Wednesday, 29 August 2018

ਬੇਬੇ ਦਾ ਚੌਂਕਾ



ਡਾਹਕੇ ਪੀਹੜੀ ਬੇਬੇ ਵਿਚ ਚੌਂਕੇ ਦੇ ਬਹਿੰਦੀ  ਸੀ
ਹਰ ਵਕਤ ਹੱਥ ਚਲਾਉਂਦੀ ਮੂੰਹੋਂ ਕੁੱਝ  ਨਾਂ ਕਹਿੰਦੀ ਸੀ
ਨਾਲ ਗੋਹੇ ਦੇ ਚੌਂਕੇ ਨੂੰ ਉਹ   ਅਕਸਰ ਲਿੱਪਦੀ  ਸੀ
ਨਾਲ ਪਾਂਡੂ ਪੋਚੇ ਦੇ ਉਹ ਨਿੱਤ ਚੁੱਲ੍ਹਾ  ਸਜਾਉਂਦੀ ਸੀ
ਕੱਢ ਲੈਂਦੀ ਸੀ ਸੁਆਹ ਵਿਚੋਂ ਦੱਬੇ  ਅੱਗ ਦੇ ਗੋਹੇ  ਨੂੰ
ਰੱਖ ਪਾਥੀਆਂ ਉੱਤੇ ਨਾਲ ਭੂਕਣੇ  ਫੂਕਾਂ ਲਾਉਂਦੀ ਸੀ
ਕਦੇ ਗੁੱਲੇ ਕਾਨ੍ਹੇ ਟਾਂਡੇ ਤੇ ਕਦੇ  ਕਪਾਹ ਦੀਆਂ ਛਟੀਆਂ
ਪਰ ਜਿਆਦਾਤਰ ਪਾਥੀਆਂ ਦੇ ਨਾਲ ਚੁੱਲ੍ਹਾ  ਜਲਾਉਂਦੀ ਸੀ
ਅਕਸਰ ਚਿਮਟੇ ਦੇ ਨਾਲ  ਉਹ ਅੱਗ ਫਰੋਲਦੀ ਸੀ
ਤੌੜੀ  ਪਤੀਲਾ,ਤਵਾ ਚੁੱਲ੍ਹੇ ਤੇ ਬਦਲਦੀ ਰਹਿੰਦੀ ਸੀ

ਪਾ ਪਾਥੀਆਂ ਵਿਚ ਇੱਕ ਹਾਰੇ ਉਹ ਦਾਲ ਸੀ ਰੱਖ ਦਿੰਦੀ
ਵਿੱਚ ਦੂਜੇ ਹਾਰੇ ਦੇ ਦੁੱਧ ਦੀ ਕਾੜ੍ਹਨੀ ਧਰਦੀ ਸੀ
ਚਾਟੀ  ਵਿਚ ਦਹੀਂ  ਉਹ ਨਾਲ ਰਿੜਕਦੀ ਹੱਥਾਂ ਦੇ
ਮਧਾਣੀ ਨੇਤੀ  ਦਾ ਬੜਾ  ਖਿਆਲ ਉਹ ਕਰਦੀ ਸੀ
ਉਤਾਰ ਕੇ ਮੱਖਣ ਪਾ ਲੈਂਦੀ ਸੀ ਵਿਚ ਉਹ ਕੁੱਜੇ  ਦੇ
ਲੱਸੀ ਪੀਣ ਲਈ ਫੇਰ ਉਹ ਸਾਰੇ ਛੰਨੇ  ਭਰਦੀ ਸੀ
ਪਾਣੀ ਵਾਲਾ ਘੜਾ ਵੀ ਭਰ ਕੇ ਰੱਖਦੀ ਘੜਾਊਂਜ਼ੀ ਤੇ
ਆਟਾ ਕੱਢ ਭੜੋਲੀ ਚੋਂ  ਉਹ  ਗੋਹਲਾ  ਭਰਦੀ ਸੀ
ਮੁਠੀਆਂ ਦੇ ਨਾਲ ਮਿਣਕੇ  ਉਹ ਆਟਾ ਛਾਣ ਲੈਂਦੀ
ਗੁੰਨ੍ਹ ਕੇ ਵਿਚ ਪਰਾਂਤ ਆਟੇ  ਦੇ ਪੇੜੇ ਕਰਦੀ ਸੀ

ਕੁਟਦੀ ਸੀ ਨਾਲ ਕੂੰਡੀ ਸੋਟੇ  ਮਸਾਲਾ ਸਬਜ਼ੀ ਲਈ
ਅਕਸਰ ਵਿੱਚ  ਹਾਰੇ ਦੇ ਤੜਕਾ ਦਾਲ ਨੂੰ ਲਾ  ਦਿੰਦੀ
ਕਦੇ ਕਦੇ ਕੁੱਟ ਲੈਂਦੀ ਸੀ ਉਹਚਟਨੀ  ਅੰਬੀਆਂ ਦੀ
ਕਦੇ ਪਦੀਨੇ ਦੇ ਨਾਲ ਗੰਢਿਆਂ ਦਾ ਮੇਲ ਕਰਾ ਦਿੰਦੀ
ਕਦੇ ਲੱਸੀ ਨੂੰ ਛਾਣ  ਕੇ ਉਹ ਪਨੀਰ ਬਣਾ ਲੈਂਦੀ
ਅਧਰਕ ਮਿਰਚਾਂ ਵਾਲ ਲੂਣ ਕੁੱਟਕੇ  ਵਿਚ ਇਸ ਦੇ ਪਾ ਦਿੰਦੀ
ਚਾਰ ਚੀਰਨੀਆਂ ਸਰੋਂ ਦੀਆਂ ਨਾਲ ਇੱਕ ਚੀਰਨੀ ਬਾਥੂ
ਚੀਰ ਦਾਤੀ ਨਾਲ ਵਿਚ ਸਿਆਲਾਂ ਸਾਗ ਬਣਾ ਦਿੰਦੀ
ਫੜ ਕੇ ਪੈਰਾਂ ਦੇ ਨਾਲ ਤੱਤੀ ਸਾਗ ਦੀ ਤੌੜੀ ਨੂੰ
ਘੋਟ ਘੋਟ ਕੇ ਨਾਲ ਘੋਟਣੇ ਵਿਚ ਆਲਣ  ਪਾ ਦਿੰਦੀ

ਪੋਣਾ ਖੱਦਰ ਦਾ ਉਹ ਰੱਖਦੀ ਸੀ ਵਿਚ ਬੋਹੀਏ ਦੇ
ਚੱਕਲੇ ਵੇਲਣੇ ਨਾਲ ਪੇੜੇ ਦੀ ਰੋਟੀ ਬਣਾ ਲੈਂਦੀ
ਨਾਲ ਖੁਰਚਣੇ  ਗਰਮ ਤਵੇ ਤੇ ਰੋਟੀ ਥੱਲਦੀ ਸੀ
ਫਿਰ ਵਿਚ ਚੁੱਲ੍ਹੇ ਦੇ ਰੋਟੀ ਨੂੰ ਉਹ ਰੱਖ ਫੂਲਾ ਲੈਂਦੀ
ਰੋਟੀਆਂ  ਚੋਪੜ ਕੇ ਧਰ ਦਿੰਦੀ ਸੀ ਵਿਚ  ਛਾਬੇ ਦੇ
ਪਾਕੇ ਥਾਲੀਆਂ ਦੇ ਵਿਚ ਨਾਲੇ ਨਾਲ ਵਰਤਾ ਦਿੰਦੀ
ਜੋ ਕੁਝ ਬਚ ਜਾਂਦਾ ਉਹ ਰੱਖ ਦਿੰਦੀ ਸੀ ਵਿਚ ਆਲੇ ਦੇ
ਅੱਗ ਦੇ ਗੋਹੇ ਨੂੰ ਉਹ ਸੁਆਹ ਦੇ ਵਿਚ ਦਬਾ ਦਿੰਦੀ
ਨਾਲ ਸੁਆਹ ਦੇ ਝੱਟ ਹੀ ਭਾਂਡੇ ਮਾਂਜਕੇ ਰੱਖ ਦਿੰਦੀ
ਖਾ ਖੁਆਕੇ  ਰੋਟੀ ਮਗਰੋਂ ਚੌਂਕਾ  ਚਮਕਾ ਦਿੰਦੀ

ਹਰ ਜੀ 08/11/2017

No comments:

Post a Comment