Sunday, 21 February 2016

ਮੇਰੀ ਮੈਂ



ਮੇਰੀ ਮੈਂ ਇਸ ਜਗ ਤੋਂ ਨਿਆਰੀ 
ਮੇਰੀ ਮੈਂ ਮੈਨੂੰ ਸਭ ਤੋਂ ਪਿਆਰੀ 
ਮੇਰੀ ਮੈਂ ਦਾ ਸਦਾ ਪਲੜਾ ਭਾਰੀ 
ਨਾਂ ਵਿਚ ਰਸਤੇ ਇਹ ਕਦੇ ਰੁਕੀ ਹੈ 
ਮੇਰੇ ਵਿਚ ਮੇਰੀ ਮੈਂ ਲੁਕੀ ਹੈ

ਮੇਰੀ ਮੈਂ ਤੇ ਮੇਰਾ  ਰਿਸ਼ਤਾ ਹੈ ਪੱਕਾ 
ਮੇਰੀ ਮੈਂ ਸਹਿੰਦੀ  ਨਾਂ ਕਦੇ ਧੱਕਾ
ਮੇਰੀ ਮੈਂ ਚਲਾਵੇ  ਹਰ ਥਾਂ ਆਪਣਾ ਸਿੱਕਾ 
ਮੇਰੀ ਮੈਂ ਨੇ ਕਦੇ ਵੱਟੀ  ਨਾਂ ਚੁੱਪੀ ਹੈ 
ਮੇਰੇ ਵਿਚ ਮੇਰੀ ਮੈਂ ਲੁਕੀ ਹੈ
 
ਮੇਰੀ ਮੈਂ ਵਿਚ ਸਭ ਕਿਝ ਮੇਰਾ 
ਮੇਰੀ ਮੈਂ ਵਿਚ ਕੁਝ ਵੀ ਨੀਂ ਤੇਰਾ 
ਮੇਰੀ ਮੈਂ ਦਾ ਹਰ ਥਾਂ ਤੇ  ਡੇਰਾ 
ਜਿਧਰ ਦੇਖਾਂ ਹਰ ਥੈਂ ਛੁਪੀ ਹੈ 
ਮੇਰੇ ਵਿਚ ਮੇਰੀ ਮੈਂ ਲੁਕੀ ਹੈ 

ਮੈਂ ਨੀਂ ਮੰਨਦਾ ਮੇਰੀ ਮੈਂ ਬੁਰੀ ਹੈ 
ਨਾਂ ਇਹਦੇ ਵਿਚ ਕੋਈ ਹਉਮੈਂ ਭਰੀ ਹੈ
ਨਾਂ ਇਹਨੇ ਕੋਈ ਮਾੜੀ ਗੱਲ ਕਰੀ ਹੈ 
ਨਾਂ ਕਦੇ ਇਹ ਬੇਵਾਜਾਹ  ਬੁੱਕੀ ਹੈ 
 ਮੇਰੇ ਵਿਚ ਮੇਰੀ ਮੈਂ ਲੁਕੀ ਹੈ 

Wednesday, 17 February 2016

ਮੇਰੀ ਕਲਮ ਦੀਆ ਪੈੜਾਂ


ਮਾਂ ਮੇਰੀ ਦੇ ਹੱਥਾਂ ਉਤੇ
ਆਲੀਓ ਪਾਲੀਓ ਕਰਕੇ
ਮੇਰੀ ਕਲਮ ਨੇ ਹਿਲਣਾ ਸਿੱਖਿਆ
ਮੇਰੇ ਵਿਹੜੇ ਦੀ ਮਿੱਟੀ ਉਤੇ
ਘੁੱਗੂ ਘਾਂਗੜੇ ਵਾਹ ਕੇ
ਕਲਮ ਮੇਰੀ ਨੇ ਰੁੜਨਾ ਸਿੱਖਿਆ
ਵਿੱਚ ਸਕੂਲੇ ਮਾਸਟਰ ਜੀ ਤੋਂ
ਫੱਟੀ ਉੱਘੜਾ ਕੇ
ਮੇਰੀ ਲੜਖੜਾਉਂਦੀ
ਕਾਨ੍ਹੇ ਦੀ ਕਲਮ ਨੇ
ਮਾਸਟਰ ਜੀ ਦਾ ਹੱਥ ਫੜ ਕੇ
ਪਹਿਲਾ ਕਦਮ ਸੀ ਪੁੱਟਿਆ
ਫਿਰ ਸਲੇਟ ਤੇ ਸਲੇਟੀ
ਤੇ ਕਾਗਜ਼ ਤੇ ਕਲਮ ਜਾਂ ਨਿਭ
ਦੇ ਸੰਗ ਮੇਰੀ ਕਲਮ ਨੇ
ਤੁਰਨਾ ਸਿਖਿਆ
ਹੌਲੀ ਹੌਲੀ ਇਸ ਕਲਮ ਨੇ
ਪੈਨਸਿਲ ਤੇ ਪੈੰਨ ਤੇ ਚੜ੍ਹ ਕੇ
ਭੱਜਣਾ ਸ਼ੁਰੂ ਕੀਤਾ ਤੇ
ਕਈ ਲੰਬੀਆਂ ਦੌੜਾਂ ਜਿੱਤੀਆਂ
ਅੱਜ ਕਲ੍ਹ ਮੇਰੀ ਕਲਮ
ਦੋ ਉਂਗਲਾਂ ਚ
ਫੜਨ ਵਾਲੀ ਨਹੀਂ ਰਹੀ
ਸਗੋਂ ਸਾਰੀਆਂ ਉਂਗਲਾਂ
ਨਾਲ ਲਿਖਦੀ ਹੈ
ਹੋ ਸਕਦਾ ਅਗਲੇ
ਕੁਝ ਸਾਲਾਂ ਚ
ਮੇਰੀ ਕਲਮ ਦਾ
ਮੇਰੇ ਹੱਥਾਂ ਨਾਲੋ ਨਾਤਾ
ਬਿਲਕੁਲ ਹੀ ਟੁੱਟ ਜਾਵੇ।
ਹਰ ਜੀ 12/02/2015

ਮੇਰੀ ਕਲਮ ਦਾ ਸਫਰ


ਸਮੇਂ ਦੇ ਨਾਲ ਨਾਲ
ਮੇਰੀ ਕਲਮ ਨੇ
ਰੂਪ ਬਦਲਣੇ ਵੀ ਸ਼ੁਰੂ ਕੀਤੇ
ਪਹਿਲਾਂ ਉਂਗਲ ਦਾ
ਫੇਰ ਡੱਕੇ ਦਾ
ਕਦੇ ਸਲੇਟੀ ਦਾ
ਕਦੇ  ਪੈਨਸਿਲ ਦਾ
ਕਦੇ ਪਤਲੀ ਤੇ 
ਕਦੇ ਤਿਰਛੀ 
ਕਾਨ੍ਹੇ ਦੀ ਕਲਮ ਦਾ
ਹੌਲੀ ਹੌਲੀ ਇਹ ਕਲਮ
ਜੀ ਦੇ ਨਿਬ ਵਾਲੇ
ਡੰਕ ਚ ਬਦਲ ਗਈ
ਜੋ ਬਾਅਦ ਚ  ਫਊਂਟੇਨ ਤੇ
ਬਾਲ ਪੁਆਇੰਟ ਪੈੱਨ ਚ
ਅੱਜ ਕੱਲ ਕੀ ਬੋਰਡ ਦਾ
ਸਮੇਂ ਦੇ ਨਾਲ ਨਾਲ ਨਾਲ
ਲੱਕੜ ਦੀ ਫੱਟੀ ਦੀ ਥਾਂ
ਸਲੇਟ ਨੇ , ਫੇਰ ਕਾਪੀ ਨੇ
ਤੇ ਹੁਣ ਸਕਰੀਨਜ਼ ਨੇ ਲੈ ਲਈ
ਤਾਏ  ਦੀ ਧੀ ਚੱਲੀ 
ਮੈਂ ਕਿਓਂ ਰਹਾਂ ਕੱਲੀ 
ਦੀ ਆਖਾਂ ਵਾਂਗ 
ਸਿਆਹੀ ਨੇ ਵੀ
ਰੂਪ ਬਦਲਣੇ ਸ਼ੁਰੂ ਕੀਤੇ
ਤਵੇ ਦੀ ਕਾਲਖ
ਨੀਲੀਆਂ ਤੇ ਲਾਲ ਬੱਟੀਆਂ ਚੋ
ਹੁੰਦੀ ਹੋਈ ਬਜ਼ਾਰੂ ਸਿਆਹੀ 
ਚ ਬਦਲ ਗਈ 
ਜਿਸ ਦੀ ਥਾਂ ਅੱਜ ਕੱਲ੍ਹ 
ਪ੍ਰਿੰਟਰਾਂ ਦੇ ਕਾਰਟਰਿਜ ਨੇ
ਲੈ ਲਈ
ਲੀਰ ਵਾਲੀ ਸ਼ੀਸ਼ੀ
ਦੀ ਥਾਂ ਟੀਨ ਦੀ
ਸਪੰਜ ਵਾਲੀ ਦਵਾਤ ਨੇ
ਜਿਸਦਾ  ਬਾਅਦ ਵਿਚ 
ਕੱਚ ਦੀ ਦਵਾਤ ਨੇ
ਤੇ ਹੁਣ ਪ੍ਰਿੰਟਰਾਂ ਨੇ 
ਮੇਰੀ ਕਲਮ ਨਾਲੋ 
ਰਿਸ਼ਤਾ ਤੁੜਵਾ ਦਿੱਤਾ 

ਹਰ ਜੀ 18/02/2016

Thursday, 11 February 2016

ਉਡੀਕ


ਦਰੱਖਤ ਨਾਲ ਢੋਹ ਲਾ
ਘੰਟਿਆਂ ਬੱਧੀ
ਦੇਖਦੀ ਰਹੀ ਉਹ ਰਾਹ
ਚਿੰਤਤ ਅੱਖੀਆਂ ਨਾਲ
ਿੲੱਕ ਆਸ ਲੈਕੇ
ਸ਼ਾਇਦ ਉਹ ਆਵੇਗਾ
ਤੇ ਨਿਭਾਵੇਗਾ ਆਪਣਾ ਵਾਅਦਾ
ਮੇਰੇ ਦਿਲ ਨੂੰ ਸਕੂਨ ਦੇਣ ਦਾ
ਮੇਰੇ ਖਿਆਲਾਂ ਦਾ ਹਮਰਾਹੀ ਬਣਕੇ

ਤੀਜੇ ਪਹਿਰ ਦਾ ਉਹ ਮਰੋੜ
ਹੌਲੀ ਹੌਲੀ ਗਰਮ ਤੇ ਬੇਹਵਾ
ਸ਼ਾਮ ਚ ਘੁਲ਼ ਗਿਆ
ਰੇਤ ਤੇ ਪੈਰਾਂ ਦੇ ਨਿਸ਼ਾਨਾਂ ਨੂੰ
ੳਲੀਕਦਿਆਂ  ੳਲੀਕਦਿਆਂ
ਹੁਣ ਤਾਂ ਉਸ ਦੀਆਂ
ਉਂਗਲਾਂ ਵੀ ਦੁੱਖਣ ਲੱਗ ਪਈਆਂ
ਤੇ ਉਸ ਨੇ ਲਿਬੜੇ  ਹੱਥਾਂ  ਨਾਲ
ਮਾਏ ਲੱਗੇ ਘੱਗਰੇ ਦੀਆਂ
ਕਰੀਜ਼ਾਂ ਨੂੰ ਵੀ ਮਧੋਲ਼ ਛੱਡਿਆ
ਹਵਾ ਦੀ ਸਿਲ੍ਹ ਨੇ
ਉਸਦੇ ਵਾਲ਼ ਉਲਝਾ ਦਿੱਤੇ
ਤੇ ਉਸ ਦੀਆਂ ਅੱਖਾਂ ਚ
ਖੂਨ ਉੱਤਰ ਆਇਆ
ਪਰ ਉਹ ਨਾਂ ਆਇਆ

ਉਹ ਅਇਆ ਪਰ
ਬਹੁਤ ਦੇਰ ਬਾਅਦ
ਉਸ ਨੂੰ ਉਸਦੀ
ਕੱਠੀ ਹੋਈ ਲਾਸ਼ ਮਿਲੀ
ਇੱਕ ਸੁੰਦਰ ਕਿਸ਼ਤੀ
ਦੇ ਖੂੰਜੇ ਚੋਂ
ਅੱਖਾਂ ਟੱਡੀਆਂ ਹੋਈਆਂ
ਇੰਝ ਲੱਗ ਰਿਹਾ ਸੀ
ਜਿਵੇਂ ਉਹ ਅੱਜ ਵੀ
ਉਡੀਕ ਰਹੀ ਹੋਵੇ
ਤੇ ਕਰ ਰਹੀ ਹੋਵੇ ਕੋਸ਼ਿਸ਼
ਗੋਡਿਆਂ ਨਾਲ
ਡੁੱਬਦੇ ਦਿਲ ਨੂੰ
ਸਹਾਰਾ ਦੇਣ ਦੀ
ਵਿੰਕਸ 31-08-2015
ਅਨੁਵਾਦ ਹਰ ਜੀ ੩੧-੦੮-੨੦੧੫

ਵਾਅਦੇ


ਮੁੜਕੇ ਮਿਲਾਂਗੇ ਛੇਤੀ ਆਪਾਂ
ਵਿਛੜਨ ਵੇਲੇ ਇਹ  ਕੀਤੇ ਵਾਅਦੇ
ਨਾਂ ਭੁੱਲਾਂਗੇ ਨਾਂ ਟੁੱਟਣ ਦੇਵਾਂਗੇ
ਮਜਬੂਤ ਧਾਗੇ ਨਾਲ ਸੀਤੇ ਵਾਅਦੇ

ਬਹਿ ਜਾਂਦੀ ਲਾ ਢੋਹ  ਦਰੱਖਤ ਨਾਲ
ਕਰਦੀ ਰਹਿੰਦੀ ਚੇਤੇ ਵਾਅਦੇ
ਉਂਗਲਾਂ ਦੇ ਨਾਲ ਪਾਉਂਦੀ ਔਂਸੀਆਂ
ਲਿਖਦੀ ਰਹਿੰਦੀ ਵਿਚ ਰੇਤੇ ਵਾਅਦੇ

ਉਹ ਵੀ ਉਧਰ ਤੜਪਦਾ ਰਹਿੰਦਾ
ਕਰ ਕਰ ਚੇਤੇ ਕੀਤੇ ਵਾਅਦੇ
ਸੋਚਦਾ ਰਹਿੰਦਾ ਓਹਦੇ ਬਾਰੇ
ਲਾ ਬੈਠੀ ਹੋਣੀ ਜੀ ਤੇ ਵਾਅਦੇ

ਦਿਨ ਮਹੀਨੇ  ਕਈ  ਵਰ੍ਹੇ  ਨਿਕਲ ਗਏ  
ਕਰਦੇ ਰਹੇ ਦੋਵੇਂ ਚੇਤੇ ਵਾਅਦੇ
ਹੌਲੀ ਹੌਲੀ ਖਿਸਕਣ ਲੱਗੇ
ਬੰਦ ਮੁੱਠੀ ਚੋਂ  ਵਾਂਗ ਰੇਤੇ ਵਾਅਦੇ

ਉਹਨੇ ਸੋਚਿਆ ਓਹ ਨੀਂ ਆਵੇਗਾ  
ਭੁੱਲ ਗਿਆ ਜਿਹੜੇ ਕੀਤੇ ਵਾਅਦੇ
ਮੈਂ ਵੀ ਹੁਣ ਜੀ ਕੇ ਕੀ ਕਰਨਾ
ਬੜੇ ਸਬਰ ਘੁੱਟ ਪੀਤੇ ਵਾਅਦੇ

ਓਹ ਵੀ ਉਧਰੋਂ ਤੁਰ ਪਿਆ ਸੋਚਕੇ  ਕੇ
ਟੁੱਟਣ ਨੀਂ ਦੇਣੇ ਜੀ ਜੀਤੇ  ਵਾਅਦੇ
ਪਹੁੰਚ ਗਿਆ ਲੱਭਦਾ ਉਸ ਥਾਂ ਤੇ
ਜਿਥੇ ਬਹਿ ਸਨ ਕੀਤੇ ਵਾਅਦੇ

ਉਹ ਲੇਟ ਹੋਗਿਆ ਉਹਨੇ ਆਸ ਛੱਡ ਤੀ
ਪਰ ਭੁੱਲੇ ਨਾਂ ਕੀਤੇ ਵਾਅਦੇ
ਮਜਬੂਰੀ ਨੂੰ ਸਮਝਣ ਤੋਂ ਪਹਿਲਾ
ਲੀਰੋ ਲੀਰ ਹੋਗੇ  ਸੀਤੇ ਵਾਅਦੇ

ਵਿੰਕਸ 31ਅਗਸਤ 2015

ਅਨੁਵਾਦ ਹਰ ਜੀ 01/09/2015

ਹੀਰਿਆਂ ਦੇ ਵਾਅਦੇ

ਖੋਖਲੇ ਵਾਅਦੇ
ਧੰੁਦਲੇ ਵਾਅਦੇ
ਕੱਚੇ ਵਾਅਦੇ
ਕਮਜੋਰ ਵਾਅਦੇ
ਮਿਰਗ ਤਰਿਸ਼ਨੀ ਵਾਅਦੇ
ਉਹ ਕਰਦਾ ਰਿਹਾ
ਸ਼ਾਇਦ
ਮੈਂ ਮੰਨਦੀ ਰਹੀ
ਯਕੀਨ ਕਰਦੀ ਰਹੀ
ਜਾਂ ਇਹ
ਅਵਚੇਤਨ ਮਨ ਦੀ ਖੇਡ ਸੀ
ਸ਼ਾਇਦ

ਕੀ ਵਾਕਿਆ ਈ
ਮੈਨੂੰ ਉਸ ਦੀ ਖੱਬੀ ਉਂਗਲ ਤੇ
ਇੱਕ ਸਧਾਰਣ ਜਿਹਾ
ਚਮਕ ਰਹਿਤ ਛੱਲਾ ਦਿਖਾਈ ਦਿੱਤਾ
ਜਿਸ ਨੂੰ ਮੈਂ ਤਰੱਭ ਕੇ
ਗਹੁ ਨਾਲ ਦੇਖਿਆ ਸੀ
ਤੇ ਦੇਖਦੇ ਸਾਰ ਹੀ
ਮੇਰਾ ਦਿਲ
ਮੇਰੇ ਗਲੇ ਚ ਫਸ ਗਿਆ
ਤੇ ਮੇਰੇ ਬੁੱਲ੍ਹਾਂ ਤੇ
ਸਿੱਕੜੀ ਆ ਗਈ ਸੀ
ਿਕਉਂ ਕਿ ਮੈਂ ਉਸ ਸੋਨੇ ਦੇ ਛੱਲੇ ਤੇ
ਲਾਲ ਰੰਗ ਨਾਲ ਉੱਕਰਿਆ
ਤੇਰਾ ਨਾਂ ਦੇਖਿਆ ਸੀ
ਲਾਲ ਮੇਰੇ ਜ਼ਖਮੀ ਦਿਲ ਦਾ ਰੰਗ
ਲਾਲ ਮੇਰੇ ਸੁੰਨ ਹੋਏ ਮਨ ਦਾ ਰੰਗ
ਲਾਲ ਮੇਰੀ ਬੇਬੱਸੀ ਦਾ ਰੰਗ
ਲਾਲ ਮੇਰੇ ਟੁੱਟੇ ਖੰਭਾਂ ਦਾ ਰੰਗ
ਲਾਲ ਮੇਰੇ ਖਾਰੇ ਹੰਝੂਆਂ ਦਾ ਰੰਗ

ਮੇਰੇ ਸਰੀਰ ਚ ਕੰਡੇ ਚੁਭਣ ਲੱਗੇ ਸਨ
ਇੰਝ ਲੱਗਿਆ ਸੀ ਜਿਵੇਂ
ਮੇਰੀ ਹੋਂਦ ਤਲਵਾਰਾਂ ਨਾਲ
ਕੱਟੀ ਜਾ ਰਹੀ ਹੋਵੇ
ਮੈ ਲੰਮੇ ਸਾਹ ਭਰਣ ਲੱਗੀ
ਮੇਰਾ ਦਮ ਘੁੱਟਣ ਲੱਗਿਆ
ਮੈਂ ਭੱਜਣ ਲੱਗੀ
ਤੇਜ ਹੋਰ ਤੇਜ ਹੋਰ ਤੇਜ
ਇੰਝ ਲੱਗ ਰਿਹਾ ਸੀ
ਜਿਵੇਂ ਮੇਰੀਆਂ ਲੱਤਾਂ ਤੇ
ਮਣਾਂ ਮੂਹੀਂ ਭਾਰ ਬੰਨਿਆ ਹੋਵੇ

ਮੈਂ ਪਿੱਛੇ ਮੁੜਕੇ
ਉਸ ਲਾਲ ਅੱਖਰਾਂ ਵਾਲੇ
ਛੱਲੇ ਵੱਲ ਦੇਖਦੀ
ਇਹ ਜਾਨਣ ਲਈ
ਿਕਤੇ ਉਹ ਮੇਰਾ ਛੱਲਾ ਤਾਂ ਨੀਂ
ਫੇਰ ਮੈਂ ਆਪਣੇ
ਖੱਬੇ ਹੱਥ ਵੱਲ ਵੇਖਦੀ
ਇਹ ਸੋਚਕੇ
ਿਕਤੇ ਮੈਂ ਉਸਦਾ ਜੁੜਵਾਂ
ਤਾਂ ਨੀਂ ਪਾਇਆ ਹੋਇਆ
ਨਹੀਂ
ਉਸ ਚਿੱਟੀ ਉਂਗਲ ਤੇ
ਕੁੱਝ ਵੀ ਨਹੀਂ ਸੀ

ਉਹ ਅਵਚੇਤਨ ਮਨ ਦੀ ਖੇਡ ਵਾਲਾ
ਸਧਾਰਣ ਸੋਨੇ ਦਾ ਛੱਲਾ
ਅੱਜ ਵੀ ਭੂਤ ਬਣਕੇ
ਮੈਨੂੰ ਡਰਾਉਂਦਾ ਰਹਿੰਦਾ

ਵਿੰਕਸ ੪ ਸਤੰਬਰ ੨੦੧੫

ਅਨੁਵਾਦ ਹਰ ਜੀ ੫-੦੯-੨੦੧੫

ਮਿਰਗ ਤ੍ਰਿਸ਼ਨਾ



ਉਹ ਪਿੱਛਾ ਕਰਦੀ
ਉਸ ਚਮਕ ਵਾਲੇ  
ਦੁੱਧ ਰੰਗੇ ਆਕਾਰ ਦਾ
ਜੋ ਉਸ ਤੋ  ਜਾ ਰਿਹਾ ਸੀ  ਦੂਰ
ਬਹੁਤ ਦੂਰ
ਜਿੱਥੇ ਧਰਤੀ ਤੇ ਆਕਾਸ਼ ਦਾ
ਮਿਲਣ ਹੁੰਦਾ ਹੈ
ਇੰਝ ਲਗਦਾ ਜਿਵੇਂ ਓਹ
ਆਕਾਸ਼ੀ  ਸਤਰ ਦੇ
ਨੀਲੇ ਤੇ ਭੂਰੇ ਰੰਗਾ ਵਿੱਚ
ਸਮਾ ਰਿਹਾ ਹੋਵੇ
ਧੁੰਦਲਾ ਰਿਹਾ ਹੋਵੇ

ਉਹ ਅੱਖਾਂ ਸੰਗੋੜਦੀ
ਨਿਗਾਹ ਨੂੰ ਕੇਂਦਰਿਤ ਤੇ ਸਾਫ਼
ਕਰਨ ਦੀ ਕੋਸ਼ਿਸ਼ ਕਰਦੀ
ਅੱਖਾਂ ਨੂੰ ਪਹਿਲਾਂ  ਤਲੀਆਂ ਨਾਲ
ਫੇਰ  ਮੁੱਠੀਆਂ ਨਾਲ ਮਲਦੀ
ਉਂਗਲਾਂ ਦੀਆਂ ਗੱਠਾਂ ਨਾਲ
ਉਸ ਦੀਆਂ ਅੱਖਾਂ ਚ
ਦਰਦ ਹੋਣ ਲੱਗ ਪਿਆ

ਟੱਡੀਆਂ ਅੱਖਾਂ ਨਾਲ
ਓਹ ਦੇਖਦੀ ਰਹਿੰਦੀ
ਜਦ ਤੱਕ ਉਸ ਦੀਆਂ ਅੱਖਾਂ
ਗਿੱਲੀਆਂ  ਨਾਂ ਹੋ ਜਾਂਦੀਆਂ
ਓਹ ਅੱਖਾਂ ਦੇ ਗਿੱਲੇ ਪਣ ਨੂੰ  
ਉਸ ਦੇ ਖੋਣ ਦਾ ਕਾਰਨ
ਨਹੀ ਬਣਾ ਸਕਦੀ
ਇਸ ਲਈ  ਉਹ
ਵਾਰ ਵਾਰ ਅੱਖਾਂ ਝ੍ਮ੍ਕਦੀ
ਨਿਗਾਹ ਨੂੰ ਸਾਫ਼ ਕਰਨ ਲਈ
ਅਥਰੂ ਪੂੰਝਦੀ ,
ਫਿਰ  ਮੁਸਕਰਾਉਂਦੀ
ਤੇ ਉਸ ਅਕਾਰ ਦਾ
ਪਿੱਛਾ ਕਰਦੀ ਰਹਿੰਦੀ
ਉਸਦੇ ਖਿਲਰਦੇ  ਚੋਲੇ ਚੋਂ
ਉਸਨੂੰ ਉਸਦੇ ਪੈਰ
ਦਿਖਾਈ ਨਾਂ ਦਿੰਦੇ
ਓਹ ਉਸ ਨੂੰ ਫੜਨ ਲਈ
ਆਪਣੀ ਬਾਂਹ ਵਧਾਉਂਦੀ
ਪਰ ਉਸਨੂੰ ਛੂਹ ਵੀ  ਨਾਂ  ਸਕਦੀ

ਕਿਉਂ ਕੇ ਇਹ ਅਸਲੀਅਤ ਨਹੀਂ  ਸੀ
ਸਿਰਫ਼ ਮਿਰਗ ਤ੍ਰਿਸ਼ਨਾ ਸੀ,
ਇੱਕ ਭਲੇਖਾ ਸੀ
ਉਸ ਨੂੰ ਆਗ੍ਰਹ ਕੀਤਾ ਗਿਆ ਸੀ
ਤੇ ਤਾੜਿਆ  ਗਿਆ ਸੀ
ਪਰ ਉਹ  ਉਸ ਦਾ
ਪਿੱਛਾ ਕਰਦੀ ਰਹੀ  
ਰੇਤ ਦੀ ਹਨੇਰੀ
ਕੰਡਿਆਲੇ ਰਸਤੇ ਤੇ
ਤਪਦੇ ਸੂਰਜ ਦੀ
ਪ੍ਰਵਾਹ ਕੀਤੇ ਬਿਨਾ

ਫੇਰ ਉਸਨੇ ਐਲਾਨ ਕੀਤਾ
ਕੀ ਓਹ ਉਸ ਕੋਲ
ਜਾਣਾ ਨੀ ਚਾਹੁੰਦੀ
ਸਗੋਂ  ਮਿਰਗ ਤ੍ਰਿਸ਼ਨਾ ਨੂੰ
ਖਦੇੜਨਾ ਚਾਹੁੰਦੀ ਹੈ
ਤੇ ਖੁਦ ਉਜਾੜ ਚ
ਰਹਿਣਾ ਚਾਹੁੰਦੀ ਹੈ
ਕਿਉਂ ਕੇ ਸੰਤਾਪ ਚ
ਹੁਣ ਉਸ ਨੂੰ
ਖੁਸ਼ੀ ਮਿਲਦੀ ਹੈ

ਵਿੰਕਸ  24 ਸਤੰਬਰ 2015
ਅਨੁਵਾਦ ਹਰ ਜੀ 25/09/2015