Tuesday, 18 April 2017

ਯਾਰ ਬਾਪੂ


ਸਾਡੇ ਨਾਲ ਸਾਡੇ ਸਾਰੇ ਮਿਲਣ ਵਾਲੇ
ਸੱਦਦੇ ਉਸ ਨੂੰ ਨਾਲ ਸਤਿਕਾਰ ਬਾਪੂ 
ਚੜ੍ਹਦੀ ਉਮਰੇ ਜਿਹਤੋ ਸੀ ਡਰ ਲਗਦਾ
ਹੁਣ ਤਾਂ ਬਣ ਗਿਆ ਸੀ ਉਹ ਯਾਰ ਬਾਪੂ
ਬਿਨ ਪਿਓ ਤੋਂ ਬਚਪਨ ਗੁਜਾਰਿਆ ਜਿਸ
ਮਾ ਮਾਮੇ ਨੇ ਪਾਲਿਆ ਸੀ ਮੇਰਾ ਬਾਪੂ
ਗਲ਼ ਪਈ ਹਰ ਇਕ ਮਜਬੂਰੀ ਨੂੰ
ਲੈੰਦਾ ਸ਼ੌਕ ਬਣਾ ਸੀ ਮੇਰਾ ਬਾਪੂ
ਛੱਡ ਪੜ੍ਹਾਈ ਜਮਾਤ ਉਹ ਨੌਂਵੀਂ ਪਿੱਛੋਂ
ਬਣ ਘਰ ਦਾ ਗਿਆ ਸੀ ਮੁਖ਼ਤਿਆਰ ਬਾਪੂ
ਚੜ੍ਹਦੀ ਉਮਰੇ ਜਿਹਤੋ ਡਰ ਲਗਦਾ ਸੀ
ਹੁਣ ਤਾਂ ਬਣ ਗਿਆ ਸੀ ਉਹ ਯਾਰ ਬਾਪੂ
ਛੋਟਾ ਜੁੱਸਾ ਸੀ ਪਰ ਦਿਲ ਸੀ ਬਹੁਤ ਵੱਡਾ
ਵਿਚ ਮੁਸੀਬਤਾੰ ਕਦੇ ਨਾਂ ਘਬਰਾਇਆ ਬਾਪੂ
ਸੱਚ ਦਾ ਸਾਥ ਦੇਣਾ ਤੇ ਲੋੜਵੰਦ ਨਾਲ ਖੜਣਾ
ਇਹੀ ਸਬਕ ਸਾਨੂੰ ਸਦਾ ਸਿਖਾਇਆ ਬਾਪੂ
ਘਰ ਕੱਲਾ ਸੀ ਭਾਵੇਂ ਪਿੰਡ ਵਿੱਚ ਸਾਡਾ
ਫਿਰ ਵੀ ਮੋਹਤਵਾਰਾੰ ਦਾ ਸੀ ਲਾਣੇਦਾਰ ਬਾਪੂ
ਚੜ੍ਹਦੀ ਉਮਰੇ ਜਿਹਤੋ ਸੀ ਡਰ ਲਗਦਾ
ਹੁਣ ਤਾਂ ਬਣ ਗਿਆ ਸੀ ਉਹ ਯਾਰ ਬਾਪੂ
ਡੋਲਿਆ ਉਦੋਂ ਵੀ ਨਹੀਂ ਸੀ ਸਾਡਾ ਬਾਪੂ
ਬੇਬੇ ਤੁਰ ਗਈ ਸੀ ਜਦ ਛੱਡ ਕੱਲਾ
ਕਿੰਨੇ ਦੁੱਖ ਤਕਲੀਫ਼ਾਂ ਚੋੰ ਭਾਵੇਂ ਲੰਘਿਆ ਉਹ
ਕਦੇ ਵੀ ਕੀਤਾ ਨੀ ਉਸ ਰੱਬ ਦੇ ਨਾਲ ਗਿਲਾ
ਚੜ੍ਹਦੀ ਕਲਾ ਸਦਾ ਹੀ ਗੱਲ ਕੀਤੀ
ਹੋਇਆ ਜਦ ਵੀ ਕਦੇ ਬਿਮਾਰ ਬਾਪੂ
ਚੜ੍ਹਦੀ ਉਮਰੇ ਜਿਹਤੋ ਸੀ ਡਰ ਲਗਦਾ
ਹੁਣ ਤਾਂ ਬਣ ਗਿਆ ਸੀ ਉਹ ਯਾਰ ਬਾਪੂ
ਸ਼ਾਮੀ ਫੜਕੇ ਵਿੱਚ ਹੱਥ ਗਲਾਸੀਆਂ ਨੂੰ
ਮੈਂ ਤੇ ਬਾਪੂ ਨਿੱਤ ਮਹਿਫ਼ਲ ਸਜਾ ਲੈਂਦੇ
ਬਚਪਨ ਤੇ ਪਿੰਡ ਦੀਆ ਕਰ ਲੈਂਦੇ ਗੱਲਾੰ
ਧੁੰਦਲੀਆਂ ਯਾਦਾਂ ਨੂੰ ਅਸੀਂ ਲਿਸ਼ਕਾਂ ਲੈਂਦੇ
ਛੱਡ ਤੁਰ ਗਿਆ ਅਗਲੀ ਯਾਤਰਾ ਤੇ
ਪਿੱਛੇ ਸੁੱਖੀ ਅਪਣਾ ਪਰਵਾਰ ਬਾਪੂ
ਚੜ੍ਹਦੀ ਉਮਰੇ ਜਿਹਤੋ ਡਰ ਲਗਦਾ ਸੀ
ਹੁਣ ਤਾਂ ਬਣ ਗਿਆ ਸੀ ਉਹ ਯਾਰ ਬਾਪੂ
Har Ji 20/08/2016

No comments:

Post a Comment