ਪਿੰਡ ਵਾਲੇ ਤਰਖਾਣ ਬਾਬੇ ਨੇ ਮੇਰੇ ਲਈ ਇਹ ਚਰਖਾ ਬਣਾਇਆ
ਰੰਗ ਬਿਰੰਗੇ ਸੀਸ਼ੇ ਲਾਏ, ਨਾਲੇ ਫੁੱਲ ਬੂਟਿਆਂ ਨਾਲ ਸਜਾਇਆ
ਤਿੰਨ ਲੱਕੜਾਂ ਟਾਹਲੀ ਤੋਂ ਲੈ ਕੇ, ਚਰਖੇ ਦਾ ਉਸ ਥੱਲਾ ਬਣਾਇਆ
ਤਿੰਨ ਗੁਡੀਆਂ ਤੇ ਦੋ ਮੁੰਨਿਆਂ ਦਾ, ਥੱਲੇ ਨਾਲ ਉਸ ਮੇਲ ਕਰਾਇਆ
ਲੋਹੇ ਦੀ ਧੁਰ ਲੋਹਾਰ ਤੋਂ ਲੈ ਕੇ, ਉਸ ਉੱਤੇ ਉਸ ਤਾੜ ਬਣਾਇਆ
ਜੁਲਾਹੇ ਕੋਲੋਂ ਲੈ ਸੂਤ ਦੀ ਰੱਸੀ, ਤਾੜ ਉੱਤੇ ਉਸ ਕੱਸਣ ਚੜਾਇਆ
ਮੁੰਨਿਆਂ ਵਿਚੋਂ ਦੀ ਗਲੀ ਕੱਢ ਕੇ, ਵਿਚਲੇ ਇਹਨਾ ਦੇ ਤਾੜ ਲਗਾਇਆ
ਧੁਰ ਦੇ ਨਾਲ ਫਿਰ ਹੱਥੜਾ ਲਾਕੇ, ਚਰਖੇ ਦਾ ਉਸ ਵਜੂਦ ਸਜਾਇਆ
ਬਾਜੀਗਰਨੀ ਨੇ ਦਿੱਤੀਆਂ ਚਿਰਮਖਾਂ, ਗੱਡੀਆਂ ਵਾਲੀ ਨੇ ਤੱਕਲਾ ਬਣਾਇਆ
ਨੈਣ ਤਾਈ ਨੇ ਬੀੜੀ ਦਿੱਤੀ, ਦਮ੍ਕੜਾ ਏਹਦੇ ਲਈ ਮੋਚੀ ਨੇ ਬਣਾਇਆ
ਦਾਦੀ ਮੇਰੀ ਨੇ ਏਹਦੀ ਮਾਲ੍ਹ ਬਣਾਈ, ਬੇਬੇ ਤੱਕਲੇ ਤੇ ਪਾਲਣ ਲਗਾਇਆ
ਰਲ ਭਾਬੀ ਨਾਲ ਮੈਂ ਵੱਟੀਆਂ ਪੂਣੀਆ, ਝਿਓਰੀ ਤੋਂ ਸੋਹਣਾ ਬੋਹਿਆ ਬਣਵਾਇਆ
ਭਰ ਬੋਹਿਆ ਮੈਂ ਨਾਲ ਪੂਣੀਆ, ਆ ਚਰਖਾ ਤਿਰੰਜਨ ਚ ਡਾਹਿਆ
ਲੈਕੇ ਸਾਈਂ ਦਾ ਨਾਂ ਗੇੜਾਦਿੱਤਾ, ਤੇ ਪਹਿਲਾ ਤੰਦ ਤੱਕਲੇ ਤੇ ਪਾਇਆ
ਕੱਤ ਕੱਤ ਪੂਣੀਆ ਤੇ ਲਾਹ ਲਾਹ ਗਲੋਟੇ, ਰੇਸ਼ਮ ਵਰਗਾ ਸੂਤ ਬਣਾਇਆ
ਚਰਖੇ ਦੀ ਘੂਕ ਸੰਗ ਮੈਂ ਉਸ ਦਿਨ ,ਮਾਹੀਏ ਵਾਲਾ ਗੀਤ ਸੁਣਾਇਆ
No comments:
Post a Comment