Tuesday, 28 May 2013

ਮੇਰਾ ਭੁਲੇਖਾ

 ਬਰਸਾਤ ਦੀ  ਓਹ ਸ਼ਾਮ 
ਕਾਲੀ ਘਨਘੋਰ ਘਟਾ 
ਬੱਦਲਾਂ ਦੀ ਗਰਜ਼ 
ਬਿਜਲੀ ਦੇ  ਲਿਸ਼ਕਾਰੇ 
ਪੱਛੋਂ ਦੀ ਹਵਾ ਦੇ ਬੁੱਲੇ 
ਮੋਟੀਆਂ ਕਿਣੀਆਂ ਦੀ  ਵਾਛੜ 
ਸੁੰਨੀ ਸੜਕ ਪਿੰਡ ਵਾਲਾ ਮੋੜ 
ਅਚਾਨਕ ਸਾਹਮਣੇ ਆ ਗਿਆ 
ਇੱਕ ਇਨਸਾਨੀ ਅਕਸ 
ਚਿੱਕੜ ਨਾਲ ਲੱਥ ਪੱਥ 
ਤੇ ਹੋਇਆ ਸੀ ਸਾਹੋ ਸਾਹੀ
ਮੇਰੇ ਵੱਲ ਤੱਕਿਆ ਤੇ 
ਇਕ ਹੀ ਝਟਕੇ ਨਾਲ 
ਸੜਕ ਦੇ ਉਸ ਪਾਰ 
ਵੜ ਗਿਆ ਕਮਾਦ ਦੇ ਖੇਤ ਚ  
ਤੇ ਗੁੰਮ ਸੁੰਮ ਹੋਇਆ 
ਕਿੰਨਾ ਚਿਰ ਖੜਕੇ 
ਰਿਹਾ ਮੈਂ ਦੇਖਦਾ 
ਉਸ ਖੇਤ ਵੱਲ 
ਕੀ ਸ਼ਾਇਦ ਆਵੇਗਾ 
ਓਹ ਵਾਪਿਸ ਪਰ ਨਹੀਂ 

ਅੱਜ ਵੀ ਉਸ ਮੋੜ ਤੇ ਆਕੇ 
ਰੁਕ ਜਾਂਦੇ ਨੇ ਮੇਰੇ ਕਦਮ
ਜਾਂਦੀ ਹੈ ਘੁੰਮ ਗਰਦਨ
ਉਸ ਕਮਾਦ ਦੇ ਖੇਤ ਵੱਲ 
ਤੇ ਆ ਜਾਂਦਾ ਹੈ ਅੱਖਾਂ ਮੁਹਰੇ  
ਸਿਰ ਚੋਂ ਨਿੱਕ੍ਲ੍ਦੀਆਂ 
ਮੁਖੜੇ ਤੋਂ ਰਸਤਾ ਬਣਾਉਦੀਆਂ 
ਆਕੇ ਕੁੜਤੀ ਚ ਸ੍ਮੌਦੀਆਂ 
ਓਹਨਾਂ ਘਰਾਲਾਂ ਦਾ ਦਰਿਸ਼ 
ਤੇ ਗੂੰਜਦੇ ਨੇ ਕੰਨਾ ਚ   
ਉਸਦੇ ਓਹ ਉੱਚੇ ਸਾਹ 
ਉਠ੍ਦਾ ਹੈ ਮਨ ਚ ਸਵਾਲ
ਕੌਣ ਸੀ ਓਹ 
ਅਸਲੀ ਸੀ ਜਾਂ ਮੇਰਾ ਭੁਲੇਖਾ 
ਤੇ ਕਿੱਥੇ ਹੋਗਿਆ ਓਹ ਗੁਮ 
ਨਹੀਂ ਮਿਲਿਆ ਅੱਜ ਤੱਕ  
ਇਸਦਾ ਜਵਾਬ ਮੈਨੂੰ
ਅੱਜ  ਦੁਨਿਆ ਛੋਟੀ ਜਿਹੀ 

ਮੈਂ ਕੌਣ ਹਾਂ

ਮੈਂ ਕੌਣ ਹਾਂ 
ਇੱਕ ਇਨਸਾਨ ਹਾਂ 
ਜਾਂ ਇਨਸਾਨ ਦੇ 
ਇਸ ਭੇਖ ਵਿਚ 
ਇੱਕ ਸ਼ੈਤਾਨ ਹਾਂ 
ਬਸ ਇਹੀ ਸੋਚ ਸੋਚ  
ਮੈਂ ਪਰੇਸ਼ਾਨ ਹਾਂ 

ਕਦੇ ਤਾਂ ਓਹਦਾ 
ਇੱਕ ਅੱਥਰੂ ਹੀ 
ਦਿੰਦਾ ਹੈ .ਪਿਘਲਾ 
ਮੇਰੇ ਪੱਥਰ ਦਿਲ ਨੂੰ 
ਕਦੇ ਅੱਥਰੂਆਂ ਦੀ 
ਉਸ ਬਰਸਾਤ ਦਾ ਵੀ 
ਹੁੰਦਾ ਨੀ ਭੋਰਾ ਅਸਰ ਇਸਤੇ 

ਕਦੇ ਉਸਦੀ ਇੱਕ ਸਿਸਕੀ ਵੀ 
ਪਹੁੰਚ ਜਾਂਦੀ ਹੈ ਦੂਰ ਦੁਰਾਡੇ 
ਮੇਰੇ ਕੰਨਾਂ ਵਿਚ 
ਤੇ ਕਦੇ ਕੋਲ ਬੈਠ ਕੇ ਵੀ 
ਨਹੀਂ ਸੁਣਾਈ  ਦਿੰਦੀ ਮੈਨੂੰ 
ਉਸਦੀਆਂ ਸਿਸਕੀਆਂ ਦੀ ਅਵਾਜ਼ 

ਕਦੇ ਤਾਂ ਪਹੁੰਚ ਜਾਂਦੇ ਨੇ 
ਮੇਰੇ ਹਥ ਕੋਹਾਂ ਦੀ ਦੂਰੀ ਤਹਿ ਕਰਕੇ 
ਉਸਦਾ ਇੱਕ ਅੱਥਰੂ ਭੂੰਝਣ ਲਈ 
ਤੇ ਕਦੇ ਨਹੀਂ ਚਲਦੇ ਓਹ 
ਇੱਕ ਕਦਮ ਵੀ 
ਹੰਝੂਆਂ ਦੀ ਬਰਸਾਤ ਵੇਲੇ 
 
ਕੀ ਇਹ ਡਰ ਹੈ 
ਬੱਦਲਾਂ ਦੀ ਗਰਜ਼ ਦਾ
ਬਿਜਲੀ ਦੇ  ਲਿਸ਼ਕਾਰੇ ਦਾ
ਬਰਸਾਤ ਚ ਤਿਲਕਣ ਦਾ 
ਕਿ ਜਾਂਦਾ ਹਾਂ ਬੈਠ ਮੈਂ 
 ਇੱਕ ਝਾਹੇ ਵਾਂਗ 
 ਫਿੰਡ ਜਿਹੀ ਬਣਕੇ 
ਸਭ ਕੁਝ ਤੋਂ ਹੋ ਬੇਖਬਰ 

ਜਾਂ ਫਿਰ ਜਾਗ ਜਾਂਦਾ ਹੈ 
ਮੇਰੇ ਵਿਚਲਾ ਸ਼ੈਤਾਨ 
ਇਸ ਸਭ ਨੂੰ ਖਤਰਾ ਸਮਝਕੇ 
ਤੇ ਹੋ ਜਾਂਦਾ ਹੈ 
ਲੜਣ ਲਈ ਤਿਆਰ 

ਮੈਂ ਕੌਣ ਹਾਂ 
ਇੱਕ ਇਨਸਾਨ ਹਾਂ 
ਜਾਂ ਇਨਸਾਨ ਦੇ 
ਇਸ ਭੇਖ ਵਿਚ 
ਇੱਕ ਸ਼ੈਤਾਨ ਹਾਂ 
ਬਸ ਇਹੀ ਸੋਚ ਸੋਚ  
ਮੈਂ ਪਰੇਸ਼ਾਨ ਹਾਂ 

Sunday, 31 March 2013

ਓਹਦੀ ਪੀੜ

ਮੈਂ ਓਹਦੀ ਪੀੜ ਨੂੰ ਜ਼ਰ ਨਹੀਂ ਸਕਦਾ
ਓਹਦੇ ਲਈ ਕੁਝ ਕਰ ਨਹੀਂ ਸਕਦਾ
ਓਹਦੇ ਸਾਹਮਣੇ ਬੈਠ ਕਦੇ ਵੀ
ਅੱਖਾਂ ਚ ਪਾਣੀ ਭਰ ਨਹੀਂ ਸਕਦਾ

ਅੰਦਰੋਂ ਅੰਦਰ ਹੀ ਰੋਂਦਾ ਰਹਿਨਾ
ਓਹਨੂੰ ਪੀੜ ਵਿਚ ਵੇਹੰਦਾ ਰਹਿਨਾ
ਆਪਣੇ ਅੰਦਰ ਦੇ ਜ਼ਖਮਾਂ ਨੂੰ
ਖਾਰੇ ਹੰਝੂਆਂ ਨਾਲ ਧੋਂਦਾ ਰਹਿਨਾ

ਕਿੱਦਾਂ ਓਹਦੀ ਮੈਂ ਪੀੜ ਵੰਡਾਵਾਂ
ਕਿਹੜੀ ਓਹਦੇ ਮਲ੍ਹਮ ਲਾਵਾਂ
ਗੁਮ ਗਈ ਜੋ ਓਹਦੇ ਚੇਹਰੇ ਤੋਂ
ਵਾਪਿਸ ਕਿਦਾਂ ਓਹ ਖੁਸ਼ੀ ਲਿਆਵਾਂ

ਆਪਣੇ ਵੱਲੋਂ ਕੋਸ਼ਿਸ ਕਰਦਾਂ
ਨਾਲ ਪਿਆਰ ਓਹਦੇ ਜਖ੍ਮ ਮੈਂ ਭਰਦਾਂ
ਕਿਤੇ ਪੀੜ ਇਹ ਹੋਰ ਨਾਂ ਵਧਜੇ
ਇਹ ਸੋਚ ਥੋੜਾ ਅੰਦਰੋਂ ਡਰਦਾਂ

ਇਹ ਰੱਬਾ ਕੋਈ ਜੁਗਤ ਬਣਾਦੇ
ਓਹਦੀ ਪੀੜ ਨੂੰ ਦੂਰ ਭ੍ਜਾਦੇ
ਚਾਹੇ ਓਹ ਤੂੰ ਮੈਨੂੰ ਦੇਦੇ
ਪਰ ਉਸਨੂੰ ਤੰਦਰੁਸਤ ਬਣਾਦੇ

ਮੁਸੀਬਤ

ਮੁਹਰੇ ਮੇਰੇ ਜਦ ਵੀ ਆਉਂਦੀ ਸੀ ਓਹ
ਮੁਸ਼ਕੜੀਆਂ ਹੀ ਮੁਸਕਾਉਂਦੀ ਸੀ ਓਹ
ਮੁੜ ਕੇ ਕਦੇ ਜਦ ਪਿਛੇ ਤ੍ਕ਼ਦੀ ਸੀ
ਮੁਖ ਤੇ ਹਥ ਰੱਖ ਅਕਸਰ ਹੱਸਦੀ ਸੀ

ਸੀਹ੍ਣੀ ਵਾਂਗੂ ਸੀ ਉਹਦਾ ਗੁੰਦਵਾਂ ਸਰੀਰ
ਸੀਰਤ ਸੂਰਤ ਦੀ ਓਹ ਵੱਖਰੀ ਤਸਵੀਰ
ਸੀਤਲ ਸੁਭਾ ਦੀ ਤੇ ਬੋਲਦੀ ਸਦਾ ਮਿੱਠੜੇ ਬੋਲ
ਸੀ ਮੈਂ ਚਾਹੁੰਦਾ ਓਹ ਸਦਾ ਰਹੇ ਮੇਰੇ ਹੀ ਕੋਲ

ਬੜੀ ਚਾਹਤ ਸੀ ਮੈਨੂੰ ਓਹਨੂੰ ਮਿਲਣੇ ਦੀ
ਬਣ ਕੇ ਫੁੱਲ ਬਗੀਚੇ ਓਹਦੇ ਵਿਚ ਖਿਲਣੇ ਦੀ
ਬਹਿ ਜਾਵੇਗੀ ਓਹ ਕਦੇ ਮੇਰੇ ਕੋਲ ਆਕੇ ਵੀ
ਬਸ ਜੀ ਰਿਹਾ ਸੀ ਏਹਿਓ ਮੈਂ ਆਸ ਲਗਾਕੇ ਜੀ

ਤਰਸਦਾ ਰਹਿੰਦਾ ਸੀ ਅਕਸਰ ਮੈਂ ਓਹਨੂੰ ਵੇਖਣ ਨੂੰ
ਤਪਦੇ ਸੂਰਜ ਦੀ ਉਸ ਤੱਤੀ ਧੁਪ ਸੇਕਣ ਨੂੰ
ਤਮੰਨਾ ਰੋਜ੍ ਹੁੰਦੀ ਕਿ ਕਰਾਂ ਦੀਦਾਰ ਓਹਦਾ
ਤੜਪ ਮੁਕ ਜਾਂਦੀ ਵੇਖ ਮੁਖ ਇਕ ਵਾਰ ਓਹਦਾ

ਆਖਰ ਮਿਲ ਗਈ ਮੈਨੂੰ ਤੇ ਦਿਨ ਫਿਰ ਗਏ ਮੇਰੇ
ਦੂਰ ਹੋ ਗਏ ਓਹ ਜੋ ਸਨ ਮੁਸੀਬਤਾਂ ਦੇ ਘੇਰੇ
ਮੁਸੀਬਤ ਲੱਗੀ ਸੀ ਮੈਨੂੰ ਓਹ ਔਖੇ ਰਾਹਾਂ ਦੇ ਵਿਚ
ਮੁਹੱਬਤ ਮਿਲੀ ਪਰ ਮੈਨੂੰ ਓਹਦੀਆਂ ਬਾਹਾਂ ਦੇ ਵਿਚ

Saturday, 30 March 2013

ਚਰਖਾ


ਪਿੰਡ ਵਾਲੇ ਤਰਖਾਣ ਬਾਬੇ ਨੇ ਮੇਰੇ ਲਈ ਇਹ ਚਰਖਾ ਬਣਾਇਆ 
ਰੰਗ ਬਿਰੰਗੇ ਸੀਸ਼ੇ ਲਾਏ, ਨਾਲੇ ਫੁੱਲ ਬੂਟਿਆਂ ਨਾਲ ਸਜਾਇਆ 

ਤਿੰਨ ਲੱਕੜਾਂ ਟਾਹਲੀ ਤੋਂ ਲੈ ਕੇ, ਚਰਖੇ ਦਾ ਉਸ ਥੱਲਾ ਬਣਾਇਆ 
ਤਿੰਨ ਗੁਡੀਆਂ ਤੇ ਦੋ ਮੁੰਨਿਆਂ ਦਾ, ਥੱਲੇ ਨਾਲ ਉਸ ਮੇਲ ਕਰਾਇਆ 

ਲੋਹੇ ਦੀ ਧੁਰ ਲੋਹਾਰ ਤੋਂ ਲੈ ਕੇ, ਉਸ ਉੱਤੇ ਉਸ ਤਾੜ ਬਣਾਇਆ 
ਜੁਲਾਹੇ ਕੋਲੋਂ ਲੈ ਸੂਤ ਦੀ ਰੱਸੀ, ਤਾੜ ਉੱਤੇ ਉਸ ਕੱਸਣ ਚੜਾਇਆ 

ਮੁੰਨਿਆਂ ਵਿਚੋਂ ਦੀ ਗਲੀ ਕੱਢ ਕੇ, ਵਿਚਲੇ ਇਹਨਾ ਦੇ ਤਾੜ ਲਗਾਇਆ 
ਧੁਰ ਦੇ ਨਾਲ ਫਿਰ ਹੱਥੜਾ ਲਾਕੇ, ਚਰਖੇ ਦਾ ਉਸ ਵਜੂਦ ਸਜਾਇਆ 

ਬਾਜੀਗਰਨੀ ਨੇ ਦਿੱਤੀਆਂ ਚਿਰਮਖਾਂ, ਗੱਡੀਆਂ ਵਾਲੀ ਨੇ ਤੱਕਲਾ ਬਣਾਇਆ 
ਨੈਣ ਤਾਈ ਨੇ ਬੀੜੀ ਦਿੱਤੀ, ਦਮ੍ਕੜਾ ਏਹਦੇ ਲਈ ਮੋਚੀ ਨੇ ਬਣਾਇਆ 

ਦਾਦੀ ਮੇਰੀ ਨੇ ਏਹਦੀ ਮਾਲ੍ਹ ਬਣਾਈ, ਬੇਬੇ ਤੱਕਲੇ ਤੇ ਪਾਲਣ ਲਗਾਇਆ 
ਰਲ ਭਾਬੀ ਨਾਲ ਮੈਂ ਵੱਟੀਆਂ ਪੂਣੀਆ, ਝਿਓਰੀ ਤੋਂ ਸੋਹਣਾ ਬੋਹਿਆ ਬਣਵਾਇਆ 

ਭਰ ਬੋਹਿਆ ਮੈਂ ਨਾਲ ਪੂਣੀਆ, ਆ ਚਰਖਾ ਤਿਰੰਜਨ ਚ ਡਾਹਿਆ 
ਲੈਕੇ ਸਾਈਂ ਦਾ ਨਾਂ ਗੇੜਾਦਿੱਤਾ, ਤੇ ਪਹਿਲਾ ਤੰਦ ਤੱਕਲੇ ਤੇ ਪਾਇਆ 

ਕੱਤ ਕੱਤ ਪੂਣੀਆ ਤੇ ਲਾਹ ਲਾਹ ਗਲੋਟੇ, ਰੇਸ਼ਮ ਵਰਗਾ ਸੂਤ ਬਣਾਇਆ  
ਚਰਖੇ ਦੀ ਘੂਕ ਸੰਗ  ਮੈਂ ਉਸ ਦਿਨ ,ਮਾਹੀਏ ਵਾਲਾ ਗੀਤ ਸੁਣਾਇਆ 

ਸਪਨੇ

ਅੱਖੀਆਂ ਦੀਆਂ ਨਿੱਕੀਆਂ ਕਿਆਰੀਆਂ ਨੂੰ
ਖਿਆਲਾਂ ਦੇ ਹਲ੍ਹ ਨਾਲ ਵਾਹਿਆ ਮੈਂ
ਸੋਚਾਂ ਦਾ ਮਾਰ ਸੋਹਾਗਾ ਉੱਤੇ
ਬੀਜ ਸੁਪਨਿਆ ਵਾਲ ਪਾਇਆ ਮੈਂ

ਇਹਨਾਂ ਪੁੰਗਰਦੇ ਨਿੱਕੇ ਸੁਪਨਿਆਂ ਨੂੰ
ਪਲਕਾਂ ਨਾਲ ਕੀਤੀ ਸੀ ਛਾਂ ਮੈਂ
ਸਿੰਜਿਆ ਨਾਲ ਹੰਝੂ ਖਾਰਿਆਂ ਦੇ
ਪਾਲਿਆ ਇਹਨਾ ਨੂੰ ਬਣ ਕੇ ਮਾਂ ਮੈਂ

ਤਪਦੇ ਸੂਰਜ ਤੋਂ ਮੈਂ ਲਈ ਗਰਮੀ
ਲਿਆ ਚਾਨਣ ਉਧਾਰਾ ਚੰਨ ਤੋਂ ਮੈਂ
ਸੇਧ ਲਈ ਸੀ ਮੈਂ ਤਾਰਿਆਂ ਕੋਲੋਂ
ਹਿੰਮਤ ਲਈ ਦਰਿਆ ਦੇ ਬੰਨ ਤੋਂ ਮੈਂ

ਨਾ ਦੁਸ਼ਮਣ ਹਮਲਾ ਕਰ ਦੇਵੇ
ਛਿੜਕਾ ਪਿਆਰ ਦਾ ਕੀਤਾ ਮੈਂ
ਬੁਰੀ ਨਜ਼ਰ ਕਿਸੇ ਦੀ ਨਾਂ ਲੱਗ ਜਾਵੇ
ਮੁੰਹ ਨਜ਼ਰ ਬੱਟੂ ਜਿਹਾ ਕੀਤਾ ਮੈਂ

ਆਖਰ ਨੂੰ ਇਹ ਤਾਂ ਪੱਕ ਗਈ
ਫ਼ਸਲ ਸਪਨਿਆ ਦੀ ਜੋ ਪਾਲੀ ਮੈਂ
ਕੁਝ ਬੱਲੀਆਂ ਦੇ ਵਿਚ ਬੀਜ ਮਿਲੇ
ਬਾਕੀ ਦੇਖੀਆਂ ਦਾਣਿਓ ਖਾਲੀ ਮੈਂ

ਹੋ ਜਾਣਗੇ ਸਾਰੇ ਸਕਾਰ ਸਪਨੇ
ਇਸ ਦਸਤੂਰ ਬਾਰੇ ਨੀਂ ਜਾਣਦਾ ਮੈਂ
ਜੇ ਕੁਝ ਥਾਵਾਂ ਤੇ ਫੇਲ ਹੋਇਆ
ਇਸ ਬਾਰੇ ਨੀ ਪਛਤਾਂਵਦਾ ਮੈਂ

ਰੱਬ ਨੇ ਜੋ ਵੀ ਦਿੱਤਾ ਮੈਨੂੰ
ਕਰਾਂ ਓਹਦਾ ਸਦਾ ਸ਼ੁਕਰਾਨਾ ਮੈਂ
ਓਹਦੀਆਂ ਬਖਸ਼ੀਆਂ ਨਿਆਂਮਤਾਂ ਦਾ
ਰਿਹਾ ਸ਼ੁਰੂ ਤੋਂ ਹੀ ਦੀਵਾਨਾ ਮੈਂ

ਤਿੰਨ ਪੀੜੀਆਂ

ਜਿਸ ਧਰਤੀ ਤੇ ਮੇਰੇ ਮਾਂ ਪਿਓ ਜੰਮੇ
ਓਹ ਧਰਤ ਸੀ ਪੰਜ ਦਰਿਆਵਾਂ ਦੀ
ਆਪਸ ਵਿਚ ਸੀ ਪਿਆਰ ਬੜਾ
ਇਜ਼ੱਤ ਸੀ ਧੀਆਂ ਭੈਣਾ ਮਾਵਾਂ ਦੀ

ਖੁਸ਼ੀਆਂ ਸੰਨ ਹਰ ਇਕ ਖੇੜੇ ਵਿਚ
ਪੈਸੇ ਦੀ ਚਾਹੇ ਤੰਗੀ ਸੀ
ਰਿਸ਼ਤਿਆਂ ਨੂੰ ਰਿਸ਼ਤੇ ਮੰਨਦੇ ਸੀ
ਦੁਖ ਸੁਖ ਵਿਚ ਬਣਦੇ ਸੰਗੀ ਸੀ

ਲੜਾਈ ਸੀ ਬਿਗਾਨੇ ਹਾਕਮ ਨਾਲ
ਆਖਿਰ ਜਿਸਨੂੰ ਘਰੋਂ ਕੱਢ ਦਿੱਤਾ
ਜਿੱਤਣ ਲਈ ਇਸ ਲੜਾਈ ਨੂੰ
ਮਾਂ ਆਪਣੀ ਨੂੰ ਵਿਚੋਂ ਵੱਡ ਦਿੱਤਾ

ਜਦ ਜੰਮਿਆ ਮੈਂ ਉਸ ਧਰਤੀ ਤੇ
ਓਹ ਧਰਤੀ ਸੀ ਤਿੰਨ ਦਰਿਆਵਾਂ ਦੀ
ਪਰ ਮਹਿਫੂਜ਼ ਅਜੇ ਵੀ ਸੀ ਇਥੇ
ਇਜ਼ੱਤ ਧੀਆਂ ਭੈਣਾ ਮਾਵਾਂ ਦੀ

ਮਾਂ ਪਿਓ ਦੀ ਇਜ਼ੱਤ ਹੁੰਦੀ ਸੀ
ਤੇ ਉਸਤਾਦਾਂ ਦਾ ਸਤਿਕਾਰ ਹੁੰਦਾ
ਹਰ ਘਰ ਦਾ ਬੂਹਾ ਖੁੱਲਾ ਸੀ
ਇਕ ਦੂਜੇ ਤੇ ਇਤਬਾਰ ਹੁੰਦਾ

ਪਰ ਪਤਾ ਨਹੀਂ ਇਕ ਦਿਨ ਇਹਨੂੰ
ਕਿਹਦੀ ਓਹ ਮਾੜੀ ਨਜਰ ਲੱਗੀ
ਧਰਮ ਦੇ ਨਾਂ ਤੇ ਇਨਸਾਨ ਮਰੇ
ਜਦ ਹਿੰਸਾ ਦੀ ਨੇਰ੍ਹੀ ਇਥੇ ਵਗੀ

ਜਦ ਇਸ ਧਰਤੀ ਤੇ ਮੇਰਾ ਪੁਤ ਜੰਮਿਆ
ਸੀ ਧਰਤ ਅਜੇ ਵੀ ਤਿੰਨ ਦਰਿਆਵਾਂ ਦੀ
ਪਰ ਮਹਿਫੂਜ਼ ਨਹੀਂ ਸੀ ਹੁਣ ਇਥੇ
ਇਜ਼ੱਤ ਧੀਆਂ ਭੈਣਾ ਮਾਵਾਂ ਦੀ

ਪੈਸੇ ਦੀ ਭੁੱਖ ਇੰਨੀ ਵਧਗੀ
ਨਸ਼ਿਆਂ ਜਵਾਨੀ ਰੋਲ ਦਿੱਤੀ
ਮੁਕ ਗਿਆ ਪਾਣੀ ਧਰਤੀ ਵਿਚੋਂ
ਦਰਿਆਵਾਂ ਚ ਜ਼ਹਿਰ ਸੀ ਘੋਲ ਦਿੱਤੀ

ਉਸ ਜੱਟ ਦਾ ਕੀ ਬਣ ਸਕਦਾ ਹੈ
ਵਾੜ ਜਿਸਦੀ ਖੇਤ ਨੂੰ ਖਾ ਜਾਵੇ
ਅੱਜ ਕੱਲ ਦੇ ਲਾਲਚੀ ਲੀਡਰਾਂ ਤੋਂ
ਇਸ ਧਰਤ ਨੂੰ ਰੱਬ ਹੀ ਬਚਾਵੇ