Wednesday, 22 June 2016

ਸਭਿਆਚਾਰ ਦੀ ਗੱਲ



ਗੱਲ ਕਰਾਂ  ਮੈਂ ਸੱਭਿਆਚਾਰ ਦੀ ਅੱਜ 
ਉਸ ਗੁਮ ਚੁੱਕੇ ਕਿਰਦਾਰ ਦੀ ਅੱਜ 
ਨਾਲੇ ਚਾਦਰੇ ਤੇ ਸਲਵਾਰ ਦੀ ਅੱਜ 
ਇੱਕ ਲੋਟੂ ਹਾਕਮ ਸਰਕਾਰ ਦੀ ਅੱਜ 

ਲੱਭਦੇ ਜੰਗਲ ਨਾਂ ਬੇਲੇ ਪੰਜਾਬ ਚ ਹੁਣ 
ਪਰ ਲੱਭਦੇ ਬਹੁਤ ਨੇ ਵੇਹਲੇ ਪੰਜਾਬ ਚ ਹੁਣ 
ਮੋੜ ਮੋੜ ਤੇ  ਖੋਲ੍ਹੇ  ਡੇਰੇਬਾਬਿਆਂ ਨੇ
ਫਿਰਦੇ ਹਜਾਰਾਂ ਹੀ  ਚੇਲੇ ਪੰਜਾਬ ਚ ਹੁਣ 

ਗਲੀ ਮੁਹੱਲਿਆਂ ਚੋਂ ਸਭਿਆਚਾਰ ਗੁੰਮਿਆ 
ਰਿਸ਼ਤੇਦਾਰਾਂ  ਗੁਆਂਢੀਆਂ ਚੋਂ ਪਿਆਰ ਗੁੰਮਿਆ 
ਧੀਆਂ  ਭੈਣਾਂ ਦੀਆਂ ਇੱਜਤਾਂ ਦੇ ਮੁੱਲ ਪੈਂਦੇ 
ਹੁਣ ਤਾਂ ਵੱਡਿਆਂ ਦਾ ਵੀ ਸਤਿਕਾਰ ਗੁੰਮਿਆ 

ਨਸ਼ੇ ਖਾ ਖਾ ਕੇ ਪੰਜਾਬੀ ਨੇ  ਮਰੀ ਜਾਂਦੇ 
ਕੁੱਤੇ ਬਿੱਲੀਆਂ ਗਾਵਾਂ ਪਿੱਛੇ ਨੇ ਲੜੀ ਜਾਂਦੇ 
ਮਾਂ ਬਾਪ ਨੂੰ ਘਰ ਵਿੱਚ ਨਾਂ ਮਿਲੇ ਰੋਟੀ 
ਲੰਗਰ ਦ੍ਵਾਰਿਆਂ ਮੰਦਰਾਂ ਚ ਨੇ ਕਰੀ ਜਾਂਦੇ 

ਕੱਪੜੇ ਬਦਨ ਤੋਂ ਨਿੱਤ ਹੀ ਘਟੀ  ਜਾਂਦੇ 
ਲੀਰਾਂ ਜੀਆਂ  ਨਾਲ ਬਦਨ ਨੂੰ ਢਕੀ ਜਾਂਦੇ 
ਗਰੀਬ ਗੁਰਬੇ ਨੂੰ ਮੰਗਿਆ ਨਾਲ ਮਿਲੇ ਝੱਗਾ 
ਰੁਮਾਲੇ ਚੁੰਨੀਆਂ ਨਾਲ ਰੱਬ ਨੂੰ ਢਕੀ ਜਾਂਦੇ 

ਹਰ ਮੋੜ ਤੇ ਠੇਕੇ ਨੇ ਖੋਲ੍ਹ ਦਿੱਤੇ  
ਜ਼ਹਿਰ ਪਾਣੀਆਂ ਦੇ ਵਿੱਚ  ਵੀ ਘੋਲ ਦਿੱਤੇ 
ਯੂਵਾ ਪੀੜੀ ਨੂੰ ਲਾਕੇ  ਨਸ਼ੇ ਉੱਤੇ 
ਵਰਤਮਾਨ ਤੇ ਭਵਿੱਖ ਪੰਜਾਬ ਦੇ ਰੋਲ ਦਿੱਤੇ 

ਲੋਟੂ ਲੀਡਰਾਂ  ਦੀ ਹਾਲਤ ਹੈ  ਬੜੀ ਚੰਗੀ 
ਹੱਕ ਮੰਗਣ ਤੇ ਲੱਗੀ  ਹੈ ਪੰਜਾਬ ਚ ਪਬੰਦੀ 
ਸੇਵਾ ਹੁੰਦੀ ਹੈ ਨਿੱਤ ਬੇਰੁਜਗਾਰਿਆਂ ਦੀ 
ਜਥੇਦਾਰਾਂ ਦੀ ਅੱਜ ਕੱਲ੍ਹ ਹੈ ਪੂਰੀ ਝੰਡੀ  

ਜੇ ਬਚਾਉਣਾ ਹੈ ਪੰਜਾਬ ਦਾ ਸਭਿਆਚਾਰ ਲੋਕੋ 
ਜੇ ਕਰਨਾ ਹੈ ਪੈਦਾ ਪੰਜਾਬ ਚ  ਰੋਜ਼ਗਾਰ  ਲੋਕੋ 
ਲਿਆਓ ਲੱਭਕੇ ਕਿਤੋਂ ਵੀ ਇਮਾਨਦਾਰ ਲੀਡਰ 
ਬਦਲਾਅ ਲਈ ਵਰਤੋ ਆਪਣਾ ਵੋਟਾਂ ਦਾ ਅਧਿਕਾਰ  ਲੋਕੋ 

ਹਰ ਜੀ 22/06/2016

ਮੇਰੇ ਪੰਜਾਬ ਦੇ ਵਿੱਚ




ਸੋਚਿਆਂ ਨਹੀਂ ਸੀ ਇੰਝ ਵੀ ਹੋਵੇਗਾ ਕਦੇ ਖਵਾਬ ਦੇ ਵਿੱਚ 
ਜੋ ਕੁੱਝ ਹੋ ਰਿਹਾ ਹੈ ਅੱਜਕਲ੍ਹ ਮੇਰੇ ਪੰਜਾਬ ਦੇ ਵਿੱਚ 

ਦੇਸ ਦਾ ਸੀ ਜੋ ਅੰਨਦਾਤਾ ਕੁਝ ਕੁ ਸਾਲ ਪਹਿਲਾਂ 
ਫਾਹੇ ਲੈ ਰਿਹਾ ਅੱਜਕਲ੍ਹ ਮੇਰੇ ਪੰਜਾਬ ਦੇ ਵਿੱਚ

ਜਿਹਨੂੰ ਮਾਣ  ਸੀ ਆਪਣੇ ਗੱਭਰੂਆਂ ਮੁਟਿਆਰਾਂ ਤੇ 
 ਲੱਭਣੇ ਔਖੇ ਨੇ ਇਹ ਅੱਜਕਲ੍ਹ ਮੇਰੇ ਪੰਜਾਬ ਦੇ ਵਿੱਚ

ਜਿੱਥੇ  ਘਰਾਂ ਚ ਬਲਦੇ ਸੀ ਚੌਵੀ  ਘੰਟੇ ਚੁੱਲ੍ਹੇ 
ਬਲਦੇ ਨੇ ਸਿਵੇ ਚੋਵੀ ਘੰਟੇ ਅੱਜਕਲ੍ਹ ਮੇਰੇ ਪੰਜਾਬ ਦੇ ਵਿੱਚ

ਧਿਆਨ ਨੂੰਹਾਂ ਦੀ ਇੱਜਤ ਸੀ ਸਿਰ ਦਾ ਤਾਜ਼ ਜਿੱਥੇ 
ਰੁਲਣ ਵਿੱਚ  ਚੌਰਾਹਿਆਂ ਅੱਜਕਲ੍ਹ ਮੇਰੇ ਪੰਜਾਬ ਦੇ ਵਿੱਚ

ਆਉਂਦੇ ਬਾਹਰੋਂ ਸੀ ਜਿਥੇ ਲੋਕ ਰੋਜ਼ੀ ਰੋਟੀ ਦੇ ਲਈ 
ਮਿਲਦੀ ਰੋਟੀ ਦੀ ਥਾਂ ਸੋਟੀ ਅੱਜਕਲ੍ਹ ਮੇਰੇ ਪੰਜਾਬ ਦੇ ਵਿੱਚ

ਛਕਾਉਂਦੇ ਲੱਸੀ ਪਾਣੀ ਸੀ ਜਿੱਥੇ ਲੈ ਛਬੀਲਾਂ ਰਸਤਿਆਂ ਤੇ 
ਛਕਾਉਂਦੇ ਛਬੀਲ ਤੇ ਚਾਹਤ ਅੱਜਕਲ੍ਹ ਮੇਰੇ ਪੰਜਾਬ ਦੇ ਵਿੱਚ

ਜਿਹੜੇ ਲੁੱਟਣ ਲਈ ਮਸ਼ਹੂਰ ਸਨ ਲੁਟੇਰਿਆਂ ਨੂੰ 
ਰਲਗੀ ਚੋਰਾਂ  ਨਾਲ ਕੁੱਤੀ ਅੱਜਕਲ੍ਹ ਮੇਰੇ ਪੰਜਾਬ ਦੇ ਵਿੱਚ


ਸੋਚਿਆਂ ਨਹੀਂ ਸੀ ਇੰਝ ਵੀ ਹੋਵੇਗਾ ਕਦੇ ਖਵਾਬ ਦੇ ਵਿੱਚ 
ਜੋ ਕੁੱਝ ਹੋ ਰਿਹਾ ਹੈ ਅੱਜਕਲ੍ਹ ਮੇਰੇ ਪੰਜਾਬ ਦੇ ਵਿੱਚ 

ਹਰ ਜੀ 26/05/2016

ਸਮਝ ਨੀਂ ਲੱਗਦੀ



ਕਦੇ ਕੱਲੀ ਬਹਿਕੇ ਹੱਸਦੀ ਉਹ 
ਕਦੇ ਇੱਧਰ  ਉੱਧਰ  ਨੱਸਦੀ ਉਹ 
ਕਿਓਂ ਚੁੱਪ ਛਾਪ ਕਦੇ ਬਹਿ ਜਾਂਦੀ 
ਇਹ ਸਮਝ ਨੀਂ ਲੱਗਦੀ 

ਕਦੇ ਬੁੱਲ੍ਹਾਂ ਤੇ ਮੁਸਕਾਨ ਹੁੰਦੀ 
ਕਦੇ ਰੱਜ ਕੇ ਉਹ ਸ਼ੈਤਾਨ ਹੁੰਦੀ 
ਕਿਓਂ ਸੁਨਵੱਟਾ ਕਦੇ ਬਣ ਜਾਂਦੀ 
ਇਹ ਸਮਝ ਨੀਂ ਲੱਗਦੀ 

ਕਦੇ ਘਰ ਨੂੰ ਬੜਾ ਸਜਾਉਂਦੀ ਉਹ 
ਕਦੇ ਨਵੀਆਂ ਸਕੀਮ ਬਣਾਉਂਦੀ ਉਹ 
ਕਿਓਂ ਭੜਥੂ ਕਿੱਦਣੇ  ਪਾ ਦਿੰਦੀ 
ਇਹ ਸਮਝ ਨੀਂ ਲੱਗਦੀ 

ਕਦੇ ਬੋਲਦੀ ਬੜੇ ਪਿਆਰ ਦੇ ਨਾਲ 
ਗੱਲ ਕਰਦੀ ਬੜੇ ਸਤਿਕਾਰ ਦੇ ਨਾਲ 
ਕਦੇ ਵੱਢ  ਖਾਣ ਨੂੰ ਕਿਉਂ  ਪੈਂਦੀ 
ਇਹ ਸਮਝ ਨੀਂ ਲੱਗਦੀ 

ਕਦੇ ਚੰਨ ਨੂੰ ਬਹਿ ਨਿਹਾਰਦੀ ਉਹ 
ਕਦੇ ਖੁਦ ਨੂੰ ਬਹੁਤ ਸ਼ਿੰਗਾਰਦੀ ਉਹ 
ਕਿਉਂ  ਝੱਲ ਕਦੇ ਖਿਲਾਰ ਦਿੰਦੀ 
ਇਹ ਸਮਝ ਨੀਂ ਲੱਗਦੀ 

ਭਾਵੇਂ ਵੱਢ  ਖਾਣ ਨੂੰ ਪੈਂਦੀ ਉਹ 
ਭਾਵੇਂ ਝੱਲ ਖਿਲਾਰ ਕੇ ਰਹਿੰਦੀ ਉਹ 
ਫਿਰ ਭੀ ਦਿਲ ਮੇਰੇ ਨੂੰ ਕਿਉਂ  ਭਾਉਂਦੀ  ਉਹ 
ਇਹ ਸਮਝ ਨੀਂ ਲੱਗਦੀ 

ਹਰ ਜੀ 27/05/0216

ਪੁੱਤ ਵੰਡਾਉਣ ਜਮੀਨਾ


ਕਹਿੰਦੇ ਪੁੱਤ ਵੰਡਾਉਣ ਜਮੀਨਾ
ਤੇ ਧੀਆਂ ਦੁੱਖ ਵੰਡਾਉਦੀਆਂ ਨੇ
ਘਰੋਂ ਨਿਕਾਲੇ ਮਾਂ ਪਿਓ ਨੂੰ
ਆ ਗਲ ਨਾਲ ਲਾਉਂਦੀਆਂ ਨੇ

ਭੈਣ ਮੇਰੀ ਸੀ ਆਈ ਇਕ ਦਿਨ
ਮੈਨੂੰ ਦੱਸਣ ਲਈ
ਤੂੰ ਰੱਖੀਂ ਬਾਪੂ ਦਾ ਖਿਆਲ
ਤੱਤੀ ਵਾ ਨਾਂ ਲੱਗਣ ਦਈਂ
ਕਹਿੰਦੀ ਆ ਬਿਗਾਨੀਆਂ
ਘਰ ਵਿਚ ਭੜਥੂ ਪਾਉਂਦੀਆਂ ਨੇ
ਕਹਿੰਦੇ ਪੁੱਤ ਵੰਡਾਉਣ ਜਮੀਨਾ
ਤੇ ਧੀਆਂ ਦੁੱਖ ਵੰਡਾਉਦੀਆਂ ਨੇ

ਮੈਂ ਕਿਹਾ ਘਰ ਜਾਕੇ ਭੈਣੇ
ਤੂੰ ਇਹੀ ਦੱਸੀਂ ਜੀਜੇ ਮੇਰੇ ਨੂੰ
ਰੱਖੇ ਸਿਰ ਤੇ ਬਹਾਕੇ
ਹੁਣ ਤੋਂ ਸਹੁਰੇ ਤੇਰੇ ਨੂੰ
ਧੀਆਂ ਬਣਕੇ ਨੂੰਹਾਂ
ਫੇਰ ਇਹ ਕਿਓਂ ਭੁੱਲ ਜਾਂਦੀਆਂ ਨੇ
ਕਹਿੰਦੇ ਪੁੱਤ ਵੰਡਾਉਣ ਜਮੀਨਾ
ਤੇ ਧੀਆਂ ਦੁੱਖ ਵੰਡਾਉਦੀਆਂ ਨੇ

ਵਿਆਹ ਤੋਂ ਪਹਿਲਾਂ ਮਾਪਿਆਂ ਲਈ
ਪੁੱਤ ਸਪਨੇ ਸਜਾਉਂਦਾ ਹੈ
ਵਿਆਹ ਪਿਛੋਂ ਓਹ ਸਪਨਿਆਂ ਨੂੰ
ਇੱਕ ਇੱਕ ਕਰ ਦਫਨਾਉਂਦਾ ਹੈ
ਘਰਵਾਲੀਆਂ ਪਤੀਆਂ ਨੂੰ ਨਿੱਤ
ਮਾਪਿਆਂ ਵਿਰੁਧ ਭੜਕਾਉਦੀਆਂ ਨੇ
ਕਹਿੰਦੇ ਪੁੱਤ ਵੰਡਾਉਣ ਜਮੀਨਾ
ਤੇ ਧੀਆਂ ਦੁੱਖ ਵੰਡਾਉਦੀਆਂ ਨੇ

ਨਾਹੀਂ ਧੀਆਂ ਚੰਗੀਆਂ
ਨਾਂਹੀ ਨੂੰਹਾਂ ਬੁਰੀਆਂ ਨੇ
ਇਹ ਸਮਾਜੀ ਕੁਰੀਤੀਆਂ
ਕਾਫੀ ਚਿਰ ਤੋਂ ਤੁਰੀਆਂ ਨੇ
ਤਾਂ ਹੀਂ ਤਾਂ ਸੱਸ ਪੱਟੂ ਗੁੱਤ ਤੇਰੀ
ਕਹਿ ਕੁੜੀਆਂ ਨੂੰ ਮਾਂਵਾਂ ਡਰਾਉਂਦੀਆਂ ਨੇ 
ਕਹਿੰਦੇ ਪੁੱਤ ਵੰਡਾਉਣ ਜਮੀਨਾ
ਤੇ ਧੀਆਂ ਦੁੱਖ ਵੰਡਾਉਦੀਆਂ ਨੇ

ਹਰ ਜੀ 05/05/2016

ਧਰਤੀ ਦਿਵਸ


ਅੱਜ ਧਰਤੀ ਦਿਵਸ ਮੌਕੇ ਤੇ 
ਮੈਂ ਇਹ ਇੱਕ ਕਸਮ ਖਾਵਾਂਗਾ 
ਇਸਦੀ ਸੋਹਣੀ  ਮਿੱਟੀ ਨੂੰ ਮੈਂ 
ਚੱਕ ਕੇ ਮੱਥੇ ਉੱਤੇ ਲਾਵਾਂਗਾ 
ਹਰ ਸਾਲ ਜਿਉਂਦੇ ਜੀ ਮੈਂ 
ਇਸ ਤੇ ਪੌਦੇ ਰੁੱਖ ਉਗਾਵਾਂਗਾ 
ਮੇਰਾ ਵਿਹੜਾ ਸੀ ਸੋਹਣਾ  ਹੋਜੂ 
ਫੁੱਲਾਂ ਨਾਲ ਇਹਨੂੰ ਜਦ ਸਜਾਵਾਂਗਾ 
ਇਹਦੇ ਦਿੱਤੇ ਅੰਨ ਪਾਣੀ ਦਾ 
ਥੋੜਾ ਬਹੁਤਾ ਤਾਂ ਮੁੱਲ ਚਕਾਵਾਂਗਾ 
ਜਦ ਮੇਰਾ ਇੱਥੇ ਕੰਮ ਮੁੱਕ ਗਿਆ 
ਇਹਦੀ ਬੁੱਕਲ ਚ ਜਾ ਸੌਂ ਜਾਵਾਂਗਾ 

ਹਰ ਜੀ 22/04/2016

ਕਿਸਤਰਾਂ ਦਾ ਲਿਖਾਂ

ਲਿਖਾਂ ਤਾਂ ਕਿਸਤਰਾਂ ਦਾ ਲਿਖਾਂ 
ਦਿਖਾਂ  ਤਾਂ ਕਿਸਤਰਾਂ ਦਾ ਦਿਖਾਂ 

ਲਿਖਾਂ  ਜੇ ਦਰਦ ਬਾਰੇ 
ਤਾਂ ਲਗਦਾ ਸਭ ਨੂੰ ਮੈਂ ਦੁਖੀ 
ਨਾਂ ਲਿਖਾਂ ਦਰਦ ਬਾਰੇ 
ਤਾਂ ਕਵਿਤਾ ਬਣ ਜਾਂਦੀ ਹੈ ਰੁੱਖੀ 

ਰੱਬ ਬਾਰੇ ਲਿਖਾਂ ਤਾਂ 
ਮੈਨੂੰ ਬਣਾ ਦਿੰਦੇ ਨੇ ਆਸਤਿਕ 
ਰੱਬ ਬਾਰੇ ਨਾਂ ਲਿਖਾਂ 
ਤਾਂ ਮੈਂ ਹੋ ਜਾਂਦਾ ਹਾਂ ਨਾਸਤਿਕ 


ਚੰਗਾ ਕੁਝ ਲਭਿਆ ਨੀ ਕਦੇ
ਲਿਖਣ ਲਈ ਧਰਮ ਦੇ ਬਾਰੇ
ਲਭ ਕੇ ਮੈਂ ਦੇਖ ਲਿਆ 
ਹਰ ਇੱਕ ਰੱਬ ਦੇ ਦੁਆਰੇ 

ਸਮਾਜਿਕ ਕੁਰੀਤੀ ਤੇ ਲਿਖਾਂ
ਤਾਂ ਗੱਲ ਮੇਰੇ ਘਰ ਦੀ ਹੈ ਲੱਗਦੀ 
ਭਾਵੇਂ ਇਹ ਹਨੇਰੀ ਕਹਿਰ ਦੀ 
ਹਰ ਘਰ ਵਿਚ ਹੈ ਵੱਗਦੀ 

ਰਿਸ਼ਤਿਆਂ ਚ ਤਾਂ ਅੱਜ ਕਲ੍ਹ 
ਲੱਭਦਾ ਹੈ ਖੋਖਲਾਪਣ 
ਪਿਆਰ ਰਹਿਤ ਦਿਖਾਵਾ 
ਮਤਲਬ ਤੇ ਚੋਚ੍ਲਾਪਣ

ਮੈਂ ਜੋ ਹਾਂ ਜਿਹਾ ਜਾ ਹਾਂ 
ਉਹ  ਮੈਂ ਦਿਖ ਨਹੀਂ ਸਕਦਾ 
ਲਿਖਣਾ ਜੋ ਚਾਹੁੰਦਾ ਹਾਂ 
ਉਹ ਮੈਂ ਲਿਖ ਨਹੀਂ ਸਕਦਾ 

 ਦਿਖਾਂ  ਤਾਂ ਫੇਰ  ਮੈਂ
ਕਿਸਤਰਾਂ ਦਾ ਦਿਖਾਂ 
 ਲਿਖਾਂ  ਤਾਂ ਫੇਰ ਮੈਂ
ਕਿਸਤਰਾਂ ਦਾ ਲਿਖਾਂ 
 
ਹਰ ਜੀ 08/04/2016

ਧਰਮ ਤੇ ਬੱਚੇ



ਮੈਂ ਮੰਨਦਾ ਹਾਂ 
ਧਰਮ ਹੋਂਦ ਚ ਆਉਂਦਾ ਹੈ 
ਜਦ ਇੱਕ ਠੱਗ 
ਇੱਕ ਮੂਰਖ ਨੂੰ 
ਮਿਲਦਾ ਹੈ 
ਤੇ ਧਰਮ ਦੇ ਠੇਕੇਦਾਰ 
ਹਮੇਸ਼ਾਂ ਓਹਨਾ 
ਲੋੜਵੰਦਾਂ ਦਾ 
ਕਰਦੇ ਨੇ ਸ਼ੋਸ਼ਣ 
ਜਿਹਨਾ ਨੂੰ 
ਇਹ ਸ਼ੋਸ਼ਣ ਕਰਾਉਣ ਚ 
ਮਿਲਦੀ ਹੈ ਖੁਸ਼ੀ  

ਪਰ ਕੀ ਬੱਚਿਆਂ 
ਦਾ ਵੀ ਕੋਈ  
ਹੁੰਦਾ ਹੈ ਧਰਮ
ਓਹਨਾ ਤੇ ਤਾਂ 
ਜੰਮਣ  ਵੇਲੇ ਹੀ 
ਧਰਮ ਜਾਤ ਤੇ ਨਾਂ ਦੀ 
 ਲਾ ਦਿੱਤੀ ਜਾਂਦੀ ਹੈ ਮੋਹਰ
ਬਿਨ ਸੋਚੇ ਬਿਨ ਪੁਛੇ 
ਤੇ ਫੇਰ  
ਕੀਤਾ ਜਾਂਦਾ ਹੈ ਤਿਆਰ
ਓਹਨਾ ਨੂੰ ਧਰਮ ਦੇ ਨਾਂ ਤੇ 
ਸ਼ੋਸ਼ਣ ਕਰਵਾਉਣ ਲਈ   

ਅਜੇ ਤਾਂ ਇਹ 
ਤਿਆਰ ਵੀ ਨਹੀਂ ਹੋਏ ਹੁੰਦੇ
ਆਪਣੀ ਮਰਜੀ ਨਾਲ 
ਕਿਸੇ ਧਰਮ ਦੇ ਠੇਕੇਦਾਰ  ਤੋਂ 
ਲੁੱਟ ਹੋਣ ਲਈ 
ਜਦ ਕੋਈ  ਧਰਮ ਦਾ ਰਖਵਾਲਾ 
ਕਿਸੇ ਸਿਰ ਫਿਰੇ ਤੋਂ 
ਹਦਾਇਤ ਤੇ ਬੰਬ ਲੈਕੇ 
ਕਿਸੇ ਪਾਰਕ ਵਿਚ 
ਇਹਨਾ ਖੇਡਦਿਆਂ ਤੇ 
ਨੱਚਦੇ ਟੱਪਦੇ  
ਮਸੂਮ ਚਿਹਰਿਆਂ ਨੂੰ 
ਮਾਸ ਦੇ ਲੋਥ੍ੜਿਆਂ  
ਚ ਬਦਲ ਦਿੰਦਾ 

ਓਹ ਧਰਮ ਦੇ ਠੇਕੇਦਾਰੋ 
ਸਮਝੋ ਤੇ ਹੋਸ਼ ਕਰੋ 
ਇਹ ਬੱਚੇ ਸਾਡਾ ਤੇ 
ਤੁਹਾਡਾ ਭਵਿੱਖ ਹਨ 
ਇਹਨਾ ਨੂੰ ਲੁੱਟ ਹੋਣ ਲਈ 
ਤਿਆਰ ਤਾਂ ਹੋ ਜਾਣ  ਦਿਓ
ਸੌ ਫ਼ੀ  ਸਦੀ ਨਾਂ ਸਹੀ 
ਪਰ ਅੱਧ ਤੋਂ ਵੱਧ ਤਾਂ 
ਬੜੇ ਹੋਕੇ ਸਾਡੇ ਵਾਂਗ 
ਤੁਹਾਡੇ ਚੁੰਗਲ ਵਿਚ 
ਜ਼ਰੂਰ  ਫਸਣਗੇ 
ਪਰ ਅੱਜ ਤਾਂ ਇਹਨਾ ਨੂੰ 
ਆਪਣੇ ਬਚਪਣ  ਦਾ 
ਆਨੰਦ  ਮਾਣ  ਲੈਣ ਦਿਓ 

ਹਰ ਜੀ 01/04/2016

ਤੇਈ ਮਾਰਚ ਦੇ ਸ਼ਹੀਦ


 
ਅੱਜ ਦੇ ਦਿਨ ਦੇਸ ਮੇਰੇ ਦੇ ਤਿੰਨ ਗਭਰੂ
ਅੰਗ੍ਰੇਜ਼ੀ ਸਰਕਾਰ ਨੇ  ਫਾਂਸੀ ਚਾੜ੍ਹ  ਦਿੱਤੇ ਸੀ 
ਲਾਹ ਕੇ  ਫੰਧੇ ਤੋ  ਰੱਖ ਕੇ ਸਤਲੁੱਜ ਦੇ  ਕੰਢੇ
ਰਾਤੋ ਰਾਤ ਹੀ ਓਹ ਤਿੰਨੇ  ਸਾੜ  ਦਿੱਤੇ ਸੀ 
ਕੀ ਕਸੂਰ ਸੀ ਓਹਨਾ ਦਾ ਉਦੋਂ ਲੋਕੋ 
ਆਪਣਾ ਹੱਕ ਹੀ ਤਾਂ ਓਹ ਮੰਗਦੇ ਸੀ 
ਆਪਣੇ ਨਾਲ ਦੇ ਲੋਕਾਂ ਨੂੰ ਆਜ਼ਾਦੀ ਦੇ ਲਈ 
ਓਹ ਵਿਚ ਬਸੰਤੀ ਰੰਗ ਦੇ  ਰੰਗਦੇ ਸੀ 
ਹੱਕ ਮੰਗਣਾ ਅਕਸਰ ਗੁਨਾਹ ਹੁੰਦਾ  
ਚਾਹੇ ਜਿਸਦਾ ਵੀ ਦੁਨੀਆਂ ਤੇ  ਰਾਜ ਹੋਵੇ 
ਦੇਸ ਧ੍ਰੋਹੀ ਦੇ ਜੁਰਮ ਦਾ ਲਾ ਫਤਵਾ 
ਹਾਕਮ ਕਰ ਬੰਦ ਦਿੰਦੇ ਜੋ ਵੀ ਅਵਾਜ਼ ਹੋਵੇ 
ਹੁੰਦਾ ਅੱਜ ਵੀ ਓਹੋ ਹੀ ਚਾਰੇ ਪਾਸੇ 
ਲਾਉਣਾ ਸੌਖਾ ਨੀਂ ਮੱਥਾ ਸਰਕਾਰ ਦੇ ਨਾਲ 
ਡੰਡਾ ਪੀਰ ਬਣਿਆ ਦੇਖ ਭਕਤੀ ਦਾ 
ਜਿਤ ਸਕਦਾ ਨੀ ਕੋਈ ਤਕਰਾਰ ਦੇ ਨਾਲ 
ਕੀਤੀ ਸੀ ਸੋਹਣੇ ਭਵਿਖ ਦੀ  ਕਾਮਨਾ ਉਹਨਾ
ਦੇ ਕੇ ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਦੇ ਲਈ 
ਕੁਰਸੀਆਂ ਮੱਲ ਕੇ ਬੈਠ ਗਏ  ਅੰਗ੍ਰੇਜ਼ ਕਾਲੇ 
ਜੁਮੇਵਾਰ ਨੇ ਜੋ  ਦੇਸ਼ ਦੀ ਬਰਬਾਦੀ ਦੇ ਲਈ 
ਪ੍ਰਵਾਨੇ ਆਜ਼ਾਦੀ ਦੇ  ਮਰ ਕੇ ਸ਼ਹੀਦ ਹੁੰਦੇ 
ਪਰ ਸੋਚ ਓਹਨਾ ਦੀ  ਕਦੇ ਨਹੀਂ ਮਰਦੀ
ਸਮੇਂ ਸਮੇਂ ਤੇ ਕਢ ਕੇ ਲੈ ਹੀ  ਆਉਂਦੇ
ਹੁੰਦੇ ਓਹਨਾ ਦੀ  ਸੋਚ ਦੇ ਜੋ ਹਮਦਰਦੀ

ਹਰ ਜੀ 23/03/2016

ਅਸ਼ਿਹਨਸ਼ੀਲਤਾ


ਸ਼ਹਿਨਸ਼ੀਲਤਾ ਜਾਂ  
ਰਾਜਨੀਤਕ ਸਹੀ ਕਰਣ 
ਤੇ ਅਸ਼ਿਹਨਸ਼ੀਲਤਾ
ਇੱਕੋ ਹੀ ਸਿੱਕੇ ਦੇ 
ਦੋ ਪਾਸੇ ਹਨ
ਮਾੜਾ  ਸਦਾ ਸ਼ਹਿਨਸ਼ੀਲਤਾ 
ਦਾ ਪ੍ਰਤੀਕ ਰਿਹਾ  ਤੇ 
ਤਕੜਾ  ਅਸ਼ਿਹਨਸ਼ੀਲਤਾ ਦਾ 
ਬਚਪਨ ਦੀ ਸ਼ਹਿਨਸ਼ੀਲਤਾ 
ਜਵਾਨੀ ਚ  ਅਸ਼ਿਹਨਸ਼ੀਲਤਾ 
  ਦਾ ਰੂਪ ਧਾਰਨ ਕਰ ਲੈਂਦੀ ਹੈ 
ਰਾਜੇ ਨਾਲੋਂ ਪਰਜਾ ਹਮੇਸ਼ਾਂ 
ਜਿਆਦਾ ਸ਼ਹਿਨਸ਼ੀਲ ਰਹ ਹੈ 
ਅਸ਼ਿਹਨਸ਼ੀਲਤਾ ਜਦ 
ਆਪਣੀਆਂ ਹੱਦਾਂ ਟੱਪ ਜਾਂਦੀ ਹੈ 
ਜਾਂ ਟੱਪਣ ਦੀ ਕੋਸ਼ਿਸ਼ ਕਰਦੀ ਹੈ 
ਤਾਂ ਵਿਦ੍ਰੋਹ ਦਾ ਜਨਮ ਹੁੰਦਾ ਹੈ 
ਤੇ ਇਹ ਵਿਦ੍ਰੋਹ ਸਹਿਨਸ਼ੀਲਤਾ ਨੂੰ 
ਅਸ਼ਿਹਨਸ਼ੀਲਤਾ ਵਿਚ ਬਦਲ ਦਿੰਦਾ ਹੈ 
ਸ਼ਹਿਨਸ਼ੀਲਤਾ ਤੇ ਅਸ਼ਿਹਨਸ਼ੀਲਤਾ 
ਜਿੰਦਗੀ ਦਾ ਹਿੱਸਾ ਹਨ 
ਦੋਨਾ ਤੋਂ ਬਿਨਾ 
ਜਿੰਦਗੀ ਅਧੂਰੀ ਹੈ 
ਅਸ਼ਿਹਨਸ਼ੀਲਤਾ ਵਿਚ 
ਅੱਖੜਤਾ ਹੈ  ਤੇ 
ਸ਼ਹਿਨਸ਼ੀਲਤਾ ਚ 
ਜੀ ਹਜੂਰੀ ਹੈ  
ਦੇਖਣ ਨੂੰ ਦੋਵੇ 
ਲੱਗਦੇ ਇੱਕੋ ਜਿਹੇ 
ਪਰ ਅਸਲ ਚ ਦੋਹਾਂ ਦੇ ਵਿਚ 
ਅੰਤ ਦੀ ਦੂਰੀ ਹੈ 

ਹਰ ਜੀ 11/03/2016

ਬੋਲਣ ਦੀ ਆਜ਼ਾਦੀ


ਮੇਰੇ ਲਈ  ਗੁਲਾਮੀ ਤਾਂ 
ਕਾਫੀ ਜਾਣੀ ਪਹਿਚਾਣੀ ਹੈ  
ਪਰ ਮੰਗ ਬੋਲਣ ਦੀ ਆਜਾਦੀ ਦੀ 
ਨਵੀਂ ਨਹੀਂ ਪੁਰਾਣੀ ਹੀ ਹੈ 

ਬਚਪਨ ਤੋਂ ਲੈਕੇ ਹੁਣ ਤੱਕ 
ਮੈਂ ਇਸ ਹਕ਼ ਲਈ  ਲੜਦਾ ਰਿਹਾਂ ਹਾਂ 
ਪਰ ਗੁਲਾਮੀ ਦਾ ਹੀ ਪੱਲਾ 
ਮੈਂ ਹਰ ਵਾਰ ਫੜਦਾ ਰਿਹਾਂ ਹਾਂ 

ਕੀ ਬੋਲਣਾ ਕਦੋਂ ਬੋਲਣਾ 
ਜਦ ਮੈਨੂੰ ਇਹ  ਸਿਖਾਇਆ ਸੀ 
ਤਦ ਗੁਲਾਮੀ ਦੀ ਪੌੜੀ ਦਾ ਮੈਨੂੰ  
ਪਹਿਲਾ ਡੰਡਾ ਫੜਾਇਆ ਸੀ  

ਨਾਂ ਕਦੇ ਬੋਲ ਸਕਿਆਂ ਮਰਜ਼ੀ ਨਾਲ 
ਮੈਂ ਵਿਚ ਸਰਕਾਰੇ ਯਾ ਦਰਬਾਰੇ   
ਨਾਂ ਮੰਦਿਰ ਨਾਂ ਮਸਜਿਦ ਵਿਚ  
ਨਾਂ  ਗਿਰਜੇ, ਨਾਂ ਗੁਰਦਵਾਰੇ

ਨਾਂ ਦੇਖੀ ਅਜਾਦੀ ਬੋਲਣ ਦੀ 
ਮਿਲੀ ਹੋਈ ਕਿਸੇ  ਰਾਜੇ ਰਾਣੇ  ਨੂੰ 
ਫਿਰ ਮੈਂ ਕਮਲਾ ਕਿਓਂ  ਭਾਲਾਂ 
ਜਦ  ਮਿਲੀ ਨਾਂ ਇਹ ਕਿਸੇ ਸਿਆਣੇ ਨੂੰ 

ਨਾਂ ਸੀ ਬੋਲਣ ਵਾਲੀ ਅਜਾਦੀ ਕਦੇ   
ਨਾਂ ਅੱਗੇ ਨੂੰ ਹੋਵੇਗੀ 
ਮੇਰੇ ਵਾਂਗੂੰ ਪਾ ਹਾਰ ਗੁਲਾਮੀ ਦੇ 
ਦੁਨੀਆਂ ਹਰ ਚੋਰਾਹੇ ਚ ਖ੍ਲੋਵੇਗੀ 

ਹਰ ਜੀ 11/03/2016