Wednesday, 6 November 2013

ਸਟਨ ਚ ਘਰ

ਪਿੰਡ ਸਟਨ ਚ ਘਰ ਲੈ ਲਿਆ 
ਨਾਲੇ ਛੱਤੀ  ਕੁ ਕਿੱਲੇ 
ਨਾਂ ਹੀ ਪੂਰੀ ਪੱਧਰੀ ਧਰਤੀ 
ਨਾਂ ਹੀ ਬਹੁਤੇ ਟਿੱਲੇ 
ਬਣ ਕੇ ਜੱਟ ਕਰੂੰਗਾ ਖੇਤੀ 
ਨਾਲੇ ਕਟੁੰਗਾ ਚਿੱਲੇ
ਸ਼ਹਿਰੀ ਜੱਟੀ ਦਾ
ਹਥ ਵਿਚ ਦਰਵਾਜਿਓਂ ਹਿੱਲੇ

ਪਾਣੀ ਲਈ ਦੋ ਛੱਪੜ ਹੈਗੇ
ਨਾਲੇ ਬੰਬੀ ਚੱਲੇ 
ਕੰਗਰੁਆਂ ਦੀ ਟੋਲੀ ਆਕੇ 
ਨਿੱਤ ਚਰੇ ਸਫੈਦਿਆਂ ਥੱਲੇ 
ਸਹਿਆਂ ਨੇ ਵੀ ਖੁੱਡਾਂ ਕਰਕੇ 
ਅਪਣੇ ਥਾਂ ਹਨ ਮੱਲੇ 
ਸ਼ਹਿਰ ਦੀ ਖਚ ਖਚ ਨੂੰ 
ਛੱਡ ਲੱਗਗੇ ਰਹਿਣ ਅਸੀਂ ਕੱਲੇ

ਅੰਗੂਰਾਂ ਦੀਆਂ ਕੁਝ ਵੇਲਾਂ ਲੱਗੀਆਂ
ਕਈ ਫਲਾਂ ਦੇ ਬੂਟੇ
ਕਿਸ ਬੂਟੇ ਨੂੰ ਕੀ ਫਲ ਲਗਦਾ
ਪਤਾ ਲੱਗੂ ਬਹਾਰ ਦੀ ਰੁੱਤੇ
ਘਰ ਦੀ ਮੁਰਗੀ ਘਰ ਦੀ ਸਬ੍ਜ਼ੀ
ਹੁਣ ਕੋਈ ਨਾ ਸਾਨੂੰ ਲੁੱਟੇ
ਆਹ ਬਹਿ ਟਰੈਕਟਰ ਤੇ
ਤੈਨੂੰ ਦੇਵਾਂ ਮੈਂ ਦੇਸੀ ਝੂਟੇ

ਵਿਚ ਵਿਹੜੇ ਦੇ ਬਹਿ ਕੇ ਤੱਕਾਂ
ਵਾਦੀ ਵਿਚਲੇ ਨਜ਼ਾਰੇ
ਚਾਨਣੀ ਰਾਤ ਨੂੰ ਚੰਦ ਪਿਆ ਚਮਕੇ
ਨੇਰ੍ਹੀ ਰਾਤ ਨੂੰ ਤਾਰੇ
ਹਵਾ ਦੇ ਬੁੱਲੇ ਸਦਾ ਹੀ ਵੱਗਦੇ
ਕੁਝ ਗਰਮ ਜਿਹੇ ਕੁਝ ਠਾਰੇ
ਆ ਨੀਂ ਸੁਨੀਤ ਕੁਰੇ
ਕੱਠੇ ਤੱਕੀਏ ਬੈਠ ਨਜ਼ਾਰੇ

ਨਾਲ ਸਮੇ ਦੇ ਪਤਾ ਇਹ ਲੱਗੂ
ਕੀ ਖੱਟਿਆ ਕੀ ਗਵਾਇਆ
ਹੁਣ ਤੱਕ ਤਾਂ ਬਸ ਇਹੀ ਲਗਦਾ
ਜੋ ਉਸ ਦਿੱਤਾ ਸੋ ਪਾਇਆ
ਕੀ ਓਹਦੀ ਦਸ ਸਿਫਤ ਕਰਾਂ ਮੈਂ
ਸਭ ਕੁਝ ਉਸਦੀ ਮਾਇਆ
ਉਸਦਿਆਂ ਰੰਗਾਂ ਦਾ
ਕਦੇ ਕਿਸੇ ਭੇਤ ਨੀਂ ਪਾਇਆ 

No comments:

Post a Comment