Tuesday, 18 April 2017

ਸਿੱਖ ਖੇਡ ਮੇਲਾ


ਦੇਖ 30ਵੀਆਂ ਸਿੱਖ ਖੇਡਾਂ
ਮੁੜਿਆ ਮੈਂ ਐਡੀਲੇਡ ਸ਼ਹਿਰ ਤੋਂ
ਤਿੰਨੇ ਦਿਨ ਬਚੇ ਰਹੇ 
ਮੀਂਹ ਝੱਖੜ ਵਾਲੇ ਕਹਿਰ ਤੋਂ
ਵਧੀਆ ਸੀ ਪ੍ਰਬੰਧ ਕੀਤਾ
ਸਾਰੇ ਐਡੀਲੇਡ ਵਾਲਿਆਂ
ਚੰਗਾ ਪ੍ਰਦਰਸ਼ਨ ਕੀਤਾ
ਖੇਡਣ ਹਰ ਖੇਡ ਵਾਲਿਆਂ
ਕਬੱਡੀ ਵਾਲਿਆਂ ਨੂੰ ਕਿਓਂ
ਹਰ ਸਾਲ ਮਾਰ ਪੈਂਦੀ ਐ
ਪ੍ਰਮੋਟਰਾਂ ਦੇ ਸਰ ਕਿਓਂ
ਤਮਾਂ ਆਣ ਬਹਿੰਦੀ ਹੈ
ਬਾਕੀ ਵੀ ਤਾਂ ਖੇਡਾਂ ਵਾਲੇ
ਖੁਸ਼ੀ ਖੁਸ਼ੀ ਖੇਡ ਆਉਂਦੇ ਨੇ
ਕਬੱਡੀ ਵਾਲੇ ਹਰ ਸਾਲ
ਭੜਥੂ ਕਿਓਂ ਪਾਉਂਦੇ ਨੇ
ਖਾਣ ਪੀਣ ਦੀ ਨਾਂ ਉਥੇ
ਕਸਰ ਕੋਈ ਰਹਿਣ ਦਿੱਤੀ
ਲੰਗਰਾਂ ਚ ਨਾਂ ਕੋਈ
ਜਾਨ ਭੁੱਖੀ ਬਹਿਣ ਦਿੱਤੀ
ਚਾਹ ਨਾਲ ਸਮੋਸੇ ਪਕੌੜੇ
ਲੱਡੂ ਮਟਰ ਬਰਫ਼ੀਆਂ
ਕੇਲੇ ਸੇਬ ਸੰਤਰੇ ਤੇ
ਸਬੀਲਾਂ ਥਾਂ ਥਾਂ ਤੇ ਧਰਤੀਆਂ
ਹੋਰ ਵੀ ਸਟਾਲ ਕਈ
ਖਾਣ ਵਾਲੇ ਲੱਗੇ ਸੀ
ਪਰ ਜੁੱਤੀਆਂ ਕਿਤਾਬਾਂ ਵਾਲੇ
ਬਾਕੀਆਂ ਤੋਂ ਅੱਗੇ ਸੀ
ਵੋਲੰਟੀਰਾਂ ਬਾਝੋਂ ਕਦੋਂ
ਖੇਡ ਮੇਲਿਆਂ ਦੇ ਮੁੱਲ ਪੈਣ
ਪ੍ਰਬੰਧਕੀ ਕਮੇਟੀ ਵਾਲੇ ਸਾਰੇ
ਸਦਾ ਜਿਓੰਦੇ ਵਸਦੇ ਰਹਿਣ
ਹਰ ਜੀ 18/04/2017

ਰੋਗੀ ਪਠੋਰਾ


ਜਿਹੜੇ ਰੋਗ ਨਾਲ ਬੱਕਰੀ ਮਰਗੀ
ਲਗਦਾ ਉਹੀ ਰੋਗ ਪਠੋਰੇ ਨੂੰ
ਉਹ ਲਗਦਾ ਨੀ ਜਰ ਸਕੂਗਾ
ਹੁਣ ਇਸ ਹਾਰ ਦੇ ਝੋਰੇ ਨੂੰ
ਮਾਰਦਾ ਛਾਲ਼ਾਂ ਸੀ ਉਹ ਉੱਚੀਆਂ
ਬੋਲਦਾ ਆਕਾ ਸੀ ਸਿਰ ਚੜ੍ਹਕੇ
ਭੇਡ ਦੀ ਖੱਲ ਵਿਚਲੇ ਜੋ ਲੂੰਬੜ
ਬੈਠੇ ਰਹੇ ਉਹਨੂੰ ਖ਼ੁਦ ਫੜਕੇ
ਰੁਲ਼ ਗਏ ਉਹ ਜਨੂੰਨੀ ਸਾਰੇ
ਜਿਹੜੇ ਸਨ ਉਹਦੇ ਦਿਲ ਦੀ ਧੜਕਣ
ਪੈਸੇ ਵਾਲਿਆੰ ਬਣਕੇ ਮੋਹਰੀ
ਉਹਦੇ ਨੇੜੇ ਨਾਂ ਦਿੱਤੇ ਫੜਕਣ
ਕੱਠੇ ਕੀਤੇ ਲੋਕ ਵਥੇਰੇ
ਕਿੱਕਲੀ ਪਾਕੇ ਨਿੱਤ ਦਿਖਾਈ
ਪਠੋਰੇ ਨੂੰ ਜਿਹੜਾ ਰੋਗ ਸੀ ਲੱਗਾ
ਕਿਸੇ ਨਾਂ ਦਿੱਤੀ ਉਸ ਦੀ ਦਵਾਈ
ਅਜੇ ਵੀ ਮਰੀ ਬੱਕਰੀ ਨੂੰ ਭੰਡਦੇ
ਦਲ਼ੀ ਜਾਂਦੇ ਛੋਲਿਆਂ ਸੰਗ ਢੋਰੇ ਨੂੰ
ਜਿਹੜੇ ਰੋਗ ਨਾਲ ਬੱਕਰੀ ਮਰਗੀ
ਲਗਦਾ ਉਹੀ ਰੋਗ ਪਠੋਰੇ ਨੂੰ
ਹਰ ਜੀ ੧੬/੦੩/੨੦੧੭

ਖੋਤੀ ਬੋਹੜ ਥੱਲੇ


ਖੋਤੀ ਮੁੜ ਕੇ ਬੋਹੜ ਥੱਲੇ ਖੜਗੀ
ਦੇਖਕੇ ਕਈਆਂ ਨੂੰ ਰੰਜਸ਼ ਚੜ੍ਹਗੀ
ਕਹਿੰਦੇ ਕਮਲੀ ਹੋ ਗਈ ਖੋਤੀ
ਕਾਹਤੋਂ ਪਾਈ ਨਾਂ ਸਿਰ ਿੲਸ ਟੋਪੀ
ਅਸੀਂ ਸੀ ਕਰੇਲਾ ਨਿੰਮ ਤੇ ਚੜ੍ਹਾਉਣਾ
ਆਮ ਆਦਮੀ ਸੀ ਿੲਸ ਤੇ ਬਠਾਉਣਾ
ਿੲਹਨੇ ਸਾਡੇ ਨਾਲ ਦਗਾ ਕਮਾਇਆ
ਸੱਦ ਕੇ ਰਾਜੇ ਨੂੰ ਉੱਤੇ ਬਹਾਇਆ
ਕੀਤੇ ਲੋਕ ਅਸੀਂ ਬੜੇ ਕੱਠੇ
ਪਰ ਪਾਏ ਕਿਸੇ ਨਾਂ ਖੋਤੀ ਨੂੰ ਪੱਠੇ
ਹੁਣ ਅਸੀਂ ਕੱਢਦੇ ਲੋਕਾਂ ਨੂੰ ਗਾਲ਼ਾਂ
ਜਿਨ੍ਹਾਂ ਦੀਆਂ ਬਣਨਾ ਸੀ ਅਸੀਂ ਢਾਲਾਂ
ਸਾਨੂੰ ਖ਼ੁਦ ਚ ਨੁਕਸ ਨੀ ਲੱਭਦੇ
ਅਸੀਂ ਤਾਂ ਕੌੜੇ ਅੱਕ ਰਹੇ ਚੱਬਦੇ
ਸਾਡਾ ਆਕਾ ਸੀ ਰੱਬ ਸਾਡਾ
ਧੋਖਾ ਦੇ ਗਿਆ ਪੂਰਾ ਈ ਮਾਝਾ
ਦਿੱਤੇ ਸੀ ਆਕਾ ਜੋ ਦੋ ਨਖੱਟੂ
ਲਗਦਾ ਭਾੜੇ ਦੇ ਸੀ ਉਹ ਟੱਟੂ
ਉਹਨਾ ਨੇ ਕੀਤੀ ਖੂਬ ਕਮਾਈ
ਅਸਾਂ ਨੇ ਖਾਧੀ ਬਹੁਤ ਲੁਟਾਈ
ਅਸੀਂ ਜਨੂੰਨੀ ਥੋੜੇ ਜੇ ਰਹਿ ਗਏ
ਸਿਰ ਤੇ ਪੈਸੇ ਵਾਲੇ ਆ ਬਹਿ ਗਏ
ਅਸੀਂ ਪੀਹੜੀ ਥੱਲੇ ਸੋਟੀ ਨਾਂ ਫੇਰੀ
ਸੋਚ ਲਿਆ ਹੋ ਗਈ ਹੇਰਾ-ਫੇਰੀ
ਨਾਲੇ ਖੋਤੀ ਧੋਖਾ ਕਰ ਗਈ
ਤਾਂਹੀ ਤਾਂ ਮੁੜ ਬੋਹੜ ਥੱਲੇ ਖੜਗੀ
ਹਰ ਜੀ ੧੫/੦੩/੨੦੧੭

ਰਾਸ਼ਟਰਵਾਦ ਦਾ ਭੰਬਲ਼ਭੂਸਾ


ਮੈਂ ਵਿੱਜ ਨਹੀਂ 
ਮੈਂ ਬਿੱਜੂ ਹਾਂ
ਤਾਂ ਹੀ ਤਾਂ ਮੈਂ
ਦੇਸ਼ ਭਗਤ ਹਾਂ
ਉਹ ਵੀ ਐਸਾ 
ਜਿਸ ਨੇ ਦੇਸ਼ਭਗਤੀ ਦੇ
ਮਾਇਨੇ ਬਦਲ ਕੇ
ਮਸਾਂ ਲਾਇਨ ਪਾਰ ਕੀਤੀ

ਮੈਂ ਬੀਰੂ ਹਾਂ
ਸ਼ੋਲੇ ਵਾਲਾ ਨਹੀਂ 
ਖਿੱਦੋ ਥਾਪੀ ਵਾਲਾ
ਸ਼ੋਲੇ ਵਾਲਾ ਨੇ
ਤਾਂ ਫੇਰ ਵੀ
ਜੰਗ ਲੜੀ ਸੀ
ਮੈਂ ਤਾਂ ਥਾਪੀ
ਨਾਲ ਖਿੱਦੋ ਮਾਰ ਕੇ
ਤਿੰਨ ਸੌ ਵਾਰ
ਿੲੱਧਰ ਉੱਧਰ
ਦੌੜਿਆ ਹਾਂ

ਮੈਂ ਹੁੱਡਾਂ ਹਾਂ 
ਲੋਕੀਂ ਮੈਨੂੰ 
ਐਕਟਰ ਕਹਿੰਦੇ ਨੇ
ਪਰ ਕੰਮ ਮੇਰੇ
ਕਮੀਣੇ ਨੇ
ਮੇਰੇ ਲਈ
ਮਰਾਸੀਪੁਣੇ ਤੋਂ  ਵੱਡਾ
ਦੇਸ਼ਭਗਤੀ ਦਾ
ਹੋਰ ਕੋਈ ਕੰਮ ਨਹੀਂ 

ਅਸੀਂ ਤਿੰਨੇ ਪਿਓ ਤੋਂ
ਅਲੱਗ ਹੋਈ
ਮਾਤਰ ਭੂਮੀ ਤੇ
ਜੰਮੇ ਹਾਂ 
ਸਾਇਦ ਤਾਂਹੀ
ਪਿਓ ਦੀ ਕੁਰਬਾਨੀ ਨੂੰ
ਕਦੇ ਸਮਝ ਨਹੀਂ ਸਕੇ
ਤੇ ਖੋਖਲੇ ਰਾਸ਼ਟਰਵਾਦ ਦੇ
ਭੰਬਲ਼ਭੂਸੇ ਚ ਸਦਾ ਲਈ
ਕੈਦ ਹੋ ਕੇ ਰਹਿ ਗਏ

ਹਰ ਜੀ ੦੨/੦੩/੨੦੧੭

ਵੋਟਾਂ


ਵੋਟਾਂ ਪਾਉਣ ਚ ਦਿਨ ਇੱਕ ਰਹਿ ਗਿਆ
ਵੋਟਾਂ ਸਾਨੂੰ ਪਾਓ ਕੋਈ ਥੋਨੂੰ ਕਹਿ ਗਿਆ
ਵੋਟ ਪਾਓ ਹਰ ਕੋਈ ਪਰ ਪਾਓ ਦੇਖ ਕੇ
ਰੋਟੀ ਖਾਂਦੇ ਹਾਂ ਜਿਵੇਂ ਅਸੀਂ ਤਵੇ ਉੱਤੇ ਸੇਕ ਕੇ
ਬਰਸਾਤੀ ਡੱਡੂਆਂ ਦਾ ਵਿਸਾਹ ਕਰਨਾ ਔਖਾ ਹੈ
ਵੋਟ ਵੇਚ ਦੇਣ ਵਾਲਾ ਕੰਮ ਤਾਂ ਬੜਾ ਸੌਖਾ ਹੈ
ਦੇਖਿਓ ਕਿਤੇ ਵਿਕ ਨਾਂ ਜਾਇਓ ਕੁਝ ਛਿਲੜਾਂ ਦੀ ਖਾਤਿਰ
ਭੁਗਤਣਾਂ ਤਾਂ ਪੈਣਾ ਹੈ ਤੁਹਾਨੂੰ ਹੀ ਫੇਰ ਆਖਿਰ
ਸੋਚਣਾ ਇਹ ਹੈ ਕਿ ਕੀ ਬਦਲਾਅ ਜਰੂਰੀ ਹੈ
ਜਾਂ ਫਿਰ ਇਹ ਬਣ ਗਿਆ ਸਾਡੀ ਮਜ਼ਬੂਰੀ ਹੈ
ਮਿੱਟੀ ਦਾ ਘੜਾ ਵੀ ਅਸੀਂ ਟਣਕਾ ਕੇ ਖਰੀਦਦੇ ਹਾਂ
ਖੇਤ ਵੀ ਅਸੀਂ ਵੱਤ ਆਏ ਤੋਂ ਹੀ ਬੀਜਦੇ ਹਾਂ
ਫੇਰ ਵੋਟ ਪਾਉਣ ਵੇਲੇ ਅਸੀਂ ਅੱਖਾਂ ਕਿਓਂ ਮੀਚ ਲੈਂਦੇ
ਸਾਡੇ ਤੇ ਹੋਏ ਅੱਤਿਆਚਾਰਾਂ ਨੂੰ ਕਿਓਂ ਭੁੱਲ ਬਹਿੰਦੇ
 ਹੁਣ ਤੱਕ ਤਾਂ ਨਹੀਂ ਸੀ ਕੋਲ ਸਾਡੇ ਕੋਈ ਤੀਸਰਾ ਬਦਲ
ਇੱਕ ਪਾਸੇ ਕਪਤਾਨ ਸੀ ਦੂਜੇ ਪਾਸੇ ਸੀ ਬਾਦਲ
ਹੁਣ ਤਾਂ ਹੈ ਸਾਡੇ ਕੋਲ ਚੁਨਣ ਲਈ ਕੁਝ ਚੰਗੇ ਲੋਕ
ਜੋ ਕਰਦੇ ਨੇ ਪੰਜਾਬ ਦੀ ਗੱਲ ਤੇ ਰੱਖਦੇ ਨੇ ਚੰਗੀ ਸੋਚ
ਬਟਨ ਜਿਹੜਾ ਵੀ ਦਬਾਉਣਾ ਹੈ ਉਹ ਤੁਸੀਂ ਖੁਦ ਹੀ ਦਬਾਉਣਾ ਹੈ
ਕਿਸੇ ਦੇ ਸਰ ਤੇ ਪੰਜ ਸਾਲ ਲਈ ਤਾਜ਼ ਤੁਸੀਂ ਸਜਾਉਣਾ ਹੈ
ਪਰ ਬਟਨ ਦਬਾਉਣ ਤੋਂ ਪਹਿਲਾਂ ਪੈਣਾ ਥੋਨੂੰ ਸੋਚਣਾ
ਪੰਜਾਬ ਦੇ ਲੁਟੇਰਿਆਂ ਨੂੰ ਅੱਗੇ ਆਉਣੋ ਕਿੰਝ ਰੋਕਣਾ
ਅੰਨ੍ਹੇ ਭਗਤਾਂ ਦੇ ਪਿਛੇ ਲੱਗ ਕਿਤੇ ਡਿੱਗ ਨਾਂ ਪਿਓ ਖਾਈ ਦੇ
ਇੱਕ ਵਾਰੀ ਡਿੱਗ ਪਏ ਪੰਜ ਸਾਲ ਬਾਅਦ ਮੌਕੇ ਮਿਲਣਗੇ ਸਫਾਈ ਦੇ
ਤੱਕੜੀ ਦਾ ਤੋਲਿਆ ਤਾਂ ਪੰਜ ਸਾਲ ਖਾ ਲਿਆ
ਪੰਜੇ ਦਾ ਸੰਤਾਪ ਪਹਿਲਾਂ ਕਈ ਵਾਰ ਹੰਢਾ ਲਿਆ
ਝਾੜੂ ਵਾਲਿਆਂ ਦੇ ਵੀ ਨੇ ਕਈ ਖੜੇ ਚੰਗੇ ਉਮੀਦਵਾਰ
ਅਜਾਦਾਂ ਦਾ ਵੀ ਖਿਆਲ ਤੁਸੀਂ ਰਖਿਓ ਇਸ ਸ਼ਨੀਵਾਰ
ਦੇਖ ਲਿਓ ਟਣਕਾ ਕੇ ਸਭ ਨੂੰ ਡੰਕੇ ਦੀ ਚੋਟ ਤੇ
ਦੱਬ ਦਿਓ ਬਟਨ ਜਿਹੜਾ ਉੱਤਰੂ ਥੋਡੀ ਸੋਚ ਤੇ
ਨਹੀਂ ਕੋਈ ਚੰਗਾ ਮਿਲੇ ਵੋਟ ਨਾ ਗਵਾ ਦੀਓ
ਹੋਰ ਕੋਈ ਨੀ ਬਟਨ ਨੋਟੇ ਵਾਲਾ ਦਬਾ ਦੀਓ
ਵੋਟ ਪਰ ਪਾਉਣ ਜਰੂਰਐਤਕੀਂ ਜਾਇਓ ਤੁਸੀਂ
ਜਿਹੜਾ ਚੰਗਾ ਲੱਗੇ ਉਹਦਾ ਬਟਨ ਦਬਾਇਓ ਤੁਸੀਂ.
ਹਰ ਜੀ 02/02/2017

ਚੋਣਾਂ ਦਾ ਦੰਗਲ


ਦੰਗਲ ਮਘਿਆ ਵਿਚ ਪੰਜਾਬ ਮੇਰੇ ਚੱਲ ਰਿਹਾ ਚੋਣਾਂ ਦਾ ਹੁਣ ਦੌਰ ਮੀਆਂ
11 ਮਾਰਚ ਤੋਂ ਬਾਅਦ ਹੀ ਪਤਾ ਚੱਲੂ ਕੀਹਦੇ ਸਰ ਤੇ ਝੁੱਲੂਗਾ ਚੌਰ ਮੀਆਂ
ਤੜਕੇ ਹੀ ਘਰੋਂ ਉਹ ਨਿਕਲ ਪੈਂਦੇ ਰੱਖ ਸਰ ਤੇ ਝੂਠ ਦੀ ਪੰਡ ਲੀਡਰ
ਚੜ੍ਹਕੇ ਸਟੇਜਾਂ ਤੇ ਗੱਪਾਂ ਛੱਡੀ ਜਾਂਦੇ ਨਿੱਤ ਕਰੀ ਜਾਂਦੇ ਨਵੇਂ ਪਾਖੰਡ ਲੀਡਰ
ਸਿਰਫ ਮੈਂ ਚੰਗਾ ਬਾਕੀ ਸਭ ਨਿਕੰਮੇ ਸੰਘ ਪਾੜ ਪਾੜ ਉਹ ਕਹੀ ਜਾਂਦੇ
ਪੰਜ ਸਾਲ ਲਈ ਮੈਨੂੰ ਵੀ ਸਹਿ ਲਿਓ ਇੰਨੀ ਦੇਰ ਤੋਂ ਓਹਨੂੰ ਵੀ ਸਹੀ ਜਾਂਦੇ
ਓਹਨੇ ਔਹ ਕੀਤਾ ਮੈਂ ਆਹ ਕਰਦੂੰ ਭੁੱਖਾ ਥੋਨੂ ਕਦੇ ਨੀਂ ਮੈਂ ਮਰਨ ਦਿੰਦਾ
ਰੋਟੀ ਪੂਰੀ ਦੀ ਥਾਂ ਭਾਵੇਂ ਦਊਂ ਅੱਧੀ ਢਿੱਡ ਥੋਡਾ ਕਦੇ ਨੀਂ ਮੈਂ ਭਰਨ ਦਿੰਦਾ
ਜਿਹੜਾ ਕਿੱਤਾ ਤੁਸੀਂ ਅੱਜ ਕਰ ਰਹੇ ਹੋ ਓਹਦਾ ਛੱਡਾਂਗਾ ਭੱਠਾ ਬੈਠਾ ਕੇ ਮੈਂ
ਦਸਾਂ ਨੌਹਾਂ ਦੀ ਕਿਰਤ ਦੀ ਨੀਂ ਲੋੜ ਅੱਜ ਕੱਲ੍ਹ ਰੋਟੀ ਮੁਫ਼ਤ ਦੀ ਛਡੂੰ ਖਵਾਕੇ ਮੈਂ
ਜਿਹੜੀ ਤੱਕੜੀ ਸੱਚ ਸਦਾ ਤੋਲਦੀ ਸੀ ਨਸ਼ਾ ਨਾਲ ਓਹਦੇ ਦੇਵਾਂਗੇ ਤੋਲਕੇ ਅਸੀਂ
 ਹੱਥ ਉੱਠਦਾ ਸੀ ਜੋ ਅਸ਼ੀਰਵਾਦ ਲਈ ਕਿਵੇਂ ਛੱਡਦਾ ਚਪੇੜਾਂ ਦੇਖਿਓ ਬੋਲਕੇ ਤੁਸੀਂ
ਜਿਹੜਾ ਝਾੜੂ ਸੀ ਪਿਆ ਕਦੇ ਖੂੰਜੇ ਰਹਿੰਦਾ ਬਣਾਲੀ ਵੱਖਰੀ ਹੀ ਓਹਨੇ ਪਛਾਣ ਅੱਜਕੱਲ੍ਹ
ਦਾਤੀ ਵੱਢ ਨਾ ਸਕੀ ਜਿਹੜੀ ਛਿੱਟਿਆਂ ਨੂੰ ਲਗਦਾ ਕੱਢ ਲਈ ਹਥੌੜੇ ਓਹਦੀ ਜਾਨ ਅੱਜਕਲ੍ਹ
ਹੱਥ ਜੋੜਕੇ ਆਏਂ ਹਾਂ ਸ਼ਰਨ ਠੋਡੀ ਖਾਲੀ ਹੱਥ ਨਾਂ ਸਾਨੂੰ ਮੋੜਿਓ ਤੁਸੀਂ
ਇੱਕ ਵਾਰ ਕੁਰਸੀ ਤੇ ਬੈਠਾ ਦੇਵੋ ਅਗਲੇ ਪੰਜ ਸਾਲ ਹੱਥ ਫੇਰ ਜੋੜਿਓ ਤੁਸੀਂ
ਹਰ ਜੀ 24/01/2017

ਮੈਂ ਵੋਟਰ ਹਾਂ


ਮੈਂ ਵੋਟਰ ਹਾਂ
ਮੈਂ ਸਭ ਜਾਣਦਾਂ ਹਾਂ
ਕੌਣ ਹਨ ਜੁਮੇਵਾਰ
ਮੇਰੀ ਜਨਮ ਧਰਤੀ ਤੇ
ਨਸਲਕੁਸ਼ੀ ਲਈ
 ਨਸ਼ਾਖੋਰੀ ਲਈ
ਬੇਰੁਜਗਾਰੀ ਲਈ
ਲੱਕ ਤੋੜ ਮਹਿੰਗਾਈ ਲਈ
ਕੁਨਬਾ ਪ੍ਰਸਤੀ ਲਈ
ਕਿਸਾਨੀ ਤੇ ਜਵਾਨੀ ਦਾ
ਘਾਣ ਕਰਨ ਲਈ
ਅੱਜ ਹੀ ਨਹੀਂ
ਦਹਾਕਿਆਂ ਤੋਂ ਜਾਣਦਾਂ ਹਾਂ
ਪਰ ਕੀ ਕਰਦਾ
ਕੁਛ ਗੁੰਡਾ ਗਰਦੀ ਨੇ
ਕੁਛ ਲਾਰਿਆਂ ਦੀ ਆਸ ਨੇ
ਕੁਛ ਧਾਰਮਿਕ ਭਾਵਨਾਵਾਂ ਨੇ
ਕੁਛ ਘਰ ਦੇ ਹਾਲਾਤਾਂ ਨੇ
ਕੁਛ ਦਾਤੇ ਦੀਆਂ ਦਾਤਾਂ ਨੇ
ਮੈਨੂੰ ਅਜਿਹੇ ਗਧੀ ਗੇੜ ਚ ਪਾਇਆ
ਕਿ ਮੈਂ ਆਪਣੀ ਵੋਟ ਦੀ
ਕੀਮਤ ਹੀ ਭੁੱਲ ਗਿਆ
ਦਲਾਲਾਂ ਤੇ ਠੱਗਾਂ ਨੇ
ਭੰਬਲਭੂਸੇ ਚ ਪਾਕੇ
ਅਜਿਹੇ ਸਬਜਬਾਗ ਦਿਖਾਏ
ਕਿ ਮੈਂ ਆਪਣੀ ਵੋਟ ਵੇਚਣ ਚ
ਮਾਣ ਮਹਿਸੂਸ ਕਰਨ ਲੱਗਿਆ
ਪਹਿਲਾਂ ਸੌ ਰੁਪਏ ਪ੍ਰਤੀ ਸਾਲ
ਫੇਰ ਹਜ਼ਾਰ ਰੁਪਏ ਪ੍ਰਤੀ ਸਾਲ
ਹੁਣ ਸ਼ਾਇਦ ਦੋ ਹਜ਼ਾਰ ਪ੍ਰਤੀ ਸਾਲ
ਪਰ ਮੈਂ ਕਰਦਾ ਵੀ ਕੀ
ਪਰ ਮੇਰੇ ਕੋਲ ਕੋਈ
ਬਦਲ ਵੀ ਤੇ ਨਹੀਂ ਸੀ
ਕਦੇ ਨੀਲੇ ਕਦੇ ਚਿੱਟੇ
ਬਾਰੀ ਬੰਨ੍ਹ ਕੇ ਆਉਂਦੇ
ਮੈਨੂੰ ਤੇ ਮੇਰੇ ਪੰਜਾਬ ਨੂੰ
ਦੋਵਾਂ ਹੱਥਾਂ ਨਾਲ ਲੁੱਟਦੇ
ਤੇ ਮੈਂ ਆਪਣੇ ਸਬਜ਼ਬਾਗਾਂ ਚ
ਡੁੱਬ ਕੇ ਜੀਂਦਾ ਰਹਿੰਦਾ
ਅੱਜ ਸ਼ਾਇਦ ਮੇਰੀ ਅੱਖ ਖੁਲੀ ਹੈ
ਮੈਨੂੰ ਕੁੱਛ ਨਵੀਂ ਆਸ ਦਿੱਖ ਰਹੀ ਹੈ
ਇੱਕ ਬਦਲਾਵ ਦੀ ਕਿਰਨ
ਪਤਾ ਤਾਂ ਵਰਤ ਕੇ ਲੱਗੂ
ਪਰ ਵਰਤਣ ਲਈ ਪਹਿਲਾਂ
ਬਦਲਾਅ ਲਿਓਣਾਂ ਜਰੂਰੀ ਹੈ
ਇਸ ਲਈ ਮੈਂ ਸੋਚਿਆ ਕਿ
ਮੈਂ ਇਸ ਬਾਰ ਠੱਗ ਬਣਾਗਾ
ਆਪਣੀ ਵੋਟ ਦੀ ਕੀਮਤ
ਜੋ ਦੇਵੇਗਾ ਉਸ ਤੋਂ ਲਵਾਂਗਾ
ਤੇ ਵੋਟ ਬਦਲਾਅ ਲਈ ਪਾਵਾਂਗਾ
ਕਿਓਂ ਕੇ ਮੈਂ ਵੋਟਰ ਹਾਂ
ਮੈਂ ਸਭ ਜਾਣਦਾਂ ਹਨ
ਹਰ ਜੀ 23/01/2017

ਵੋਟਾਂ ਦਾ ਭੰਬਲਭੂਸਾ


ਮੈਂ ਪੰਜਾਬੀ ਹਨ
ਆਮ ਪੰਜਾਬੀ
ਵੋਟਾਂ ਦਾ ਭੰਬਲਭੂਸਾ 
ਮੈਨੂੰ ਸਮਝ ਨੀਂ ਆਉਂਦਾ
ਲੀਡਰ ਆਉਂਦੇ ਨੇ
ਭਾਸ਼ਣ ਦਿੰਦੇ ਨੇ
ਮੈਂ ਆਹ ਕਰਦੂੰ
ਮੈਂ ਔਹ ਕਰਦੂੰ
ਵੋਟਾਂ ਮੈਨੂੰ ਪਾਓ
ਮੇਰੀ ਪਾਰਟੀ ਜਿਤਾਓ
ਓਹਨੂੰ ਅੰਦਰ ਕਾਰਦੂੰ
ਓਹਨੂੰ ਫਾਹੇ ਟੰਗਦੂੰ
ਨਹਿਰਾਂ ਚ ਬੱਸਾਂ ਚਲਾਦੂੰ
ਮੰਗਲ ਤੱਕ ਸੜਕ ਬਣਾਦੂੰ
ਸਮੇਂ ਦੇ ਹੁਕਮਰਾਨਾਂ
ਜੇਲ੍ਹ ਚ ਡੱਕ ਦੂੰ
ਕਰਜ਼ੇ ਮਾਫ ਕਰਦੂੰ
ਐਨੀਆਂ ਨੌਕਰੀਆਂ ਕੱਢਾਂਗੇ
ਪੈਨਸ਼ਨਾਂ ਵਧਾਵਾਂਗੇ
ਫਰੀ ਬਿਜਲੀ ਦੇਵਾਂਗੇ
ਵਿਕਾਸ ਕਰਾਂਗੇ
ਸਮਝ ਨੀ ਲੱਗਦੀ
ਇਹ ਸਾਰਾ ਕੁਝ ਕਰਨ ਲਈ
ਪੈਸੇ ਕਿਥੋਂ ਆਉਣਗੇ
ਕਿਸੇ ਨੂੰ ਇਹ ਨੀਂ ਪਤਾ
ਸਾਡੀ ਆਮਦਨ ਕੀ ਹੈ
ਤੇ ਖਰਚਾ ਕੀ ਹੈ
ਚਾਦਰ ਕਿੰਨੀ ਵੱਡੀ ਹੈ
ਤੇ ਪੈਰ ਕਿੰਨੇ ਵੱਡੇ
ਲਗਦਾ ਅਸੀਂ
ਮਿਹਨਤ ਦੇ ਪ੍ਰਤੀਕ ਪੰਜਾਬੀ
ਮੁਫ਼ਤ ਦੀਆਂ ਰੋਟੀਆਂ
ਤੋੜਨ ਦੇ ਆਦੀ ਹੋ ਗਏ ਹਨ
ਉਹ ਸਾਡੇ ਅੱਗੇ
ਇੱਕ ਮਹੀਨਾ ਹੱਥ ਜੋੜਦੇ
ਤੇ ਫੇਰ ਪੰਜ ਸਾਲ
ਅਸੀਂ ਹੱਥ ਜੋੜਦੇ ਹਾਂ
ਅਸੀਂ ਓਹਨਾ ਦੀਆਂ
ਮਿੱਠੀਆਂ ਗੱਲਾਂ ਸੁਣਕੇ
ਕਬੂਤਰ ਵਾਂਗ ਅੱਖਾਂ
ਲੈਂਦੇ ਹਾਂ ਮੀਟ
ਤੇ ਫਸ ਜਾਂਦੇ ਹਾਂ
ਓਹਨਾ ਦੀ ਲੂੰਬੜ
ਚਾਲ ਵਿਚ
ਮੈਨੂੰ ਹੁਣ ਮੌਕਾ ਹੈ
ਆਪਣਾ ਅੱਗਾ ਸਵਾਰਨ ਦਾ
ਵੋਟ ਦੇ ਅਸਲੀ ਹਥਿਆਰ ਦਾ
ਇਸਤੇਮਾਲ ਕਰਨ ਦਾ
ਮੈਂ ਓਹਨੂੰ ਜਿਤਾਵਾਂਗਾ
ਜੋ ਮੇਰੇ ਸਵਾਲਾਂ ਦਾ
ਸਹੀ ਜਵਾਬ ਦੇਵੇਗਾ
ਅਗਲਾ ਤੇ ਪਿਛਲਾ
ਹਿਸਾਬ ਕਿਤਾਬ ਦੇਵੇਗਾ
ਇਮਾਨਦਾਰ ਹੋਵੇਗਾ
ਜਾਂਚ ਤੇ ਸਹੀ ਉੱਤਰਦਾ ਹੋਵੇਗਾ
ਪੁਰਾਣੀ ਸਵਾਹ
ਸਿਰ ਚ ਬਾਰ ਬਾਰ
ਪਵਾਉਣ ਨਾਲੋਂ ਮੈਂ
ਨਵਾਂ ਗੋਹਾ ਸਿਰ ਚ
ਪਵਾਉਣ ਲਈ ਤਿਆਰ ਹਾਂ
 ਚਾਹੇ ਉਹ ਪੰਜਾਬ ਦਾ ਹੋਵੇ
ਯਾ ਪੰਜਾਬ ਤੋਂ ਬਾਹਿਰ ਦਾ
ਸਿੱਖ ਹੋਵੇ ਯਾ ਮੁਸਲਿਮ
ਹਿੰਦੂ ਹੋਵੇ ਯਾ ਈਸਾਈ
ਪਰ ਮੇਰੇ ਪੰਜਾਬ ਦਾ
ਦਰਦ ਵੰਡਾਵਣ ਵਾਲਾ ਹੋਵੇ
ਦਰਦ ਦੇਣ ਵਾਲਾ ਯਾ
ਦਰਦ ਦੇਣ ਵਾਲਿਆਂ
ਦਾ ਭਾਈਵਾਲ ਨਾਂ ਹੋਵੇ
ਹਰ ਜੀ 20/01/2017

ਵੋਟਾਂ ਆਈਆਂ


ਆਗੀਆਂ ਵੋਟਾੰ ਪੈ ਗਿਆ ਰੌਲ਼ਾ
ਚਾਰੇ ਪਾਸੇ ਦਿਸਦਾ ਝੌਲ਼ਾ ਝੌਲ਼ਾ
ਕੀਤਾ ਮੰਗਤਿਆਂ ਨੀਵਾਂ ਮੇਰਾ ਕੌਲ਼ਾ
ਪੰਜਾਬ ਦੀ ਖ਼ੈਰ ਕਰੇ ਮੇਰਾ ਮੌਲ਼ਾ
ਹਰ ਥਾਂ ਤੱਕੜੀ ਹਰ ਥਾੰ ਪੰਜਾ
ਝਾੜੂ ਵਥੇਰੇ ਪਰ ਕਿਧਰ ਗਿਆ ਮੰਜਾ
ਲੀਡਰਾੰ ਕਸਿਆ ਵਰਕਰਾੰ ਤੇ ਸ਼ਕੰਜਾ
ਦਲਾਲਾਂ ਦਾ ਹੁਣ ਮੱਘ ਗਿਆ ਧੰਦਾ
ਕਾਲੀ ਕਹਿੰਦੇ ਤੀਜੀ ਵਾਰ ਆਵਾੰਗੇ
ਪਾਣੀਆੰ ਵਾਲੀਆੰ ਬੱਸਾੰ ਚਲਾਵਾਂਗੇ
ਮੰਗਲ ਤੱਕ ਇੱਕ ਸੜਕ ਬਣਾਵਾਂਗੇ
ਪਰਾਲ਼ੀ ਚੋਂ ਹੁਣ ਤੇਲ ਕਢਾਵਾਂਗੇ
ਕਾਂਗਰਸ ਕਹਿੰਦੀ ਹੁਣ ਸਾਡੀ ਬਾਰੀ
ਅਸੀਂ ਮੱਲਣੇ ਦਫਤਰ ਸਰਕਾਰੀ
ਪਿਛਲੀਵਾਰ ਕਰਗੇ ਕਾਲੀ ਹੁਸ਼ਿਆਰੀ
ਰੌਂਡ੍ਹੀ ਪਿੱਟ ਜਿੱਤਗੇ ਦੂਜੀ ਵਾਰੀ
ਆਪ ਵਾਲਾ ਝਾੜੂ ਲੈ ਆਇਆ
ਲਗਦਾ ਹੈ ਪੰਜਾਬੀਆਂ ਨੂੰ ਭਾਇਆ
ਗਲੀ ਮੁਹੱਲੇ ਇਸਨੇ ਗਾਹ ਪਾਇਆ
ਲਗਦਾ ਕਾਂਗਰਸ ਤੇ ਕਾਲੀ ਦਲ ਘਬਰਾਇਆ
ਐਤਕੀਂ ਤਿਕੋਣਾ ਚੱਕਰ ਪੈ ਗਿਆ
ਵੋਟਰ ਵਿਚਾਰਾ ਸਿਰ ਫੜ ਕੇ ਬਹਿ ਗਿਆ
ਵੋਟ ਦਾ ਮੁੱਲ ਪੰਜ ਹਜ਼ਾਰ ਪੈ ਗਿਆ
ਪੰਜ ਸੌ ਹਜ਼ਾਰ ਦਾ ਕੋਈ ਨੋਟ ਨੀ ਰਹਿ ਗਿਆ
ਹਰ ਜੀ 19/01/2017

ਸਿਮਰੋ ਸੁੱਖਾ


ਸਿਮਰੋ ਕਹਿੰਦੀ ਵੇ ਸੁਖਿਆ
ਛਕ ਭੁੱਕੀ ਤੇ ਚੁੱਕ ਲੈ ਚਾਕੂ
ਜੁੱਤੀਆਂ ਦੇ ਨਾਲ ਕੁੱਟਤਾ 
ਵੇ ਤੇਰਾ ਪਿਤਾ ਸਮਾਂਨ ਉੁਹ ਬਾਪੂ
ਸੁੱਖਾ ਕਹਿੰਦਾ ਨੀ ਚੁੱਪ ਕਰ ਬੈਠ ਜਾ
ਹੁਣ ਪਾ ਨਾਂ ਨਵਾਂ ਸਿਆਪਾ
ਇਹਨਾ ਜੁੱਤੀਆਂ ਨੂੰ ਨੀ ਸਿਆਂਣਦਾ
ਉਹ ਮੇਰਾ ਪਿਤਾ ਸਮਾਨ ਜੋ ਭਾਪਾ
ਵੇ ਜੱਭਲੀਆਂ ਨਾਂ ਮਾਰ ਤੂੰ
ਉੱਠਕੇ ਕਰ ਲੈ ਕੋਈ ਹੀਲਾ
ਨਹੀਂ ਤਾਂ ਲੋਕਾਂ ਮਾੰਜ ਦੇਣਾ
ਭਾਪੇ ਦੀਆੰ ਫੋਟੋਆਂ ਵਾਲਾ ਪਤੀਲਾ
ਸੌਣ ਦੇ ਮੈਨੂੰ ਰਾਮ ਨਾਲ
ਨਾਂ ਖੜਾ ਕਰ ਬੰਬਾਲ
ਸੈੰਕਲ ਜੋ ਵੰਡੇ ਲਾ ਫੋਟੋਆਂ
ਉਹੀ ਕਰਨਗੇ ਕਮਾਲ
ਆਟਾ ਦਾਲ ਸਕੀਮ ਵੀ
ਵੇ ਲਗਦਾ ਹੋ ਜਾਣੀ ਹੈ ਫੇਲ
ਹੱਡਾੰ ਉੱਤੇ ਲਾਉਣ ਲਈ
ਵੇ ਕਢਾ ਲੈ ਕੱਚੀ ਘਾਣੀ ਦਾ ਤੇਲ
ਨੀ ਤੂੰ ਖਾਲ਼ੀਂ ਕਾਲੀ ਨਾਗਣੀ
ਹੋ ਜੀ ਝੋਟੇ ਵਰਗਾ ਸਰੀਰ
ਨੀ ਸਾਡੀ ਥਾੰ ਕੁੱਟ ਖਾਊਗਾ
ਮੇਰਾ ਸਾਲਾ ਤੇ ਤੇਰਾ ਵੀਰ
ਵੇ ਉਹ ਥੱਪੜ ਵਾਲੇ ਉੱਠ ਗਏ
ਨਾਲੇ ਲੋਕਾੰ ਫੜ ਲਏ ਝਾੜੂ ਹੱਥ
ਹੁਣ ਉੱਠ ਕੇ ਹੀਲਾ ਕਰ ਕੋਈ
ਵੇ ਨਾਂ ਕਰ ਮੂਰਖ ਮੱਤ
ਨੀ ਤੂੰ ਬਾਪੂ ਮੇਰੇ ਨੂੰ ਨੀੰ ਜਾਣਦੀ
ਨੀ ਉਹ ਵੱਡਾ ਬਹੁਤ ਖਿਡਾਰੀ
ਉੁਦੋੰ ਮੰਨੇਗੀ ਜਦ ਉਸ ਨੇ
ਨਾਲ ਪੰਜੇ ਦੇ ਬਹੁਕਰ ਖਿਲਾਰੀ
ਹਰ ਜੀ 18/01/2017

ਕਣਕਾਂ ਉਹਲੇ ਤਿੱਤਰ


ਤੇਰੇ ਮੇਰੇ ਪਿੰਡ ਦੇ ਰੰਗ ਬਦਲ ਗਏ 
ਕੰਮ ਕਰਨ ਦੇ ਢੰਗ ਬਦਲ ਗਏ 
ਗਲੀਆਂ ਬਦਲੀਆਂ ਘਰ ਬਦਲ ਗਏ 
ਤੇ ਨਾਂ ਹੁਣ ਕਾਗ ਬਨੇਰੇ ਬੋਲਦੇ 
ਕਣਕਾਂ ਦੇ ਓਹਲੇ , ਨੀਂ ਵਿੱਚ ਬਰਸੀਮਾਂ 
ਪਰ ਹਾਲੇ ਵੀ ਤਿੱਤਰ ਬੋਲਦੇ 

ਬਚਪਨ ਦੀਆਂ ਜੋ ਮਿੱਠੀਆਂ  ਯਾਦਾਂ 
ਲੁਕ ਕੇ  ਬਹਿੰਦੇ ਵਿਚ ਕਮਾਦਾਂ 
ਦੇਰ ਤੱਕ ਨੀ ਜਦ ਘਰ  ਮੁੜਦੇ 
ਤਦ  ਘਰ ਵਾਲੇ ਸੀ ਟੋਲ੍ਹਦੇ 
ਕਣਕਾਂ ਦੇ ਓਹਲੇ , ਨੀਂ ਵਿੱਚ ਬਰਸੀਮਾਂ
ਪਰ ਹਾਲੇ ਵੀ ਤਿੱਤਰ ਬੋਲਦੇ 

ਛੋਟੀਆਂ ਛੋਟੀਆਂ ਖੇਡਾਂ ਖੇਡਦੇ 
ਇੱਕ ਦੂਜੇ ਨੂੰ ਰਹਿੰਦੇ ਛੇੜਦੇ 
ਘਿਰੇ ਬਿਨਾਂ ਅਸੀਂ  ਵਿਵਾਦਾਂ 
ਰਹਿੰਦੇ ਇੱਕ ਦੂਜੇ ਨੂੰ ਮਾਧੋਲਦੇ 
ਕਣਕਾਂ ਦੇ ਓਹਲੇ , ਨੀਂ ਵਿੱਚ ਬਰਸੀਮਾਂ
ਪਰ ਹਾਲੇ ਵੀ ਤਿੱਤਰ ਬੋਲਦੇ 

ਜਦ ਤੋਂ ਸੀ ਇਹ ਚੜ੍ਹੀ ਜਵਾਨੀ 
ਜਦ ਹੋ ਗਈ ਸੀ  ਅੱਖ  ਮਸਤਾਨੀ 
ਵੱਖਰੇ ਰਾਹਾਂ ਤੇ ਜਦ ਪੈਰ ਰੱਖਿਆ 
ਲੱਗੇ ਕਦਮ ਮੈਨੂੰ ਡੋਲਦੇ 
ਕਣਕਾਂ ਦੇ ਓਹਲੇ , ਨੀਂ ਵਿੱਚ ਬਰਸੀਮਾਂ
ਪਰ ਹਾਲੇ ਵੀ ਤਿੱਤਰ ਬੋਲਦੇ 

ਕਿੰਨਾ ਚਿਰ ਮਿਲਿਆਂ  ਨੂੰ ਹੋਇਆ 
ਯਾਦਾਂ ਵਿਚ ਕਿੰਨੀ ਬਾਰ ਮੈਂ ਖੋਇਆ 
ਤੇਰੀ ਇੱਕ ਹੁਣ ਝਲਕ ਪਾਉਣ ਲਈ 
ਮੇਰੇ ਨੈਣ ਰਹਿੰਦੇ ਤੈਨੂੰ ਟੋਲ੍ਹਦੇ 
ਕਣਕਾਂ ਦੇ ਓਹਲੇ , ਨੀਂ ਵਿੱਚ ਬਰਸੀਮਾਂ
ਪਰ ਹਾਲੇ ਵੀ ਤਿੱਤਰ ਬੋਲਦੇ 

ਵਿਆਹ ਤੋਂ ਬਾਅਦ



ਪਤਾ ਨੀਂ ਕਿਓਂ ਲੋਕੀਂ  ਰੌਲਾ ਪਾਉਂਦੇ 
ਕਿ ਵਿਆਹ ਕਰਵਾਉਣਾ ਹੈ ਨੀਂ ਚੰਗਾ 
ਮੇਰੇ ਹਿਸਾਬ ਨਾਲ ਬਿਨਾ ਵਿਆਹ ਤੋਂ 
ਮੈਂ  ਕਦੇ ਵੀ ਨਾਂ ਬਣਦਾ  ਬੰਦਾ 

ਮਾਂ ਪਿਓ ਭੈਣਾਂ ਭਰਾਵਾਂ ਦੇ ਛਿੱਤਰਾਂ ਦਾ
 ਡਰ ਮਨ ਚੋਂ  ਲਹਿ ਗਿਆ  ਹੁਣ 
ਬੱਸ  ਕੱਲੀ ਵਹੁਟੀ ਦੇ ਛਿੱਤਰਾਂ ਗਾਲਾਂ 
ਜੋਗਾ ਹੀ ਮੈਂ ਰਹਿ  ਗਿਆ ਹੁਣ 

ਤੜਕੇ ਉੱਠਕੇ  ਚਾਹ ਬਣਾਉਣ ਦੀ 
ਨਵੀਂ ਹੀ ਆਦਤ ਪੈ ਗਈ ਹੁਣ  
ਖੇਸੀ ਖਿੱਚ ਖਿੱਚ  ਮੁੜ ਸੌਣ  ਦੀ 
ਆਦਤ ਪਿੱਛੇ  ਰਹਿ ਗਈ  ਹੁਣ 

ਚਾਹ ਬਣਾਕੇ ਟਰੇ  ਸਜਾਉਣ ਦੀਆਂ 
ਸਿੱਖ ਗਿਆ ਮੈਂ  ਨਵੀਆਂ ਤਕਨੀਕਾਂ 
ਉਗਲਾਂ  ਨਾਲ ਜਗਾਉਂਣ ਵੇਲੇ ਮੈਂ 
ਵਾਹੁੰਦਾ ਹੁਣ ਓਹਦੇ ਵਾਲਾਂ ਵਿੱਚ ਲੀਕਾਂ 

ਕੱਪੜੇ ਧੋਕੇ ਭਾਂਡੇ ਮਾਂਜ ਕੇ 
ਮੈਂ ਹੱਥ  ਵੀ ਕੂਲ਼ੇ  ਕਰ ਲੈਂਨਾਂ ਹੁਣ   
ਮਾਂ  ਦੀ ਕਹੀ ਜੋ  ਚੁੱਭਦੀ ਸੀ ਪਹਿਲਾਂ 
 ਹੁਣ ਸਹਿਜੇ ਹੀ ਜਰ ਲੈਂਨਾਂ ਹੁਣ 

ਪੜ੍ਹਨ ਵੇਲੇ ਹੱਥ  ਝੋਲਾ ਫੜਨ ਦਾ 
ਉੜ ਗਿਆ ਮਨ ਵਿੱਚੋਂ  ਡਰ 
ਹੁਣ ਤਾਂ ਦੋ ਚਾਰ ਵੱਡੇ ਝੋਲੇ 
ਭਰਕੇ ਮੈਂ ਲੈ  ਆਉਂਦਾ  ਹਾਂ ਘਰ

ਰੋਟੀ ਟੁੱਕ  ਸਫਾਈਆਂ ਕਰਨੀਆਂ 
ਹੁਣ ਨੀਂ ਲਗਦਾ ਔਖਾ ਕੰਮ 
ਵਿਆਹ ਤੋਂ ਬਾਅਦ ਸਭ ਉਡਾਰੀ ਮਾਰ ਗਏ 
ਜਿਹੜੇ ਵੀ ਸਨ ਮਨ ਦੇ  ਵਿੱਚ ਭਰਮ 

ਉਹਨੂੰ  ਖੁਸ਼ ਰੱਖਣ ਦੀ ਚਿੰਤਾ 
ਇੱਕੋ ਹੀ ਹੁਣ ਮਨ ਵਿੱਚ  ਰਹਿੰਦੀ 
ਝੱਟ ਪੱਟ ਹੀ ਮੈਂ ਕਰ ਦਿੰਦਾ ਹਾਂ 
ਮੂੰਹੋਂ ਉਹ ਜੋ ਕੁੱਝ ਵੀ ਉਚਰਦੀ 

ਰਹਿਣਾ ਸਦਾ ਉਹਦੀ  ਰਜ਼ਾ ਚ 
ਇਹੀ ਬਸ ਮਨ ਵਿਚ ਵਸਾਇਆ 
ਵਿਆਹ ਨੇ ਹੀ ਮੈਨੂੰ ਜਿੰਦਗੀ ਜਿਉਣ ਦਾ 
ਇਹ ਵੱਖਰਾ ਦਸਤੂਰ ਸਿਖਾਇਆ 

ਹਰ ਜੀ 15/12/2016

ਚਰਚਾ



ਬਾਬਾ ਆਖੇ ਬਾਲੇ ਤਾਈਂ 
ਜਾ ਸੱਦ ਲਿਆ ਮਰਦਾਨੇ ਨੂੰ
ਕੱਠੇ  ਬਹਿ ਕੇ ਚਰਚਾ ਕਰੀਏ 
ਕਿ ਹੋ ਰਿਹਾ ਇਸ ਜ਼ਮਾਨੇ  ਨੂੰ  

ਬਾਲਾ ਕਹਿੰਦਾ ਸੁਣੋ ਬਾਬਾ ਜੀ 
ਤੁਸੀਂ ਸੌਣ  ਦਿਓ  ਮਰਦਾਨੇ ਨੂੰ 
ਮੈਂ ਹੀ ਥੋਨੂੰ ਦੱਸ ਦਿੰਦਾ ਹਾਂ 
ਜਿਹੜੀ ਅੱਗ ਲੱਗੀ ਜ਼ਮਾਨੇ ਨੂੰ 

ਤੁਸੀਂ ਗਏ ਸੀ ਕਰਨ ਅਧਾਰ 
ਇਸ ਧਰਤੀ ਦੇ ਵਾਸੀਆਂ ਦਾ 
ਪਰ ਕਿਸੇ ਤੇ ਅਸਰ ਨਾਂ ਹੋਇਆ 
ਥੋਡੀਆਂ  ਚਾਰ ਉਦਾਸੀਆਂ ਦਾ 

ਜਿਥੇ ਵੀ ਬਾਬਾ  ਪੈਰ ਤੂੰ ਧਰਿਆ 
ਉੱਥੇ  ਉਸਰੇ ਮਹਿਲ ਮੁਨਾਰੇ ਨੇ 
ਤੇਰੇ ਨਾਂ ਤੇ ਧੰਦਾ ਕਰਨ ਲਈ 
ਥਾਂ ਥਾਂ ਖੋਲ੍ਹੇ ਗੁਰੁਦਵਾਰੇ  ਨੇਂ 

ਤੇਰੀ ਦਿੱਤੀ ਸਿਖਿਆ ਨੂੰ ਬਾਬਾ  ਜੀ  
ਇਹ ਸੰਘ ਪਾੜ ਪਾੜ  ਗਾਉਂਦੇ ਨੇ 
ਤਰਕ ਨਾਲ ਸੀ ਜੋ ਤੂੰ ਸਮਝਾਇਆ 
ਹੁਣ ਇਹ ਡੰਡੇ ਨਾਲ ਸਮਝਾਉਂਦੇ ਨੇ 

ਥਾਂ ਥਾਂ ਤੇ ਇਥੇ ਕੌਡੇ  ਰਾਕਸ਼  
ਤੇ ਮਲਿਕ ਭਾਗੋ ਹੀ ਵਸਦੇ ਨੇ 
ਥੋੜੇ ਬਹੁਤੇ ਲਾਲੋ ਜੋ ਰਹਿਗੇ 
ਉਹ ਜਿਉਣ ਦੇ ਲਈ  ਤਰਸਦੇ ਨੇ 

ਦਸਾਂ ਨੌਹਾਂ ਦੀ ਕਿਰਤ ਕਮਾਈ 
ਦੇ ਵੱਖਰੇ ਮਤਲਬ ਕੱਢ ਲਏ 
ਮਾਇਆ ਮੋਹ ਦਾ ਜਾਲ਼ ਬੁਣ ਕੇ 
ਇਹਨਾਂ ਥਾਂ ਥਾਂ ਝੰਡੇ ਗੱਡ ਲਏ 

ਰਾਜਿਆਂ ਤੇ ਮੁਕੱਦਮਾਂ  ਦੇ ਸੰਗ
ਹੁਣ ਰਲ਼  ਗਏ ਨੇ ਮਸੰਦ ਬਾਬਾ 
ਆਪਣੀਆਂ ਜੇਬ੍ਹਾਂ ਭਰਨ ਦੇ ਲਈ 
ਨਿੱਤ ਚੜ੍ਹਦੇ ਇਹ ਨਵਾਂ ਚੰਦ ਬਾਬਾ  

ਠੱਗੀ ਚੋਰੀ ਝੂਠ ਅਡੰਬਰ 
ਦਾ ਹੈ ਇਥੇ ਬੋਲਬਾਲਾ 
ਅੱਗੇ ਹੋਰ ਨੀਂ ਦੱਸ ਹੁੰਦਾ ਹੁਣ 
ਕਹਿ ਕੇ ਚੁੱਪ ਕਰ ਗਿਆ ਬਾਲਾ 

ਸੁਣ ਬਾਲੇ ਦੀਆਂ ਗੱਲਾਂ ਬਾਬਾ 
ਸੋਚਾਂ ਦੇ ਵਿੱਚ  ਪੈ  ਗਿਆ 
ਲੱਗਿਆ ਜਿਵੇਂ ਕਰਤਾਰਪੁਰ ਬਾਬੇ ਦਾ 
ਵਿਚ ਰਾਵੀ ਦੇ ਬਹਿ ਗਿਆ 

ਸਿਰ  ਤੇ ਰੱਖ ਫਿਰ ਹੱਥ ਬਾਲੇ ਦੇ 
ਬਾਬਾ ਉੱਠ ਖਲੋ ਗਿਆ 
ਵਿਚ ਖਿਆਲਾਂ ਦੇ ਜੋ ਆਇਆ ਸੀ 
ਕਿਧਰੇ ਬਾਬਾ ਅਲੋਪ ਹੋ ਗਿਆ 

 ਹਰ ਜੀ 15/12/2016

ਉਹਦਾ ਜਨਮ ਦਿਨ




ਮੈਂ ਉਹਨੂੰ ਮੰਨਦਾ ਹਾਂ 
ਮੈਂ ਉਹਨੂੰ ਪੂਜਦਾ ਹਾਂ 
ਪਰ ਲੋਕ ਦਿਖਾਵੇ ਲਈ 
ਉਹਦੀ ਸਿੱਖਿਆ ਨਾਲ  ਜੂਝਦਾ ਹਾਂ 

ਉਸਦਾ ਸਿੱਖ ਕਹਾਉਣ ਲਈ 
ਇੱਕ ਬਾਣਾ  ਵੀ ਪਾਉਂਦਾ ਹਾਂ 
ਉਸ ਬਾਣੇ  ਪਿਛੇ ਸਦਾ 
ਖੁਦ ਨੂੰ  ਛੁਪਾਉਂਦਾ ਹਾਂ 

ਲੋਕ ਦਿਖਾਵੇ ਲਈ  ਸੇਧ 
ਉਸਦੀ ਬਾਣੀ ਤੋਂ  ਲੈਂਦਾ ਹਾਂ 
ਪਰ ਕਰਦਾਂ  ਹਾਂ  ਮਰਜ਼ੀ 
ਵਿੱਚ  ਵਿਕਾਰਾਂ ਦੇ ਵਹਿੰਦਾ ਹਾਂ 

ਮੈਂ ਪੁੰਨ ਵੀ ਕਰਦਾ ਹਾਂ 
ਮੈਂ ਪਾਪ ਵੀ ਕਰਦਾ ਹਾਂ 
ਹਰ ਦਿਨ ਉਸਦੀ ਬਾਣੀ ਦਾ 
ਮੈਂ ਜਾਪੁ ਵੀ ਕਰਦਾ ਹਾਂ 

ਮੈਂ ਸੇਵਾ ਵੀ ਕਰਦਾ ਹਾਂ 
ਮੈਂ ਚੁਗਲੀ ਵੀ ਕਰਦਾ ਹਾਂ 
ਇੱਕ ਦੇ ਵਿਰੁੱਧ ਦੂਜੇ ਦੇ 
ਮੈਂ ਕੰਨ ਵੀ ਭਰਦਾ ਹਾਂ 

ਹਰ ਸਾਲ  ਧੂਮ ਧਾਮ ਨਾਲ 
ਉਹਦਾ ਜਨਮ ਦਿਨ  ਮਨਾਉਂਦਾ ਹਾਂ 
ਕਰ ਲੋਕ ਕੱਠੇ 
ਉਹਦੀ ਸ਼ੋਭਾ ਵੀ ਗਾਉਂਦਾ ਹਾਂ 

ਕਰਨ ਲਈ ਢੌਂਗ
ਹਰ ਇੱਕ ਢੰਘ ਅਪਣਾਉਂਦਾ ਹਾਂ 
ਉਹਦਾ ਨਾਂ ਵਰਤ ਕੇ 
ਉਹਦਾ ਸਿੱਖ ਅਖਵਾਉਂਦਾ ਹਾਂ 

ਹਰ ਜੀ 14/11/2016

ਦਿਵਾਲੀ ਸਾਧ ਦੀ

ਸਦਾ ਦਿਵਾਲੀ ਸਾਧ ਦੀ 
ਅੱਠੋ ਪਹਿਰ ਬਸੰਤ
ਲੱਡੂ ਖਾਕੇ ਬੋਲਿਆ 
ਅਪਣੇ ਆਪ ਜੋ ਬਣਿਆ ਸੰਤ
ਇੱਕ ਦਿਨ ਹੀ ਨਾਂ ਭੇਜ ਦਿਓ 
ਸ਼ੁਭਕਾਮਨਾ ਸਾਰੇ ਸਾਲ ਦੀਆਂ
ਹਰ ਰੋਜ਼ ਹੀ ਦੀਵਾ ਬਾਲਿਓ ਇੱਕ
ਜੋ ਸੰਗਤਾਂ ਦੀਵੇ ਬਾਲਦੀਆਂ

ਸੰਨੀਆ ਨੂੰ ਸਮਰਪਿਤ


ਉਹ ਨੰਨੀ ਸੀ ਚਿੜੀ
ਫੁਦਕਦੀ ਸੀ ਰਹਿੰਦੀ
ਲੱਤਾਂ ਨੂੰ ਚਿੰਬੜਕੇ
ਸਦਾ ਪਾਪਾ ਸੀ ਕਹਿੰਦੀ
ਪਤਾ ਨੀ ਲੱਗਿਆ
ਕਦ ਬੜੀ ਹੋ ਗਈ ਉਹ
ਪਾਪਾ ਤੇ ਮੰਮੀ ਵਿਚਲੀ
ਕੜੀ ਹੋ ਗਈ ਉਹ
ਦੇਖਦੇ ਹੀ ਦੇਖਦੇ
ਉੜਨੇ ਲੱਗੀ ਉਹ
ਚਸ਼ਮੇ ਤੋਂ ਕਦ
ਬਣ ਗਈ ਨਦੀ ਉੁਹ
ਕਿੰਨੇ ਹੀ ਚਾਵਾੰ ਨਾਲ
ਉਹਦੇ ਮੈਂ ਕਾਜ ਰਚਾਏ ਸੀ
ਯਾਰਾੰ ਸੰਗ ਰੱਜ ਕੇ
ਮੈਂ ਉਹਦੇ ਸ਼ਗਨ ਮਨਾਏ ਸੀ
ਪਤਾ ਨੀ ਕਦ ਉਹਨੇ
ਕਰਲੀ ਸੀ ਤਿਆਰੀ
ਛੱਡ ਕੇ ਇਕੱਲਾ ਕਿਉੰ
ਮਾਰ ਗਈ ਉਹ ਉਡਾਰੀ
ਕਿੱਥੋਂ ਲਿਆਵਾਂਗਾ ਮੈਂ
ਲੱਭ ਹੁਣ ਚਿੜੀ ਨੂੰ
ਵਿਹੜੇ ਅਪਣੇ ਦੀ
ਉੁਸ ਫੁੱਲਝੜੀ ਨੂੰ
ਹਰ ਜੀ ੨੭/੧੦।੨੦੧੬

ਆਪਾਂ ਕਵਿਤਾ ਲਿਖੀਏ


ਚੱਲ ਆਪਾਂ ਇੱਕ ਕਵਿਤਾ ਲਿਖੀਏ
ਬਹਿ ਕੇ ਨਦੀ ਕਿਨਾਰੇ
ਵਿੱਚ ਕਵਿਤਾ ਦੇ ਸਭ ਕੁਝ ਲਿਖੀਏ
ਧਰਤੀ ਸੂਰਜ ਚੰਨ ਤੇ ਤਾਰੇ
ਤੂੰ ਜੋ ਤੱਕੇਂ ਉਹ ਮੈਂ ਵੇਖਾਂ
ਵਿੱਚ ਤੇਰੀਆੰ ਅੱਖਾਂ
ਤੂੰ ਥੱਕੇਂ ਨਾਂ ਕੁਦਰਤ ਤੱਕਦੀ
ਮੈਂ ਤੈਨੂੰ ਤੱਕਦਾ ਨਾਂ ਥੱਕਾਂ
ਤੇਰੇ ਹਰ ਇੱਕ ਖਿਆਲ ਨੂੰ ਪੜ੍ਹਨਾ
ਮੈੰ ਤੇਰੀਆੰ ਅੱਖਾਂ ਚੋ ਸਿੱਖਾੰ
ਜੋ ਤੂੰ ਸੋਚੇਂ  ਤੱਕ ਕੇ ਕੁਦਰਤ
ਉਹ ਕਾਗ਼ਜ਼ ਤੇ ਮੈਂ ਲਿੱਖਾਂ 
ਇੱਕ ਇੱਕ ਅੱਖਰ ਜੋੜਕੇ ਮੈਂ ਫਿਰ
ਗੁੰਦਾਂ  ਸ਼ਬਦਾਂ ਦੀ ਮਾਲ਼ਾ
ਵਿੱਚ ਕਵਿਤਾ ਦੇ ਚਿੱਤਰ ਦਿਆਂ  ਉਹ
ਜੋ ਹੈ ਤੇਰੇ ਵਿੱਚ ਖਿਆਲਾਂ
ਅਕਸਰ ਆਪਾਂ ਨਿੱਤ ਨਵੀਂ ਥਾਂ  ਤੇ
ਇੰਝ ਬਹਿ ਕੇ ਕਵਿਤਾ ਲਿਖੀਏ
ਪਿਆਰ ਤੇ ਕੁਦਰਤ ਦੇ ਸੁਮੇਲ ਚੋ
ਜੀਵਣ ਦੀ ਜਾਂਚ ਸਿੱਖੀਏ
ਹਰ ਜੀ ੦੭/੧੦/੨੦੧੬

ਮੈਂ ਚੁੱਪ ਹਾਂ

 
ਇਸ ਦਾ ਮਤਲਬ ਇਹ ਨਹੀਂ 
ਕਿ ਮੈਂ ਨਰਾਜ਼  ਹਨ 
ਨਾਹੀਂ  ਇਹ 
ਕਿ ਮੈਂ ਆਜ਼ਾਦ ਹਾਂ 
ਚੁੱਪ ਇਸ ਕਰਕੇ ਵੀ ਨਹੀਂ 
ਕਿ ਮੈਂ ਡਰ ਗਿਆ 
ਜਾਂ  ਇਸ ਕਰਕੇ ਹਾਂ 
ਕਿ ਮੈਂ ਮਰ ਗਿਆ 
ਮੇਰੀ ਚੁੱਪੀ ਦਾ ਕਾਰਨ 
ਮੇਰੀ ਪ੍ਰੇਸ਼ਾਨੀ ਵੀ ਨਹੀਂ 
ਤੇ ਇਸ ਵਿਚ ਸ਼ਾਮਲ 
ਤੇਰੀ ਸ਼ੈਤਾਨੀ ਵੀ ਨਹੀਂ 
ਮੈਂ ਚੁੱਪ ਇਸ ਕਰਕੇ ਵੀ ਨਹੀਂ 
ਕਿ ਮੈਂ ਕੋਈ ਘੜਤਾਂ  ਘੜਦਾਂ 
ਤੇ ਨਾਂ ਹੀ  ਚੁੱਪ ਇਸ ਕਰਕੇ ਹਾਂ 
ਕਿ ਮੈਂ ਤੇਰੇ ਤੋਂ ਸੜਦਾਂ 
ਮੇਰੀ ਚੁੱਪੀ ਦਾ ਕਾਰਨ 
ਮੇਰਾ ਕੁਝ ਖੋ ਜਾਣਾ ਵੀ ਨਹੀਂ 
ਤੇ ਇਸ ਨੂੰ ਧਾਰਨ ਵਿਚ 
ਰੱਬ ਦਾ ਕੋਈ ਭਾਣਾ ਵੀ ਨਹੀਂ 
ਇਸ ਕਰਕੇ ਵੀ ਮੈਂ ਚੁੱਪ ਨਹੀਂ 
ਕਿ ਮੈਂ ਬਿਮਾਰ ਹਾਂ 
ਨਾਹੀਂ  ਇਸ ਕਰਕੇ ਚੁੱਪ ਹਾਂ 
ਕਿ ਮੈਂ ਬੇਕਰਾਰ ਹਾਂ 
ਮੈਂ ਚੁੱਪ ਇਸ ਕਰਕੇ ਵੀ ਨਹੀਂ 
ਕਿ ਮੈਂ ਕੁਝ ਸੋਚਦਾਂ 
ਨਾਂਹੀ ਇਸ ਕਰਕੇ ਹਾਂ 
ਕਿ ਮੈਂ ਕੁਝ ਪਾਉਣ ਲਈ ਲੋਚਦਾਂ 
ਮੈਂ ਤਾਂ ਬਸ ਚੁੱਪ ਹਾਂ  
ਇਹ ਦੇਖਣ ਲਈ 
ਕਿ ਕੀ  ਮੈਂ ਕਦੇ 
ਚੁੱਪ ਵੀ ਰਹਿ ਸਕਦਾਂ 

ਹਰ ਜੀ 01/09/2016

ਬਾਬੇ ਦਾ ਕਾਰੋਬਾਰ



ਪਹਿਲਾੰ ਰੱਬ ਨੂੰ ਹਊਆ ਬਣਾਕੇ
ਲੋਕਾਂ ਵਿੱਚ ਉਹਦਾ ਡਰ ਬਹਾਕੇ
ਫਿਰ ਉਹਨੂੰ ਕਿਸੇ ਥਾਂ ਤੇ ਛੁਪਾਕੇ
ਬਹਿ ਗਿਆ ਬਾਬਾ ਜੰਗਲ਼ ਵਿੱਚ ਜਾਕੇ

ਦੋ ਚਾਰ ਚੇਲੇ ਉਸ ਨਾਲ ਰਲਾਏ
ਗਲੀ ਮੁਹੱਲੇ ਚ ਢੰਡੋਰੇ ਪਿਟਵਾਏ
ਬਾਬਾ ਜੀ ਇੱਕ ਇੱਧਰ ਨੇ ਆਏ
ਵਿੱਚ ਕੁਟੀਆ ਉਹਨਾਂ ਡੇਰੇ ਨੇ ਲਾਏ

ਬਾਬਾ ਜੀ ਰੱਬ ਦੀ ਰਜ਼ਾ ਚ ਵਸਦੇ
ਤਾੰਹੀ ਤਾਂ ਸਦਾ ਰਹਿੰਦੇ ਨੇ ਹੱਸਦੇ
ਰੱਬ ਨੂੰ ਪਾਉਣ ਦਾ ਰਸਤਾ ਨੇ ਦੱਸਦੇ
ਦੁੱਖ ਕਲੇਸ਼ ਉਹਨਾਂ ਤੋਂ ਦੂਰ ਨੇ ਨੱਸਦੇ

ਜੇ ਰੱਬ ਨੂੰ ਤੁਸੀਂ ਪਾਉਣਾ ਚਾਹੁੰਦੇ 
ਉਸ ਦਾ ਡਰ ਮੁਕਾਉਣਾ ਚਾਹੁੰਦੇ
ਝੋਲੀ ਵਿੱਚ ਖ਼ੁਸ਼ੀ ਪਾਉਣਾ ਚਾਹੁੰਦੇ 
ਘਰ ਵਿੱਚ ਸ਼ਾਂਤੀ ਲਿਆਉਣਾ ਚਾਹੁੰਦੇ

ਬਾਬਾ ਜੀ ਦੇ ਦਰਬਾਰ ਚ ਆਓ
ਤਿਲ ਫੁੱਲ ਭੇਟਾ ਨਾਲ ਲਿਆਓ
ਰੱਬ ਦੇ ਨਾਂ ਦਾ ਪ੍ਰਸਾਦ ਕਰਾਓ 
ਫਿਰ ਤੁਸੀਂ ਮਨ ਇੱਛੇ ਫਲ ਪਾਓ

ਂਆਪੇ ਗੁਆਇਆ ਆਪੇ ਲਭਾਇਆ
ਜਨਤਾ ਨੂੰ ਭੰਬਲਭੂਸੇ ਵਿੱਚ ਪਾਇਆ
ਕੁਟੀਆ ਦੀ ਥਾਂ ਹੁਣ ਮਹਿਲ ਬਣਾਇਆ
ਬਾਬੇ ਨੇ ਚੰਗਾ ਕਾਰੋਬਾਰ ਚਲਾਇਆ

ਹਰ ਜੀ ੦੯/੦੮/੨੦੧੬

ਯਾਰ ਬਾਪੂ


ਸਾਡੇ ਨਾਲ ਸਾਡੇ ਸਾਰੇ ਮਿਲਣ ਵਾਲੇ
ਸੱਦਦੇ ਉਸ ਨੂੰ ਨਾਲ ਸਤਿਕਾਰ ਬਾਪੂ 
ਚੜ੍ਹਦੀ ਉਮਰੇ ਜਿਹਤੋ ਸੀ ਡਰ ਲਗਦਾ
ਹੁਣ ਤਾਂ ਬਣ ਗਿਆ ਸੀ ਉਹ ਯਾਰ ਬਾਪੂ
ਬਿਨ ਪਿਓ ਤੋਂ ਬਚਪਨ ਗੁਜਾਰਿਆ ਜਿਸ
ਮਾ ਮਾਮੇ ਨੇ ਪਾਲਿਆ ਸੀ ਮੇਰਾ ਬਾਪੂ
ਗਲ਼ ਪਈ ਹਰ ਇਕ ਮਜਬੂਰੀ ਨੂੰ
ਲੈੰਦਾ ਸ਼ੌਕ ਬਣਾ ਸੀ ਮੇਰਾ ਬਾਪੂ
ਛੱਡ ਪੜ੍ਹਾਈ ਜਮਾਤ ਉਹ ਨੌਂਵੀਂ ਪਿੱਛੋਂ
ਬਣ ਘਰ ਦਾ ਗਿਆ ਸੀ ਮੁਖ਼ਤਿਆਰ ਬਾਪੂ
ਚੜ੍ਹਦੀ ਉਮਰੇ ਜਿਹਤੋ ਡਰ ਲਗਦਾ ਸੀ
ਹੁਣ ਤਾਂ ਬਣ ਗਿਆ ਸੀ ਉਹ ਯਾਰ ਬਾਪੂ
ਛੋਟਾ ਜੁੱਸਾ ਸੀ ਪਰ ਦਿਲ ਸੀ ਬਹੁਤ ਵੱਡਾ
ਵਿਚ ਮੁਸੀਬਤਾੰ ਕਦੇ ਨਾਂ ਘਬਰਾਇਆ ਬਾਪੂ
ਸੱਚ ਦਾ ਸਾਥ ਦੇਣਾ ਤੇ ਲੋੜਵੰਦ ਨਾਲ ਖੜਣਾ
ਇਹੀ ਸਬਕ ਸਾਨੂੰ ਸਦਾ ਸਿਖਾਇਆ ਬਾਪੂ
ਘਰ ਕੱਲਾ ਸੀ ਭਾਵੇਂ ਪਿੰਡ ਵਿੱਚ ਸਾਡਾ
ਫਿਰ ਵੀ ਮੋਹਤਵਾਰਾੰ ਦਾ ਸੀ ਲਾਣੇਦਾਰ ਬਾਪੂ
ਚੜ੍ਹਦੀ ਉਮਰੇ ਜਿਹਤੋ ਸੀ ਡਰ ਲਗਦਾ
ਹੁਣ ਤਾਂ ਬਣ ਗਿਆ ਸੀ ਉਹ ਯਾਰ ਬਾਪੂ
ਡੋਲਿਆ ਉਦੋਂ ਵੀ ਨਹੀਂ ਸੀ ਸਾਡਾ ਬਾਪੂ
ਬੇਬੇ ਤੁਰ ਗਈ ਸੀ ਜਦ ਛੱਡ ਕੱਲਾ
ਕਿੰਨੇ ਦੁੱਖ ਤਕਲੀਫ਼ਾਂ ਚੋੰ ਭਾਵੇਂ ਲੰਘਿਆ ਉਹ
ਕਦੇ ਵੀ ਕੀਤਾ ਨੀ ਉਸ ਰੱਬ ਦੇ ਨਾਲ ਗਿਲਾ
ਚੜ੍ਹਦੀ ਕਲਾ ਸਦਾ ਹੀ ਗੱਲ ਕੀਤੀ
ਹੋਇਆ ਜਦ ਵੀ ਕਦੇ ਬਿਮਾਰ ਬਾਪੂ
ਚੜ੍ਹਦੀ ਉਮਰੇ ਜਿਹਤੋ ਸੀ ਡਰ ਲਗਦਾ
ਹੁਣ ਤਾਂ ਬਣ ਗਿਆ ਸੀ ਉਹ ਯਾਰ ਬਾਪੂ
ਸ਼ਾਮੀ ਫੜਕੇ ਵਿੱਚ ਹੱਥ ਗਲਾਸੀਆਂ ਨੂੰ
ਮੈਂ ਤੇ ਬਾਪੂ ਨਿੱਤ ਮਹਿਫ਼ਲ ਸਜਾ ਲੈਂਦੇ
ਬਚਪਨ ਤੇ ਪਿੰਡ ਦੀਆ ਕਰ ਲੈਂਦੇ ਗੱਲਾੰ
ਧੁੰਦਲੀਆਂ ਯਾਦਾਂ ਨੂੰ ਅਸੀਂ ਲਿਸ਼ਕਾਂ ਲੈਂਦੇ
ਛੱਡ ਤੁਰ ਗਿਆ ਅਗਲੀ ਯਾਤਰਾ ਤੇ
ਪਿੱਛੇ ਸੁੱਖੀ ਅਪਣਾ ਪਰਵਾਰ ਬਾਪੂ
ਚੜ੍ਹਦੀ ਉਮਰੇ ਜਿਹਤੋ ਡਰ ਲਗਦਾ ਸੀ
ਹੁਣ ਤਾਂ ਬਣ ਗਿਆ ਸੀ ਉਹ ਯਾਰ ਬਾਪੂ
Har Ji 20/08/2016

ਟਾਹਲੀ ਦਾ ਬੂਟਾ



ਸੋਚਿਆ ਦਿਨ ਚੰਗਾ
ਤੇ ਕਲ ਮੀਂਹ ਵੀ ਪੈਣਾ
ਕਿਉਂ ਨਾਂ ਲਾ ਦੇਵਾਂ 
ਉਹ ਟਾਹਲੀ ਦਾ ਬੂਟਾ 
ਜਿਸ ਨੂੰ ਲਾਉਣ ਦੀ ਖਾਹਿਸ਼ 
ਚਿਰਾਂ ਤੋਂ ਲੈਕੇ ਬੈਠਾ ਸਾਂ 
ਕਹੀ ਨਾਲ ਪੁੱਟਿਆ ਟੋਇਆ
ਧਰਤੀ ਦੀ ਹਿੱਕ ਤੇ
ਰੂੜੀ ਪਾਕੇ ਬੂਟਾ ਲਾਇਆ
ਪਾਣੀ ਦੇ ਕੇ ਮੂੰਹ ਮੋੜਿਆ ਹੀ ਸੀ
ਕਿ ਪਿੱਛੋਂ ਅਵਾਜ਼ ਜਿਹੀ ਸੁਣੀ
ਮੁੜ ਕੇ ਦੇਖਿਆ
ਤਾਂ ਇੰਝ ਲੱਗਿਆ ਜਿਵੇਂ 
ਉਹ ਨਵਾਂ ਲਾਇਆ ਬੂਟਾ
ਕਹਿ ਰਿਹਾ ਹੋਵੇ
ਦੇਖ ਤੂੰ ਮੈਨੂੰ ਨਵਾਂ ਜੀਵਨ ਦਿੱਤਾ
ਮੈਂ ਤੈਨੂੰ ਛਾੰ ਤੇ ਲੱਕੜੀ ਦੇਵਾਂਗਾ 
ਪਰ ਵਾਅਦਾ ਕਰ ਮੇਰੇ ਨਾਲ
ਤੂੰ ਮੇਰੇ ਤੇ ਕਦੀ 
ਖ਼ੁਦਕੁਸ਼ੀ ਵਾਲਾ 
ਰੱਸਾ ਨਹੀਂ ਪਾਵੇਗਾ?

ਹਰ ਜੀ ੦੭/੦੮/੨੦੧੬

ਧਰਮ ਦਾ ਭੰਬਲ਼ਭੂਸਾ



ਨਾਂ ਮੈਂ ਧਾਰਮਿਕ ਬਣ ਸਕਿਆ
ਨਾਂ ਇਨਸਾਨ ਬਣ ਸਕਿਆ
ਨਾਂ ਮੈਂ ਖ਼ੁਦ ਹੀ ਰਿਹਾ
ਨਾਂ ਮੈਂ ਸ਼ਤਾਨ ਬਣ ਸਕਿਆ

ਪੈਸੇ ਗੋਲਕਾਂ ਚ ਪਾਕੇ
ਮੱਥੇ ਦਵਾਰ ੳੱੁਤੇ ਰਗੜੇ
ਕਿਤੇ ਲੱਖਾਂ ਹੀ ਪਾਠ
ਪਰ ਕੁਛ ਸਮਝ ਨਾਂ ਸਕਿਆ

ੳਂੁਝ ਪੂਜਦਾ ਰਿਹਾ ਮੈਂ 
ਉਹਦੀ ਮੂਰਤ ਨੂੰ ਸਦਾ
ਪਰ ਉਹਦੇ ਫਲਸਫੇ  ਨੂੰ 
ਕਦੇ ਮੈਂ ਸਮਝ ਨਾਂ ਸਕਿਆ

ਦੇਖੀ ਹੁੰਦੀ ਮੈਂ ਲੁੱਟ
ਉਹਦੇ ਨਾਂ ਦੀ ਦੁਕਾਨ ਤੇ
ਨਾਂ ਮੈਂ ਜਰ ਹੀ ਸਕਿਆ
ਨਾਂ ਮੈਂ ਰੋਕ ਹੀ ਸਕਿਆ

ਧਰਮ ਦੇ ਭੰਬਲ਼ਭੂਸੇ ਚ
ਗੁੰਮਿਆ ਮੈਂ ਐਸਾ 
ਨਾਂ ਮੈਂ ਸਮਝ ਹੀ ਸਕਿਆ
ਨਾਂ ਮੈਂ ਸੋਚ ਹੀ ਸਕਿਆ

ਹਰ ਜੀ ੨੪/੦੭/੨੦੧੬