Tuesday, 18 April 2017

ਚੋਣਾਂ ਦਾ ਦੰਗਲ


ਦੰਗਲ ਮਘਿਆ ਵਿਚ ਪੰਜਾਬ ਮੇਰੇ ਚੱਲ ਰਿਹਾ ਚੋਣਾਂ ਦਾ ਹੁਣ ਦੌਰ ਮੀਆਂ
11 ਮਾਰਚ ਤੋਂ ਬਾਅਦ ਹੀ ਪਤਾ ਚੱਲੂ ਕੀਹਦੇ ਸਰ ਤੇ ਝੁੱਲੂਗਾ ਚੌਰ ਮੀਆਂ
ਤੜਕੇ ਹੀ ਘਰੋਂ ਉਹ ਨਿਕਲ ਪੈਂਦੇ ਰੱਖ ਸਰ ਤੇ ਝੂਠ ਦੀ ਪੰਡ ਲੀਡਰ
ਚੜ੍ਹਕੇ ਸਟੇਜਾਂ ਤੇ ਗੱਪਾਂ ਛੱਡੀ ਜਾਂਦੇ ਨਿੱਤ ਕਰੀ ਜਾਂਦੇ ਨਵੇਂ ਪਾਖੰਡ ਲੀਡਰ
ਸਿਰਫ ਮੈਂ ਚੰਗਾ ਬਾਕੀ ਸਭ ਨਿਕੰਮੇ ਸੰਘ ਪਾੜ ਪਾੜ ਉਹ ਕਹੀ ਜਾਂਦੇ
ਪੰਜ ਸਾਲ ਲਈ ਮੈਨੂੰ ਵੀ ਸਹਿ ਲਿਓ ਇੰਨੀ ਦੇਰ ਤੋਂ ਓਹਨੂੰ ਵੀ ਸਹੀ ਜਾਂਦੇ
ਓਹਨੇ ਔਹ ਕੀਤਾ ਮੈਂ ਆਹ ਕਰਦੂੰ ਭੁੱਖਾ ਥੋਨੂ ਕਦੇ ਨੀਂ ਮੈਂ ਮਰਨ ਦਿੰਦਾ
ਰੋਟੀ ਪੂਰੀ ਦੀ ਥਾਂ ਭਾਵੇਂ ਦਊਂ ਅੱਧੀ ਢਿੱਡ ਥੋਡਾ ਕਦੇ ਨੀਂ ਮੈਂ ਭਰਨ ਦਿੰਦਾ
ਜਿਹੜਾ ਕਿੱਤਾ ਤੁਸੀਂ ਅੱਜ ਕਰ ਰਹੇ ਹੋ ਓਹਦਾ ਛੱਡਾਂਗਾ ਭੱਠਾ ਬੈਠਾ ਕੇ ਮੈਂ
ਦਸਾਂ ਨੌਹਾਂ ਦੀ ਕਿਰਤ ਦੀ ਨੀਂ ਲੋੜ ਅੱਜ ਕੱਲ੍ਹ ਰੋਟੀ ਮੁਫ਼ਤ ਦੀ ਛਡੂੰ ਖਵਾਕੇ ਮੈਂ
ਜਿਹੜੀ ਤੱਕੜੀ ਸੱਚ ਸਦਾ ਤੋਲਦੀ ਸੀ ਨਸ਼ਾ ਨਾਲ ਓਹਦੇ ਦੇਵਾਂਗੇ ਤੋਲਕੇ ਅਸੀਂ
 ਹੱਥ ਉੱਠਦਾ ਸੀ ਜੋ ਅਸ਼ੀਰਵਾਦ ਲਈ ਕਿਵੇਂ ਛੱਡਦਾ ਚਪੇੜਾਂ ਦੇਖਿਓ ਬੋਲਕੇ ਤੁਸੀਂ
ਜਿਹੜਾ ਝਾੜੂ ਸੀ ਪਿਆ ਕਦੇ ਖੂੰਜੇ ਰਹਿੰਦਾ ਬਣਾਲੀ ਵੱਖਰੀ ਹੀ ਓਹਨੇ ਪਛਾਣ ਅੱਜਕੱਲ੍ਹ
ਦਾਤੀ ਵੱਢ ਨਾ ਸਕੀ ਜਿਹੜੀ ਛਿੱਟਿਆਂ ਨੂੰ ਲਗਦਾ ਕੱਢ ਲਈ ਹਥੌੜੇ ਓਹਦੀ ਜਾਨ ਅੱਜਕਲ੍ਹ
ਹੱਥ ਜੋੜਕੇ ਆਏਂ ਹਾਂ ਸ਼ਰਨ ਠੋਡੀ ਖਾਲੀ ਹੱਥ ਨਾਂ ਸਾਨੂੰ ਮੋੜਿਓ ਤੁਸੀਂ
ਇੱਕ ਵਾਰ ਕੁਰਸੀ ਤੇ ਬੈਠਾ ਦੇਵੋ ਅਗਲੇ ਪੰਜ ਸਾਲ ਹੱਥ ਫੇਰ ਜੋੜਿਓ ਤੁਸੀਂ
ਹਰ ਜੀ 24/01/2017

ਮੈਂ ਵੋਟਰ ਹਾਂ


ਮੈਂ ਵੋਟਰ ਹਾਂ
ਮੈਂ ਸਭ ਜਾਣਦਾਂ ਹਾਂ
ਕੌਣ ਹਨ ਜੁਮੇਵਾਰ
ਮੇਰੀ ਜਨਮ ਧਰਤੀ ਤੇ
ਨਸਲਕੁਸ਼ੀ ਲਈ
 ਨਸ਼ਾਖੋਰੀ ਲਈ
ਬੇਰੁਜਗਾਰੀ ਲਈ
ਲੱਕ ਤੋੜ ਮਹਿੰਗਾਈ ਲਈ
ਕੁਨਬਾ ਪ੍ਰਸਤੀ ਲਈ
ਕਿਸਾਨੀ ਤੇ ਜਵਾਨੀ ਦਾ
ਘਾਣ ਕਰਨ ਲਈ
ਅੱਜ ਹੀ ਨਹੀਂ
ਦਹਾਕਿਆਂ ਤੋਂ ਜਾਣਦਾਂ ਹਾਂ
ਪਰ ਕੀ ਕਰਦਾ
ਕੁਛ ਗੁੰਡਾ ਗਰਦੀ ਨੇ
ਕੁਛ ਲਾਰਿਆਂ ਦੀ ਆਸ ਨੇ
ਕੁਛ ਧਾਰਮਿਕ ਭਾਵਨਾਵਾਂ ਨੇ
ਕੁਛ ਘਰ ਦੇ ਹਾਲਾਤਾਂ ਨੇ
ਕੁਛ ਦਾਤੇ ਦੀਆਂ ਦਾਤਾਂ ਨੇ
ਮੈਨੂੰ ਅਜਿਹੇ ਗਧੀ ਗੇੜ ਚ ਪਾਇਆ
ਕਿ ਮੈਂ ਆਪਣੀ ਵੋਟ ਦੀ
ਕੀਮਤ ਹੀ ਭੁੱਲ ਗਿਆ
ਦਲਾਲਾਂ ਤੇ ਠੱਗਾਂ ਨੇ
ਭੰਬਲਭੂਸੇ ਚ ਪਾਕੇ
ਅਜਿਹੇ ਸਬਜਬਾਗ ਦਿਖਾਏ
ਕਿ ਮੈਂ ਆਪਣੀ ਵੋਟ ਵੇਚਣ ਚ
ਮਾਣ ਮਹਿਸੂਸ ਕਰਨ ਲੱਗਿਆ
ਪਹਿਲਾਂ ਸੌ ਰੁਪਏ ਪ੍ਰਤੀ ਸਾਲ
ਫੇਰ ਹਜ਼ਾਰ ਰੁਪਏ ਪ੍ਰਤੀ ਸਾਲ
ਹੁਣ ਸ਼ਾਇਦ ਦੋ ਹਜ਼ਾਰ ਪ੍ਰਤੀ ਸਾਲ
ਪਰ ਮੈਂ ਕਰਦਾ ਵੀ ਕੀ
ਪਰ ਮੇਰੇ ਕੋਲ ਕੋਈ
ਬਦਲ ਵੀ ਤੇ ਨਹੀਂ ਸੀ
ਕਦੇ ਨੀਲੇ ਕਦੇ ਚਿੱਟੇ
ਬਾਰੀ ਬੰਨ੍ਹ ਕੇ ਆਉਂਦੇ
ਮੈਨੂੰ ਤੇ ਮੇਰੇ ਪੰਜਾਬ ਨੂੰ
ਦੋਵਾਂ ਹੱਥਾਂ ਨਾਲ ਲੁੱਟਦੇ
ਤੇ ਮੈਂ ਆਪਣੇ ਸਬਜ਼ਬਾਗਾਂ ਚ
ਡੁੱਬ ਕੇ ਜੀਂਦਾ ਰਹਿੰਦਾ
ਅੱਜ ਸ਼ਾਇਦ ਮੇਰੀ ਅੱਖ ਖੁਲੀ ਹੈ
ਮੈਨੂੰ ਕੁੱਛ ਨਵੀਂ ਆਸ ਦਿੱਖ ਰਹੀ ਹੈ
ਇੱਕ ਬਦਲਾਵ ਦੀ ਕਿਰਨ
ਪਤਾ ਤਾਂ ਵਰਤ ਕੇ ਲੱਗੂ
ਪਰ ਵਰਤਣ ਲਈ ਪਹਿਲਾਂ
ਬਦਲਾਅ ਲਿਓਣਾਂ ਜਰੂਰੀ ਹੈ
ਇਸ ਲਈ ਮੈਂ ਸੋਚਿਆ ਕਿ
ਮੈਂ ਇਸ ਬਾਰ ਠੱਗ ਬਣਾਗਾ
ਆਪਣੀ ਵੋਟ ਦੀ ਕੀਮਤ
ਜੋ ਦੇਵੇਗਾ ਉਸ ਤੋਂ ਲਵਾਂਗਾ
ਤੇ ਵੋਟ ਬਦਲਾਅ ਲਈ ਪਾਵਾਂਗਾ
ਕਿਓਂ ਕੇ ਮੈਂ ਵੋਟਰ ਹਾਂ
ਮੈਂ ਸਭ ਜਾਣਦਾਂ ਹਨ
ਹਰ ਜੀ 23/01/2017

ਵੋਟਾਂ ਦਾ ਭੰਬਲਭੂਸਾ


ਮੈਂ ਪੰਜਾਬੀ ਹਨ
ਆਮ ਪੰਜਾਬੀ
ਵੋਟਾਂ ਦਾ ਭੰਬਲਭੂਸਾ 
ਮੈਨੂੰ ਸਮਝ ਨੀਂ ਆਉਂਦਾ
ਲੀਡਰ ਆਉਂਦੇ ਨੇ
ਭਾਸ਼ਣ ਦਿੰਦੇ ਨੇ
ਮੈਂ ਆਹ ਕਰਦੂੰ
ਮੈਂ ਔਹ ਕਰਦੂੰ
ਵੋਟਾਂ ਮੈਨੂੰ ਪਾਓ
ਮੇਰੀ ਪਾਰਟੀ ਜਿਤਾਓ
ਓਹਨੂੰ ਅੰਦਰ ਕਾਰਦੂੰ
ਓਹਨੂੰ ਫਾਹੇ ਟੰਗਦੂੰ
ਨਹਿਰਾਂ ਚ ਬੱਸਾਂ ਚਲਾਦੂੰ
ਮੰਗਲ ਤੱਕ ਸੜਕ ਬਣਾਦੂੰ
ਸਮੇਂ ਦੇ ਹੁਕਮਰਾਨਾਂ
ਜੇਲ੍ਹ ਚ ਡੱਕ ਦੂੰ
ਕਰਜ਼ੇ ਮਾਫ ਕਰਦੂੰ
ਐਨੀਆਂ ਨੌਕਰੀਆਂ ਕੱਢਾਂਗੇ
ਪੈਨਸ਼ਨਾਂ ਵਧਾਵਾਂਗੇ
ਫਰੀ ਬਿਜਲੀ ਦੇਵਾਂਗੇ
ਵਿਕਾਸ ਕਰਾਂਗੇ
ਸਮਝ ਨੀ ਲੱਗਦੀ
ਇਹ ਸਾਰਾ ਕੁਝ ਕਰਨ ਲਈ
ਪੈਸੇ ਕਿਥੋਂ ਆਉਣਗੇ
ਕਿਸੇ ਨੂੰ ਇਹ ਨੀਂ ਪਤਾ
ਸਾਡੀ ਆਮਦਨ ਕੀ ਹੈ
ਤੇ ਖਰਚਾ ਕੀ ਹੈ
ਚਾਦਰ ਕਿੰਨੀ ਵੱਡੀ ਹੈ
ਤੇ ਪੈਰ ਕਿੰਨੇ ਵੱਡੇ
ਲਗਦਾ ਅਸੀਂ
ਮਿਹਨਤ ਦੇ ਪ੍ਰਤੀਕ ਪੰਜਾਬੀ
ਮੁਫ਼ਤ ਦੀਆਂ ਰੋਟੀਆਂ
ਤੋੜਨ ਦੇ ਆਦੀ ਹੋ ਗਏ ਹਨ
ਉਹ ਸਾਡੇ ਅੱਗੇ
ਇੱਕ ਮਹੀਨਾ ਹੱਥ ਜੋੜਦੇ
ਤੇ ਫੇਰ ਪੰਜ ਸਾਲ
ਅਸੀਂ ਹੱਥ ਜੋੜਦੇ ਹਾਂ
ਅਸੀਂ ਓਹਨਾ ਦੀਆਂ
ਮਿੱਠੀਆਂ ਗੱਲਾਂ ਸੁਣਕੇ
ਕਬੂਤਰ ਵਾਂਗ ਅੱਖਾਂ
ਲੈਂਦੇ ਹਾਂ ਮੀਟ
ਤੇ ਫਸ ਜਾਂਦੇ ਹਾਂ
ਓਹਨਾ ਦੀ ਲੂੰਬੜ
ਚਾਲ ਵਿਚ
ਮੈਨੂੰ ਹੁਣ ਮੌਕਾ ਹੈ
ਆਪਣਾ ਅੱਗਾ ਸਵਾਰਨ ਦਾ
ਵੋਟ ਦੇ ਅਸਲੀ ਹਥਿਆਰ ਦਾ
ਇਸਤੇਮਾਲ ਕਰਨ ਦਾ
ਮੈਂ ਓਹਨੂੰ ਜਿਤਾਵਾਂਗਾ
ਜੋ ਮੇਰੇ ਸਵਾਲਾਂ ਦਾ
ਸਹੀ ਜਵਾਬ ਦੇਵੇਗਾ
ਅਗਲਾ ਤੇ ਪਿਛਲਾ
ਹਿਸਾਬ ਕਿਤਾਬ ਦੇਵੇਗਾ
ਇਮਾਨਦਾਰ ਹੋਵੇਗਾ
ਜਾਂਚ ਤੇ ਸਹੀ ਉੱਤਰਦਾ ਹੋਵੇਗਾ
ਪੁਰਾਣੀ ਸਵਾਹ
ਸਿਰ ਚ ਬਾਰ ਬਾਰ
ਪਵਾਉਣ ਨਾਲੋਂ ਮੈਂ
ਨਵਾਂ ਗੋਹਾ ਸਿਰ ਚ
ਪਵਾਉਣ ਲਈ ਤਿਆਰ ਹਾਂ
 ਚਾਹੇ ਉਹ ਪੰਜਾਬ ਦਾ ਹੋਵੇ
ਯਾ ਪੰਜਾਬ ਤੋਂ ਬਾਹਿਰ ਦਾ
ਸਿੱਖ ਹੋਵੇ ਯਾ ਮੁਸਲਿਮ
ਹਿੰਦੂ ਹੋਵੇ ਯਾ ਈਸਾਈ
ਪਰ ਮੇਰੇ ਪੰਜਾਬ ਦਾ
ਦਰਦ ਵੰਡਾਵਣ ਵਾਲਾ ਹੋਵੇ
ਦਰਦ ਦੇਣ ਵਾਲਾ ਯਾ
ਦਰਦ ਦੇਣ ਵਾਲਿਆਂ
ਦਾ ਭਾਈਵਾਲ ਨਾਂ ਹੋਵੇ
ਹਰ ਜੀ 20/01/2017

ਵੋਟਾਂ ਆਈਆਂ


ਆਗੀਆਂ ਵੋਟਾੰ ਪੈ ਗਿਆ ਰੌਲ਼ਾ
ਚਾਰੇ ਪਾਸੇ ਦਿਸਦਾ ਝੌਲ਼ਾ ਝੌਲ਼ਾ
ਕੀਤਾ ਮੰਗਤਿਆਂ ਨੀਵਾਂ ਮੇਰਾ ਕੌਲ਼ਾ
ਪੰਜਾਬ ਦੀ ਖ਼ੈਰ ਕਰੇ ਮੇਰਾ ਮੌਲ਼ਾ
ਹਰ ਥਾਂ ਤੱਕੜੀ ਹਰ ਥਾੰ ਪੰਜਾ
ਝਾੜੂ ਵਥੇਰੇ ਪਰ ਕਿਧਰ ਗਿਆ ਮੰਜਾ
ਲੀਡਰਾੰ ਕਸਿਆ ਵਰਕਰਾੰ ਤੇ ਸ਼ਕੰਜਾ
ਦਲਾਲਾਂ ਦਾ ਹੁਣ ਮੱਘ ਗਿਆ ਧੰਦਾ
ਕਾਲੀ ਕਹਿੰਦੇ ਤੀਜੀ ਵਾਰ ਆਵਾੰਗੇ
ਪਾਣੀਆੰ ਵਾਲੀਆੰ ਬੱਸਾੰ ਚਲਾਵਾਂਗੇ
ਮੰਗਲ ਤੱਕ ਇੱਕ ਸੜਕ ਬਣਾਵਾਂਗੇ
ਪਰਾਲ਼ੀ ਚੋਂ ਹੁਣ ਤੇਲ ਕਢਾਵਾਂਗੇ
ਕਾਂਗਰਸ ਕਹਿੰਦੀ ਹੁਣ ਸਾਡੀ ਬਾਰੀ
ਅਸੀਂ ਮੱਲਣੇ ਦਫਤਰ ਸਰਕਾਰੀ
ਪਿਛਲੀਵਾਰ ਕਰਗੇ ਕਾਲੀ ਹੁਸ਼ਿਆਰੀ
ਰੌਂਡ੍ਹੀ ਪਿੱਟ ਜਿੱਤਗੇ ਦੂਜੀ ਵਾਰੀ
ਆਪ ਵਾਲਾ ਝਾੜੂ ਲੈ ਆਇਆ
ਲਗਦਾ ਹੈ ਪੰਜਾਬੀਆਂ ਨੂੰ ਭਾਇਆ
ਗਲੀ ਮੁਹੱਲੇ ਇਸਨੇ ਗਾਹ ਪਾਇਆ
ਲਗਦਾ ਕਾਂਗਰਸ ਤੇ ਕਾਲੀ ਦਲ ਘਬਰਾਇਆ
ਐਤਕੀਂ ਤਿਕੋਣਾ ਚੱਕਰ ਪੈ ਗਿਆ
ਵੋਟਰ ਵਿਚਾਰਾ ਸਿਰ ਫੜ ਕੇ ਬਹਿ ਗਿਆ
ਵੋਟ ਦਾ ਮੁੱਲ ਪੰਜ ਹਜ਼ਾਰ ਪੈ ਗਿਆ
ਪੰਜ ਸੌ ਹਜ਼ਾਰ ਦਾ ਕੋਈ ਨੋਟ ਨੀ ਰਹਿ ਗਿਆ
ਹਰ ਜੀ 19/01/2017

ਸਿਮਰੋ ਸੁੱਖਾ


ਸਿਮਰੋ ਕਹਿੰਦੀ ਵੇ ਸੁਖਿਆ
ਛਕ ਭੁੱਕੀ ਤੇ ਚੁੱਕ ਲੈ ਚਾਕੂ
ਜੁੱਤੀਆਂ ਦੇ ਨਾਲ ਕੁੱਟਤਾ 
ਵੇ ਤੇਰਾ ਪਿਤਾ ਸਮਾਂਨ ਉੁਹ ਬਾਪੂ
ਸੁੱਖਾ ਕਹਿੰਦਾ ਨੀ ਚੁੱਪ ਕਰ ਬੈਠ ਜਾ
ਹੁਣ ਪਾ ਨਾਂ ਨਵਾਂ ਸਿਆਪਾ
ਇਹਨਾ ਜੁੱਤੀਆਂ ਨੂੰ ਨੀ ਸਿਆਂਣਦਾ
ਉਹ ਮੇਰਾ ਪਿਤਾ ਸਮਾਨ ਜੋ ਭਾਪਾ
ਵੇ ਜੱਭਲੀਆਂ ਨਾਂ ਮਾਰ ਤੂੰ
ਉੱਠਕੇ ਕਰ ਲੈ ਕੋਈ ਹੀਲਾ
ਨਹੀਂ ਤਾਂ ਲੋਕਾਂ ਮਾੰਜ ਦੇਣਾ
ਭਾਪੇ ਦੀਆੰ ਫੋਟੋਆਂ ਵਾਲਾ ਪਤੀਲਾ
ਸੌਣ ਦੇ ਮੈਨੂੰ ਰਾਮ ਨਾਲ
ਨਾਂ ਖੜਾ ਕਰ ਬੰਬਾਲ
ਸੈੰਕਲ ਜੋ ਵੰਡੇ ਲਾ ਫੋਟੋਆਂ
ਉਹੀ ਕਰਨਗੇ ਕਮਾਲ
ਆਟਾ ਦਾਲ ਸਕੀਮ ਵੀ
ਵੇ ਲਗਦਾ ਹੋ ਜਾਣੀ ਹੈ ਫੇਲ
ਹੱਡਾੰ ਉੱਤੇ ਲਾਉਣ ਲਈ
ਵੇ ਕਢਾ ਲੈ ਕੱਚੀ ਘਾਣੀ ਦਾ ਤੇਲ
ਨੀ ਤੂੰ ਖਾਲ਼ੀਂ ਕਾਲੀ ਨਾਗਣੀ
ਹੋ ਜੀ ਝੋਟੇ ਵਰਗਾ ਸਰੀਰ
ਨੀ ਸਾਡੀ ਥਾੰ ਕੁੱਟ ਖਾਊਗਾ
ਮੇਰਾ ਸਾਲਾ ਤੇ ਤੇਰਾ ਵੀਰ
ਵੇ ਉਹ ਥੱਪੜ ਵਾਲੇ ਉੱਠ ਗਏ
ਨਾਲੇ ਲੋਕਾੰ ਫੜ ਲਏ ਝਾੜੂ ਹੱਥ
ਹੁਣ ਉੱਠ ਕੇ ਹੀਲਾ ਕਰ ਕੋਈ
ਵੇ ਨਾਂ ਕਰ ਮੂਰਖ ਮੱਤ
ਨੀ ਤੂੰ ਬਾਪੂ ਮੇਰੇ ਨੂੰ ਨੀੰ ਜਾਣਦੀ
ਨੀ ਉਹ ਵੱਡਾ ਬਹੁਤ ਖਿਡਾਰੀ
ਉੁਦੋੰ ਮੰਨੇਗੀ ਜਦ ਉਸ ਨੇ
ਨਾਲ ਪੰਜੇ ਦੇ ਬਹੁਕਰ ਖਿਲਾਰੀ
ਹਰ ਜੀ 18/01/2017

ਕਣਕਾਂ ਉਹਲੇ ਤਿੱਤਰ


ਤੇਰੇ ਮੇਰੇ ਪਿੰਡ ਦੇ ਰੰਗ ਬਦਲ ਗਏ 
ਕੰਮ ਕਰਨ ਦੇ ਢੰਗ ਬਦਲ ਗਏ 
ਗਲੀਆਂ ਬਦਲੀਆਂ ਘਰ ਬਦਲ ਗਏ 
ਤੇ ਨਾਂ ਹੁਣ ਕਾਗ ਬਨੇਰੇ ਬੋਲਦੇ 
ਕਣਕਾਂ ਦੇ ਓਹਲੇ , ਨੀਂ ਵਿੱਚ ਬਰਸੀਮਾਂ 
ਪਰ ਹਾਲੇ ਵੀ ਤਿੱਤਰ ਬੋਲਦੇ 

ਬਚਪਨ ਦੀਆਂ ਜੋ ਮਿੱਠੀਆਂ  ਯਾਦਾਂ 
ਲੁਕ ਕੇ  ਬਹਿੰਦੇ ਵਿਚ ਕਮਾਦਾਂ 
ਦੇਰ ਤੱਕ ਨੀ ਜਦ ਘਰ  ਮੁੜਦੇ 
ਤਦ  ਘਰ ਵਾਲੇ ਸੀ ਟੋਲ੍ਹਦੇ 
ਕਣਕਾਂ ਦੇ ਓਹਲੇ , ਨੀਂ ਵਿੱਚ ਬਰਸੀਮਾਂ
ਪਰ ਹਾਲੇ ਵੀ ਤਿੱਤਰ ਬੋਲਦੇ 

ਛੋਟੀਆਂ ਛੋਟੀਆਂ ਖੇਡਾਂ ਖੇਡਦੇ 
ਇੱਕ ਦੂਜੇ ਨੂੰ ਰਹਿੰਦੇ ਛੇੜਦੇ 
ਘਿਰੇ ਬਿਨਾਂ ਅਸੀਂ  ਵਿਵਾਦਾਂ 
ਰਹਿੰਦੇ ਇੱਕ ਦੂਜੇ ਨੂੰ ਮਾਧੋਲਦੇ 
ਕਣਕਾਂ ਦੇ ਓਹਲੇ , ਨੀਂ ਵਿੱਚ ਬਰਸੀਮਾਂ
ਪਰ ਹਾਲੇ ਵੀ ਤਿੱਤਰ ਬੋਲਦੇ 

ਜਦ ਤੋਂ ਸੀ ਇਹ ਚੜ੍ਹੀ ਜਵਾਨੀ 
ਜਦ ਹੋ ਗਈ ਸੀ  ਅੱਖ  ਮਸਤਾਨੀ 
ਵੱਖਰੇ ਰਾਹਾਂ ਤੇ ਜਦ ਪੈਰ ਰੱਖਿਆ 
ਲੱਗੇ ਕਦਮ ਮੈਨੂੰ ਡੋਲਦੇ 
ਕਣਕਾਂ ਦੇ ਓਹਲੇ , ਨੀਂ ਵਿੱਚ ਬਰਸੀਮਾਂ
ਪਰ ਹਾਲੇ ਵੀ ਤਿੱਤਰ ਬੋਲਦੇ 

ਕਿੰਨਾ ਚਿਰ ਮਿਲਿਆਂ  ਨੂੰ ਹੋਇਆ 
ਯਾਦਾਂ ਵਿਚ ਕਿੰਨੀ ਬਾਰ ਮੈਂ ਖੋਇਆ 
ਤੇਰੀ ਇੱਕ ਹੁਣ ਝਲਕ ਪਾਉਣ ਲਈ 
ਮੇਰੇ ਨੈਣ ਰਹਿੰਦੇ ਤੈਨੂੰ ਟੋਲ੍ਹਦੇ 
ਕਣਕਾਂ ਦੇ ਓਹਲੇ , ਨੀਂ ਵਿੱਚ ਬਰਸੀਮਾਂ
ਪਰ ਹਾਲੇ ਵੀ ਤਿੱਤਰ ਬੋਲਦੇ 

ਵਿਆਹ ਤੋਂ ਬਾਅਦ



ਪਤਾ ਨੀਂ ਕਿਓਂ ਲੋਕੀਂ  ਰੌਲਾ ਪਾਉਂਦੇ 
ਕਿ ਵਿਆਹ ਕਰਵਾਉਣਾ ਹੈ ਨੀਂ ਚੰਗਾ 
ਮੇਰੇ ਹਿਸਾਬ ਨਾਲ ਬਿਨਾ ਵਿਆਹ ਤੋਂ 
ਮੈਂ  ਕਦੇ ਵੀ ਨਾਂ ਬਣਦਾ  ਬੰਦਾ 

ਮਾਂ ਪਿਓ ਭੈਣਾਂ ਭਰਾਵਾਂ ਦੇ ਛਿੱਤਰਾਂ ਦਾ
 ਡਰ ਮਨ ਚੋਂ  ਲਹਿ ਗਿਆ  ਹੁਣ 
ਬੱਸ  ਕੱਲੀ ਵਹੁਟੀ ਦੇ ਛਿੱਤਰਾਂ ਗਾਲਾਂ 
ਜੋਗਾ ਹੀ ਮੈਂ ਰਹਿ  ਗਿਆ ਹੁਣ 

ਤੜਕੇ ਉੱਠਕੇ  ਚਾਹ ਬਣਾਉਣ ਦੀ 
ਨਵੀਂ ਹੀ ਆਦਤ ਪੈ ਗਈ ਹੁਣ  
ਖੇਸੀ ਖਿੱਚ ਖਿੱਚ  ਮੁੜ ਸੌਣ  ਦੀ 
ਆਦਤ ਪਿੱਛੇ  ਰਹਿ ਗਈ  ਹੁਣ 

ਚਾਹ ਬਣਾਕੇ ਟਰੇ  ਸਜਾਉਣ ਦੀਆਂ 
ਸਿੱਖ ਗਿਆ ਮੈਂ  ਨਵੀਆਂ ਤਕਨੀਕਾਂ 
ਉਗਲਾਂ  ਨਾਲ ਜਗਾਉਂਣ ਵੇਲੇ ਮੈਂ 
ਵਾਹੁੰਦਾ ਹੁਣ ਓਹਦੇ ਵਾਲਾਂ ਵਿੱਚ ਲੀਕਾਂ 

ਕੱਪੜੇ ਧੋਕੇ ਭਾਂਡੇ ਮਾਂਜ ਕੇ 
ਮੈਂ ਹੱਥ  ਵੀ ਕੂਲ਼ੇ  ਕਰ ਲੈਂਨਾਂ ਹੁਣ   
ਮਾਂ  ਦੀ ਕਹੀ ਜੋ  ਚੁੱਭਦੀ ਸੀ ਪਹਿਲਾਂ 
 ਹੁਣ ਸਹਿਜੇ ਹੀ ਜਰ ਲੈਂਨਾਂ ਹੁਣ 

ਪੜ੍ਹਨ ਵੇਲੇ ਹੱਥ  ਝੋਲਾ ਫੜਨ ਦਾ 
ਉੜ ਗਿਆ ਮਨ ਵਿੱਚੋਂ  ਡਰ 
ਹੁਣ ਤਾਂ ਦੋ ਚਾਰ ਵੱਡੇ ਝੋਲੇ 
ਭਰਕੇ ਮੈਂ ਲੈ  ਆਉਂਦਾ  ਹਾਂ ਘਰ

ਰੋਟੀ ਟੁੱਕ  ਸਫਾਈਆਂ ਕਰਨੀਆਂ 
ਹੁਣ ਨੀਂ ਲਗਦਾ ਔਖਾ ਕੰਮ 
ਵਿਆਹ ਤੋਂ ਬਾਅਦ ਸਭ ਉਡਾਰੀ ਮਾਰ ਗਏ 
ਜਿਹੜੇ ਵੀ ਸਨ ਮਨ ਦੇ  ਵਿੱਚ ਭਰਮ 

ਉਹਨੂੰ  ਖੁਸ਼ ਰੱਖਣ ਦੀ ਚਿੰਤਾ 
ਇੱਕੋ ਹੀ ਹੁਣ ਮਨ ਵਿੱਚ  ਰਹਿੰਦੀ 
ਝੱਟ ਪੱਟ ਹੀ ਮੈਂ ਕਰ ਦਿੰਦਾ ਹਾਂ 
ਮੂੰਹੋਂ ਉਹ ਜੋ ਕੁੱਝ ਵੀ ਉਚਰਦੀ 

ਰਹਿਣਾ ਸਦਾ ਉਹਦੀ  ਰਜ਼ਾ ਚ 
ਇਹੀ ਬਸ ਮਨ ਵਿਚ ਵਸਾਇਆ 
ਵਿਆਹ ਨੇ ਹੀ ਮੈਨੂੰ ਜਿੰਦਗੀ ਜਿਉਣ ਦਾ 
ਇਹ ਵੱਖਰਾ ਦਸਤੂਰ ਸਿਖਾਇਆ 

ਹਰ ਜੀ 15/12/2016