Saturday, 30 March 2013

ਤਿੰਨ ਪੀੜੀਆਂ

ਜਿਸ ਧਰਤੀ ਤੇ ਮੇਰੇ ਮਾਂ ਪਿਓ ਜੰਮੇ
ਓਹ ਧਰਤ ਸੀ ਪੰਜ ਦਰਿਆਵਾਂ ਦੀ
ਆਪਸ ਵਿਚ ਸੀ ਪਿਆਰ ਬੜਾ
ਇਜ਼ੱਤ ਸੀ ਧੀਆਂ ਭੈਣਾ ਮਾਵਾਂ ਦੀ

ਖੁਸ਼ੀਆਂ ਸੰਨ ਹਰ ਇਕ ਖੇੜੇ ਵਿਚ
ਪੈਸੇ ਦੀ ਚਾਹੇ ਤੰਗੀ ਸੀ
ਰਿਸ਼ਤਿਆਂ ਨੂੰ ਰਿਸ਼ਤੇ ਮੰਨਦੇ ਸੀ
ਦੁਖ ਸੁਖ ਵਿਚ ਬਣਦੇ ਸੰਗੀ ਸੀ

ਲੜਾਈ ਸੀ ਬਿਗਾਨੇ ਹਾਕਮ ਨਾਲ
ਆਖਿਰ ਜਿਸਨੂੰ ਘਰੋਂ ਕੱਢ ਦਿੱਤਾ
ਜਿੱਤਣ ਲਈ ਇਸ ਲੜਾਈ ਨੂੰ
ਮਾਂ ਆਪਣੀ ਨੂੰ ਵਿਚੋਂ ਵੱਡ ਦਿੱਤਾ

ਜਦ ਜੰਮਿਆ ਮੈਂ ਉਸ ਧਰਤੀ ਤੇ
ਓਹ ਧਰਤੀ ਸੀ ਤਿੰਨ ਦਰਿਆਵਾਂ ਦੀ
ਪਰ ਮਹਿਫੂਜ਼ ਅਜੇ ਵੀ ਸੀ ਇਥੇ
ਇਜ਼ੱਤ ਧੀਆਂ ਭੈਣਾ ਮਾਵਾਂ ਦੀ

ਮਾਂ ਪਿਓ ਦੀ ਇਜ਼ੱਤ ਹੁੰਦੀ ਸੀ
ਤੇ ਉਸਤਾਦਾਂ ਦਾ ਸਤਿਕਾਰ ਹੁੰਦਾ
ਹਰ ਘਰ ਦਾ ਬੂਹਾ ਖੁੱਲਾ ਸੀ
ਇਕ ਦੂਜੇ ਤੇ ਇਤਬਾਰ ਹੁੰਦਾ

ਪਰ ਪਤਾ ਨਹੀਂ ਇਕ ਦਿਨ ਇਹਨੂੰ
ਕਿਹਦੀ ਓਹ ਮਾੜੀ ਨਜਰ ਲੱਗੀ
ਧਰਮ ਦੇ ਨਾਂ ਤੇ ਇਨਸਾਨ ਮਰੇ
ਜਦ ਹਿੰਸਾ ਦੀ ਨੇਰ੍ਹੀ ਇਥੇ ਵਗੀ

ਜਦ ਇਸ ਧਰਤੀ ਤੇ ਮੇਰਾ ਪੁਤ ਜੰਮਿਆ
ਸੀ ਧਰਤ ਅਜੇ ਵੀ ਤਿੰਨ ਦਰਿਆਵਾਂ ਦੀ
ਪਰ ਮਹਿਫੂਜ਼ ਨਹੀਂ ਸੀ ਹੁਣ ਇਥੇ
ਇਜ਼ੱਤ ਧੀਆਂ ਭੈਣਾ ਮਾਵਾਂ ਦੀ

ਪੈਸੇ ਦੀ ਭੁੱਖ ਇੰਨੀ ਵਧਗੀ
ਨਸ਼ਿਆਂ ਜਵਾਨੀ ਰੋਲ ਦਿੱਤੀ
ਮੁਕ ਗਿਆ ਪਾਣੀ ਧਰਤੀ ਵਿਚੋਂ
ਦਰਿਆਵਾਂ ਚ ਜ਼ਹਿਰ ਸੀ ਘੋਲ ਦਿੱਤੀ

ਉਸ ਜੱਟ ਦਾ ਕੀ ਬਣ ਸਕਦਾ ਹੈ
ਵਾੜ ਜਿਸਦੀ ਖੇਤ ਨੂੰ ਖਾ ਜਾਵੇ
ਅੱਜ ਕੱਲ ਦੇ ਲਾਲਚੀ ਲੀਡਰਾਂ ਤੋਂ
ਇਸ ਧਰਤ ਨੂੰ ਰੱਬ ਹੀ ਬਚਾਵੇ

No comments:

Post a Comment