Sunday, 21 February 2016

ਮੇਰੀ ਮੈਂ



ਮੇਰੀ ਮੈਂ ਇਸ ਜਗ ਤੋਂ ਨਿਆਰੀ 
ਮੇਰੀ ਮੈਂ ਮੈਨੂੰ ਸਭ ਤੋਂ ਪਿਆਰੀ 
ਮੇਰੀ ਮੈਂ ਦਾ ਸਦਾ ਪਲੜਾ ਭਾਰੀ 
ਨਾਂ ਵਿਚ ਰਸਤੇ ਇਹ ਕਦੇ ਰੁਕੀ ਹੈ 
ਮੇਰੇ ਵਿਚ ਮੇਰੀ ਮੈਂ ਲੁਕੀ ਹੈ

ਮੇਰੀ ਮੈਂ ਤੇ ਮੇਰਾ  ਰਿਸ਼ਤਾ ਹੈ ਪੱਕਾ 
ਮੇਰੀ ਮੈਂ ਸਹਿੰਦੀ  ਨਾਂ ਕਦੇ ਧੱਕਾ
ਮੇਰੀ ਮੈਂ ਚਲਾਵੇ  ਹਰ ਥਾਂ ਆਪਣਾ ਸਿੱਕਾ 
ਮੇਰੀ ਮੈਂ ਨੇ ਕਦੇ ਵੱਟੀ  ਨਾਂ ਚੁੱਪੀ ਹੈ 
ਮੇਰੇ ਵਿਚ ਮੇਰੀ ਮੈਂ ਲੁਕੀ ਹੈ
 
ਮੇਰੀ ਮੈਂ ਵਿਚ ਸਭ ਕਿਝ ਮੇਰਾ 
ਮੇਰੀ ਮੈਂ ਵਿਚ ਕੁਝ ਵੀ ਨੀਂ ਤੇਰਾ 
ਮੇਰੀ ਮੈਂ ਦਾ ਹਰ ਥਾਂ ਤੇ  ਡੇਰਾ 
ਜਿਧਰ ਦੇਖਾਂ ਹਰ ਥੈਂ ਛੁਪੀ ਹੈ 
ਮੇਰੇ ਵਿਚ ਮੇਰੀ ਮੈਂ ਲੁਕੀ ਹੈ 

ਮੈਂ ਨੀਂ ਮੰਨਦਾ ਮੇਰੀ ਮੈਂ ਬੁਰੀ ਹੈ 
ਨਾਂ ਇਹਦੇ ਵਿਚ ਕੋਈ ਹਉਮੈਂ ਭਰੀ ਹੈ
ਨਾਂ ਇਹਨੇ ਕੋਈ ਮਾੜੀ ਗੱਲ ਕਰੀ ਹੈ 
ਨਾਂ ਕਦੇ ਇਹ ਬੇਵਾਜਾਹ  ਬੁੱਕੀ ਹੈ 
 ਮੇਰੇ ਵਿਚ ਮੇਰੀ ਮੈਂ ਲੁਕੀ ਹੈ 

Wednesday, 17 February 2016

ਮੇਰੀ ਕਲਮ ਦੀਆ ਪੈੜਾਂ


ਮਾਂ ਮੇਰੀ ਦੇ ਹੱਥਾਂ ਉਤੇ
ਆਲੀਓ ਪਾਲੀਓ ਕਰਕੇ
ਮੇਰੀ ਕਲਮ ਨੇ ਹਿਲਣਾ ਸਿੱਖਿਆ
ਮੇਰੇ ਵਿਹੜੇ ਦੀ ਮਿੱਟੀ ਉਤੇ
ਘੁੱਗੂ ਘਾਂਗੜੇ ਵਾਹ ਕੇ
ਕਲਮ ਮੇਰੀ ਨੇ ਰੁੜਨਾ ਸਿੱਖਿਆ
ਵਿੱਚ ਸਕੂਲੇ ਮਾਸਟਰ ਜੀ ਤੋਂ
ਫੱਟੀ ਉੱਘੜਾ ਕੇ
ਮੇਰੀ ਲੜਖੜਾਉਂਦੀ
ਕਾਨ੍ਹੇ ਦੀ ਕਲਮ ਨੇ
ਮਾਸਟਰ ਜੀ ਦਾ ਹੱਥ ਫੜ ਕੇ
ਪਹਿਲਾ ਕਦਮ ਸੀ ਪੁੱਟਿਆ
ਫਿਰ ਸਲੇਟ ਤੇ ਸਲੇਟੀ
ਤੇ ਕਾਗਜ਼ ਤੇ ਕਲਮ ਜਾਂ ਨਿਭ
ਦੇ ਸੰਗ ਮੇਰੀ ਕਲਮ ਨੇ
ਤੁਰਨਾ ਸਿਖਿਆ
ਹੌਲੀ ਹੌਲੀ ਇਸ ਕਲਮ ਨੇ
ਪੈਨਸਿਲ ਤੇ ਪੈੰਨ ਤੇ ਚੜ੍ਹ ਕੇ
ਭੱਜਣਾ ਸ਼ੁਰੂ ਕੀਤਾ ਤੇ
ਕਈ ਲੰਬੀਆਂ ਦੌੜਾਂ ਜਿੱਤੀਆਂ
ਅੱਜ ਕਲ੍ਹ ਮੇਰੀ ਕਲਮ
ਦੋ ਉਂਗਲਾਂ ਚ
ਫੜਨ ਵਾਲੀ ਨਹੀਂ ਰਹੀ
ਸਗੋਂ ਸਾਰੀਆਂ ਉਂਗਲਾਂ
ਨਾਲ ਲਿਖਦੀ ਹੈ
ਹੋ ਸਕਦਾ ਅਗਲੇ
ਕੁਝ ਸਾਲਾਂ ਚ
ਮੇਰੀ ਕਲਮ ਦਾ
ਮੇਰੇ ਹੱਥਾਂ ਨਾਲੋ ਨਾਤਾ
ਬਿਲਕੁਲ ਹੀ ਟੁੱਟ ਜਾਵੇ।
ਹਰ ਜੀ 12/02/2015

ਮੇਰੀ ਕਲਮ ਦਾ ਸਫਰ


ਸਮੇਂ ਦੇ ਨਾਲ ਨਾਲ
ਮੇਰੀ ਕਲਮ ਨੇ
ਰੂਪ ਬਦਲਣੇ ਵੀ ਸ਼ੁਰੂ ਕੀਤੇ
ਪਹਿਲਾਂ ਉਂਗਲ ਦਾ
ਫੇਰ ਡੱਕੇ ਦਾ
ਕਦੇ ਸਲੇਟੀ ਦਾ
ਕਦੇ  ਪੈਨਸਿਲ ਦਾ
ਕਦੇ ਪਤਲੀ ਤੇ 
ਕਦੇ ਤਿਰਛੀ 
ਕਾਨ੍ਹੇ ਦੀ ਕਲਮ ਦਾ
ਹੌਲੀ ਹੌਲੀ ਇਹ ਕਲਮ
ਜੀ ਦੇ ਨਿਬ ਵਾਲੇ
ਡੰਕ ਚ ਬਦਲ ਗਈ
ਜੋ ਬਾਅਦ ਚ  ਫਊਂਟੇਨ ਤੇ
ਬਾਲ ਪੁਆਇੰਟ ਪੈੱਨ ਚ
ਅੱਜ ਕੱਲ ਕੀ ਬੋਰਡ ਦਾ
ਸਮੇਂ ਦੇ ਨਾਲ ਨਾਲ ਨਾਲ
ਲੱਕੜ ਦੀ ਫੱਟੀ ਦੀ ਥਾਂ
ਸਲੇਟ ਨੇ , ਫੇਰ ਕਾਪੀ ਨੇ
ਤੇ ਹੁਣ ਸਕਰੀਨਜ਼ ਨੇ ਲੈ ਲਈ
ਤਾਏ  ਦੀ ਧੀ ਚੱਲੀ 
ਮੈਂ ਕਿਓਂ ਰਹਾਂ ਕੱਲੀ 
ਦੀ ਆਖਾਂ ਵਾਂਗ 
ਸਿਆਹੀ ਨੇ ਵੀ
ਰੂਪ ਬਦਲਣੇ ਸ਼ੁਰੂ ਕੀਤੇ
ਤਵੇ ਦੀ ਕਾਲਖ
ਨੀਲੀਆਂ ਤੇ ਲਾਲ ਬੱਟੀਆਂ ਚੋ
ਹੁੰਦੀ ਹੋਈ ਬਜ਼ਾਰੂ ਸਿਆਹੀ 
ਚ ਬਦਲ ਗਈ 
ਜਿਸ ਦੀ ਥਾਂ ਅੱਜ ਕੱਲ੍ਹ 
ਪ੍ਰਿੰਟਰਾਂ ਦੇ ਕਾਰਟਰਿਜ ਨੇ
ਲੈ ਲਈ
ਲੀਰ ਵਾਲੀ ਸ਼ੀਸ਼ੀ
ਦੀ ਥਾਂ ਟੀਨ ਦੀ
ਸਪੰਜ ਵਾਲੀ ਦਵਾਤ ਨੇ
ਜਿਸਦਾ  ਬਾਅਦ ਵਿਚ 
ਕੱਚ ਦੀ ਦਵਾਤ ਨੇ
ਤੇ ਹੁਣ ਪ੍ਰਿੰਟਰਾਂ ਨੇ 
ਮੇਰੀ ਕਲਮ ਨਾਲੋ 
ਰਿਸ਼ਤਾ ਤੁੜਵਾ ਦਿੱਤਾ 

ਹਰ ਜੀ 18/02/2016

Thursday, 11 February 2016

ਉਡੀਕ


ਦਰੱਖਤ ਨਾਲ ਢੋਹ ਲਾ
ਘੰਟਿਆਂ ਬੱਧੀ
ਦੇਖਦੀ ਰਹੀ ਉਹ ਰਾਹ
ਚਿੰਤਤ ਅੱਖੀਆਂ ਨਾਲ
ਿੲੱਕ ਆਸ ਲੈਕੇ
ਸ਼ਾਇਦ ਉਹ ਆਵੇਗਾ
ਤੇ ਨਿਭਾਵੇਗਾ ਆਪਣਾ ਵਾਅਦਾ
ਮੇਰੇ ਦਿਲ ਨੂੰ ਸਕੂਨ ਦੇਣ ਦਾ
ਮੇਰੇ ਖਿਆਲਾਂ ਦਾ ਹਮਰਾਹੀ ਬਣਕੇ

ਤੀਜੇ ਪਹਿਰ ਦਾ ਉਹ ਮਰੋੜ
ਹੌਲੀ ਹੌਲੀ ਗਰਮ ਤੇ ਬੇਹਵਾ
ਸ਼ਾਮ ਚ ਘੁਲ਼ ਗਿਆ
ਰੇਤ ਤੇ ਪੈਰਾਂ ਦੇ ਨਿਸ਼ਾਨਾਂ ਨੂੰ
ੳਲੀਕਦਿਆਂ  ੳਲੀਕਦਿਆਂ
ਹੁਣ ਤਾਂ ਉਸ ਦੀਆਂ
ਉਂਗਲਾਂ ਵੀ ਦੁੱਖਣ ਲੱਗ ਪਈਆਂ
ਤੇ ਉਸ ਨੇ ਲਿਬੜੇ  ਹੱਥਾਂ  ਨਾਲ
ਮਾਏ ਲੱਗੇ ਘੱਗਰੇ ਦੀਆਂ
ਕਰੀਜ਼ਾਂ ਨੂੰ ਵੀ ਮਧੋਲ਼ ਛੱਡਿਆ
ਹਵਾ ਦੀ ਸਿਲ੍ਹ ਨੇ
ਉਸਦੇ ਵਾਲ਼ ਉਲਝਾ ਦਿੱਤੇ
ਤੇ ਉਸ ਦੀਆਂ ਅੱਖਾਂ ਚ
ਖੂਨ ਉੱਤਰ ਆਇਆ
ਪਰ ਉਹ ਨਾਂ ਆਇਆ

ਉਹ ਅਇਆ ਪਰ
ਬਹੁਤ ਦੇਰ ਬਾਅਦ
ਉਸ ਨੂੰ ਉਸਦੀ
ਕੱਠੀ ਹੋਈ ਲਾਸ਼ ਮਿਲੀ
ਇੱਕ ਸੁੰਦਰ ਕਿਸ਼ਤੀ
ਦੇ ਖੂੰਜੇ ਚੋਂ
ਅੱਖਾਂ ਟੱਡੀਆਂ ਹੋਈਆਂ
ਇੰਝ ਲੱਗ ਰਿਹਾ ਸੀ
ਜਿਵੇਂ ਉਹ ਅੱਜ ਵੀ
ਉਡੀਕ ਰਹੀ ਹੋਵੇ
ਤੇ ਕਰ ਰਹੀ ਹੋਵੇ ਕੋਸ਼ਿਸ਼
ਗੋਡਿਆਂ ਨਾਲ
ਡੁੱਬਦੇ ਦਿਲ ਨੂੰ
ਸਹਾਰਾ ਦੇਣ ਦੀ
ਵਿੰਕਸ 31-08-2015
ਅਨੁਵਾਦ ਹਰ ਜੀ ੩੧-੦੮-੨੦੧੫

ਵਾਅਦੇ


ਮੁੜਕੇ ਮਿਲਾਂਗੇ ਛੇਤੀ ਆਪਾਂ
ਵਿਛੜਨ ਵੇਲੇ ਇਹ  ਕੀਤੇ ਵਾਅਦੇ
ਨਾਂ ਭੁੱਲਾਂਗੇ ਨਾਂ ਟੁੱਟਣ ਦੇਵਾਂਗੇ
ਮਜਬੂਤ ਧਾਗੇ ਨਾਲ ਸੀਤੇ ਵਾਅਦੇ

ਬਹਿ ਜਾਂਦੀ ਲਾ ਢੋਹ  ਦਰੱਖਤ ਨਾਲ
ਕਰਦੀ ਰਹਿੰਦੀ ਚੇਤੇ ਵਾਅਦੇ
ਉਂਗਲਾਂ ਦੇ ਨਾਲ ਪਾਉਂਦੀ ਔਂਸੀਆਂ
ਲਿਖਦੀ ਰਹਿੰਦੀ ਵਿਚ ਰੇਤੇ ਵਾਅਦੇ

ਉਹ ਵੀ ਉਧਰ ਤੜਪਦਾ ਰਹਿੰਦਾ
ਕਰ ਕਰ ਚੇਤੇ ਕੀਤੇ ਵਾਅਦੇ
ਸੋਚਦਾ ਰਹਿੰਦਾ ਓਹਦੇ ਬਾਰੇ
ਲਾ ਬੈਠੀ ਹੋਣੀ ਜੀ ਤੇ ਵਾਅਦੇ

ਦਿਨ ਮਹੀਨੇ  ਕਈ  ਵਰ੍ਹੇ  ਨਿਕਲ ਗਏ  
ਕਰਦੇ ਰਹੇ ਦੋਵੇਂ ਚੇਤੇ ਵਾਅਦੇ
ਹੌਲੀ ਹੌਲੀ ਖਿਸਕਣ ਲੱਗੇ
ਬੰਦ ਮੁੱਠੀ ਚੋਂ  ਵਾਂਗ ਰੇਤੇ ਵਾਅਦੇ

ਉਹਨੇ ਸੋਚਿਆ ਓਹ ਨੀਂ ਆਵੇਗਾ  
ਭੁੱਲ ਗਿਆ ਜਿਹੜੇ ਕੀਤੇ ਵਾਅਦੇ
ਮੈਂ ਵੀ ਹੁਣ ਜੀ ਕੇ ਕੀ ਕਰਨਾ
ਬੜੇ ਸਬਰ ਘੁੱਟ ਪੀਤੇ ਵਾਅਦੇ

ਓਹ ਵੀ ਉਧਰੋਂ ਤੁਰ ਪਿਆ ਸੋਚਕੇ  ਕੇ
ਟੁੱਟਣ ਨੀਂ ਦੇਣੇ ਜੀ ਜੀਤੇ  ਵਾਅਦੇ
ਪਹੁੰਚ ਗਿਆ ਲੱਭਦਾ ਉਸ ਥਾਂ ਤੇ
ਜਿਥੇ ਬਹਿ ਸਨ ਕੀਤੇ ਵਾਅਦੇ

ਉਹ ਲੇਟ ਹੋਗਿਆ ਉਹਨੇ ਆਸ ਛੱਡ ਤੀ
ਪਰ ਭੁੱਲੇ ਨਾਂ ਕੀਤੇ ਵਾਅਦੇ
ਮਜਬੂਰੀ ਨੂੰ ਸਮਝਣ ਤੋਂ ਪਹਿਲਾ
ਲੀਰੋ ਲੀਰ ਹੋਗੇ  ਸੀਤੇ ਵਾਅਦੇ

ਵਿੰਕਸ 31ਅਗਸਤ 2015

ਅਨੁਵਾਦ ਹਰ ਜੀ 01/09/2015

ਹੀਰਿਆਂ ਦੇ ਵਾਅਦੇ

ਖੋਖਲੇ ਵਾਅਦੇ
ਧੰੁਦਲੇ ਵਾਅਦੇ
ਕੱਚੇ ਵਾਅਦੇ
ਕਮਜੋਰ ਵਾਅਦੇ
ਮਿਰਗ ਤਰਿਸ਼ਨੀ ਵਾਅਦੇ
ਉਹ ਕਰਦਾ ਰਿਹਾ
ਸ਼ਾਇਦ
ਮੈਂ ਮੰਨਦੀ ਰਹੀ
ਯਕੀਨ ਕਰਦੀ ਰਹੀ
ਜਾਂ ਇਹ
ਅਵਚੇਤਨ ਮਨ ਦੀ ਖੇਡ ਸੀ
ਸ਼ਾਇਦ

ਕੀ ਵਾਕਿਆ ਈ
ਮੈਨੂੰ ਉਸ ਦੀ ਖੱਬੀ ਉਂਗਲ ਤੇ
ਇੱਕ ਸਧਾਰਣ ਜਿਹਾ
ਚਮਕ ਰਹਿਤ ਛੱਲਾ ਦਿਖਾਈ ਦਿੱਤਾ
ਜਿਸ ਨੂੰ ਮੈਂ ਤਰੱਭ ਕੇ
ਗਹੁ ਨਾਲ ਦੇਖਿਆ ਸੀ
ਤੇ ਦੇਖਦੇ ਸਾਰ ਹੀ
ਮੇਰਾ ਦਿਲ
ਮੇਰੇ ਗਲੇ ਚ ਫਸ ਗਿਆ
ਤੇ ਮੇਰੇ ਬੁੱਲ੍ਹਾਂ ਤੇ
ਸਿੱਕੜੀ ਆ ਗਈ ਸੀ
ਿਕਉਂ ਕਿ ਮੈਂ ਉਸ ਸੋਨੇ ਦੇ ਛੱਲੇ ਤੇ
ਲਾਲ ਰੰਗ ਨਾਲ ਉੱਕਰਿਆ
ਤੇਰਾ ਨਾਂ ਦੇਖਿਆ ਸੀ
ਲਾਲ ਮੇਰੇ ਜ਼ਖਮੀ ਦਿਲ ਦਾ ਰੰਗ
ਲਾਲ ਮੇਰੇ ਸੁੰਨ ਹੋਏ ਮਨ ਦਾ ਰੰਗ
ਲਾਲ ਮੇਰੀ ਬੇਬੱਸੀ ਦਾ ਰੰਗ
ਲਾਲ ਮੇਰੇ ਟੁੱਟੇ ਖੰਭਾਂ ਦਾ ਰੰਗ
ਲਾਲ ਮੇਰੇ ਖਾਰੇ ਹੰਝੂਆਂ ਦਾ ਰੰਗ

ਮੇਰੇ ਸਰੀਰ ਚ ਕੰਡੇ ਚੁਭਣ ਲੱਗੇ ਸਨ
ਇੰਝ ਲੱਗਿਆ ਸੀ ਜਿਵੇਂ
ਮੇਰੀ ਹੋਂਦ ਤਲਵਾਰਾਂ ਨਾਲ
ਕੱਟੀ ਜਾ ਰਹੀ ਹੋਵੇ
ਮੈ ਲੰਮੇ ਸਾਹ ਭਰਣ ਲੱਗੀ
ਮੇਰਾ ਦਮ ਘੁੱਟਣ ਲੱਗਿਆ
ਮੈਂ ਭੱਜਣ ਲੱਗੀ
ਤੇਜ ਹੋਰ ਤੇਜ ਹੋਰ ਤੇਜ
ਇੰਝ ਲੱਗ ਰਿਹਾ ਸੀ
ਜਿਵੇਂ ਮੇਰੀਆਂ ਲੱਤਾਂ ਤੇ
ਮਣਾਂ ਮੂਹੀਂ ਭਾਰ ਬੰਨਿਆ ਹੋਵੇ

ਮੈਂ ਪਿੱਛੇ ਮੁੜਕੇ
ਉਸ ਲਾਲ ਅੱਖਰਾਂ ਵਾਲੇ
ਛੱਲੇ ਵੱਲ ਦੇਖਦੀ
ਇਹ ਜਾਨਣ ਲਈ
ਿਕਤੇ ਉਹ ਮੇਰਾ ਛੱਲਾ ਤਾਂ ਨੀਂ
ਫੇਰ ਮੈਂ ਆਪਣੇ
ਖੱਬੇ ਹੱਥ ਵੱਲ ਵੇਖਦੀ
ਇਹ ਸੋਚਕੇ
ਿਕਤੇ ਮੈਂ ਉਸਦਾ ਜੁੜਵਾਂ
ਤਾਂ ਨੀਂ ਪਾਇਆ ਹੋਇਆ
ਨਹੀਂ
ਉਸ ਚਿੱਟੀ ਉਂਗਲ ਤੇ
ਕੁੱਝ ਵੀ ਨਹੀਂ ਸੀ

ਉਹ ਅਵਚੇਤਨ ਮਨ ਦੀ ਖੇਡ ਵਾਲਾ
ਸਧਾਰਣ ਸੋਨੇ ਦਾ ਛੱਲਾ
ਅੱਜ ਵੀ ਭੂਤ ਬਣਕੇ
ਮੈਨੂੰ ਡਰਾਉਂਦਾ ਰਹਿੰਦਾ

ਵਿੰਕਸ ੪ ਸਤੰਬਰ ੨੦੧੫

ਅਨੁਵਾਦ ਹਰ ਜੀ ੫-੦੯-੨੦੧੫

ਮਿਰਗ ਤ੍ਰਿਸ਼ਨਾ



ਉਹ ਪਿੱਛਾ ਕਰਦੀ
ਉਸ ਚਮਕ ਵਾਲੇ  
ਦੁੱਧ ਰੰਗੇ ਆਕਾਰ ਦਾ
ਜੋ ਉਸ ਤੋ  ਜਾ ਰਿਹਾ ਸੀ  ਦੂਰ
ਬਹੁਤ ਦੂਰ
ਜਿੱਥੇ ਧਰਤੀ ਤੇ ਆਕਾਸ਼ ਦਾ
ਮਿਲਣ ਹੁੰਦਾ ਹੈ
ਇੰਝ ਲਗਦਾ ਜਿਵੇਂ ਓਹ
ਆਕਾਸ਼ੀ  ਸਤਰ ਦੇ
ਨੀਲੇ ਤੇ ਭੂਰੇ ਰੰਗਾ ਵਿੱਚ
ਸਮਾ ਰਿਹਾ ਹੋਵੇ
ਧੁੰਦਲਾ ਰਿਹਾ ਹੋਵੇ

ਉਹ ਅੱਖਾਂ ਸੰਗੋੜਦੀ
ਨਿਗਾਹ ਨੂੰ ਕੇਂਦਰਿਤ ਤੇ ਸਾਫ਼
ਕਰਨ ਦੀ ਕੋਸ਼ਿਸ਼ ਕਰਦੀ
ਅੱਖਾਂ ਨੂੰ ਪਹਿਲਾਂ  ਤਲੀਆਂ ਨਾਲ
ਫੇਰ  ਮੁੱਠੀਆਂ ਨਾਲ ਮਲਦੀ
ਉਂਗਲਾਂ ਦੀਆਂ ਗੱਠਾਂ ਨਾਲ
ਉਸ ਦੀਆਂ ਅੱਖਾਂ ਚ
ਦਰਦ ਹੋਣ ਲੱਗ ਪਿਆ

ਟੱਡੀਆਂ ਅੱਖਾਂ ਨਾਲ
ਓਹ ਦੇਖਦੀ ਰਹਿੰਦੀ
ਜਦ ਤੱਕ ਉਸ ਦੀਆਂ ਅੱਖਾਂ
ਗਿੱਲੀਆਂ  ਨਾਂ ਹੋ ਜਾਂਦੀਆਂ
ਓਹ ਅੱਖਾਂ ਦੇ ਗਿੱਲੇ ਪਣ ਨੂੰ  
ਉਸ ਦੇ ਖੋਣ ਦਾ ਕਾਰਨ
ਨਹੀ ਬਣਾ ਸਕਦੀ
ਇਸ ਲਈ  ਉਹ
ਵਾਰ ਵਾਰ ਅੱਖਾਂ ਝ੍ਮ੍ਕਦੀ
ਨਿਗਾਹ ਨੂੰ ਸਾਫ਼ ਕਰਨ ਲਈ
ਅਥਰੂ ਪੂੰਝਦੀ ,
ਫਿਰ  ਮੁਸਕਰਾਉਂਦੀ
ਤੇ ਉਸ ਅਕਾਰ ਦਾ
ਪਿੱਛਾ ਕਰਦੀ ਰਹਿੰਦੀ
ਉਸਦੇ ਖਿਲਰਦੇ  ਚੋਲੇ ਚੋਂ
ਉਸਨੂੰ ਉਸਦੇ ਪੈਰ
ਦਿਖਾਈ ਨਾਂ ਦਿੰਦੇ
ਓਹ ਉਸ ਨੂੰ ਫੜਨ ਲਈ
ਆਪਣੀ ਬਾਂਹ ਵਧਾਉਂਦੀ
ਪਰ ਉਸਨੂੰ ਛੂਹ ਵੀ  ਨਾਂ  ਸਕਦੀ

ਕਿਉਂ ਕੇ ਇਹ ਅਸਲੀਅਤ ਨਹੀਂ  ਸੀ
ਸਿਰਫ਼ ਮਿਰਗ ਤ੍ਰਿਸ਼ਨਾ ਸੀ,
ਇੱਕ ਭਲੇਖਾ ਸੀ
ਉਸ ਨੂੰ ਆਗ੍ਰਹ ਕੀਤਾ ਗਿਆ ਸੀ
ਤੇ ਤਾੜਿਆ  ਗਿਆ ਸੀ
ਪਰ ਉਹ  ਉਸ ਦਾ
ਪਿੱਛਾ ਕਰਦੀ ਰਹੀ  
ਰੇਤ ਦੀ ਹਨੇਰੀ
ਕੰਡਿਆਲੇ ਰਸਤੇ ਤੇ
ਤਪਦੇ ਸੂਰਜ ਦੀ
ਪ੍ਰਵਾਹ ਕੀਤੇ ਬਿਨਾ

ਫੇਰ ਉਸਨੇ ਐਲਾਨ ਕੀਤਾ
ਕੀ ਓਹ ਉਸ ਕੋਲ
ਜਾਣਾ ਨੀ ਚਾਹੁੰਦੀ
ਸਗੋਂ  ਮਿਰਗ ਤ੍ਰਿਸ਼ਨਾ ਨੂੰ
ਖਦੇੜਨਾ ਚਾਹੁੰਦੀ ਹੈ
ਤੇ ਖੁਦ ਉਜਾੜ ਚ
ਰਹਿਣਾ ਚਾਹੁੰਦੀ ਹੈ
ਕਿਉਂ ਕੇ ਸੰਤਾਪ ਚ
ਹੁਣ ਉਸ ਨੂੰ
ਖੁਸ਼ੀ ਮਿਲਦੀ ਹੈ

ਵਿੰਕਸ  24 ਸਤੰਬਰ 2015
ਅਨੁਵਾਦ ਹਰ ਜੀ 25/09/2015

ਉਸ ਦੀ ਦੁਨੀਆ (ਚੋਕਾ )



ਖੇਤੋਂ ਮੁੜਕੇ
ਆਪਣੇ ਘਰ ਵੱਲ
ਮੈਂ ਤੁਰਿਆ ਸੀ
ਪਿੰਡ ਦੀ ਫਿਰਨੀ ਤੇ
ਓਹ ਬੈਠੀ ਸੀ
ਪਤਾ ਨੀਂ ਕਿਹੜੀ
ਸੋਚ ਚ ਡੁੱਬੀ
ਡੱਕੇ ਨਾਲ ਵਾਹੁੰਦੀ
ਧਰਤੀ ਉੱਤੇ
ਘੁਘੂ ਘਾਂਗੜੇ ਜਿਹੇ
ਗੁੰਮ ਸੁੰਮ ਜੀ
ਨਾਂ ਆਲੇ ਦੁਆਲੇ ਦੀ
ਕੋਈ ਖਬਰ
ਇੰਝ ਲੱਗਿਆ ਜਿਵੇਂ
ਦੋ ਪਲਾਂ ਵਿਚ
ਭਰ ਅੱਖਾਂ ਚ ਪਾਣੀ
ਓਹ ਰੋਵੇਗੀ
ਤੇ ਥਰਕਦੇ ਬੁੱਲ੍ਹ
ਮੁਸਕਰਾਹਟ
ਬਾਹਿਰ  ਸੁੱਟਣਗੇ
ਖੜਕੇ ਉਥੇ 
ਲੱਗਿਆ ਮੈਂ ਸੋਚਣ 
ਓਹ ਦੁਨੀਆ 
ਕਿਹੋ ਜਿਹੀ ਹੋਵੇਗੀ 
ਖੁਸ਼ੀਆਂ ਭਰੀ
ਜਾਂ ਪੀੜਾਂ ਦਾ ਪਰਾਗਾ
ਕੌਣ ਹੋਊਗਾ 
ਜੀਹਦੇ  ਨਾਲ ਹੋਊ 
ਇਹ ਵੰਡਦੀ
ਆਪਣੀਆਂ  ਖੁਸੀਆਂ
ਤੇ ਅਪਣਾ ਦਰਦ|
ਹਰ ਜੀ 12/02/2016

ਮੈਂ ਬਾਪ ਹਾਂ

ਮੈਂ ਬਾਪ ਹਾਂ ਮੈਂ ਬਾਪ ਹਾਂ
ਮੇਰੀ ਘਰ ਦੇ ਵਿਚ ਸਰਦਾਰੀ ਹੈ
ਮੈਨੂੰ ਘਰ ਦੀ ਇੱਜਤ ਪਿਆਰੀ ਹੈ
ਮੇਰੇ ਸਿਰ ਤੇ ਵੱਡੀ ਜੁਮੇਵਾਰੀ ਹੈ 
ਇਸੇ ਕਰਕੇ ਰਹਿੰਦਾ ਚੁੱਪ ਚਾਪ ਹਾਂ
ਮੈਂ ਬਾਪ ਹਾਂ ਮੈਂ ਬਾਪ ਹਾਂ
ਪਹਿਲਾਂ ਨਾਨਕਛੱਕ ਇੱਕ ਲਾਉਣੀ ਹੈ
ਫਿਰ ਆਪਣੀ ਧੀ ਵਿਹਾਉਣੀ ਹੈ
ਗਹਿਣੇ ਪਈ ਜ਼ਮੀਨ ਛੁਡਾਉਣੀ ਹੈ
ਇਹੀ ਸੋਚਦਾ ਮੈਂ ਦਿਨ ਰਾਤ ਹਾਂ
ਮੈਂ ਬਾਪ ਹਾਂ ਮੈਂ ਬਾਪ ਹਾਂ
ਦੱਸ ਸਕਦਾ ਨੀਂ ਰਾਮ ਕਹਾਣੀ ਮੈਂ
ਕੋਮਲ ਘਰਵਾਲੀ ਤੇ ਧੀ ਨਿਆਣੀ ਐ
ਪੁੱਤ ਨਸ਼ੇੜੀਆਂ ਦਾ ਮੇਰਾ ਹਾਣੀ ਐ
ਇਸ ਲਈ ਰਹਿੰਦਾ ਵਿਚ ਆਪਣੇ ਆਪ ਹਾਂ
ਮੈਂ ਬਾਪ ਹਾਂ ਮੈਂ ਬਾਪ ਹਾਂ
ਨਿੱਤ ਝੂਠਾ ਹਾਸਾ ਹੱਸਦਾਂ ਹਾਂ
ਸਭ ਠੀਕ ਹੈ ਸਭ ਨੂੰ ਦੱਸਦਾ ਹਾਂ
ਦੁੱਖ ਆਪਣੇ ਅੰਦਰ ਹੀ ਰੱਖਦਾਂ ਹਾਂ
ਨਿੱਤ ਕਰਦਾ ਪਸਤਾਚਾਪ ਹਾਂ
ਮੈਂ ਬਾਪ ਹਾਂ ਮੈਂ ਬਾਪ ਹਾਂ
ਦੇਵਾਂ ਸਭ ਦੇ ਲਈ ਕੁਰਬਾਨੀ ਮੈਂ
ਸੁਣਾ ਸਭ ਦੀ ਨਿੱਤ ਪਰੇਸ਼ਾਨੀ ਮੈਂ
ਹਰ ਕੋਈ ਸੋਚੇ ਕਰਾਂ ਮਨ ਮਾਨੀ ਮੈਂ
ਪਰ ਮੈਂ ਤਾਂ ਹੰਢਾਉਂਦਾ ਸੰਤਾਪ ਹਾਂ
ਮੈਂ ਬਾਪ ਹਾਂ ਮੈਂ ਬਾਪ ਹਾਂ
ਹਰ ਜੀ 11/02/2016

ਮੇਰਾ ਪਿਆਰ


ਮੇਰਾ ਪਿਆਰ ਨੀ ਕੋਈ ਵਾ-ਵਰੋਲ਼ਾ
ਮੇਰਾ ਪਿਆਰ ਨੀ ਕੋਈ ਅੱਗ ਦਾ ਗੋਲਾ
ਮੇਰਾ ਪਿਆਰ ਨੀ ਕਿਸੇ ਬਾਬੇ ਦਾ ਚੋਲਾ 
ਮੇਰਾ ਪਿਆਰ ਨੀ ਕੋਈ ਅੰਨ੍ਹਾ ਤੇ ਬੋਲਾ
ਮੇਰਾ ਪਿਆਰ ਨੀ ਕੋਈ ਰਾਤ ਅੰਧੇਰੀ
ਮੇਰਾ ਪਿਆਰ ਨੀ ਕੋਈ ਹੇਰਾ ਫੇਰੀ
ਮੇਰਾ ਪਿਆਰ ਨੀ ਕੋਈ ਮਿੱਟੀ ਦੀ ਢੇਰੀ
ਮੇਰਾ ਪਿਆਰ ਤਾਂ ਮਲਕੀਅਤ ਹੈ ਤੇਰੀ
ਮੇਰਾ ਪਿਆਰ ਕੋਈ ਛਲ ਨਹੀਂ ਹੈ
ਮੇਰਾ ਪਿਆਰ ਅੱਜ ਕੱਲ੍ਹ ਨਹੀਂ ਹੈ
ਮੇਰਾ ਪਿਆਰ ਕੋਈ ਝੱਲ ਨਹੀਂ ਹੈ
ਮੇਰਾ ਪਿਆਰ ਘੜੀ ਪੱਲ ਨਹੀਂ ਹੈ
ਮੇਰਾ ਪਿਆਰ ਹੈ ਮੇਰੀ ਅੱਖ ਦਾ ਪਾਣੀ
ਮੇਰਾ ਪਿਆਰ ਹੈ ਮੇਰੇ ਦਿਲ ਦਾ ਹਾਣੀ
ਮੇਰਾ ਪਿਆਰ ਨੂੰ ਤੂੰ ਐਵੇ ਨਾਂ ਜਾਣੀ
ਮੇਰਾ ਪਿਆਰ ਬਣੂ ਪਿਆਰ ਕਹਾਣੀ
ਹਰ ਜੀ ੨੫/੦੧/੨੦੧੬

ਪਿੰਡ ਦਾ ਗੇੜਾ


ਕਿੱਥੇ ਗਈਆੰ ਉਹ ਸਵੇਰਾੰ
ਜਦ ਅੱਖਾਂ ਮਲ਼ ਮਲ਼ ਉਠਦੇ ਸੀ
ਗੰਨੇ ਦੀ ਇੱਕ ਪੋਰੀ ਖਾਤਿਰ
ਭੈਣ ਭਰਾ ਨਾਲ ਰੁੱਸਦੇ ਸੀ
ਜੂੜੇ ਤੇ ਬੰਨ੍ਹਦੇ ਸਾਂ ਰੁਮਾਲ
ਤੇ ਢਿੱਲਕਦੇ ਕੱਛੇ ਪਾਉੁੰਦੇ ਸੀ
ਫੜ ਮੱਝਾਂ ਦੀਆੰ ਪੂਛਾਂ ਸ਼ਾਮੀ
ਟੋਭੇ ਚ ਤਾਰੀਆਂ ਲਾਉਂਦੇ ਸੀ
ਲੁਕਣ-ਮੀਟੀ ਘੋੜ ਕਬੱਡੀ
ਰੋਜ਼ ਸ਼ਾਮ ਨੂੰ ਖੇਲਦੇ ਸੀ
ਲਾ ਸਰੋੰ ਦੀ ਤੇਲ ਪਿੰਡੇ ਤੇ
ਡੰਡ ਬੈਠਕਾਂ ਪੇਲਦੇ ਸੀ
ਕਰ ਕਰ ਚੇਤੇ ਸ਼ਾਮਾਂ ਨੂੰ
ਕਈ ਵਾਰ ਇਹ ਮਨ ਭਰ ਆਉਂਦਾ
ਪਰ ਵਿੱਚ ਖਿਆਲਾਂ ਅਕਸਰ ਹੀ
ਮੈਂ ਪਿੰਡ ਦਾ ਗੇੜਾ ਲਾ ਆਉਂਦਾ
ਹਰ ਜੀ ੨੦/੦੧/੨੦੧੬

ਕੁਝ ਤਾਂਕੇ



ਮਾਘੀ ਦਾ ਮੇਲਾ
ਖਿਦਰਾਣੇ ਦੀ ਢਾਬ
ਚਾਲੀ ਮੁਕਤੇ
ਪੰਜਾਬ ਦੀ ਮੁਕਤੀ
ਕਰੂ ਆਮ ਆਦਮੀ
ਮਾਘੀ ਦਾ ਮੇਲਾ
ਅਖਾੜੇ ਚ ਉੱਤਰੇ
ਸਿਆਸੀ ਮੱਲ
ਮੁੱਖ ਤੇ ਭੋਲਾਪਣ
ਖਿਆਲਾਂ ਚ ਕੁਰਸੀ
ਪਹਿਲਾ ਮਾਘ
ਸਿਆਸਤਦਾਨਾ ਨੇ
ਗੰਦੀ ਕਰਤੀ
ਦੂਸ਼ਣਬਾਜੀ ਨਾਲ
ਪਵਿੱਤਰ ਧਰਤੀ
ਪਾਲਾ ਕੋਹੜੀ
ਵਿਹੜੇ ਚ ਲੋਹੜੀ
ਕੱਠੇ ਮਨਾਈ
ਅੱਗ ਸੇਕਦੇ ਖਾਧੀ
ਮੂੰਗਫਲੀ ਰੋੜੀ
ਮੇਰਾ ਪੰਜਾਬ
ਨਿਘਰਦਾ ਹੀ ਜਾਵੇ
ਕੋਈ ਨਾਂ ਸਾਂਭੇ
ਰਾਖਾ ਕੀ ਕਰੂ ਜਦ
ਵਾੜ ਖੇਤ ਨੂੰ ਖਾਵੇ
ਦੇਸ ਪੰਜਾਬ
ਦਲਦਲ ਫਸਿਆ
ਕੌਣ ਬਚਾਊ
ਰਾਜਾ ਵਜੀਰ ਚੋਰ
ਅਰਜ਼ੀ ਸੁਣੂ ਕੌਣ
15/01/16

ਨਵੇਂ ਸਾਲ ਦਾ ਸੂਰਜ


ਅੱਜ ੨੦੧੬ ਦੇ
ਪਹਿਲੇ ਦਿਨ
ਫੇਰ ਮੈਂ ਦੇਖਿਆ
ਇਕ ਉਦਾਸ ਮਜਬੂਰ
ਤੇ ਲਚਾਰ ਸੂਰਜ ਨੂੰ
ਮੇਰੀ ਜਨਮ ਧਰਤੀ ਤੇ
ਉਦੈ ਹੁੰਦੇ ਹੋਏ
ਲਾਲ ਸੁਰਖ਼ ਅੱਖਾਂ ਨੂੰ
ਮਲਦੇ ਹੋਏ
ਧਰਤੀ ਤੇ ਨਿਗਾਹ
ਮਾਰਨ ਦੀ ਕੋਸ਼ਿਸ਼
ਕਰਦੇ ਹੋਏ
ਲੱਗਿਆ ਜਿਵੇਂ ਝੋਨੇ ਦੀ
ਸਾੜੀ ਪਰਾਲ਼ੀ ਚੋ
ਤੇ ਮੋਟਰ ਗੱਡੀਆਂ ਚੋ
ਨਿਕਲੇ ਂਧੂੰਏਂ ਅਤੇ
ਨਵੇਂ ਸਾਲ ਦੀ ਆਮਦ
ਦੀ ਖ਼ੁਸ਼ੀ ਚ ਚਲਾਏ ਗਏ
ਪਟਾਕਿਆਂ ਚੋ ਨਿਕਲੇ
ਨਿਕਲੇ ਂਧੂੰਏਂ ਨੇ
ਰਲ ਕੇ
ਉਸ ਦੀ ਅੱਖੀਆੰ ਵਿਚਲੀ
ਲਾਲੀ ਤੇ ਰੜਕ ਨੂੰ
ਹੋਰ ਵਧਾ ਦਿੱਤਾ ਹੋਵੇ
ਸੋਚਦਾ ਹਾਂ ਕੱਦ ਤੱਕ
ਅਸੀਂ ਅਪਣੀਆੰ
ਖੁਸ਼ੀਆਂ ਤੇ ਸਹੂਲਤਾਂ ਲਈ
ਕੁਦਰਤ ਦੇ ਅਰਮਾਨਾਂ ਦਾ
ਘਾਣ ਕਰਦੇ ਰਹਾਂਗੇ
ਤੇ ਹਰ ਨਵੇਂ ਸਾਲ ਤੇ
ਸੂਰਜ ਦੀਆੰ ਅੱਖਾਂ ਦੀ
ਲਾਲੀ ਤੇ ਰੜਕ
ਵਧਾਉਂਦੇ ਰਹਾਂਗੇ
ਹਰ ਜੀ ੦੧/੦੧/੨੦੧੬

ਸਾਗਰ ਕੰਢੇ


ਪੈਕੇ ਬੀਚ ਤੇ
ਦਿਨ ਮੈਂ ਕਈ ਗੁਜ਼ਾਰੇ
ਦਿਨ ਵੇਲੇ ਤੱਕੀਆੰ
ਸਾਗਰ ਦੀਆੰ ਛੱਲਾੰ
ਰਾਤੀੰ ਚੰਨ ਤੇ ਤਾਰੇ
ਚੜ੍ਹਦੇ ਸੂਰਜ ਤੋਂ
ਛਿੱਪਦੇ ਸੂਰਜ ਤੱਕ
ਦੇਖੇ ਕਈ ਨਜ਼ਾਰੇ
ਸਿਖਰ ਦੁਪਹਿਰ ਦੀ
ਧੁੱਪ ਤੋਂ ਲੈ ਕੇ
ਮਾਣੇ ਹਵਾ ਦੇ
ਬੁੱਲੇ ਠੰਡੇ ਠਾਰੇ
ਖਾਰੇ ਪਾਣੀ ਵਿੱਚ
ਲਾ ਲਾ ਗ਼ੋਤੇ
ਖੇਡਿਆ ਸੰਗ ਮੈਂ ਛੱਲਾੰ ਦੇ
ਅੱਖਾਂ ਚ ਕੈਦ ਕਰ
ਬੋਝੇ ਭਰ ਲੇ
ਮੈਂ ਸਾਰੇ ਸੁਹਾਵਣੇ ਪਲਾਂ ਦੇ
ਛੱਡਣ ਵੇਲੇ
ਉੱਠੇ ਸਨ
ਵਿੱਚ ਮਨ ਦੇ
ਕਈ ਉਬਾਲ ਮੇਰੇ
ਹੋਏ ਉਦਾਸ ਦੇਖ
ਘੋਗੇ ਸਿੱਪੀਆਂ ਨੂੰ
ਰਹੇ ਖੇਡਦੇ ਸਨ
ਜੋ ਨਾਲ ਮੇਰੇ
ਹਰ ਜੀ। ੧੪/੧੨/੨੦੧੫

ਸੂਰਜ ਤੇ ਸਾਗਰ


ਚੜ੍ਹਦਾ ਸੂਰਜ
ਚੰਗਾ ਲੱਗਦਾ
ਛਿੱਪਦਾ ਲੱਗੇ ਸੋਹਣਾ
ਪਰ ਦੋਹਾੰ ਵੇਲੇ
ਦੇਖਣ ਦੇ ਲਈ
ਦ੍ਰਿਸ਼ ਬਣੇ ਮਨਮੋਹਣਾ
ਜਦ ਸੂਰਜ ਚੜ੍ਹਦਾ
ਤਾ ਕੰਢੇ ਵੱਲ ਨੂੰ
ਸਾਗਰ ਭੱਜਿਆ ਜਾਵੇ
ਲਗਦਾ ਜਿਵੇਂ
ਖਿਲਾਰਕੇ ਬਾਹਾਂ
ਮਸ਼ੂਕਾਂ ਕੋਈ
ਅਪਣੇ ਆਸ਼ਕ
ਤਾਈੰ ਬੁਲਾਵੇ
ਸ਼ਾਮ ਨੂੰ ਜਦ
ਸੂਰਜ ਹੈ ਛਿੱਪਦਾ
ਸਾਗਰ ਵੀ
ਪਿੱਛੇ ਹੱਟ ਜਾਵੇ
ਲੱਗਦਾ ਜਿਵੇਂ
ਮਸ਼ੂਕਾ ਲੈ ਲਊ
ਆਸ਼ਕ ਨੂੰ
ਵਿੱਚ ਕਲਾਵੇ
ਸਾਗਰ ਵਿੱਚ ਵੀ
ਚਮਕਣ ਲੱਗਦੀ
ਆਈ ਸੂਰਜ
ਚਿਹਰੇ ਜੋ ਲਾਲੀ
ਇਸ ਿਮਲਣੀ ਤੋਂ
ਬਾਅਦ ਛੇਤੀ ਹੀ
ਆ ਜਾਂਦੀ ਇੱਥੇ
ਉਹ ਰਾਤ
ਹਨੇਰੇ ਵਾਲੀ
ਹਰ ਜੀ ੧੪/੧੨/੨੦੧੫

ਮੈਂ ਤੇ ਸਮੁੰਦਰੀ ਪਾਣੀ


ਦੇਖਦਾ ਹਾਂ ਜਦ
ਸਮੁੰਦਰ ਵਿਚਲੀਆਂ ਛੱਲਾੰ ਨੂੰ
ਧਰਤੀ ਵੱਲ ਭੱਜਦਿਆਂ 
ਤੇ ਕਰਦਾ ਹਾਂ ਤੁਲਨਾ
ਮਨ ਚ ਉੱਭਰ ਰਹੇ
ਖਿਆਲਾਂ ਨਾਲ
ਦੇਖਦਾ ਹਾਂ ਜਦ
ਸਮੁੰਦਰ ਚ ਉਠਦੇ
ਜਵਾਰ-ਭਾਟੇ ਵੱਲ
ਤੇ ਤੋਲਦਾ ਹਾਂ ਉਸ ਨੂੰ
ਅੰਦਰ ਉਠਦੇ ਉਬਾਲਾੰ ਨਾਲ
ਦੇਖਦਾ ਹਾਂ ਜਦ
ਸਾੰਤ ਸਮੁੰਦਰ ਵੱਲ
ਤੇ ਮਾਰਦਾ ਹਾਂ ਇਕ ਝਾਤ
ਅਪਣੇ ਅੰਦਰ
ਹੋ ਦੁਨੀਆ ਤੋਂ ਬੇਖ਼ਬਰ
ਕੋਈ ਖ਼ਾਸ ਫਰਕ
ਮਹਿਸੂਸ ਨਹੀਂ ਹੁੰਦਾ
ਮੇਰੇ ਤੇ ਸਮੁੰਦਰ ਵਿਚਲੇ
ਪਾਣੀ ਵਿੱਚ
ਕਿਉਂਕਿ
ਉਹ ਵੀ ਮੇਰੇ ਵਾਂਗ
ਬੰਦਸ਼ਾਂ ਤੋੜਨ ਦੀ
ਨਕਾਮ ਕੋਸ਼ਿਸ਼ ਕਰ ਰਿਹਾ
ਤੇ ਹਰ ਰੋਜ ਥੱਕ ਹਾਰ ਕੇ
ਮੁੜ ਂਅਪਣੀ ਥਾਂ ਤੇ
ਪਹੁੰਚ ਜਾਂਦਾ ਹੈ
ਹਰ ਜੀ। ੧੩/੧੨/੨੦੧੫

ਸਾਗਰ ਕਿਨਾਰੇ

ਸਾਗਰ ਕਿਨਾਰੇ
ਬੈਠ ਕੇ ਦੇਖਾਂ
ਬਣ ਬਣ ਲਹਿਰਾਂ
ਭੱਜਦਾ ਪਾਣੀ
ਵੱਲ ਸੁੱਕੀ ਂਧਰਤ
ਵਾਰ ਵਾਰ ਉਹ
ਕਰਦਾ ਕੋਸ਼ਿਸ਼
ਨਵੀਂ ਧਰਤ ਨੂੰ
ਫੜਨ ਦੀ
ਕਦੇ ਇੰਚ ਇੰਚ
ਕਦੇ ਫੁੱਟ ਫੁੱਟ
ਵਧਦਾ ਰਹਿੰਦਾ
ਅੱਗੇ ਹੀ ਅੱਗੇ
ਅਚਨਚੇਤ ਫਿਰ
ਬਦਲ ਜਾਂਦਾ ਕੁਝ
ਮੁੜ ਪੈੰਦਾ ਉਹ
ਵਾਪਿਸ ਘਰ ਨੂੰ
ਕਦੇ ਇੰਚ ਇੰਚ
ਕਦੇ ਫੁੱਟ ਫੁੱਟ
ਹੌਲੀ ਹੌਲੀ
ਹੱਟ ਜਾਂਦਾ ਪਿੱਛੇ
ਦੇਖਦਾ ਹਾਂ ਮੈਂ
ਰੋਜ ਹੀ ਉਸ ਦੀ
ਇਹ ਕਿਰਿਆ ਤੇ
ਸੋਚਦਾ ਹਾਂ
ਕੀ ਪਾਉਣਾ ਚਾਹੁੰਦਾ ਹੈ ਇਹ
ਕੀ ਮਨੋਰਥ ਹੈ ਂਇਸ ਦਾ
ਕਿਤੇ ਅੱਜ ਦੇ ਮਨੁੱਖ ਵਾਂਗ
ਇਹ ਵੀ ਭਟਕਣਾ ਦਾ
ਸ਼ਿਕਾਰ ਤਾਂ ਨਹੀਂ ?
ਹਰ ਜੀ ੧੦/੧੨/੨੦੧੫

ਮੈਂ ਧਰਮੀ ਹਾਂ


ਮੈਂ ਧਰਮੀ ਹਾਂ
ਕਰਦਾੰ ਹਾਂ ਸੇਵਾ
ਧਰਮ ਦੀ
ਹਰ ਪਲ ਹਰ ਸਮੇਂ
ਜੋੜਕੇ ਲੋਕਾਂ ਨੂੰ
ਧਰਮ ਨਾਲ
ਕਿਸੇ ਨੂੰ ਵਰਗਲਾ ਕੇ
ਕਿਸੇ ਨੂੰ ਡਰਾਕੇ
ਤੇ ਕਿਸੇ ਨੂੰ
ਸਬਜ਼ਬਾਗ ਦਿਖਾਕੇ
ਫਿਰ ਕਰਦੇ ਨੇ
ਮੇਰੇ ਧਰਮ ਦੇ
ਠੇਕੇਦਾਰ
ਇਹਨਾ ਧਰਮੀਆੰ ਦਾ
ਸ਼ੋਸ਼ਣ
ਖੇਡਦੇ ਨੇ ਇਹਨਾਂ ਦੀਆੰ
ਭਾਵਨਾਵਾਂ ਨਾਲ
ਲੁੱਟਦੇ ਨੇ
ਕੁੱਟਦੇ ਨੇ
ਕਰਦੇ ਨੇ ਇਹਨਾਂ ਨੂੰ
ਤਿਆਰ
ਧਰਮ ਦੀ ਖ਼ਾਤਰ
ਮਰਨ ਲਈ
ਇਹ ਤਿਆਰ ਹੋਏ ਮੋਹਰੇ
ਜਾਂਦੇ ਨੇ ਹੱਸਦੇ ਖੇਡਦੇ
ਲੋਕਾਂ ਚ
ਫਲਾਉੰਦੇ ਨੇ ਦਹਿਸ਼ਤ
ਬੰਬਾਂ ਨਾਲ ਗੋਲ਼ੀਆਂ ਨਾਲ
ਤਲਵਾਰਾਂ ਨੇਜ਼ਿਆਂ ਤੇ
ਤ੍ਰਿਸੂਲਾਂ ਨਾਲ
ਮਰਦੇ ਨੇ ਤੇ
ਮਾਰਦੇ ਨੇ ਸੈਂਕੜੇ
ਮਸੂਮ ਲੋਕਾਂ ਨੂੰ
ਇਹ ਸੋਚ ਕੇ
ਕਿ
ਉਤਾਰਨਾ ਹੈ
ਉਹਨਾ ਨੇ
ਧਰਮ ਦਾ ਰਿਣ
ਤੇ ਕਰਨੀ ਹੈ
ਪ੍ਰਾਪਤ ਜੰਨਤ
ਯਾ ਚੜ੍ਹਨਾ ਹੈ
ਕੈਲਾਸ਼ ਪਰਬਤ ਤੇ
ਯਾ ਸੱਚ-ਖੰਡ ਦੀਆ
ਪੌੜੀਆਂ
ਮੈਂ ਹੀ ਤਾ ਹਾਂ
ਜੋ ਦੱਸਦਾ ਹੈ
ਇਹਨਾਂ ਨੂੰ
ਇਹਨਾ ਦੀ
ਮੰਜ਼ਲ ਦਾ ਰਾਸਤਾ
ਇਸੇ ਲਈ ਤਾਂ
ਮੈਂ ਧਰਮੀ ਹਾਂ
ਤੇ ਕਰਦਾ ਹਾਂ
ਸੇਵਾ
ਰੱਬ ਦੀ
ਲੋਕਾਈ ਦੀ
ਧਰਮ ਦੀ
ਹਰ ਜੀ ੧੭/੧੧/੨੦੧੫

ਕਾਲੀ ਦਿਵਾਲੀ

ਕਾਲੀ ਦਿਵਾਲੀ
ਜੱਟ ਤਾਂ ਮਨਾਉਂਦੇ ਸੀ
ਕਈ ਸਾਲਾਂ ਤੋ ਇਹ
ਕਾਲੀ ਦਿਵਾਲੀ 
ਹੁਣ ਤਾਂ ਲੱਖਾ
ਘੁਮਿਆਰ ਵੀ
ਆ ਖੜਿਆ
ਇਸ ਲਾਈਨ ਚ
ਜੱਟਾ ਦੀ ਫਸਲ ਵਾਂਗ
ਇਸ ਸਾਲ ਤਾਂ
ਰੁਲ੍ਣਗੇ
ਉਸ ਦੇ ਬਨਾਏ ਹੋਏ
ਮਿੱਟੀ ਦੇ ਦੀਵੇ
ਗਲੀਆਂ ਦੀ ਮੰਡੀ ਚ
ਸ਼ਾਹੂਕਾਰ ਤੋਂ ਲਿਆ
ਕਰਜ਼ਾ ਹੋ ਜਾਣਾ
ਕਈ ਗੁਣਾ
ਫੇਰ ਓਹ ਵੀ
ਲ੍ਮ੍ਕੇਗਾ
ਕਿਸੇ ਦਰਖਤ ਤੋਂ
ਗਲ ਚ
ਗਧੇ ਵਾਲਾ
ਪੈਂਖ੍ੜ ਪਾਕੇ
ਸ਼ਾਇਦ ਪੱਗਾਂ ਚ ਲਪੇਟੇ
ਇਹ ਸਿਰ ਵੀ
ਰੁਆਲਿਆਂ ਚ
ਲਪੇਟੇ ਗ੍ਰੰਥਾਂ ਵਾਂਗ
ਹੀ ਹਨ
ਜੋ ਨਾਂ ਸੋਚ ਸਕਦੇ ਹਨ
ਨਾਂ ਦੇਖ ਸਕਦੇ ਹਨ
ਕਿੰਝ ਪੈਂਦਾ ਹੈ
ਸਮੇ ਦੀ ਸਰਕਾਰ ਵਾਂਗ
ਇਹਨਾ ਦੇ ਲਏ
ਫੈਸਲਿਆਂ ਦਾ ਅਸਰ
ਕਿਸੇ ਗਰੀਬ ਤੇ
ਲੱਖੇ ਦਾ ਸਾਥ ਦੇਣ ਲਈ
ਸ਼ਾਇਦ ਨੰਜਾ ਤੇਲੀ
ਤੇ ਮੇਹਰੂ ਪੀਂਜਾ
ਵੀ ਤਿਆਰੀ ਕਸਦੇ ਹੋਣ
ਇਸ ਕਾਲੀ ਦਿਵਾਲੀ ਤੇ
ਘਰ ਚ ਤਾਂ ਨਹੀਂ
ਪਰ ਸਿਵਿਆਂ ਵਿਚਲਾ
ਦੀਵਾ ਬਣਨ ਲਈ
ਹਰ ਜੀ 11/11/2015

ਜਹਾੰ ਜਾਈਏ ਤਹਾੰ ਸੁਹੇਲੇ

ਜਹਾੰ ਜਾਈਏ ਤਹਾੰ ਸੁਹੇਲੇ
ਕਿਤੇ ਡੰਡ ਬੈਠਕਾਂ ਪੇਲੇ
ਕਿਤੇ ਗੁੱਲੀ ਡੰਡਾ ਖੇਲੇ
ਕਿਤੇ ਜਾ ਕੇ ਵੇਚੇ ਕੇਲੇ
ਜਹਾੰ ਜਾਈਏ ਤਹਾੰ ਸੁਹੇਲੇ

ਮੇਰਾ ਪੰਜਾਬ


ਪਾਣੀ ਵਾਲੀਆਂ ਬੱਸਾਂ ਨਾਂ ਦਿਸਣ
ਸੂਏ ਕੱਸੀਆਂ ਨਹਿਰਾਂ ਵਿਚ
ਦਿਸਦਾ ਨੀਂ ਕੋਈ ਦਮ ਇੱਥੇ 
ਹੁਣ ਕੀੜੇ ਮਾਰਨ ਜ਼ਹਿਰਾਂ ਵਿਚ
ਸੀਮਿੰਟ ਦੀਆਂ ਉਹ ਪੱਕੀਆਂ ਸੜਕਾਂ
ਦਸ ਕਿਹੜੇ ਪਿੰਡ ਨੂੰ ਜਾਂਦੀਆਂ ਨੇ
ਆਰਬਿਟ ਦੀਆਂ ਬੱਸਾਂ ਅਜ ਕੱਲ੍ਹ
ਹਰ ਸੜਕ ਤੇ ਪੈਲਾਂ ਪਾਉਂਦੀਆਂ ਨੇ
ਬੇਰੁਜਗਾਰੇ ਲੋਕ ਇੱਥੇ
ਨਿੱਤ ਪੁਲਸ ਦੀਆਂ ਡਾਂਗਾਂ ਖਾਂਦੇ ਨੇ
ਕਈ ਰੇਲ ਪਟੜੀਆਂ ਤੇ ਬਹਿੰਦੇ ਨੇ
ਕਈ ਟੈਂਕੀਆਂ ਤੇ ਚੜ੍ਹ ਜਾਂਦੇ ਨੇ
ਕਰਜ਼ੇ ਦੇ ਥੱਲੇ ਦੱਬੇ ਹੋਏ
ਖੁਦਕਸ਼ੀਆਂ ਨਿੱਤ ਜੱਟ ਕਰਦੇ ਨੇ
ਸਿਵਿਆਂ ਦੇ ਅੱਗ ਸੇਕਦੇ ਉਹ
ਪੁੱਤ ਨਸ਼ੇੜੀ ਹੋ ਜਿਹਨਾ ਦੇ ਮਰਦੇ ਨੇ
ਹਰ ਮੋੜ ਤੇ ਠੇਕੇ ਖੁੱਲੇ
ਜਥੇਦਾਰਾਂ ਨੇ ਅੱਤ ਚੁੱਕੀ ਆ
ਰੇਤਾ ਬਜਰੀ ਵਿਕਦਾ ਵਿਚ ਪੁੜੀਆਂ ਦੇ
ਬੋਰੀਆਂ ਵਿਚ ਚਿੱਟਾ ਤੇ ਭੁੱਕੀ ਆ
ਹਰ ਜੀ 04/11/2015

ਗੱਪੀ ਪੁੱਤ


ਪਿਓ ਨਾਲ਼ੋਂ ਪੁੱਤ ਵੱਡਾ ਗੱਪੀ
ਝੂਠ ਤੇ ਝੂਠ ਉਹ ਜਾਂਦਾ ਨੱਪੀ
ਹਰ ਿੲਕ ਨਹਿਰ ਚ ਬੱਸ ਚੱਲੇਗੀ
ਚਾਹੇ ਹੋਵੇ ਕੱਚੀ ਯਾ ਫਿਰ ਪੱਕੀ
ਬੰਬ ਮਾਰੇ ਤੋਂ ਵੀ ਜੋ ਨਾਂ ਟੁੱਟੇ
ਸੜਕ ਸੀਮਿੰਟ ਦੀ ਅਜਿਹੀ ਬਣਾਊਂਗਾ ਪੱਕੀ
ਮੰਗਲ ਗ੍ਰਹਿ ਤੇ ਨਰਮਾਂ ਬੀਜਾਂਗਾ
ਕੱਢਾਂਗਾ ਸੜਕ ਉੱਥੇ ਤੱਕ ਪੱਕੀ
ਲੱਖਾਂ ਮਣ ਹੋਊਗਾ ਨਰਮਾ
ਦਿਖੂ ਨਾਂ ਕਿਧਰੇ ਚਿੱਟੀ ਮੱਖੀ
ਨਾਂ ਹੁਣ ਜੱਟ ਮੰਡੀ ਚ ਰੁਲਣਗੇ
ਫਸਲ ਜਾਊਗੀ ਖੇਤਾਂ ਚੋ ਚੱਕੀ
ਨਾਂ ਕੋਈ ਿੲੱਥੇ ਬੇਰੁਜ਼ਗਾਰ ਰਹੇਗਾ
ਨੌਕਰੀ ਮਿਲੂਗੀ ਸਭ ਨੂੰ ਪੱਕੀ
ਪੰਜਾਬ ਨੂੰ ਕਾਲੀਫੋਰਨੀਆ ਬਣਾਦੂੰ
ਦੇਖੋ ਕਿੰਨੇ ਤੁਸੀਂ ਹੋ ਲੱਕੀ
ਹਰ ਜੀ ੦੩/੧੧/੨੦੧੫

ਤੱਕੜੀ ਸ਼ੈਂਕਲ ਤੇ


ਬਹਿ ਗਿਆ ਚੜ੍ਹਕੇ ਸ਼ੈਂਕਲ ਉੱਤੇ
ਉਹ ਛੱਡ ਤੱਕੜੀ ਦਾ ਖਹਿੜਾ
ਨੱਥ ਤੁੜਾ ਕੇ ਭੱਜ ਗਿਆ ਯਾਰੋ
ਖ੍ਰੀਦਆ ਬਾਦਲ ਸੀ ਜੋ ਨਵਾਂ ਬਹਿੜਾ
ਭਿਣਕ ਕੋਈ ਨਾਂ ਲੱਗਣ ਦਿੱਤੀ
ਉਹ ਜਾ ਯਾਦਵਾਂ ਦੇ ਘਰ ਵੜਿਆ
ਪੰਜਾਬ ਹਰਿਆਣਾ ਦਿੱਲੀ ਟੱਪ ਕੇ
ਸਿੱਧਾ ਯੂ ਪੀ ਿਵੱਚ ਜਾ ਖੜਿਆ
ਕਾਲੀਆਂ ਉਸ ਦੀ ਬਾਤ ਨਾਂ ਪੁੱਛੀ
ਉਸ ਬੜੀ ਹੀ ਪੂੰਛ ਹਿਲਾਈ
ਬੇੜੀ ਦੇ ਡੁੱਬਣ ਤੋ ਹੀ ਪਹਿਲਾਂ
ਉਹ ਮਾਰ ਗਿਆ ਹਰਕਿਆਈ
ਬਣ ਗਿਆ ਮੰਤਰੀ ਕੈਬਨਟ ਵਾਲਾ
ਉਹ ਯੂ ਪੀ ਦੇ ਿਵੱਚ ਜਾਕੇ
ਪਹਿਲਾਂ ਲੋਕ ਭਲਾਈ ਹੁਣ ਕਾਲੀ ਦਲ ਨੂੰ
ਉਹ ਟੁਰ ਗਿਆ ਠਿੱਬੀ ਲਾਕੇ
ਕੋਈ ਕਹੇ ਉਹ ਤਾਂ ਮੌਕਾ ਪ੍ਰਸਤ ਹੈ
ਕੋਈ ਕਹੇ ਕਰ ਗਿਆ ਤਰੱਕੀ
ਸਿਆਸਤ ਵਾਲੇ ਬਾਬੇ ਬੋਹੜ ਦੇ ਵੀ
ਉਹ ਪਾ ਗਿਆ ਘੱਟਾ ਅੱਖੀਂ
ਕਹਿੰਦਾ ਬਾਂਦਰ ਬਹਿ ਬੋਤੇ ਤੇ ਜਾਂਦਾ
ਜਦ ਜੁਆਕ ਮਾਰੇ ਕੰਨ ਡੱਕਾ
ਬੇੜੀ ਫਿਰ ਕਿਉਂ ਨੀ ਡੁੱਬੂਗੀ
ਜਦ ਵਿੱਚ ਬੋਤੇ ਮਾਰਿਆ ਛੜੱਪਾ
ਹਰ ਜੀ ੦੧-੧੧-੨੦੧੫

ਅਸਲੀ ਹੱਥਿਆਰ


ਮੇਰੇ ਪੰਜਾਬ ਦੇ ਅਸਲੀ ਵਾਰਸੋ
ਆਓ ਜਾਗੀਏ ਨਾਲੇ ਸੁਰਤ ਸੰਭਾਲੀਏ
ਵਿੱਚ ਅਸਾਡੇ ਚੋਰ ਛੁੱਪੇ ਜੋ 
ਓਹਨਾਂ ਨੂੰ ਫੜ ਕੇ ਬਾਹਿਰ ਨਿਕਾਲੀਏ
ਜਿਹਨਾਂ ਦੇ ਹੱਥੋਂ ਪੰਥ ਦੇ ਨਾਂ ਤੇ
ਅਕਸਰ ਅਸਾਂ ਨੇ ਲੁੱਟ ਹੈ ਖਾਧੀ
ਕਰੀਂ ਕਿਓਂ ਜਾਈਏ ਮਾਫ ਓਹਨਾਂ ਨੂੰ
ਪੰਜਾਬ ਦੇ ਨੇ ਜੋ ਅਸਲੀ ਅਪਰਾਧੀ
ਬਾਬੇ ਦੀ ਬੇਅਦਬੀ ਹੋਗੀ
ਕਾਹਤੋਂ ਨੀਂ ਭੌਂਕੇ ਇਹ ਗਲੀ ਦੇ ਕੁੱਤੇ
ਤੁਸੀਂ ਹੁਣ ਸੜਕਾਂ ਤੇ ਮਰਦੇ
ਉਹ ਪਏ ਨੇ ਮਹਿਲਾਂ ਚ ਸੁੱਤੇ
ਜਾਗੀਏ ਤੇ ਹੁਣ ਬਣੀਏ ਸਿਆਣੇ
ਛੱਡਿਏ ਤੰਗ ਲੋਕਾਂ ਨੂੰ ਕਰਨਾ
ਪੰਜਾਬ ਨੂੰ ਅਜੇ ਹੈ ਲੋੜ ਤੁਹਾਡੀ
ਛੱਡਿਏ ਅਜੇ ਬੇਮੌਤੇ ਮਰਨਾ
ਡੰਡੇ ਸੋਟੇ ਤਲਵਾਰ ਜਾਂ ਨੇਜੇ
ਨਾਲ ਸਕਾਂਗੇ ਨਾਂ ਜਿੱਤ ਲੜਾਈ
ਹਰ ਵਾਰੀ ਅਸੀਂ ਹਾਰ ਜਾਣਾ ਹੈ
ਜੇ ਅਸਲੀ ਹੱਥਿਆਰ ਦੀ ਕਦਰ ਨਾਂ ਪਾਈ
ਵੋਟ ਅਸਲੀ ਜੋ ਹੱਥਿਆਰ ਅਸਾਡਾ
ਅਕਸਰ ਜਿਹਨੂੰ ਅਸੀਂ ਵੇਚ ਦਿੰਦੇ ਹਾਂ
ਚਾਰ ਕੁ ਛਿੱਲੜਾਂ ਦੀ ਖਾਤਿਰ ਅਸੀਂ
ਜ਼ਮੀਰ ਆਪਣੀ ਵੀ ਨੂੰ ਵੇਚ ਦਿੰਦੇ ਹਾਂ
ਦਿਲ ਦੇ ਜਖਮਾਂ ਨੂੰ ਥੋੜਾ ਰਿਸਣ ਦਈਏ ਹੁਣ
ਰੱਖੀਏ ਗੁੱਸਾ ਹੁਣ ਅਸੀਂ ਸੰਭਾਲ ਕੇ
ਕਿਹਦੀ ਮੁੰਜ ਕਦੋਂ ਹੈ ਠੱਪਣੀ
ਉਸ ਚੋਰ ਨੂੰ ਹੁਣ ਰੱਖੀਏ ਭਾਲ ਕੇ
ਗੋਲਕਾਂ ਨੂੰ ਹੁਣ ਭਰਨਾ ਛੱਡੀਏ
ਧਰਨੇ ਨਾਲੇ ਲਾਉਣੇ ਛੱਡੀਏ
ਸਤਾਰਾਂ ਦੀ ਹੁਣ ਕਰੀਏ ਤਿਆਰੀ
ਚੋਰਾਂ ਦਾ ਉਦੋਂ ਫਾਹਾ ਵੱਡੀਏ
ਸਾਰੇ ਪੰਜਾਬੀ ਰਲ ਕੇ ਤੁਰੀਏ
ਹਿੰਦੂ ਮੁਸਲਿਮ ਚਾਹੇ ਸਿੱਖ ਇਸਾਈ
ਕਰਕੇ ਧਰਮ ਤੇ ਜਾਤਾਂ ਇੱਕ ਪਾਸੇ
ਬਣ ਕੇ ਪੰਜਾਬੀ ਲੜੀਏ ਇਹ ਲੜਾਈ
ਹਰ ਜੀ 21-10-2015

ਮਾਂ ਤੇ ਗਾਂ


ਵਿੱਚ ਘਰਾਂ ਦੇ ਜੋ ਹਨ ਮਾਵਾਂ
ਅਵਾਰਾ ਸੜਕਾਂ ਤੇ ਜੋ ਹਨ ਗਾਵਾਂ
ਉਂਝ ਪੂਜਣ ਉਹਨਾ ਨੂੰ ਸਾਰੇ
ਲਾ ਕੇ ਵੱਡੇ ਵੱਡੇ ਨਾਹਰੇ
ਇੱਕ ਬੈਠੀ ਘਰ ਦੇ ਵਿੱਚ ਰੋਵੇ
ਦੂਜੀ ਸੜਕ ਚ ਆਣ ਖਲੋਵੇ
ਪਰ ਦੋਹਾਂ ਦੀ ਕੋਈ ਪੁੱਛਦਾ ਨੀ ਬਾਤ
ਚਾਹੇ ਦਿਨ ਹੋਵੇ ਚਾਹੇ ਰਾਤ
ਭਾਵੇਂ ਦੁੱਧ ਦੋਹਾਂ ਦਾ ਈ ਪੀਤਾ
ਪਰ ਪੈਦਾ ਇੱਕ ਨੇ ਹੀ ਕੀਤਾ
ਸਭ ਤੋਂ ਪਹਿਲਾਂ ਮਾਂ ਨੂੰ ਸੰਭਾਲੋ
ਫਿਰ ਚਾਹੇ ਘਰ ਗਾਵਾਂ ਪਾਲ਼ੋ
ਛੱਡੋ ਇਹ ਧਰਮ ਵਾਲੀ ਭੇਡਚਾਲ
ਰੱਖੋ ਘਰ ਵਿੱਚ ਮਾਂ ਦਾ ਖਿਆਲ
ਹਰ ਜੀ੧੯-੧੦-੨੦੧੫

ਸਿਵਿਆਂ ਦਾ ਬਾਲਣ


ਜਦ ਪੰਜਾਬ ਬਲਦਾ
ਕਈਆਂ ਘਰਾਂ ਚ
ਚੁਲ੍ਹੇ ਬੁਝ ਜਾਂਦੇ
ਸਿਵੇ ਬਲ ਜਾਂਦੇ
ਇਹਨਾ ਬਲਦੇ ਸਿਵਿਆਂ ਤੇ
ਅਕਸਰ ਮੌਕਾਪ੍ਰਸਤ
ਰੋਟੀਆਂ ਸੇਕ ਲੈ ਜਾਂਦੇ
ਬੁਝੇ ਚੁੱਲ੍ਹਿਆਂ ਦੀ
ਠੰਡੀ ਸੁਆਹ ਨੂੰ
ਬੇਬੱਸ ਤੇ ਦਿਸ਼ਾ ਹੀਣ
ਛੱਡ ਜਾਂਦੇ
ਇਹਨਾ ਸਿਵਿਆਂ ਤੇ
ਸੇਕੀਆਂ ਰੋਟੀਆਂ ਦਾ
ਭੁੱਖੇ ਤੇ ਗਰੀਬ ਲੋਕਾਂ ਨੂੰ
ਲਾਲਚ ਦੇ ਕੇ
ਆਪਣੀਆਂ ਤੇ ਆਪਣੀਆਂ
ਕਈ ਪੁਸ਼ਤਾ ਦੀਆਂ
ਰੋਟੀਆਂ ਦਾ ਇੰਤਜਾਮ
ਕਰ ਲੈਦੇ
ਭੋਲੇ ਭਾਲੇ ਲੋਕ
ਅੱਜ ਤੱਕ ਨਾ ਸਮਝ ਸਕੇ
ਨਾਂ ਸ਼ਇਦ ਸਮਝ ਸਕਣਗੇ
ਕਿ ਧਰਮ ਦੇ ਨਾਂ
ਧਰਮ ਦੇ ਠੇਕੇਦਾਰ
ਸਦਾ ਲੋੜਵੰਦ ਦਾ
ਸ਼ੋਸ਼ਣ ਕਰਦੇ ਆਏ ਹਨ
ਤੇ ਕਰਦੇ ਰਹਿਣਗੇ
ਉਹ ਭਲਿਓ
ਜਾਗੋ
ਸਮੇ ਦੇ ਨਾਲ
ਬਦਲਾਅ ਨੂੰ ਕਬੂਲ ਕਰੋ
ਜੋਸ਼ ਤੇ ਭਾਵਕਤਾ ਦਾ ਸੁਮੇਲ
ਹਮੇਸ਼ਾ ਹੋਸ਼ ਨੂੰ
ਪਿੱਛੇ ਧੱਕ ਦਿੰਦਾ
ਤੇ ਇਨਸਾਨ ਨੂੰ
ਸਿਵਿਆਂ ਦੇ ਬਾਲਣ
ਚ ਬਦਲ ਦਿੰਦਾ
ਅੱਜ ਦੀ ਲੜਾਈ
ਜੋਸ਼ ਨਾਲ ਨੀਂ
ਹੋਸ਼ ਤੇ ਵੋਟ ਨਾਲ
ਜਿੱਤੀ ਜਾਂਦੀ ਹੈ
ਜਿਹਨਾਂ ਗੁਰੂਆਂ ਨੂੰ
ਮੰਨਦੇ ਹੋ
ਉਹਨਾ ਦੀ ਸ਼ਹਾਦਤ ਤੇ
ਅਜਾਦੀ ਦੇ ਪਰਵਾਨਿਆਂ
ਦੀ ਸ਼ਹਾਦਤ ਤੋਂ ਸਿੱਖੋ
ਸਬਰ ਸੰਤੋਖ ਤੇ ਸ਼ਾਤੀ
ਨਾਲ ਹੀ ਹੋਸ਼ ਰਹਿ ਸਕਦੀ ਹੈ
ਰੋਜ ਆਪਣੀਆਂ ਭੁੱਲਾਂ
ਬਖਸ਼ਾਉਂਦੇ ਹੋ
ਦੂਜਿਆਂ ਦੀਆਂ ਵੀ
ਬਖਸ਼ ਦਿਓ
ਚਾਹੇ ਉਹਨਾਂ
ਜਾਣ ਬੁੱਝ ਕੇ ਹੀ
ਕਿਉਂ ਨਾਂ ਕੀਤੀਆਂ ਹੋਣ
ਪਰ ਸਿਵਿਆਂ ਦਾ
ਬਾਲਣ ਨਾਂ ਬਣੋ
ਸਗੋਂ ਜਿਉਂਦੇ ਰਹਿ ਕੇ
ਦੇਸ਼ ਤੇ ਕੌਮ ਨੂੰ
ਇਸ ਕਾਲ਼ੇ ਦੌਰ ਚੋਂ
ਕੱਢੋ
ਹਰ ਜੀ। ੧੮-੧੦-੨੦੧੫

ਅੱਜ ਦਾ ਪਰਵਚਨ


ਪੰਜਾਬ ਨੂੰ ਹਮੇਸ਼ਾਂ ਸਫੇਦ ਤੇ ਕਾਲੇ ਰੰਗ ਨੇ ਮਾਰਿਆ
ਚਾਹੇ ਸਾਰੇ ਕੱਪੜੇ ਿਚੱਟੇ ਹੋਣ,ਜਾਂ ਥੱਲੇ ਚਿੱਟੇ ਤੇ ਸਿਰ ਤੇ ਕਾਲੇ ਹੋਣ
ਚਿੱਟੀ ਮੱਖੀ ਹੋਵੇ ਜਾਂ ਭੱਬੂ ਕੁੱਤਾ
ਚਿੱਟਾ ਪਾਉਡਰ ਜਾਂ ਕਾਲੀ ਅਫੀਮ ਹੋਵੇ
Har Ji 19/09/2015

ਮੇਰੇ ਰਾਹ


ਕਹਿੰਦਾ ਮੈਂ ਚਲਦਾਂ ਤਾਂ ਰਾਹ ਬਣਦੇ ਨੇਂ
ਬਣਿਆਂ ਰਾਹਾਂ ਤੇ ਘੱਟ ਹੀ ਤੁਰਿਆ ਮੈਂ
ਜਿਹਨਾਂ ਰਾਹਾਂ ਤੇ ਇੱਕ ਵਾਰ ਲੰਘ ਗਿਆ 
ਉਹਨਾਂ ਰਾਹਾਂ ਤੇ ਕਦੇ ਨਾਂ ਮੁੜਿਆ ਮੈਂ
ਨਵੇਂ ਰਾਹਾਂ ਨੂੰ ਖੋਜਣ ਦੇ ਲਈ
ਉਹਨੂੰ ਕੋਈ ਤਾਂ ਸੇਧ ਦਿੰਦਾਂ ਹੋਵੇਗਾ
ਚਾਹੇ ਹੋਵੇਗਾ ਉਹਦਾ ਆਪਣਾ ਹੀ ਪਰਛਾਵਾਂ
ਜਾਂ ਆਕਾਸ਼ ਚ ਉਡਦਾ ਕੋਈ ਪਰਿੰਦਾ ਹੋਵੇਗਾ
ਮੈਂ ਮੈਂ ਕਰਦਾ ਉਹ ਅਨਜਾਨੇ ਰਾਹਾਂ ਤੇ
ਅਪਣੀ ਹਉਮੈਂ ਤੇ ਅਕਲ ਦਾ ਟੰਢੋਰਾ ਪਿੱਟਦਾ
ਸ਼ਾਇਦ ਅਜੇ ਤੱਕ ਉਸ ਨੇ ਚੜ੍ਹਦਾ ਹੀ ਦੇਖਿਆ
ਕੀਤਾ ਨੀਂ ਮੂੰਹ ਉੱਧਰ ਜਿੱਧਰ ਸੂਰਜ ਹੈ ਛਿੱਪਦਾ
ਲਗਦਾ ਅਜੇ ਤੱਕ ਤਾਂ ਉਸ ਨੇ
ਸਿਰਫ ਸੂਰਜ ਦੀ ਧੁੱਪ ਹੀ ਹੈ ਦੇਖੀ
ਸੂਰਜ ਦੇ ਅਸਤ ਹੋਣ ਤੋਂ ਬਾਅਦ
ਵਾਲੀ ਰਾਤ ਕਾਲੀ ਘੁੱਪ ਨਹੀਂ ਦੇਖੀ
ਭੁੱਲ ਗਿਆ ਉਹ ਜਦੋਂ ਜੰਮਿਆ ਸੀ
ਰਸਤਾ ਉਦੋਂ ਵੀ ਉਹ ਪੁਰਾਣਾ ਸੀ
ਮਾਂ ਦੇ ਪਿੱਛੇ ਰਹਿੰਦਾ ਸੀ ਸਦਾ ਘੁੰਮਦਾ
ਜਦੋਂ ਉਹ ਬਾਲ ਨਿਆਣਾ ਸੀ
ਜਦੋਂ ਹੱਥ ਫੜਲੀ ਡੰਗੋਰੀ
ਰਸਤਾ ਹਰ ਇੱਕ ਹੋਊ ਪੁਰਾਣਾ
ਜਿਸ ਤੋਂ ਮੁੜ ਕੇ ਨੀ ਆਉਣਾ
ਰਸਤਾ ਆਖਰੀ ਵੀ ਪੁਰਾਣਾ
ਹਰ ਜੀ ੧੪-੦੯-੨੦੧੫

ਇੰਝ ਲੱਗਦਾ ਜਿਵੇਂ


ਜਦ ਮੈਂ ਦੇਖਾਂ ਉਹਦੇ ਵੱਲ ਨੂੰ
ਉਹ ਦੇਖੇ ਵੱਲ ਮੇਰੇ
ਇੰਝ ਲੱਗਦਾ ਜਿਵੇਂ ਕਾਲੀ ਰਾਤ ਦੇ
ਚੰਨ ਕਰ ਗਿਆ ਦੂਰ ਹਨੇਰੇ
ਜਦ ਕਦੀ ਵੀ ਨਜ਼ਰ ਮੇਰੀ
ਨਜ਼ਰ ਉਹਦੀ ਨਾਲ ਟਕਰਾਉਂਦੀ
ਇੰਝ ਲੱਗਦਾ ਜਿਵੇਂ ਵਿੱਚ ਬੱਦਲ਼ਾਂ ਦੇ
ਬਿਜਲੀ ਭੰਗੜੇ ਪਾਉਂਦੀ
ਜਦ ਕਦੀ ਮੈਂ ਉਹਦੀ ਗਲੀ ਚੋਂ ਲੰਘਾਂ
ਉਹ ਬੂਹੇ ਵਿੱਚ ਖੜ ਜਾਵੇ
ਇੰਝ ਲੱਗਦਾ ਜਿਵੇਂ ਭੌਰੇ ਕੋਲ਼ੇ
ਫੁੱਲ ਖੁਦ ਚਲ ਕੇ ਆ ਜਾਵੇ
ਅਕਸਰ ਖਿਆਲਾਂ ਦੇ ਵਿੱਚ ਮੈਨੂੰ
ਉਹ ਆ ਕੇ ਮਿਲ ਜਾਵੇ
ਇੰਝ ਲੱਗਦਾ ਜਿਵੇਂ ਉਸ ਨੂੰ ਡਰ ਹੈ
ਕਿਤੇ ਜੱਗ ਦੀ ਨਜ਼ਰ ਨਾਂ ਲੱਗ ਜਾਵੇ
ਨਾਂ ਕਦੀ ਬੋਲੇ ਨਾਂ ਕਦੀ ਛੂਹਿਆ
ਨਾਂ ਕਦੀ ਪਿਆਰ ਜਤਾਇਆ
ਇੰਝ ਲੱਗਦਾ ਜਿਵੇਂ ਰੱਬ ਨੇ ਸਾਡੇ ਹਿੱਸੇ
ਬੱਸ ਗੂੰਗਾ ਪਿਆਰ ਹੈ ਪਾਇਆ
ਖਿਆਲਾਂ ਤੇ ਨਜ਼ਰਾਂ ਦੀ ਮੇਰੀ
ਇਹ ਹੈ ਇੱਕ ਪ੍ਰੇਮ ਕਹਾਣੀ
ਇੰਝ ਲੱਗਦਾ ਜਿਵੇਂ ਮਨ ਮੇਰੇ ਦੀ
ਇਹ ਹੈ ਕੋਈ ਖੇਡ ਸ਼ੈਤਾਨੀ
ਹਰ ਜੀ ੦੬-੦੯-੨੦੧੫

ਸੱਭਿਆਚਾਰਕ ਤੰਦਾਂ


ਮਿੱਟੀ ਦਾ ਘੜੋਲਾ ਤੇ ਪਤੀਲਾ
ਭਰਕੇ ਬਾਲਟੀ ਪਾਣੀ ਦੀ
ਪਰਾਤ ਦੇ ਵਿੱਚ ਸੀ ਆਟਾ ਗੁੰਨ੍ਹਦੀ
ਹਰ ਘਰ ਘਰ ਵਿੱਚ ਸੁਆਣੀ ਜੀ
ਜੱਗ ਗਿਲਾਸ ਗੜਬੀ ਤੇ ਤੌਲਾ
ਨਾਲੇ ਛੰਨਾ ਕਾਂਸੇ ਦਾ
ਤੌੜੀ ਬੋਹਿਆ ਤੇ ਰਿੜਕਣੀ
ਕੋਲ ਪਿਆ ਛੱਜ ਤੀਲਾਂ ਤੇ ਬਾਂਸੇ ਦਾ
ਹੱਥਲੀ ਤੇ ਮਸ਼ੀਨੀ ਚੱਕੀ
ਮੰਜੇ ਕੋਲ ਮਧਾਣੀ ਹੈ
ਚਿਮਟਾ ਚਰਖਾ ਲਾਲਟਣ ਬਲਦੀ
ਨਲਕੇ ਦੇ ਵਿੱਚ ਪਾਣੀ ਹੈ
ਹੱਥ ਫੜ ਖੂੰਡਾ ਬਾਹਰੋਂ ਮੁੜਿਆ
ਆ ਮੂੜ੍ਹੇ ਤੇ ਬਹਿ ਗਿਆ
ਸੱਭਿਆਚਾਰਕ ਤੰਦਾਂ ਬਾਰੇ
ਹਰ ਜੀ ਬੱਸ ਇਹ ਕਹਿ ਗਿਆ
ਹਰ ਜੀ ੦੧-੦੯-੨੦੧੫

ਵਾਅਦੇ


ਮੁੜਕੇ ਮਿਲਾਂਗੇ ਛੇਤੀ ਆਪਾਂ
ਵਿਛੜਨ ਵੇਲੇ ਇਹ ਕੀਤੇ ਵਾਅਦੇ
ਨਾਂ ਭੁੱਲਾਂਗੇ ਨਾਂ ਟੁੱਟਣ ਦੇਵਾਂਗੇ 
ਮਜਬੂਤ ਧਾਗੇ ਨਾਲ ਸੀਤੇ ਵਾਅਦੇ
ਬਹਿ ਜਾਂਦੀ ਲਾ ਢੋਹ ਦਰੱਖਤ ਨਾਲ
ਕਰਦੀ ਰਹਿੰਦੀ ਚੇਤੇ ਵਾਅਦੇ
ਉਂਗਲਾਂ ਦੇ ਨਾਲ ਪਾਉਂਦੀ ਔਂਸੀਆਂ
ਲਿਖਦੀ ਰਹਿੰਦੀ ਵਿਚ ਰੇਤੇ ਵਾਅਦੇ
ਉਹ ਵੀ ਉਧਰ ਤੜਪਦਾ ਰਹਿੰਦਾ
ਕਰ ਕਰ ਚੇਤੇ ਕੀਤੇ ਵਾਅਦੇ
ਸੋਚਦਾ ਰਹਿੰਦਾ ਓਹਦੇ ਬਾਰੇ
ਲਾ ਬੈਠੀ ਹੋਣੀ ਜੀ ਤੇ ਵਾਅਦੇ
ਦਿਨ ਮਹੀਨੇ ਕਈ ਵਰ੍ਹੇ ਨਿਕਲ ਗਏ
ਕਰਦੇ ਰਹੇ ਦੋਵੇਂ ਚੇਤੇ ਵਾਅਦੇ
ਹੌਲੀ ਹੌਲੀ ਖਿਸਕਣ ਲੱਗੇ
ਬੰਦ ਮੁੱਠੀ ਚੋਂ ਵਾਂਗ ਰੇਤੇ ਵਾਅਦੇ
ਉਹਨੇ ਸੋਚਿਆ ਓਹ ਨੀਂ ਆਵੇਗਾ
ਭੁੱਲ ਗਿਆ ਜਿਹੜੇ ਕੀਤੇ ਵਾਅਦੇ
ਮੈਂ ਵੀ ਹੁਣ ਜੀ ਕੇ ਕੀ ਕਰਨਾ
ਬੜੇ ਸਬਰ ਘੁੱਟ ਪੀਤੇ ਵਾਅਦੇ
ਓਹ ਵੀ ਉਧਰੋਂ ਤੁਰ ਪਿਆ ਸੋਚਕੇ ਕੇ
ਟੁੱਟਣ ਨੀਂ ਦੇਣੇ ਜੀ ਜੀਤੇ ਵਾਅਦੇ
ਪਹੁੰਚ ਗਿਆ ਲੱਭਦਾ ਉਸ ਥਾਂ ਤੇ
ਜਿਥੇ ਬਹਿ ਸਨ ਕੀਤੇ ਵਾਅਦੇ
ਉਹ ਲੇਟ ਹੋਗਿਆ ਉਹਨੇ ਆਸ ਛੱਡ ਤੀ
ਪਰ ਭੁੱਲੇ ਨਾਂ ਕੀਤੇ ਵਾਅਦੇ
ਮਜਬੂਰੀ ਨੂੰ ਸਮਝਣ ਤੋਂ ਪਹਿਲਾ
ਲੀਰੋ ਲੀਰ ਹੋਗੇ ਸੀਤੇ ਵਾਅਦੇ
ਹਰ ਜੀ 01/09/2015