Thursday, 11 February 2016

ਉਸ ਦੀ ਦੁਨੀਆ (ਚੋਕਾ )



ਖੇਤੋਂ ਮੁੜਕੇ
ਆਪਣੇ ਘਰ ਵੱਲ
ਮੈਂ ਤੁਰਿਆ ਸੀ
ਪਿੰਡ ਦੀ ਫਿਰਨੀ ਤੇ
ਓਹ ਬੈਠੀ ਸੀ
ਪਤਾ ਨੀਂ ਕਿਹੜੀ
ਸੋਚ ਚ ਡੁੱਬੀ
ਡੱਕੇ ਨਾਲ ਵਾਹੁੰਦੀ
ਧਰਤੀ ਉੱਤੇ
ਘੁਘੂ ਘਾਂਗੜੇ ਜਿਹੇ
ਗੁੰਮ ਸੁੰਮ ਜੀ
ਨਾਂ ਆਲੇ ਦੁਆਲੇ ਦੀ
ਕੋਈ ਖਬਰ
ਇੰਝ ਲੱਗਿਆ ਜਿਵੇਂ
ਦੋ ਪਲਾਂ ਵਿਚ
ਭਰ ਅੱਖਾਂ ਚ ਪਾਣੀ
ਓਹ ਰੋਵੇਗੀ
ਤੇ ਥਰਕਦੇ ਬੁੱਲ੍ਹ
ਮੁਸਕਰਾਹਟ
ਬਾਹਿਰ  ਸੁੱਟਣਗੇ
ਖੜਕੇ ਉਥੇ 
ਲੱਗਿਆ ਮੈਂ ਸੋਚਣ 
ਓਹ ਦੁਨੀਆ 
ਕਿਹੋ ਜਿਹੀ ਹੋਵੇਗੀ 
ਖੁਸ਼ੀਆਂ ਭਰੀ
ਜਾਂ ਪੀੜਾਂ ਦਾ ਪਰਾਗਾ
ਕੌਣ ਹੋਊਗਾ 
ਜੀਹਦੇ  ਨਾਲ ਹੋਊ 
ਇਹ ਵੰਡਦੀ
ਆਪਣੀਆਂ  ਖੁਸੀਆਂ
ਤੇ ਅਪਣਾ ਦਰਦ|
ਹਰ ਜੀ 12/02/2016

ਮੈਂ ਬਾਪ ਹਾਂ

ਮੈਂ ਬਾਪ ਹਾਂ ਮੈਂ ਬਾਪ ਹਾਂ
ਮੇਰੀ ਘਰ ਦੇ ਵਿਚ ਸਰਦਾਰੀ ਹੈ
ਮੈਨੂੰ ਘਰ ਦੀ ਇੱਜਤ ਪਿਆਰੀ ਹੈ
ਮੇਰੇ ਸਿਰ ਤੇ ਵੱਡੀ ਜੁਮੇਵਾਰੀ ਹੈ 
ਇਸੇ ਕਰਕੇ ਰਹਿੰਦਾ ਚੁੱਪ ਚਾਪ ਹਾਂ
ਮੈਂ ਬਾਪ ਹਾਂ ਮੈਂ ਬਾਪ ਹਾਂ
ਪਹਿਲਾਂ ਨਾਨਕਛੱਕ ਇੱਕ ਲਾਉਣੀ ਹੈ
ਫਿਰ ਆਪਣੀ ਧੀ ਵਿਹਾਉਣੀ ਹੈ
ਗਹਿਣੇ ਪਈ ਜ਼ਮੀਨ ਛੁਡਾਉਣੀ ਹੈ
ਇਹੀ ਸੋਚਦਾ ਮੈਂ ਦਿਨ ਰਾਤ ਹਾਂ
ਮੈਂ ਬਾਪ ਹਾਂ ਮੈਂ ਬਾਪ ਹਾਂ
ਦੱਸ ਸਕਦਾ ਨੀਂ ਰਾਮ ਕਹਾਣੀ ਮੈਂ
ਕੋਮਲ ਘਰਵਾਲੀ ਤੇ ਧੀ ਨਿਆਣੀ ਐ
ਪੁੱਤ ਨਸ਼ੇੜੀਆਂ ਦਾ ਮੇਰਾ ਹਾਣੀ ਐ
ਇਸ ਲਈ ਰਹਿੰਦਾ ਵਿਚ ਆਪਣੇ ਆਪ ਹਾਂ
ਮੈਂ ਬਾਪ ਹਾਂ ਮੈਂ ਬਾਪ ਹਾਂ
ਨਿੱਤ ਝੂਠਾ ਹਾਸਾ ਹੱਸਦਾਂ ਹਾਂ
ਸਭ ਠੀਕ ਹੈ ਸਭ ਨੂੰ ਦੱਸਦਾ ਹਾਂ
ਦੁੱਖ ਆਪਣੇ ਅੰਦਰ ਹੀ ਰੱਖਦਾਂ ਹਾਂ
ਨਿੱਤ ਕਰਦਾ ਪਸਤਾਚਾਪ ਹਾਂ
ਮੈਂ ਬਾਪ ਹਾਂ ਮੈਂ ਬਾਪ ਹਾਂ
ਦੇਵਾਂ ਸਭ ਦੇ ਲਈ ਕੁਰਬਾਨੀ ਮੈਂ
ਸੁਣਾ ਸਭ ਦੀ ਨਿੱਤ ਪਰੇਸ਼ਾਨੀ ਮੈਂ
ਹਰ ਕੋਈ ਸੋਚੇ ਕਰਾਂ ਮਨ ਮਾਨੀ ਮੈਂ
ਪਰ ਮੈਂ ਤਾਂ ਹੰਢਾਉਂਦਾ ਸੰਤਾਪ ਹਾਂ
ਮੈਂ ਬਾਪ ਹਾਂ ਮੈਂ ਬਾਪ ਹਾਂ
ਹਰ ਜੀ 11/02/2016

ਮੇਰਾ ਪਿਆਰ


ਮੇਰਾ ਪਿਆਰ ਨੀ ਕੋਈ ਵਾ-ਵਰੋਲ਼ਾ
ਮੇਰਾ ਪਿਆਰ ਨੀ ਕੋਈ ਅੱਗ ਦਾ ਗੋਲਾ
ਮੇਰਾ ਪਿਆਰ ਨੀ ਕਿਸੇ ਬਾਬੇ ਦਾ ਚੋਲਾ 
ਮੇਰਾ ਪਿਆਰ ਨੀ ਕੋਈ ਅੰਨ੍ਹਾ ਤੇ ਬੋਲਾ
ਮੇਰਾ ਪਿਆਰ ਨੀ ਕੋਈ ਰਾਤ ਅੰਧੇਰੀ
ਮੇਰਾ ਪਿਆਰ ਨੀ ਕੋਈ ਹੇਰਾ ਫੇਰੀ
ਮੇਰਾ ਪਿਆਰ ਨੀ ਕੋਈ ਮਿੱਟੀ ਦੀ ਢੇਰੀ
ਮੇਰਾ ਪਿਆਰ ਤਾਂ ਮਲਕੀਅਤ ਹੈ ਤੇਰੀ
ਮੇਰਾ ਪਿਆਰ ਕੋਈ ਛਲ ਨਹੀਂ ਹੈ
ਮੇਰਾ ਪਿਆਰ ਅੱਜ ਕੱਲ੍ਹ ਨਹੀਂ ਹੈ
ਮੇਰਾ ਪਿਆਰ ਕੋਈ ਝੱਲ ਨਹੀਂ ਹੈ
ਮੇਰਾ ਪਿਆਰ ਘੜੀ ਪੱਲ ਨਹੀਂ ਹੈ
ਮੇਰਾ ਪਿਆਰ ਹੈ ਮੇਰੀ ਅੱਖ ਦਾ ਪਾਣੀ
ਮੇਰਾ ਪਿਆਰ ਹੈ ਮੇਰੇ ਦਿਲ ਦਾ ਹਾਣੀ
ਮੇਰਾ ਪਿਆਰ ਨੂੰ ਤੂੰ ਐਵੇ ਨਾਂ ਜਾਣੀ
ਮੇਰਾ ਪਿਆਰ ਬਣੂ ਪਿਆਰ ਕਹਾਣੀ
ਹਰ ਜੀ ੨੫/੦੧/੨੦੧੬

ਪਿੰਡ ਦਾ ਗੇੜਾ


ਕਿੱਥੇ ਗਈਆੰ ਉਹ ਸਵੇਰਾੰ
ਜਦ ਅੱਖਾਂ ਮਲ਼ ਮਲ਼ ਉਠਦੇ ਸੀ
ਗੰਨੇ ਦੀ ਇੱਕ ਪੋਰੀ ਖਾਤਿਰ
ਭੈਣ ਭਰਾ ਨਾਲ ਰੁੱਸਦੇ ਸੀ
ਜੂੜੇ ਤੇ ਬੰਨ੍ਹਦੇ ਸਾਂ ਰੁਮਾਲ
ਤੇ ਢਿੱਲਕਦੇ ਕੱਛੇ ਪਾਉੁੰਦੇ ਸੀ
ਫੜ ਮੱਝਾਂ ਦੀਆੰ ਪੂਛਾਂ ਸ਼ਾਮੀ
ਟੋਭੇ ਚ ਤਾਰੀਆਂ ਲਾਉਂਦੇ ਸੀ
ਲੁਕਣ-ਮੀਟੀ ਘੋੜ ਕਬੱਡੀ
ਰੋਜ਼ ਸ਼ਾਮ ਨੂੰ ਖੇਲਦੇ ਸੀ
ਲਾ ਸਰੋੰ ਦੀ ਤੇਲ ਪਿੰਡੇ ਤੇ
ਡੰਡ ਬੈਠਕਾਂ ਪੇਲਦੇ ਸੀ
ਕਰ ਕਰ ਚੇਤੇ ਸ਼ਾਮਾਂ ਨੂੰ
ਕਈ ਵਾਰ ਇਹ ਮਨ ਭਰ ਆਉਂਦਾ
ਪਰ ਵਿੱਚ ਖਿਆਲਾਂ ਅਕਸਰ ਹੀ
ਮੈਂ ਪਿੰਡ ਦਾ ਗੇੜਾ ਲਾ ਆਉਂਦਾ
ਹਰ ਜੀ ੨੦/੦੧/੨੦੧੬

ਕੁਝ ਤਾਂਕੇ



ਮਾਘੀ ਦਾ ਮੇਲਾ
ਖਿਦਰਾਣੇ ਦੀ ਢਾਬ
ਚਾਲੀ ਮੁਕਤੇ
ਪੰਜਾਬ ਦੀ ਮੁਕਤੀ
ਕਰੂ ਆਮ ਆਦਮੀ
ਮਾਘੀ ਦਾ ਮੇਲਾ
ਅਖਾੜੇ ਚ ਉੱਤਰੇ
ਸਿਆਸੀ ਮੱਲ
ਮੁੱਖ ਤੇ ਭੋਲਾਪਣ
ਖਿਆਲਾਂ ਚ ਕੁਰਸੀ
ਪਹਿਲਾ ਮਾਘ
ਸਿਆਸਤਦਾਨਾ ਨੇ
ਗੰਦੀ ਕਰਤੀ
ਦੂਸ਼ਣਬਾਜੀ ਨਾਲ
ਪਵਿੱਤਰ ਧਰਤੀ
ਪਾਲਾ ਕੋਹੜੀ
ਵਿਹੜੇ ਚ ਲੋਹੜੀ
ਕੱਠੇ ਮਨਾਈ
ਅੱਗ ਸੇਕਦੇ ਖਾਧੀ
ਮੂੰਗਫਲੀ ਰੋੜੀ
ਮੇਰਾ ਪੰਜਾਬ
ਨਿਘਰਦਾ ਹੀ ਜਾਵੇ
ਕੋਈ ਨਾਂ ਸਾਂਭੇ
ਰਾਖਾ ਕੀ ਕਰੂ ਜਦ
ਵਾੜ ਖੇਤ ਨੂੰ ਖਾਵੇ
ਦੇਸ ਪੰਜਾਬ
ਦਲਦਲ ਫਸਿਆ
ਕੌਣ ਬਚਾਊ
ਰਾਜਾ ਵਜੀਰ ਚੋਰ
ਅਰਜ਼ੀ ਸੁਣੂ ਕੌਣ
15/01/16

ਨਵੇਂ ਸਾਲ ਦਾ ਸੂਰਜ


ਅੱਜ ੨੦੧੬ ਦੇ
ਪਹਿਲੇ ਦਿਨ
ਫੇਰ ਮੈਂ ਦੇਖਿਆ
ਇਕ ਉਦਾਸ ਮਜਬੂਰ
ਤੇ ਲਚਾਰ ਸੂਰਜ ਨੂੰ
ਮੇਰੀ ਜਨਮ ਧਰਤੀ ਤੇ
ਉਦੈ ਹੁੰਦੇ ਹੋਏ
ਲਾਲ ਸੁਰਖ਼ ਅੱਖਾਂ ਨੂੰ
ਮਲਦੇ ਹੋਏ
ਧਰਤੀ ਤੇ ਨਿਗਾਹ
ਮਾਰਨ ਦੀ ਕੋਸ਼ਿਸ਼
ਕਰਦੇ ਹੋਏ
ਲੱਗਿਆ ਜਿਵੇਂ ਝੋਨੇ ਦੀ
ਸਾੜੀ ਪਰਾਲ਼ੀ ਚੋ
ਤੇ ਮੋਟਰ ਗੱਡੀਆਂ ਚੋ
ਨਿਕਲੇ ਂਧੂੰਏਂ ਅਤੇ
ਨਵੇਂ ਸਾਲ ਦੀ ਆਮਦ
ਦੀ ਖ਼ੁਸ਼ੀ ਚ ਚਲਾਏ ਗਏ
ਪਟਾਕਿਆਂ ਚੋ ਨਿਕਲੇ
ਨਿਕਲੇ ਂਧੂੰਏਂ ਨੇ
ਰਲ ਕੇ
ਉਸ ਦੀ ਅੱਖੀਆੰ ਵਿਚਲੀ
ਲਾਲੀ ਤੇ ਰੜਕ ਨੂੰ
ਹੋਰ ਵਧਾ ਦਿੱਤਾ ਹੋਵੇ
ਸੋਚਦਾ ਹਾਂ ਕੱਦ ਤੱਕ
ਅਸੀਂ ਅਪਣੀਆੰ
ਖੁਸ਼ੀਆਂ ਤੇ ਸਹੂਲਤਾਂ ਲਈ
ਕੁਦਰਤ ਦੇ ਅਰਮਾਨਾਂ ਦਾ
ਘਾਣ ਕਰਦੇ ਰਹਾਂਗੇ
ਤੇ ਹਰ ਨਵੇਂ ਸਾਲ ਤੇ
ਸੂਰਜ ਦੀਆੰ ਅੱਖਾਂ ਦੀ
ਲਾਲੀ ਤੇ ਰੜਕ
ਵਧਾਉਂਦੇ ਰਹਾਂਗੇ
ਹਰ ਜੀ ੦੧/੦੧/੨੦੧੬

ਸਾਗਰ ਕੰਢੇ


ਪੈਕੇ ਬੀਚ ਤੇ
ਦਿਨ ਮੈਂ ਕਈ ਗੁਜ਼ਾਰੇ
ਦਿਨ ਵੇਲੇ ਤੱਕੀਆੰ
ਸਾਗਰ ਦੀਆੰ ਛੱਲਾੰ
ਰਾਤੀੰ ਚੰਨ ਤੇ ਤਾਰੇ
ਚੜ੍ਹਦੇ ਸੂਰਜ ਤੋਂ
ਛਿੱਪਦੇ ਸੂਰਜ ਤੱਕ
ਦੇਖੇ ਕਈ ਨਜ਼ਾਰੇ
ਸਿਖਰ ਦੁਪਹਿਰ ਦੀ
ਧੁੱਪ ਤੋਂ ਲੈ ਕੇ
ਮਾਣੇ ਹਵਾ ਦੇ
ਬੁੱਲੇ ਠੰਡੇ ਠਾਰੇ
ਖਾਰੇ ਪਾਣੀ ਵਿੱਚ
ਲਾ ਲਾ ਗ਼ੋਤੇ
ਖੇਡਿਆ ਸੰਗ ਮੈਂ ਛੱਲਾੰ ਦੇ
ਅੱਖਾਂ ਚ ਕੈਦ ਕਰ
ਬੋਝੇ ਭਰ ਲੇ
ਮੈਂ ਸਾਰੇ ਸੁਹਾਵਣੇ ਪਲਾਂ ਦੇ
ਛੱਡਣ ਵੇਲੇ
ਉੱਠੇ ਸਨ
ਵਿੱਚ ਮਨ ਦੇ
ਕਈ ਉਬਾਲ ਮੇਰੇ
ਹੋਏ ਉਦਾਸ ਦੇਖ
ਘੋਗੇ ਸਿੱਪੀਆਂ ਨੂੰ
ਰਹੇ ਖੇਡਦੇ ਸਨ
ਜੋ ਨਾਲ ਮੇਰੇ
ਹਰ ਜੀ। ੧੪/੧੨/੨੦੧੫