Monday, 12 January 2015

दिल्ली वालों से अपील



सभी दिल्ली वालों को मेरी सत्त श्री अकाल  
वोटों में  आपने यह   है रखना  ख्याल 
किसी की ना हो जाए कामयाब कोई  चाल 
बस अगले पांच साल सिर्फ  केजरीवाल 

चाहते हो कम अगर दिल्ली में मंहगाई 
उठा लो झाड़ू कर दिओ दिल्ली की सफाई 
बना दो इतहास यह २०१५ का साल 
बस अगले पांच साल सिर्फ  केजरीवाल 

न कोई थप्पड़ न कमल  की चर्चा 
हाथी का कैसे  उठा लोगे  खर्चा 
मुठीभर तीलों  का देखो कमाल 
बस अगले पांच साल सिर्फ  केजरीवाल
 
शाह मोदी और उनके चमचों से बचना 
राहुल सोनिआ की भी होगी  झूठी ही रचना 
मायावती भी कर सकती है आप पे सवाल 
बस अगले पांच साल सिर्फ  केजरीवाल

HSD ११/०१/२०१५ 

ਹਾਇਕੁ- 12

ਨਸ਼ੇ ਵਿਰੁੱਧ 
ਅਮਲੀਆਂ ਦਾ ਕੱਠ 
ਲਾਵੇ ਧਰਨਾ 

ਉਚੀ ਹੇਕ ਚ 
ਨਸ਼ੇ ਕਰਨੇ ਬੰਦ 
ਬੋਲੇ ਅਮਲੀ 

ਜੇਬ੍ਹ ਚ ਭੁੱਕੀ 
ਧਰਨੇ ਦੀ ਤਿਆਰੀ 
ਸ਼ੀਸ਼ੀ ਡੱਬ ਚ 

ਨਸ਼ੇ ਦੀ ਤੋੜ 
ਸਰਕਾਰੀ ਧਰਨਾ 
ਅਮਲੀ ਖੁਸ਼ 

ਨਸ਼ੇ ਖਿਲਾਫ਼ 
ਧਰਨੇ ਤੇ ਨਸ਼ੇੜੀ 
ਲਾਵੇ ਨਾਹਰੇ 

ਅੰਦਰ ਦਾਰੂ 
ਧਰਨੇ ਵਾਲੀ ਬੱਸ 
ਪੀਣ ਨਸ਼ੇੜੀ 

ਦੋਸਤੀ ਦਾ ਹੱਥ


ਅਗਰ ਹੱਥ ਫੜਨਾ ਹੈ 
ਐ ਦੋਸਤ 
ਤੋ ਇਸ ਤਰਾਂ ਫੜ 
ਕਿ ਹਾਥੀਆਂ ਨੂੰ ਲੰਘਣ ਲਈ 
ਰਸਤਾ ਬਦਲਣਾ ਪਵੇ 
ਨਹੀਂ ਤਾਂ ਸਲਾਮ 
ਦੂਰ ਤੋ ਹੀ ਚੰਗੀ ਹੈ 
HSD 26/12/14

ਕੁਝ ਵਾਅਦੇ



ਹਰ ਪਲ ਜਿੰਦਗੀ  ਜੀਣਾ ਸਿੱਖਣਾ
ਖਾਣਾ  ਕਿੰਝ ਮੈਂ ਚੀਣਾ  ਸਿੱਖਣਾ 
ਰਹਿਣਾ ਸਿੱਖਣਾ ਬਹਿਣਾ ਸਿੱਖਣਾ 
ਨਵੇਂ ਸਿਰੇ  ਤੋਂ  ਪੀਣਾ ਸਿੱਖਣਾ 

ਕਦੋਂ ਤੇ ਕੀ ਮੈਂ ਕਹਿਣਾ ਸਿੱਖਣਾ 
ਹਰ ਇੱਕ ਗੱਲ ਨੂੰ ਸਹਿਣਾ  ਸਿੱਖਣਾ 
ਭੂਤ ਭਵਿਖ ਦਾ ਚੱਕਰ ਛੱਡਕੇ 
ਹੁਣ ਦੇ ਵਿਚ ਮੈਂ ਰਹਿਣਾ ਸਿੱਖਣਾ 

ਨਾਲ ਸਾਦਗੀ  ਰਹਿਣਾ ਸਿੱਖਣਾ 
ਪੀਣ ਦਾ ਮਜ਼ਾ ਲੈਣਾ ਸਿੱਖਣਾ 
ਇੱਕ ਪੈੱਗ ਲੈਕੇ ਵਿਚ ਮਹਿਫਿਲ ਦੇ 
ਘੰਟਿਆਂ ਬੱਧੀ ਬਹਿਣਾ ਸਿੱਖਣਾ 

ਘੱਟ ਖਾਣਾ ਘੱਟ ਸੌਣਾ ਸਿੱਖਣਾ 
ਪਾਣੀ ਠੰਡੇ  ਨਾਲ ਨਾਉਣਾ ਸਿੱਖਣਾ 
ਆਪਣੇ ਵਿਚੋਂ ਮੈਂ ਨੂੰ ਕੱਢ ਕੇ 
ਨਿਮਰਤਾ ਨਾਲ ਜਿਓਣਾ ਸਿੱਖਣਾ 

ਊੜਾ ਆੜਾ ਪੜਨਾ ਸਿਖਣਾ 
ਉਚੇ ਦਰਖਤ ਤੇ ਚੜਨਾ ਸਿੱਖਣਾ 
ਹਲ ਦੇ ਨਾਲ ਮੁੜ ਕੱਢ ਹਲਾਈ 
ਸੁਹਾਗੇ ਉੱਤੇ ਖੜਨਾ ਸਿੱਖਣਾ 


ਗੁੱਸੇ ਨੂੰ ਕਾਬੂ ਕਰਨਾ ਸਿੱਖਣਾ 
ਵਿਚ ਟੋਭੇ ਦੇ ਤਰਨਾ  ਸਿੱਖਣਾ
ਮਿਹਨਤ ਤੇ ਮਜੂਰੀ ਵਾਲਾ  
ਰੋਟੀ ਲਈ ਕੰਮ ਕਰਨਾ ਸਿੱਖਣਾ  
ਨਵੇਂ ਸਾਲ ਦੀਆਂ  ਸਮੂੰਹ ਪੜਦੇ ਸੁਣਦਿਆਂ ਨੂੰ ਵਧਾਈਆਂ 

HSD 30/12/14

ਸ਼ਬਦਾਵਲੀ

ਠਾਰੇ ਜੇਠ ਹਾੜ ਦੀਆਂ ਜੋ  ਧੁੱਪਾਂ 
ਤੋੜੇ ਬਿੰਡਿਆਂ ਦੀਆਂ ਉਹ ਚੁੱਪਾਂ
ਜੋ  ਲਿਆਵੇ ਮੀਂਹ ਦੇ ਛਰਾਟੇ
ਓਹ ਪਛੋਂ  ਵਾਲੀ ਪੌਣ ਹੁੰਦੀ ਹੈ 
ਜਿਹਨਾ ਖੂਹਾਂ ਤੇ ਲੋਕੀਂ ਜਾਂਦੇ 
ਪਾਣੀ ਭਰ ਉਥੋਂ ਲਿਆਉਂਦੇ 
ਉਹਨਾ ਖੂਹਾਂ ਦੇ ਦੁਆਲੇ 
ਬਣੀ ਮੌਣ ਹੁੰਦੀ ਹੈ 
ਜੋ ਸਾਧ ਜੱਟਾਂ ਨੂੰ ਬਣਾਵੇ
ਬਾਅਦ ਧੁੱਪ ਹਾੜ ਦੀ ਤੋਂ  ਆਵੇ 
ਜਦੋਂ ਪੀਂਘਾਂ ਪਿੱਪਲੀ ਪੈਣ
ਉਹ ਰੁੱਤ ਸਾਉਣ ਹੁੰਦੀ ਹੈ 
ਜਿਹਨੂੰ ਨਿੰਮ ਥੱਲੇ ਡਾਹੀਏ 
ਉੱਤੇ ਚਾਦਰ ਵਿਛਾਈਏ 
ਪੈਂਦੋੰ ਕਸ ਜੋ ਉਹਨੂੰ ਰਖੇ 
ਉਹ ਮੰਜੇ  ਦੀ ਦੌਣ ਹੁੰਦੀ ਹੈ

ਜਿਥੇ ਲੱਖਾਂ ਕੱਠੇ ਰਹਿੰਦੇ 
ਕਦੇ ਟਿਕ ਕੇ ਨਾਂ ਬਹਿੰਦੇ 
ਕੰਮ ਆਪਸ ਚ ਵੰਡ ਲੈਂਦੇ 
ਓਹ ਕੀੜਿਆਂ ਦੀ ਭੌਣ ਹੁੰਦੀ ਹੈ 

ਜਿਹੜੀ ਧਰਤੀ ਸੰਭਰ ਦੀ ਜਾਵੇ 
ਪਵੇ ਮੀਂਹ ਤੇ ਉਹ ਭਿੱਜ ਜਾਵੇ
ਹਰ ਕੋਈ ਘੱਗਰੇ ਨੂੰ ਲ੍ਵਾਵੇ 
ਓਹ ਤਾਂ ਲੌਣ ਹੁੰਦੀ ਹੈ
ਬੰਦਾ ਮਰ ਜਦੋਂ ਜਾਂਦਾ 
ਫੂਕ ਸਿਵਿਆਂ ਚ ਆਂਦਾ 
ਜਦ ਦਸ ਦਿਨ ਬਾਦ ਕੋਈ ਨਾਉਂਦਾ 
ਓਹ ਦਸਵੀਂ ਦੀ ਨਾਉਣ ਹੁੰਦੀ ਹੈ 
HSD 06/01/15

ਅਸੀਂ ਕੌਣ

ਅਸੀਂ ਕੌਣ ਹੁੰਨੇ ਆਂ 
ਕਦੇ ਰਾਮ ਹੁੰਨੇ ਆਂ
ਤੇ ਕਦੇ ਰਾਉਣ ਹੁੰਨੇ ਆਂ
ਕਿਤੇ  ਤੱਤੀਆਂ ਨੇ ਲੂਆਂ 
ਕਿਤੇ ਠੰਡੀ ਪੌਣ ਹੁੰਨੇ ਆਂ
ਕਦੇ ਜੇਠ ਦਾ ਮਹੀਨਾ 
ਕਦੇ ਸਾਉਣ ਹੁੰਨੇ ਆਂ
ਕਦੇ ਠੰਡੀ ਨਹਿਰ ਵਿਚਲਾ 
ਅਸੀਂ ਨਾਉਣ ਹੁੰਨੇ ਆਂ
ਜਿਹੜੀ ਕਸ ਦੇਵੀ ਮੰਜਾ 
ਓਹ ਕਦੇ  ਦੌਣ ਹੁੰਨੇ ਆਂ
ਕਦੇ ਤੂਤਾਂ ਵਾਲੈ ਖੂਹ ਦੀ 
ਅਸੀਂ ਮੌਣ ਹੁੰਨੇ ਆਂ
ਕਦੇ ਲੰਮੀ ਹੇਕ ਵਾਲਾ 
ਅਸੀਂ ਗਾਉਣ ਹੁੰਨੇ ਆਂ
ਕਦੇ ਕੀੜਿਆਂ ਮਕੌੜਿਆਂ ਦਾ 
ਭੌਣ ਹੁੰਨੇ ਆਂ
ਲੋਕੀਂ ਆਪੇ ਬੁਝ ਲੈਂਦੇ 
ਅਸੀਂ ਕੌਣ ਹੁੰਨੇ ਆਂ
HSD 06/01/15

ਉਸਦੇ ਹਾਸੇ

ਓਹਦੇ ਹਾਸਿਆਂ ਦੀ ਅਵਾਜ਼
ਕਦੇ ਸੁਣੀ ਨਹੀਂ ਬੱਸ
ਮਹਿਸੂਸ ਹੀ ਕੀਤੀ ਹੈ
ਓਹ ਮੁਸਕਰਾਉਂਦੀ  ਤਾਂ
ਮੈਂ ਉਸਦੇ ਚਿੱਟੇ ਦੰਦਾ ਵੱਲ
ਵੇਖਦਾ ਵੇਖਦਾ
ਕਿਸੇ ਹੋਰ ਹੀ ਦੁਨੀਆਂ
ਚ ਚਲਾ ਜਾਂਨਾ
ਜਿਥੇ ਉਸਦੇ ਹਾਸੇ
ਪਾਣੀ ਦੇ ਵਹਿਣ
ਪੌਣਾ ਦਾ ਘੁਸਰ ਮੁਸਰ
ਪੰਛੀਆਂ ਦੀ ਚਹਿਕ
ਦੇ ਮਧੁਰ ਸੰਗੀਤ ਦਾ
ਰੂਪ ਧਾਰਣ ਕਰ
ਮੇਰੇ ਕੰਨਾ ਵਿਚ
ਰਸ ਘੋਲਕੇ
ਮੈਨੂੰ ਜਿੰਦਗੀ ਦੇ
ਸਭ ਤੋ ਸੁੰਦਰ
ਪਲਾਂ ਚ ਲੈ ਜਾਂਦੇ ਹਨ
HSD 22/12/2014

ਮੇਰੀ ਦੁਰਦਿਸ਼ਾ


ਮੈਂ ਲਿਖੀ ਜੋ ਪਿਛਲੀ ਕਵਿਤਾ 
ਉਹ ਘਰਵਾਲੀ ਨੂੰ ਨਾਂ ਜੱਚੀ 
ਇੱਕ ਹੱਥ ਉਸਨੇ ਜੁੱਤੀ ਫੜਲੀ 
ਦੂਜੇ ਵਿਚ ਸੋਟੀ ਚੱਕੀ 

ਲਾਉਣ ਵਾਲਿਆਂ ਲੁੱਤੀ ਲਾਕੇ 
ਲਿਆ ਸੁਆਦ ਸੀ ਪੂਰਾ 
ਉਸਨੇ ਵੀ ਲੈ ਗੋਡਿਆਂ ਥੱਲੇ 
ਫੇਰਿਆ ਪੂਰਾ ਹੂਰਾ (ਮੁੱਕਾ)

ਕਿਸੇ ਨੇ ਆਪਣੀਂ  ਸੋਟੀ ਦਿੱਤੀ  
ਕਿਸੇ ਕਿਹਾ ਲਵਾ ਲੈ ਕੋਕੇ 
ਦੇਵਣ ਹੱਲਾਸ਼ੇਰੀ ਰਲਕੇ 
ਪਰ ਉਹਨੂੰ  ਕੋਈ ਨਾਂ ਰੋਕੇ 

ਅੱਗ ਲਗਾ ਕੇ ਡੱਬੂ ਵਾਂਗੂੰ 
ਹਰ ਕੋਈ ਕੰਧ ਤੇ ਚੜ੍ਹ ਜੇ 
ਹੋਰ ਮਾਰਨ ਲਈ ਆਖਣ ਉਹਨੂੰ 
ਜੇ ਕੁੱਟਦੀ ਓਹ ਖੜ੍ਹ ਜੇ 

ਕੁੱਟ ਕੁੱਟ ਕੇ ਜੋ ਮਰਨ ਵਾਲਾ ਸੀ 
ਮੇਰਾ ਭੂਤ ਉਹਨੇ ਉਤਾਰਰਿਆ 
ਮੇਰੇ ਸ਼ੁਭਚਿੰਤਕਾਂ ਦਾ ਵੀ 
ਅੱਜ ਸੀਨਾ ਓਹਨੇ ਠਾਰਿਆ 

ਕੰਨਾ ਨੂ ਹੱਥ ਲਾਕੇ ਛੁੱਟਿਆ 
ਨਾਲੇ ਵਾਅਦਾ ਕੀਤਾ 
ਮਰਨ ਬਾਰੇ ਨਾਂ ਕਦੇ ਲਿਖੂੰਗਾ 
ਇਹ ਬਚਨ ਵੀ ਦਿੱਤਾ 
HSD 15/12/2014

ਮੇਰੀ ਮਾਂ ਤੇ ਮੌਤ

 

ਮਾਂ ਮੇਰੀ ਨੇ ਟੁੱਕ ਖ੍ਵਾਕੇ 
ਚੂਰੀ ਕੁੱਟ ਡੱਬੇ ਵਿਚ ਪਾਕੇ 
ਚੁੰਮ ਕੇ ਚੱਟ ਕੇ ਛਾਤੀ ਨਾਲ ਲਾਕੇ 
ਪੜ ਬੱਚੇ ਤੂੰ ਸਕੂਲੇ ਜਾਕੇ
ਕਿੰਨੀਆਂ ਸਨ ਉਹਦੇ ਮਨ ਵਿਚ ਰੀਝਾਂ
ਮੇਰੇ ਤੋਂ ਸਨ ਕਿੰਨੀਆਂ  ਉਮੀਦਾਂ 
ਲੈਕੇ ਦਊਂ ਤੈਨੂੰ ਨਵੀਆਂ ਚੀਜ਼ਾਂ 
ਪਰ ਪੜ ਬੱਚੇ ਤੂੰ ਲਾਕੇ ਰੀਝਾਂ 

ਕਿਸੇ ਭੇੜੀਏ ਸਕੂਲ ਚ ਆਕੇ 
ਪੰਜ ਸੱਤ ਸਾਥੀ ਨਾਲ ਰਲਾਕੇ 
ਫੂਕਤੇ ਟੀਚਰ ਅੱਗਾਂ ਲਾਕੇ 
ਮਾਰੇ ਬੱਚੇ ਗੋਲੀ ਚਲਾਕੇ
ਕੌਮ ਮੇਰੀ ਚੋਂ ਗੈਰਤ ਮੁੱਕੀ 
ਤਾਹਿਓਂ ਧਾਰੀ ਸਭ ਨੇ ਚੁੱਪੀ
ਮਾਂ ਮੇਰੀ ਤਾਂ ਗਈ ਅੱਜ ਲੁੱਟੀ 
ਜਦ ਗੋਲੀ ਨੇ ਲੋਥ ਜ਼ਮੀਨ ਤੇ ਸੁੱਟੀ 

ਨਹੀਂ ਪਤਾ ਸੀ ਉਹਨੂੰ ਵਰਤੇਗਾ ਭਾਣਾ 
ਮੈਂ ਮੁੜਕੇ ਨੀਂ ਘਰ ਨੂੰ ਆਉਣਾ 
ਬੂਹੇ ਖੜ ਉਸ ਤੱਕਦੀ ਰਹਿਣਾ 
ਹੁਣ ਉਸਨੂੰ ਕਿਸ ਅੰਮੀ ਕਹਿਣਾ
ਕਲ਼ ਸਵੇਰੇ ਜਦ ਜਾਗੇਗੀ 
ਮੇਰੀ ਮੰਜੀ ਵੱਲ ਆਵੇਗੀ 
ਮੈਨੂੰ ਫੇਰ ਅਵਾਜ਼ ਲਾਵੇਗੀ 
ਫੇਰ ਬਸ ਓਹ ਗਸ਼ ਖਾਵੇਗੀ
ਓਹਨਾ 132 ਬੱਚਿਆਂ ਤੇ 9 ਟੀਚਰਾਂ ਨੂੰ ਸਮਰਪਤ
HSD 18/12/2014

ਡੱਬੂਆਂ ਦੇ ਰੰਗ


ਡੱਬੂਆਂ ਦੇ ਮੈਂ ਰੰਗ ਨੇ ਦੇਖੇ 
ਅੱਗ ਲਾਉਣ ਦੇ ਢੰਗ ਨੇ ਦੇਖੇ 
ਮਾਸੂਮ ਜਿਹੇ ਚੇਹਰੇ ਬਣਾਕੇ 
ਫਿਰ ਚੜਦੇ ਉੱਤੇ ਕੰਧ ਨੇ ਦੇਖੇ
ਕਈ ਅੱਗ ਲਾਕੇ ਕੰਧ ਤੇ ਚੜਦੇ 
ਕਈ  ਮੁੜ ਘੁਰਨਿਆ ਵਿਚ ਜਾ ਵੜਦੇ 
ਧੁਖਦੀ ਤੇ ਫੂਕਾਂ ਮਾਰਨ ਲਈ 
ਕਈ ਵਾਰੀ ਲਈ ਲਾਈਨ ਚ ਖੜਦੇ
ਕਈਆਂ ਦੋ ਧਾਰੀ ਤਲਵਾਰ ਚਲਾਉਂਦੇ 
ਬਗਲ ਚ ਛੁਰੀ ਉਤੋਂ ਮਲ੍ਹਮ ਦਿਖਾਉਂਦੇ 
ਮਿੱਠਾ ਕਰਨ ਦਾ ਨਾਟਕ ਕਰਕੇ 
ਵੇਲ ਕਰੇਲੇ ਦੀ ਨਿੱਮ ਤੇ ਚੜਾਉਂਦੇ
ਗੁਣ ਡੱਬੂਆਂ ਦੇ ਰਲਦੇ ਮਿਲਦੇ 
ਮੌਕਾ ਵੇਖ ਫੁੱਲ ਵਾਂਗੂੰ ਖਿਲਦੇ 
ਦੇਖਣ ਕੰਧ ਤੇ ਚੜ੍ ਤਮਾਸ਼ਾ 
ਅੱਗ ਦੇ ਜਦੋਂ ਨੇ ਭਾਂਬੜ ਬਲਦੇ 

HDS 17/12/2014

ਮੇਰੀ ਦਿਸ਼ਾ

ਬਚਪਨ ਵਿਚ ਤੁਰ ਗਿਆ ਉਸ ਪਾਸੇ 
ਜਿਧਰ ਮਾਂ ਪਿਓ ਨੇ ਘੱਲਿਆ 
ਵਿਚ ਜਵਾਨੀ ਤੁਰ ਗਿਆ ਉਧਰ
ਲੈ ਜਿਧਰ ਨੂੰ ਦਿਲ  ਚੱਲਿਆ 

ਜਦ ਘਰਵਾਲੀ ਅੱਗੇ ਲੱਗ ਕੇ 
ਚਾਰ ਕੁ  ਲੈ ਲਈਆਂ ਲਾਵਾਂ
ਉਸ ਦਿਨ ਤੋਂ ਲੈ ਕੇ  ਹੁਣ ਤੱਕ 
ਬਸ ਉਸੀ ਦੇ ਪਿਛੇ ਜਾਵਾਂ 

ਲਹਿੰਦੀ ਉਮਰੇ ਰਾਹ ਦੇਖਣ ਲਈ 
ਐਨਕਾਂ ਦਿੱਤਾ ਸਹਾਰਾ 
ਜਿੰਦਗੀ ਦੇ  ਇਸ ਸਫਰ ਸੋਹਾਣੇ 
ਵਿਚ ਵੇਖ ਲਿਆ ਜੱਗ ਸਾਰਾ  

ਬਹੁਤੀ ਨਿੱਕਲੀ ਥੋੜੀ ਰਹਿਗੀ 
ਛੁੱਟਦੀ ਜਾਂਦੀ ਰੋਟੀ 
ਅੱਗੇ ਦਾ ਇਹ ਸਫਰ ਜੋ ਰਹਿੰਦਾ 
ਕੱਟ ਜੂ ਹੱਥ ਫੜ ਕੇ  ਸੋਟੀ 

ਤੁਰਨੋ ਜਦੋਂ ਜਵਾਬ ਦੇਣਗੀਆਂ 
ਮੇਰੀਆਂ ਇਹ ਦੋ ਲੱਤਾਂ  
ਚਾਰ ਭਾਈਆਂ ਦੇ ਮੋਢੇ ਚੜਕੇ 
ਮੈਂ ਆਖਰੀ ਵਹੀਰਾਂ ਘੱਤਾਂ 


HSD 08/12/2014