Friday, 31 May 2013

ਕੱਲ੍ਹ

ਅੱਜ ਦੀ ਦੁਨਿਆ ਛੋਟੀ ਜਿਹੀ 
ਪਰ ਬਹੁਤ ਬੜਾ ਹੈ ਕੱਲ੍ਹ 
ਅੱਜ ਦੇ ਦੋਨੋ ਪਾਸੇ ਹੈ
ਆਣ ਖੜਾ ਇਹ  ਕੱਲ੍ਹ 
ਓਹਦਾ ਕੁਝ ਨਹੀਂ ਹੋ ਸਕਦਾ 
ਬੀਤ ਗਿਆ ਜੋ  ਕੱਲ੍ਹ 
ਕਿਹੋ ਜਿਹਾ ਓਹ ਹੋਵੇਗਾ 
ਹੁਣ ਆਉਣੇ ਵਾਲਾ ਕੱਲ੍ਹ 
ਇਹੀ ਸੋਚ ਸੋਚ ਕੇ 
ਕਿਓਂ ਪਾਈਏ ਕਲੇਜੇ ਸੱਲ੍ਹ 
ਮਾਣੀਏ ਰੱਜ ਕੇ ਅੱਜ ਨੂੰ
ਕਿਓਂ ਸੋਚਿਏ ਬਾਰੇ ਕੱਲ੍ਹ
ਰੱਜ ਕੇ ਅੱਜ ਮੌਜਾਂ ਮਾਣੀਏ 
ਤੇ ਖਿਲਾਰੀਏ  ਪੂਰਾ ਝੱਲ੍ਹ
ਨਾਂ ਸੋਚ ਕੇ ਵਕ਼ਤ ਗਵਾਈਏ 
ਮਾਣੀਏ ਅੱਜ ਦਾ ਪਲ ਪਲ 
ਦੇਖ ਲਿਆ ਜੋ ਹੋਇਆ ਸੀ 
ਉਸ ਬੀਤੇ ਹੋਏ ਕੱਲ੍ਹ 
ਓਹ ਵੀ ਦੇਖ ਲਵਾਂਗੇ ਹੀ 
ਹੁਣ ਹੋਵੇਗਾ ਜੋ ਕੱਲ੍ਹ 

Tuesday, 28 May 2013

ਜਿੰਦਗੀ ਦਾ ਸਫ਼ਰ

ਜਿੰਦਗੀ ਦਾ ਸਫ਼ਰ ਜੋ 
ਹੱਥਾਂ ਤੇ ਗੋਡਿਆਂ ਭਰਨੇ 
ਰੁੜਕੇ ਜੋ ਕੀਤਾ ਸੀ ਸ਼ੁਰੂ 
ਕਦੇ ਨਿੱਕੀਆਂ ਨਿੱਕੀਆਂ 
ਪੁਲਾਂਘਾਂ ਪੱਟ ਦਿਆਂ 
ਕਦੇ ਗੱਡੇ ਤੇ ਚੜਕੇ 
ਜਾਂ ਟਰਾਲੀ ਪਿਛੇ ਲਮਕ ਕੇ 
ਸਾਇਕਲ ਜਾਂ ਸਕੂਟਰ 
ਭ੍ਜੌਦਿਆਂ ਭ੍ਜੌਦਿਆਂ
ਬੱਸਾਂ ਟ੍ਰੇਨਾ ਚ ਧੱਕੇ ਖਾਕੇ 
ਹਵਾਈ ਜਹਾਜ ਚ ਉਡਕੇ 
ਆਪਣੇ ਉਸ ਛੋਟੇ ਜਿਹੇ 
ਗਾਰੇ  ਮਿੱਟੀ ਦੇ ਘਰ ਚੋਂ 
ਜਿਸਨੂੰ ਮੇਰੀ ਮਾਂ ਤੇ ਭੈਣ 
ਹਰ ਸਾਲ ਦਿਵਾਲੀ ਤੋਂ ਪਹਿਲਾਂ
ਲਿੱਪਦੀਆਂ ਤੇ ਪੋਚਦੀਆਂ 
ਲੈ ਆਇਆ ਹੈ ਮੈਨੂੰ 
ਕੰਗ੍ਰੂਆਂ ਦੀ  ਧਰਤੀ ਤੇ 
ਵਸੇ ਇਕ ਖੂਬਸੂਰਤ 
ਸ਼ਹਿਰ ਕੈਨ੍ਬ੍ਰ੍ਰਾ ਚ 
ਜਿੱਥੇ ਨਾਂ ਗੱਡੇ ਨਾਂ ਟਰਾਲੀਆਂ 
ਨਾਂ ਗਾਰੇ  ਮਿੱਟੀ ਦਾ ਘਰ
ਨਾਂ ਘਰ ਨੂੰ ਲਿੱਪਣ ਵਾਲੀਆਂ 
ਪਰ ਹੈ ਇੱਥੇ ਮੇਰਾ ਹਮਸਫਰ 
ਮੇਰਾ ਹਮਸਾਇਆ ਮੇਰਾ ਪਰਿਵਾਰ 
ਤੇ ਬਣ ਗਿਆ ਇਹ ਮੇਰਾ ਘਰ 
ਤੇ ਸ਼ਾਇਦ ਮੇਰੇ ਸਫਰ ਦਾ
ਹੋਵੇਗਾ ਇਹ ਆਖਰੀ ਪੜਾ 

ਮਜਬੂਰੀ


ਨਾਂ ਹੁਣ ਕੋਠੇ ਤੇ ਚੜੇ ਨਾਂ ਵਾਲ ਓਹ ਸੁਕਾਵੇ  
ਨਾਂ ਹੁਣ ਦੇਖ ਕੇ ਮੈਨੂੰ ਓਹ ਨਿੰਮਾ ਨਿੰਮਾ ਮੁਸਕਾਵੇ 
ਸਾਰਾ ਦਿਨ ਰਹੇ ਗੁੰਮ ਵਿਚ ਆਪਣੇ ਓਹ ਖਿਆਲਾਂ 
ਨਾਂ ਹੁਣ ਪਹਿਲਾਂ ਵਾਂਗ ਹੱਸੇ ਨਾਂ ਹੀ ਚੁੰਨੀ ਲਹਿਰਾਵੇ

ਪਾਸਾ ਵੱਟ ਕੇ ਕੋਲ ਦੀ ਹੁਣ ਨਿੱਤ ਮੇਰੇ  ਲੰਘੇ   
ਨਾਂ ਅੱਖਾਂ ਨੀਵੀਆਂ ਕਰੇ ਨਾਂ ਪਹਿਲਾਂ ਵਾਂਗ ਓਹ ਸੰਗੇ 
ਓਹਦੇ ਵੱਲ ਤੱਕਣਾ ਜੇ ਹੁਣ ਭੁੱਲ ਵੀ ਮੈਂ ਜਾਵਾਂ 
ਕੋਲੋਂ ਲੰਘਦੀ ਕਦੇ ਨਾਂ ਹੁਣ ਹੌਲੀ ਜਿਹੀ ਖੰਘੇ

ਹੁਣ ਨਾਂ ਓਹ ਕੁਝ ਸੁਣੇ ਤੇ ਨਾਂ ਹੀ ਕੁਝ ਕਹੇ 
ਗੇੜੇ ਕੱਢਦੀ  ਰਹੇ ਨਾਂ ਕਦੇ  ਕੋਲ ਆਕੇ ਬਹੇ
ਜਿਸ ਯਾਰ ਦਾ ਹੁੰਦਾ ਹੈ ਕੋਈ ਆਸ਼ਕ ਦੀਵਾਨਾ 
ਉਸ ਯਾਰ ਦੀ ਬੇਰੁਖੀ ਨੂੰ ਕੋਈ ਦੱਸ ਕਿੰਝ ਸਹੇ

ਪਤਾ ਨਹੀਂ ਕਿਓਂ ਹੈ ਬਣਾ ਲਈ ਉਸਨੇ ਇਹ ਦੂਰੀ 
ਪਾਸਾ ਵੱਟਣਾ ਕਿਓਂ ਓਹਦੇ ਲਈ ਹੋ ਗਿਆ ਜਰੂਰੀ 
ਇਹੀ ਸੋਚ ਮੈਂ ਤਾਂ ਦਿੱਤਾ ਦਿਲ ਆਪਣੇ ਨੂੰ  ਦਿਲਾਸਾ
ਸ਼ਾਇਦ  ਉਸ ਦੀ ਵੀ ਹੋਵੇ ਕੋਈ ਵੱਡੀ ਮਜਬੂਰੀ   

ਪੈਰ ਰੱਖੇ ਬੋਚ ਕੇ

ਕੰਵਲ ਸਿੱਧੂ ਦੀਆਂ ਸਤਰਾਂ 
"ਪੁਰਾਣੀਆਂ ਗਲੀਆਂ
ਚਿੱਕੜ ਨਾਲ ਭਰੀਆਂ
ਪੈਰ ਰੱਖੇ ਬੋਚ ਕੇ"
ਨੇ ਮਨ ਚ ਹਲਚ੍ਲੀ
ਮਚਾ ਦਿੱਤੀ
 ਕਿ ਕਿਓਂ ਰਖਾਂ
ਪੈਰ ਮੈਂ ਬੋਚ ਕੇ

ਇਸ ਕਰਕੇ  ਕਿ 
ਕਿਤੇ ਪੈ ਨਾਂ ਜਾਣ ਛਿੱਟੇ  
ਬੁੱਢੀ ਮਾਈ  ਦੀ ਕੰਧ ਤੇ
ਜਿਸ ਉਸਨੇ ਅੱਜ ਹੀ
ਲਿੱਪਿਆ ਤੇ ਪੋਚਿਆ
ਆਪਣੇ ਪਰਦੇਸ ਗਏ
ਪੁੱਤ ਦੇ ਪਰਤਣ  
 ਦੀ ਉਮੀਦ ਵਿਚ

ਜਾਂ ਫਿਰ ਹੋ ਨਾਂ ਜਾਵੇ  ਗੰਦਾ 
ਜੋੜਾ ਜੋ ਪਹਿਨਕੇ ਬੈਠਦੀ ਹੈ
ਓਹ ਰੋਜ ਬੂਹੇ ਦੀ ਦਹਲੀਜ਼ ਤੇ 
ਆਪਣੇ ਉਸ ਐੰਨ ਆਰ ਆਈ 
ਪਤੀ ਦੀ ਉਡੀਕ ਵਿਚ 
ਜੇਹੜਾ ਕਈ  ਸਾਲ ਪਹਿਲਾਂ 
ਗਿਆ ਸੀ ਕਹਿ ਕੇ 
ਕਿ ਆਵੇਗਾ ਉਸ ਨੂੰ ਲੈਣ

ਸ਼ਾਇਦ ਇਸ ਕਰਕੇ ਵੀ 
ਕਿ ਲੱਗ ਨਾਂ ਜਾਵੇ  ਦਾਗ 
ਉਸ ਬੂਢ਼ੇ ਬਾਪ ਦੀ ਪੱਗ ਤੇ 
ਜੋ ਬੈਠਾ ਹੈ ਰਾਖੀ 
ਬੂਹੇ ਅੱਗੇ ਮੰਜੀ ਡਾਹ ਕੇ 
ਆਪਣੀਆਂ ਜਵਾਨ ਧੀਆਂ ਨੂੰ
ਬਚਾਉਣ ਲਈ 
ਕਿਸੇ ਬੁਰੀ ਨਜ਼ਰ ਤੋ

ਯਾ ਫਿਰ ਡਰਾਂ 
ਕਿ  ਕਿਤੇ ਲਿੱਬੜ ਨਾਂ ਜਾਵੇ 
ਓਹ ਪੋਤੜਾ ਜੋ
ਬਣਾਇਆ ਹੈ ਉਸ ਮਾਂ ਨੇ 
ਆਪਣੀ ਅਣਜੰਮੀ ਧੀ ਲਈ 
ਜਿਸ ਦੇ ਕਤਲ ਦੀ ਸਾਜਿਸ਼ 
ਬਣ ਚੁੱਕੀ ਹੈ 
ਉਸ ਦੇ ਜੰਮਣ ਤੋਂ ਪਹਿਲਾਂ ਹੀ 

ਮਾਂ ਦਿਵਸ ਦੇ ਮੌਕੇ ਤੇ

 

ਸੁਣ  ਵਕ਼ਤ ਦੀ ਤੂੰ ਪੁਕਾਰ ਕੁੜੇ 
ਉੱਠ ਕੇ ਹੁਣ ਹੰਭਲਾ ਮਾਰ ਕੁੜੇ 
ਕਿਓਂ ਨਿਮੋਝੂਣੀ ਬੈਠੀ ਏਂ 
ਚੱਕ ਜ਼ੁਲਮ ਦੇ ਵਿਰੁਧ ਤਲਵਾਰ ਕੁੜੇ


ਕੋਈ  ਤੇਰੀ ਇਜ਼ਤ ਲੁਟਦਾ ਏ 
ਕੋਈ ਵਿਚ ਚੋਰਾਹੇ ਕੁੱਟਦਾ ਏ
ਉੱਠ ਲੜ ਅਪਣੇ ਤੂੰ ਹੱਕਾਂ ਲਈ 
ਹੁਣ ਕੋਈ ਚੁੱਪੀ ਨਾਂ ਧਾਰ ਕੁੜੇ

ਕੋਈ ਭੰਡਦਾ  ਤੈਨੂੰ ਗੀਤਾਂ ਵਿਚ 
ਕੁਝ ਮਾੜੀਆਂ ਸਮਾਜੀ ਰੀਤਾਂ ਵਿਚ 
ਤੈਨੂੰ ਲਾਲਸਾ ਦੀ ਦੇਵੀ ਬਣਾ ਦਿੱਤਾ 
ਦੇ ਕੇ ਝੂਠਾ ਜਿਹਾ ਪਿਆਰ ਕੁੜੇ


ਬਣ ਮਾਲਕਿਨ ਆਪਣੀ ਕੁਖ ਦੀ ਨੀਂ 
ਆਪਣੇ ਹਰ ਇਕ ਸੁਖ ਦੁਖ ਦੀ ਨੀਂ 
ਨਾਂ ਫੈਸਲਾ ਕਰਨ ਦੇ ਦੂਜਿਆਂ ਨੂੰ
ਹੁਣ ਵਰਤ ਆਪਣਾ ਅਧਿਕਾਰ ਕੁੜੇ

ਹਰ ਘਰ ਦੀ ਤੂੰ ਸੁਆਣੀ ਏਂ 
ਹਰ ਵੰਸ ਦੀ ਤੂੰ ਕਹਾਣੀ  ਏਂ 
ਛਡ ਜਿੱਲਤਾਂ ਭਰੀ ਇਸ ਜਿੰਦਗੀ ਨੂੰ
ਬਣ  ਸ਼ੇਰਨੀ ਮਾਰ  ਲਲਕਾਰ ਕੁੜੇ

ਛੱਡ ਮਾਂ ਵਾਲਾ ਨਾਂ  ਹੱਕ ਕੁੜੇ 
ਨਾਂ ਦੂਜਿਆਂ ਦੇ ਵੱਲ ਤੱਕ ਕੁੜੇ 
ਹੱਕ ਮੰਗਿਆਂ ਜੇਕਰ ਨਹੀਂ ਮਿਲਦੇ 
ਹੋਜਾ ਖੋਹਣ ਦੇ ਲਈ ਤਿਆਰ ਕੁੜੇ

 ਸ਼ੁਭ ਮਾਂ ਦਿਵਸ, ਸਾਰੀਆਂ ਮਾਵਾਂ ਨੂੰ ...

ਮੇਰਾ ਭੁਲੇਖਾ

 ਬਰਸਾਤ ਦੀ  ਓਹ ਸ਼ਾਮ 
ਕਾਲੀ ਘਨਘੋਰ ਘਟਾ 
ਬੱਦਲਾਂ ਦੀ ਗਰਜ਼ 
ਬਿਜਲੀ ਦੇ  ਲਿਸ਼ਕਾਰੇ 
ਪੱਛੋਂ ਦੀ ਹਵਾ ਦੇ ਬੁੱਲੇ 
ਮੋਟੀਆਂ ਕਿਣੀਆਂ ਦੀ  ਵਾਛੜ 
ਸੁੰਨੀ ਸੜਕ ਪਿੰਡ ਵਾਲਾ ਮੋੜ 
ਅਚਾਨਕ ਸਾਹਮਣੇ ਆ ਗਿਆ 
ਇੱਕ ਇਨਸਾਨੀ ਅਕਸ 
ਚਿੱਕੜ ਨਾਲ ਲੱਥ ਪੱਥ 
ਤੇ ਹੋਇਆ ਸੀ ਸਾਹੋ ਸਾਹੀ
ਮੇਰੇ ਵੱਲ ਤੱਕਿਆ ਤੇ 
ਇਕ ਹੀ ਝਟਕੇ ਨਾਲ 
ਸੜਕ ਦੇ ਉਸ ਪਾਰ 
ਵੜ ਗਿਆ ਕਮਾਦ ਦੇ ਖੇਤ ਚ  
ਤੇ ਗੁੰਮ ਸੁੰਮ ਹੋਇਆ 
ਕਿੰਨਾ ਚਿਰ ਖੜਕੇ 
ਰਿਹਾ ਮੈਂ ਦੇਖਦਾ 
ਉਸ ਖੇਤ ਵੱਲ 
ਕੀ ਸ਼ਾਇਦ ਆਵੇਗਾ 
ਓਹ ਵਾਪਿਸ ਪਰ ਨਹੀਂ 

ਅੱਜ ਵੀ ਉਸ ਮੋੜ ਤੇ ਆਕੇ 
ਰੁਕ ਜਾਂਦੇ ਨੇ ਮੇਰੇ ਕਦਮ
ਜਾਂਦੀ ਹੈ ਘੁੰਮ ਗਰਦਨ
ਉਸ ਕਮਾਦ ਦੇ ਖੇਤ ਵੱਲ 
ਤੇ ਆ ਜਾਂਦਾ ਹੈ ਅੱਖਾਂ ਮੁਹਰੇ  
ਸਿਰ ਚੋਂ ਨਿੱਕ੍ਲ੍ਦੀਆਂ 
ਮੁਖੜੇ ਤੋਂ ਰਸਤਾ ਬਣਾਉਦੀਆਂ 
ਆਕੇ ਕੁੜਤੀ ਚ ਸ੍ਮੌਦੀਆਂ 
ਓਹਨਾਂ ਘਰਾਲਾਂ ਦਾ ਦਰਿਸ਼ 
ਤੇ ਗੂੰਜਦੇ ਨੇ ਕੰਨਾ ਚ   
ਉਸਦੇ ਓਹ ਉੱਚੇ ਸਾਹ 
ਉਠ੍ਦਾ ਹੈ ਮਨ ਚ ਸਵਾਲ
ਕੌਣ ਸੀ ਓਹ 
ਅਸਲੀ ਸੀ ਜਾਂ ਮੇਰਾ ਭੁਲੇਖਾ 
ਤੇ ਕਿੱਥੇ ਹੋਗਿਆ ਓਹ ਗੁਮ 
ਨਹੀਂ ਮਿਲਿਆ ਅੱਜ ਤੱਕ  
ਇਸਦਾ ਜਵਾਬ ਮੈਨੂੰ
ਅੱਜ  ਦੁਨਿਆ ਛੋਟੀ ਜਿਹੀ 

ਮੈਂ ਕੌਣ ਹਾਂ

ਮੈਂ ਕੌਣ ਹਾਂ 
ਇੱਕ ਇਨਸਾਨ ਹਾਂ 
ਜਾਂ ਇਨਸਾਨ ਦੇ 
ਇਸ ਭੇਖ ਵਿਚ 
ਇੱਕ ਸ਼ੈਤਾਨ ਹਾਂ 
ਬਸ ਇਹੀ ਸੋਚ ਸੋਚ  
ਮੈਂ ਪਰੇਸ਼ਾਨ ਹਾਂ 

ਕਦੇ ਤਾਂ ਓਹਦਾ 
ਇੱਕ ਅੱਥਰੂ ਹੀ 
ਦਿੰਦਾ ਹੈ .ਪਿਘਲਾ 
ਮੇਰੇ ਪੱਥਰ ਦਿਲ ਨੂੰ 
ਕਦੇ ਅੱਥਰੂਆਂ ਦੀ 
ਉਸ ਬਰਸਾਤ ਦਾ ਵੀ 
ਹੁੰਦਾ ਨੀ ਭੋਰਾ ਅਸਰ ਇਸਤੇ 

ਕਦੇ ਉਸਦੀ ਇੱਕ ਸਿਸਕੀ ਵੀ 
ਪਹੁੰਚ ਜਾਂਦੀ ਹੈ ਦੂਰ ਦੁਰਾਡੇ 
ਮੇਰੇ ਕੰਨਾਂ ਵਿਚ 
ਤੇ ਕਦੇ ਕੋਲ ਬੈਠ ਕੇ ਵੀ 
ਨਹੀਂ ਸੁਣਾਈ  ਦਿੰਦੀ ਮੈਨੂੰ 
ਉਸਦੀਆਂ ਸਿਸਕੀਆਂ ਦੀ ਅਵਾਜ਼ 

ਕਦੇ ਤਾਂ ਪਹੁੰਚ ਜਾਂਦੇ ਨੇ 
ਮੇਰੇ ਹਥ ਕੋਹਾਂ ਦੀ ਦੂਰੀ ਤਹਿ ਕਰਕੇ 
ਉਸਦਾ ਇੱਕ ਅੱਥਰੂ ਭੂੰਝਣ ਲਈ 
ਤੇ ਕਦੇ ਨਹੀਂ ਚਲਦੇ ਓਹ 
ਇੱਕ ਕਦਮ ਵੀ 
ਹੰਝੂਆਂ ਦੀ ਬਰਸਾਤ ਵੇਲੇ 
 
ਕੀ ਇਹ ਡਰ ਹੈ 
ਬੱਦਲਾਂ ਦੀ ਗਰਜ਼ ਦਾ
ਬਿਜਲੀ ਦੇ  ਲਿਸ਼ਕਾਰੇ ਦਾ
ਬਰਸਾਤ ਚ ਤਿਲਕਣ ਦਾ 
ਕਿ ਜਾਂਦਾ ਹਾਂ ਬੈਠ ਮੈਂ 
 ਇੱਕ ਝਾਹੇ ਵਾਂਗ 
 ਫਿੰਡ ਜਿਹੀ ਬਣਕੇ 
ਸਭ ਕੁਝ ਤੋਂ ਹੋ ਬੇਖਬਰ 

ਜਾਂ ਫਿਰ ਜਾਗ ਜਾਂਦਾ ਹੈ 
ਮੇਰੇ ਵਿਚਲਾ ਸ਼ੈਤਾਨ 
ਇਸ ਸਭ ਨੂੰ ਖਤਰਾ ਸਮਝਕੇ 
ਤੇ ਹੋ ਜਾਂਦਾ ਹੈ 
ਲੜਣ ਲਈ ਤਿਆਰ 

ਮੈਂ ਕੌਣ ਹਾਂ 
ਇੱਕ ਇਨਸਾਨ ਹਾਂ 
ਜਾਂ ਇਨਸਾਨ ਦੇ 
ਇਸ ਭੇਖ ਵਿਚ 
ਇੱਕ ਸ਼ੈਤਾਨ ਹਾਂ 
ਬਸ ਇਹੀ ਸੋਚ ਸੋਚ  
ਮੈਂ ਪਰੇਸ਼ਾਨ ਹਾਂ