ਪਤਾ ਨੀਂ ਕਿਓਂ ਲੋਕੀਂ ਰੌਲਾ ਪਾਉਂਦੇ
ਕਿ ਵਿਆਹ ਕਰਵਾਉਣਾ ਹੈ ਨੀਂ ਚੰਗਾ
ਮੇਰੇ ਹਿਸਾਬ ਨਾਲ ਬਿਨਾ ਵਿਆਹ ਤੋਂ
ਮੈਂ ਕਦੇ ਵੀ ਨਾਂ ਬਣਦਾ ਬੰਦਾ
ਮਾਂ ਪਿਓ ਭੈਣਾਂ ਭਰਾਵਾਂ ਦੇ ਛਿੱਤਰਾਂ ਦਾ
ਡਰ ਮਨ ਚੋਂ ਲਹਿ ਗਿਆ ਹੁਣ
ਬੱਸ ਕੱਲੀ ਵਹੁਟੀ ਦੇ ਛਿੱਤਰਾਂ ਗਾਲਾਂ
ਜੋਗਾ ਹੀ ਮੈਂ ਰਹਿ ਗਿਆ ਹੁਣ
ਤੜਕੇ ਉੱਠਕੇ ਚਾਹ ਬਣਾਉਣ ਦੀ
ਨਵੀਂ ਹੀ ਆਦਤ ਪੈ ਗਈ ਹੁਣ
ਖੇਸੀ ਖਿੱਚ ਖਿੱਚ ਮੁੜ ਸੌਣ ਦੀ
ਆਦਤ ਪਿੱਛੇ ਰਹਿ ਗਈ ਹੁਣ
ਚਾਹ ਬਣਾਕੇ ਟਰੇ ਸਜਾਉਣ ਦੀਆਂ
ਸਿੱਖ ਗਿਆ ਮੈਂ ਨਵੀਆਂ ਤਕਨੀਕਾਂ
ਉਗਲਾਂ ਨਾਲ ਜਗਾਉਂਣ ਵੇਲੇ ਮੈਂ
ਵਾਹੁੰਦਾ ਹੁਣ ਓਹਦੇ ਵਾਲਾਂ ਵਿੱਚ ਲੀਕਾਂ
ਕੱਪੜੇ ਧੋਕੇ ਭਾਂਡੇ ਮਾਂਜ ਕੇ
ਮੈਂ ਹੱਥ ਵੀ ਕੂਲ਼ੇ ਕਰ ਲੈਂਨਾਂ ਹੁਣ
ਮਾਂ ਦੀ ਕਹੀ ਜੋ ਚੁੱਭਦੀ ਸੀ ਪਹਿਲਾਂ
ਹੁਣ ਸਹਿਜੇ ਹੀ ਜਰ ਲੈਂਨਾਂ ਹੁਣ
ਪੜ੍ਹਨ ਵੇਲੇ ਹੱਥ ਝੋਲਾ ਫੜਨ ਦਾ
ਉੜ ਗਿਆ ਮਨ ਵਿੱਚੋਂ ਡਰ
ਹੁਣ ਤਾਂ ਦੋ ਚਾਰ ਵੱਡੇ ਝੋਲੇ
ਭਰਕੇ ਮੈਂ ਲੈ ਆਉਂਦਾ ਹਾਂ ਘਰ
ਰੋਟੀ ਟੁੱਕ ਸਫਾਈਆਂ ਕਰਨੀਆਂ
ਹੁਣ ਨੀਂ ਲਗਦਾ ਔਖਾ ਕੰਮ
ਵਿਆਹ ਤੋਂ ਬਾਅਦ ਸਭ ਉਡਾਰੀ ਮਾਰ ਗਏ
ਜਿਹੜੇ ਵੀ ਸਨ ਮਨ ਦੇ ਵਿੱਚ ਭਰਮ
ਉਹਨੂੰ ਖੁਸ਼ ਰੱਖਣ ਦੀ ਚਿੰਤਾ
ਇੱਕੋ ਹੀ ਹੁਣ ਮਨ ਵਿੱਚ ਰਹਿੰਦੀ
ਝੱਟ ਪੱਟ ਹੀ ਮੈਂ ਕਰ ਦਿੰਦਾ ਹਾਂ
ਮੂੰਹੋਂ ਉਹ ਜੋ ਕੁੱਝ ਵੀ ਉਚਰਦੀ
ਰਹਿਣਾ ਸਦਾ ਉਹਦੀ ਰਜ਼ਾ ਚ
ਇਹੀ ਬਸ ਮਨ ਵਿਚ ਵਸਾਇਆ
ਵਿਆਹ ਨੇ ਹੀ ਮੈਨੂੰ ਜਿੰਦਗੀ ਜਿਉਣ ਦਾ
ਇਹ ਵੱਖਰਾ ਦਸਤੂਰ ਸਿਖਾਇਆ
ਹਰ ਜੀ 15/12/2016
No comments:
Post a Comment