹਰ ਜੀ 15/12/2016
No comments:
Post a Comment