Tuesday, 28 May 2013

ਪੈਰ ਰੱਖੇ ਬੋਚ ਕੇ

ਕੰਵਲ ਸਿੱਧੂ ਦੀਆਂ ਸਤਰਾਂ 
"ਪੁਰਾਣੀਆਂ ਗਲੀਆਂ
ਚਿੱਕੜ ਨਾਲ ਭਰੀਆਂ
ਪੈਰ ਰੱਖੇ ਬੋਚ ਕੇ"
ਨੇ ਮਨ ਚ ਹਲਚ੍ਲੀ
ਮਚਾ ਦਿੱਤੀ
 ਕਿ ਕਿਓਂ ਰਖਾਂ
ਪੈਰ ਮੈਂ ਬੋਚ ਕੇ

ਇਸ ਕਰਕੇ  ਕਿ 
ਕਿਤੇ ਪੈ ਨਾਂ ਜਾਣ ਛਿੱਟੇ  
ਬੁੱਢੀ ਮਾਈ  ਦੀ ਕੰਧ ਤੇ
ਜਿਸ ਉਸਨੇ ਅੱਜ ਹੀ
ਲਿੱਪਿਆ ਤੇ ਪੋਚਿਆ
ਆਪਣੇ ਪਰਦੇਸ ਗਏ
ਪੁੱਤ ਦੇ ਪਰਤਣ  
 ਦੀ ਉਮੀਦ ਵਿਚ

ਜਾਂ ਫਿਰ ਹੋ ਨਾਂ ਜਾਵੇ  ਗੰਦਾ 
ਜੋੜਾ ਜੋ ਪਹਿਨਕੇ ਬੈਠਦੀ ਹੈ
ਓਹ ਰੋਜ ਬੂਹੇ ਦੀ ਦਹਲੀਜ਼ ਤੇ 
ਆਪਣੇ ਉਸ ਐੰਨ ਆਰ ਆਈ 
ਪਤੀ ਦੀ ਉਡੀਕ ਵਿਚ 
ਜੇਹੜਾ ਕਈ  ਸਾਲ ਪਹਿਲਾਂ 
ਗਿਆ ਸੀ ਕਹਿ ਕੇ 
ਕਿ ਆਵੇਗਾ ਉਸ ਨੂੰ ਲੈਣ

ਸ਼ਾਇਦ ਇਸ ਕਰਕੇ ਵੀ 
ਕਿ ਲੱਗ ਨਾਂ ਜਾਵੇ  ਦਾਗ 
ਉਸ ਬੂਢ਼ੇ ਬਾਪ ਦੀ ਪੱਗ ਤੇ 
ਜੋ ਬੈਠਾ ਹੈ ਰਾਖੀ 
ਬੂਹੇ ਅੱਗੇ ਮੰਜੀ ਡਾਹ ਕੇ 
ਆਪਣੀਆਂ ਜਵਾਨ ਧੀਆਂ ਨੂੰ
ਬਚਾਉਣ ਲਈ 
ਕਿਸੇ ਬੁਰੀ ਨਜ਼ਰ ਤੋ

ਯਾ ਫਿਰ ਡਰਾਂ 
ਕਿ  ਕਿਤੇ ਲਿੱਬੜ ਨਾਂ ਜਾਵੇ 
ਓਹ ਪੋਤੜਾ ਜੋ
ਬਣਾਇਆ ਹੈ ਉਸ ਮਾਂ ਨੇ 
ਆਪਣੀ ਅਣਜੰਮੀ ਧੀ ਲਈ 
ਜਿਸ ਦੇ ਕਤਲ ਦੀ ਸਾਜਿਸ਼ 
ਬਣ ਚੁੱਕੀ ਹੈ 
ਉਸ ਦੇ ਜੰਮਣ ਤੋਂ ਪਹਿਲਾਂ ਹੀ 

No comments:

Post a Comment