Tuesday, 18 April 2017

ਸੰਨੀਆ ਨੂੰ ਸਮਰਪਿਤ


ਉਹ ਨੰਨੀ ਸੀ ਚਿੜੀ
ਫੁਦਕਦੀ ਸੀ ਰਹਿੰਦੀ
ਲੱਤਾਂ ਨੂੰ ਚਿੰਬੜਕੇ
ਸਦਾ ਪਾਪਾ ਸੀ ਕਹਿੰਦੀ
ਪਤਾ ਨੀ ਲੱਗਿਆ
ਕਦ ਬੜੀ ਹੋ ਗਈ ਉਹ
ਪਾਪਾ ਤੇ ਮੰਮੀ ਵਿਚਲੀ
ਕੜੀ ਹੋ ਗਈ ਉਹ
ਦੇਖਦੇ ਹੀ ਦੇਖਦੇ
ਉੜਨੇ ਲੱਗੀ ਉਹ
ਚਸ਼ਮੇ ਤੋਂ ਕਦ
ਬਣ ਗਈ ਨਦੀ ਉੁਹ
ਕਿੰਨੇ ਹੀ ਚਾਵਾੰ ਨਾਲ
ਉਹਦੇ ਮੈਂ ਕਾਜ ਰਚਾਏ ਸੀ
ਯਾਰਾੰ ਸੰਗ ਰੱਜ ਕੇ
ਮੈਂ ਉਹਦੇ ਸ਼ਗਨ ਮਨਾਏ ਸੀ
ਪਤਾ ਨੀ ਕਦ ਉਹਨੇ
ਕਰਲੀ ਸੀ ਤਿਆਰੀ
ਛੱਡ ਕੇ ਇਕੱਲਾ ਕਿਉੰ
ਮਾਰ ਗਈ ਉਹ ਉਡਾਰੀ
ਕਿੱਥੋਂ ਲਿਆਵਾਂਗਾ ਮੈਂ
ਲੱਭ ਹੁਣ ਚਿੜੀ ਨੂੰ
ਵਿਹੜੇ ਅਪਣੇ ਦੀ
ਉੁਸ ਫੁੱਲਝੜੀ ਨੂੰ
ਹਰ ਜੀ ੨੭/੧੦।੨੦੧੬

ਆਪਾਂ ਕਵਿਤਾ ਲਿਖੀਏ


ਚੱਲ ਆਪਾਂ ਇੱਕ ਕਵਿਤਾ ਲਿਖੀਏ
ਬਹਿ ਕੇ ਨਦੀ ਕਿਨਾਰੇ
ਵਿੱਚ ਕਵਿਤਾ ਦੇ ਸਭ ਕੁਝ ਲਿਖੀਏ
ਧਰਤੀ ਸੂਰਜ ਚੰਨ ਤੇ ਤਾਰੇ
ਤੂੰ ਜੋ ਤੱਕੇਂ ਉਹ ਮੈਂ ਵੇਖਾਂ
ਵਿੱਚ ਤੇਰੀਆੰ ਅੱਖਾਂ
ਤੂੰ ਥੱਕੇਂ ਨਾਂ ਕੁਦਰਤ ਤੱਕਦੀ
ਮੈਂ ਤੈਨੂੰ ਤੱਕਦਾ ਨਾਂ ਥੱਕਾਂ
ਤੇਰੇ ਹਰ ਇੱਕ ਖਿਆਲ ਨੂੰ ਪੜ੍ਹਨਾ
ਮੈੰ ਤੇਰੀਆੰ ਅੱਖਾਂ ਚੋ ਸਿੱਖਾੰ
ਜੋ ਤੂੰ ਸੋਚੇਂ  ਤੱਕ ਕੇ ਕੁਦਰਤ
ਉਹ ਕਾਗ਼ਜ਼ ਤੇ ਮੈਂ ਲਿੱਖਾਂ 
ਇੱਕ ਇੱਕ ਅੱਖਰ ਜੋੜਕੇ ਮੈਂ ਫਿਰ
ਗੁੰਦਾਂ  ਸ਼ਬਦਾਂ ਦੀ ਮਾਲ਼ਾ
ਵਿੱਚ ਕਵਿਤਾ ਦੇ ਚਿੱਤਰ ਦਿਆਂ  ਉਹ
ਜੋ ਹੈ ਤੇਰੇ ਵਿੱਚ ਖਿਆਲਾਂ
ਅਕਸਰ ਆਪਾਂ ਨਿੱਤ ਨਵੀਂ ਥਾਂ  ਤੇ
ਇੰਝ ਬਹਿ ਕੇ ਕਵਿਤਾ ਲਿਖੀਏ
ਪਿਆਰ ਤੇ ਕੁਦਰਤ ਦੇ ਸੁਮੇਲ ਚੋ
ਜੀਵਣ ਦੀ ਜਾਂਚ ਸਿੱਖੀਏ
ਹਰ ਜੀ ੦੭/੧੦/੨੦੧੬

ਮੈਂ ਚੁੱਪ ਹਾਂ

 
ਇਸ ਦਾ ਮਤਲਬ ਇਹ ਨਹੀਂ 
ਕਿ ਮੈਂ ਨਰਾਜ਼  ਹਨ 
ਨਾਹੀਂ  ਇਹ 
ਕਿ ਮੈਂ ਆਜ਼ਾਦ ਹਾਂ 
ਚੁੱਪ ਇਸ ਕਰਕੇ ਵੀ ਨਹੀਂ 
ਕਿ ਮੈਂ ਡਰ ਗਿਆ 
ਜਾਂ  ਇਸ ਕਰਕੇ ਹਾਂ 
ਕਿ ਮੈਂ ਮਰ ਗਿਆ 
ਮੇਰੀ ਚੁੱਪੀ ਦਾ ਕਾਰਨ 
ਮੇਰੀ ਪ੍ਰੇਸ਼ਾਨੀ ਵੀ ਨਹੀਂ 
ਤੇ ਇਸ ਵਿਚ ਸ਼ਾਮਲ 
ਤੇਰੀ ਸ਼ੈਤਾਨੀ ਵੀ ਨਹੀਂ 
ਮੈਂ ਚੁੱਪ ਇਸ ਕਰਕੇ ਵੀ ਨਹੀਂ 
ਕਿ ਮੈਂ ਕੋਈ ਘੜਤਾਂ  ਘੜਦਾਂ 
ਤੇ ਨਾਂ ਹੀ  ਚੁੱਪ ਇਸ ਕਰਕੇ ਹਾਂ 
ਕਿ ਮੈਂ ਤੇਰੇ ਤੋਂ ਸੜਦਾਂ 
ਮੇਰੀ ਚੁੱਪੀ ਦਾ ਕਾਰਨ 
ਮੇਰਾ ਕੁਝ ਖੋ ਜਾਣਾ ਵੀ ਨਹੀਂ 
ਤੇ ਇਸ ਨੂੰ ਧਾਰਨ ਵਿਚ 
ਰੱਬ ਦਾ ਕੋਈ ਭਾਣਾ ਵੀ ਨਹੀਂ 
ਇਸ ਕਰਕੇ ਵੀ ਮੈਂ ਚੁੱਪ ਨਹੀਂ 
ਕਿ ਮੈਂ ਬਿਮਾਰ ਹਾਂ 
ਨਾਹੀਂ  ਇਸ ਕਰਕੇ ਚੁੱਪ ਹਾਂ 
ਕਿ ਮੈਂ ਬੇਕਰਾਰ ਹਾਂ 
ਮੈਂ ਚੁੱਪ ਇਸ ਕਰਕੇ ਵੀ ਨਹੀਂ 
ਕਿ ਮੈਂ ਕੁਝ ਸੋਚਦਾਂ 
ਨਾਂਹੀ ਇਸ ਕਰਕੇ ਹਾਂ 
ਕਿ ਮੈਂ ਕੁਝ ਪਾਉਣ ਲਈ ਲੋਚਦਾਂ 
ਮੈਂ ਤਾਂ ਬਸ ਚੁੱਪ ਹਾਂ  
ਇਹ ਦੇਖਣ ਲਈ 
ਕਿ ਕੀ  ਮੈਂ ਕਦੇ 
ਚੁੱਪ ਵੀ ਰਹਿ ਸਕਦਾਂ 

ਹਰ ਜੀ 01/09/2016

ਬਾਬੇ ਦਾ ਕਾਰੋਬਾਰ



ਪਹਿਲਾੰ ਰੱਬ ਨੂੰ ਹਊਆ ਬਣਾਕੇ
ਲੋਕਾਂ ਵਿੱਚ ਉਹਦਾ ਡਰ ਬਹਾਕੇ
ਫਿਰ ਉਹਨੂੰ ਕਿਸੇ ਥਾਂ ਤੇ ਛੁਪਾਕੇ
ਬਹਿ ਗਿਆ ਬਾਬਾ ਜੰਗਲ਼ ਵਿੱਚ ਜਾਕੇ

ਦੋ ਚਾਰ ਚੇਲੇ ਉਸ ਨਾਲ ਰਲਾਏ
ਗਲੀ ਮੁਹੱਲੇ ਚ ਢੰਡੋਰੇ ਪਿਟਵਾਏ
ਬਾਬਾ ਜੀ ਇੱਕ ਇੱਧਰ ਨੇ ਆਏ
ਵਿੱਚ ਕੁਟੀਆ ਉਹਨਾਂ ਡੇਰੇ ਨੇ ਲਾਏ

ਬਾਬਾ ਜੀ ਰੱਬ ਦੀ ਰਜ਼ਾ ਚ ਵਸਦੇ
ਤਾੰਹੀ ਤਾਂ ਸਦਾ ਰਹਿੰਦੇ ਨੇ ਹੱਸਦੇ
ਰੱਬ ਨੂੰ ਪਾਉਣ ਦਾ ਰਸਤਾ ਨੇ ਦੱਸਦੇ
ਦੁੱਖ ਕਲੇਸ਼ ਉਹਨਾਂ ਤੋਂ ਦੂਰ ਨੇ ਨੱਸਦੇ

ਜੇ ਰੱਬ ਨੂੰ ਤੁਸੀਂ ਪਾਉਣਾ ਚਾਹੁੰਦੇ 
ਉਸ ਦਾ ਡਰ ਮੁਕਾਉਣਾ ਚਾਹੁੰਦੇ
ਝੋਲੀ ਵਿੱਚ ਖ਼ੁਸ਼ੀ ਪਾਉਣਾ ਚਾਹੁੰਦੇ 
ਘਰ ਵਿੱਚ ਸ਼ਾਂਤੀ ਲਿਆਉਣਾ ਚਾਹੁੰਦੇ

ਬਾਬਾ ਜੀ ਦੇ ਦਰਬਾਰ ਚ ਆਓ
ਤਿਲ ਫੁੱਲ ਭੇਟਾ ਨਾਲ ਲਿਆਓ
ਰੱਬ ਦੇ ਨਾਂ ਦਾ ਪ੍ਰਸਾਦ ਕਰਾਓ 
ਫਿਰ ਤੁਸੀਂ ਮਨ ਇੱਛੇ ਫਲ ਪਾਓ

ਂਆਪੇ ਗੁਆਇਆ ਆਪੇ ਲਭਾਇਆ
ਜਨਤਾ ਨੂੰ ਭੰਬਲਭੂਸੇ ਵਿੱਚ ਪਾਇਆ
ਕੁਟੀਆ ਦੀ ਥਾਂ ਹੁਣ ਮਹਿਲ ਬਣਾਇਆ
ਬਾਬੇ ਨੇ ਚੰਗਾ ਕਾਰੋਬਾਰ ਚਲਾਇਆ

ਹਰ ਜੀ ੦੯/੦੮/੨੦੧੬

ਯਾਰ ਬਾਪੂ


ਸਾਡੇ ਨਾਲ ਸਾਡੇ ਸਾਰੇ ਮਿਲਣ ਵਾਲੇ
ਸੱਦਦੇ ਉਸ ਨੂੰ ਨਾਲ ਸਤਿਕਾਰ ਬਾਪੂ 
ਚੜ੍ਹਦੀ ਉਮਰੇ ਜਿਹਤੋ ਸੀ ਡਰ ਲਗਦਾ
ਹੁਣ ਤਾਂ ਬਣ ਗਿਆ ਸੀ ਉਹ ਯਾਰ ਬਾਪੂ
ਬਿਨ ਪਿਓ ਤੋਂ ਬਚਪਨ ਗੁਜਾਰਿਆ ਜਿਸ
ਮਾ ਮਾਮੇ ਨੇ ਪਾਲਿਆ ਸੀ ਮੇਰਾ ਬਾਪੂ
ਗਲ਼ ਪਈ ਹਰ ਇਕ ਮਜਬੂਰੀ ਨੂੰ
ਲੈੰਦਾ ਸ਼ੌਕ ਬਣਾ ਸੀ ਮੇਰਾ ਬਾਪੂ
ਛੱਡ ਪੜ੍ਹਾਈ ਜਮਾਤ ਉਹ ਨੌਂਵੀਂ ਪਿੱਛੋਂ
ਬਣ ਘਰ ਦਾ ਗਿਆ ਸੀ ਮੁਖ਼ਤਿਆਰ ਬਾਪੂ
ਚੜ੍ਹਦੀ ਉਮਰੇ ਜਿਹਤੋ ਡਰ ਲਗਦਾ ਸੀ
ਹੁਣ ਤਾਂ ਬਣ ਗਿਆ ਸੀ ਉਹ ਯਾਰ ਬਾਪੂ
ਛੋਟਾ ਜੁੱਸਾ ਸੀ ਪਰ ਦਿਲ ਸੀ ਬਹੁਤ ਵੱਡਾ
ਵਿਚ ਮੁਸੀਬਤਾੰ ਕਦੇ ਨਾਂ ਘਬਰਾਇਆ ਬਾਪੂ
ਸੱਚ ਦਾ ਸਾਥ ਦੇਣਾ ਤੇ ਲੋੜਵੰਦ ਨਾਲ ਖੜਣਾ
ਇਹੀ ਸਬਕ ਸਾਨੂੰ ਸਦਾ ਸਿਖਾਇਆ ਬਾਪੂ
ਘਰ ਕੱਲਾ ਸੀ ਭਾਵੇਂ ਪਿੰਡ ਵਿੱਚ ਸਾਡਾ
ਫਿਰ ਵੀ ਮੋਹਤਵਾਰਾੰ ਦਾ ਸੀ ਲਾਣੇਦਾਰ ਬਾਪੂ
ਚੜ੍ਹਦੀ ਉਮਰੇ ਜਿਹਤੋ ਸੀ ਡਰ ਲਗਦਾ
ਹੁਣ ਤਾਂ ਬਣ ਗਿਆ ਸੀ ਉਹ ਯਾਰ ਬਾਪੂ
ਡੋਲਿਆ ਉਦੋਂ ਵੀ ਨਹੀਂ ਸੀ ਸਾਡਾ ਬਾਪੂ
ਬੇਬੇ ਤੁਰ ਗਈ ਸੀ ਜਦ ਛੱਡ ਕੱਲਾ
ਕਿੰਨੇ ਦੁੱਖ ਤਕਲੀਫ਼ਾਂ ਚੋੰ ਭਾਵੇਂ ਲੰਘਿਆ ਉਹ
ਕਦੇ ਵੀ ਕੀਤਾ ਨੀ ਉਸ ਰੱਬ ਦੇ ਨਾਲ ਗਿਲਾ
ਚੜ੍ਹਦੀ ਕਲਾ ਸਦਾ ਹੀ ਗੱਲ ਕੀਤੀ
ਹੋਇਆ ਜਦ ਵੀ ਕਦੇ ਬਿਮਾਰ ਬਾਪੂ
ਚੜ੍ਹਦੀ ਉਮਰੇ ਜਿਹਤੋ ਸੀ ਡਰ ਲਗਦਾ
ਹੁਣ ਤਾਂ ਬਣ ਗਿਆ ਸੀ ਉਹ ਯਾਰ ਬਾਪੂ
ਸ਼ਾਮੀ ਫੜਕੇ ਵਿੱਚ ਹੱਥ ਗਲਾਸੀਆਂ ਨੂੰ
ਮੈਂ ਤੇ ਬਾਪੂ ਨਿੱਤ ਮਹਿਫ਼ਲ ਸਜਾ ਲੈਂਦੇ
ਬਚਪਨ ਤੇ ਪਿੰਡ ਦੀਆ ਕਰ ਲੈਂਦੇ ਗੱਲਾੰ
ਧੁੰਦਲੀਆਂ ਯਾਦਾਂ ਨੂੰ ਅਸੀਂ ਲਿਸ਼ਕਾਂ ਲੈਂਦੇ
ਛੱਡ ਤੁਰ ਗਿਆ ਅਗਲੀ ਯਾਤਰਾ ਤੇ
ਪਿੱਛੇ ਸੁੱਖੀ ਅਪਣਾ ਪਰਵਾਰ ਬਾਪੂ
ਚੜ੍ਹਦੀ ਉਮਰੇ ਜਿਹਤੋ ਡਰ ਲਗਦਾ ਸੀ
ਹੁਣ ਤਾਂ ਬਣ ਗਿਆ ਸੀ ਉਹ ਯਾਰ ਬਾਪੂ
Har Ji 20/08/2016

ਟਾਹਲੀ ਦਾ ਬੂਟਾ



ਸੋਚਿਆ ਦਿਨ ਚੰਗਾ
ਤੇ ਕਲ ਮੀਂਹ ਵੀ ਪੈਣਾ
ਕਿਉਂ ਨਾਂ ਲਾ ਦੇਵਾਂ 
ਉਹ ਟਾਹਲੀ ਦਾ ਬੂਟਾ 
ਜਿਸ ਨੂੰ ਲਾਉਣ ਦੀ ਖਾਹਿਸ਼ 
ਚਿਰਾਂ ਤੋਂ ਲੈਕੇ ਬੈਠਾ ਸਾਂ 
ਕਹੀ ਨਾਲ ਪੁੱਟਿਆ ਟੋਇਆ
ਧਰਤੀ ਦੀ ਹਿੱਕ ਤੇ
ਰੂੜੀ ਪਾਕੇ ਬੂਟਾ ਲਾਇਆ
ਪਾਣੀ ਦੇ ਕੇ ਮੂੰਹ ਮੋੜਿਆ ਹੀ ਸੀ
ਕਿ ਪਿੱਛੋਂ ਅਵਾਜ਼ ਜਿਹੀ ਸੁਣੀ
ਮੁੜ ਕੇ ਦੇਖਿਆ
ਤਾਂ ਇੰਝ ਲੱਗਿਆ ਜਿਵੇਂ 
ਉਹ ਨਵਾਂ ਲਾਇਆ ਬੂਟਾ
ਕਹਿ ਰਿਹਾ ਹੋਵੇ
ਦੇਖ ਤੂੰ ਮੈਨੂੰ ਨਵਾਂ ਜੀਵਨ ਦਿੱਤਾ
ਮੈਂ ਤੈਨੂੰ ਛਾੰ ਤੇ ਲੱਕੜੀ ਦੇਵਾਂਗਾ 
ਪਰ ਵਾਅਦਾ ਕਰ ਮੇਰੇ ਨਾਲ
ਤੂੰ ਮੇਰੇ ਤੇ ਕਦੀ 
ਖ਼ੁਦਕੁਸ਼ੀ ਵਾਲਾ 
ਰੱਸਾ ਨਹੀਂ ਪਾਵੇਗਾ?

ਹਰ ਜੀ ੦੭/੦੮/੨੦੧੬

ਧਰਮ ਦਾ ਭੰਬਲ਼ਭੂਸਾ



ਨਾਂ ਮੈਂ ਧਾਰਮਿਕ ਬਣ ਸਕਿਆ
ਨਾਂ ਇਨਸਾਨ ਬਣ ਸਕਿਆ
ਨਾਂ ਮੈਂ ਖ਼ੁਦ ਹੀ ਰਿਹਾ
ਨਾਂ ਮੈਂ ਸ਼ਤਾਨ ਬਣ ਸਕਿਆ

ਪੈਸੇ ਗੋਲਕਾਂ ਚ ਪਾਕੇ
ਮੱਥੇ ਦਵਾਰ ੳੱੁਤੇ ਰਗੜੇ
ਕਿਤੇ ਲੱਖਾਂ ਹੀ ਪਾਠ
ਪਰ ਕੁਛ ਸਮਝ ਨਾਂ ਸਕਿਆ

ੳਂੁਝ ਪੂਜਦਾ ਰਿਹਾ ਮੈਂ 
ਉਹਦੀ ਮੂਰਤ ਨੂੰ ਸਦਾ
ਪਰ ਉਹਦੇ ਫਲਸਫੇ  ਨੂੰ 
ਕਦੇ ਮੈਂ ਸਮਝ ਨਾਂ ਸਕਿਆ

ਦੇਖੀ ਹੁੰਦੀ ਮੈਂ ਲੁੱਟ
ਉਹਦੇ ਨਾਂ ਦੀ ਦੁਕਾਨ ਤੇ
ਨਾਂ ਮੈਂ ਜਰ ਹੀ ਸਕਿਆ
ਨਾਂ ਮੈਂ ਰੋਕ ਹੀ ਸਕਿਆ

ਧਰਮ ਦੇ ਭੰਬਲ਼ਭੂਸੇ ਚ
ਗੁੰਮਿਆ ਮੈਂ ਐਸਾ 
ਨਾਂ ਮੈਂ ਸਮਝ ਹੀ ਸਕਿਆ
ਨਾਂ ਮੈਂ ਸੋਚ ਹੀ ਸਕਿਆ

ਹਰ ਜੀ ੨੪/੦੭/੨੦੧੬