Sunday, 31 March 2013

ਓਹਦੀ ਪੀੜ

ਮੈਂ ਓਹਦੀ ਪੀੜ ਨੂੰ ਜ਼ਰ ਨਹੀਂ ਸਕਦਾ
ਓਹਦੇ ਲਈ ਕੁਝ ਕਰ ਨਹੀਂ ਸਕਦਾ
ਓਹਦੇ ਸਾਹਮਣੇ ਬੈਠ ਕਦੇ ਵੀ
ਅੱਖਾਂ ਚ ਪਾਣੀ ਭਰ ਨਹੀਂ ਸਕਦਾ

ਅੰਦਰੋਂ ਅੰਦਰ ਹੀ ਰੋਂਦਾ ਰਹਿਨਾ
ਓਹਨੂੰ ਪੀੜ ਵਿਚ ਵੇਹੰਦਾ ਰਹਿਨਾ
ਆਪਣੇ ਅੰਦਰ ਦੇ ਜ਼ਖਮਾਂ ਨੂੰ
ਖਾਰੇ ਹੰਝੂਆਂ ਨਾਲ ਧੋਂਦਾ ਰਹਿਨਾ

ਕਿੱਦਾਂ ਓਹਦੀ ਮੈਂ ਪੀੜ ਵੰਡਾਵਾਂ
ਕਿਹੜੀ ਓਹਦੇ ਮਲ੍ਹਮ ਲਾਵਾਂ
ਗੁਮ ਗਈ ਜੋ ਓਹਦੇ ਚੇਹਰੇ ਤੋਂ
ਵਾਪਿਸ ਕਿਦਾਂ ਓਹ ਖੁਸ਼ੀ ਲਿਆਵਾਂ

ਆਪਣੇ ਵੱਲੋਂ ਕੋਸ਼ਿਸ ਕਰਦਾਂ
ਨਾਲ ਪਿਆਰ ਓਹਦੇ ਜਖ੍ਮ ਮੈਂ ਭਰਦਾਂ
ਕਿਤੇ ਪੀੜ ਇਹ ਹੋਰ ਨਾਂ ਵਧਜੇ
ਇਹ ਸੋਚ ਥੋੜਾ ਅੰਦਰੋਂ ਡਰਦਾਂ

ਇਹ ਰੱਬਾ ਕੋਈ ਜੁਗਤ ਬਣਾਦੇ
ਓਹਦੀ ਪੀੜ ਨੂੰ ਦੂਰ ਭ੍ਜਾਦੇ
ਚਾਹੇ ਓਹ ਤੂੰ ਮੈਨੂੰ ਦੇਦੇ
ਪਰ ਉਸਨੂੰ ਤੰਦਰੁਸਤ ਬਣਾਦੇ

ਮੁਸੀਬਤ

ਮੁਹਰੇ ਮੇਰੇ ਜਦ ਵੀ ਆਉਂਦੀ ਸੀ ਓਹ
ਮੁਸ਼ਕੜੀਆਂ ਹੀ ਮੁਸਕਾਉਂਦੀ ਸੀ ਓਹ
ਮੁੜ ਕੇ ਕਦੇ ਜਦ ਪਿਛੇ ਤ੍ਕ਼ਦੀ ਸੀ
ਮੁਖ ਤੇ ਹਥ ਰੱਖ ਅਕਸਰ ਹੱਸਦੀ ਸੀ

ਸੀਹ੍ਣੀ ਵਾਂਗੂ ਸੀ ਉਹਦਾ ਗੁੰਦਵਾਂ ਸਰੀਰ
ਸੀਰਤ ਸੂਰਤ ਦੀ ਓਹ ਵੱਖਰੀ ਤਸਵੀਰ
ਸੀਤਲ ਸੁਭਾ ਦੀ ਤੇ ਬੋਲਦੀ ਸਦਾ ਮਿੱਠੜੇ ਬੋਲ
ਸੀ ਮੈਂ ਚਾਹੁੰਦਾ ਓਹ ਸਦਾ ਰਹੇ ਮੇਰੇ ਹੀ ਕੋਲ

ਬੜੀ ਚਾਹਤ ਸੀ ਮੈਨੂੰ ਓਹਨੂੰ ਮਿਲਣੇ ਦੀ
ਬਣ ਕੇ ਫੁੱਲ ਬਗੀਚੇ ਓਹਦੇ ਵਿਚ ਖਿਲਣੇ ਦੀ
ਬਹਿ ਜਾਵੇਗੀ ਓਹ ਕਦੇ ਮੇਰੇ ਕੋਲ ਆਕੇ ਵੀ
ਬਸ ਜੀ ਰਿਹਾ ਸੀ ਏਹਿਓ ਮੈਂ ਆਸ ਲਗਾਕੇ ਜੀ

ਤਰਸਦਾ ਰਹਿੰਦਾ ਸੀ ਅਕਸਰ ਮੈਂ ਓਹਨੂੰ ਵੇਖਣ ਨੂੰ
ਤਪਦੇ ਸੂਰਜ ਦੀ ਉਸ ਤੱਤੀ ਧੁਪ ਸੇਕਣ ਨੂੰ
ਤਮੰਨਾ ਰੋਜ੍ ਹੁੰਦੀ ਕਿ ਕਰਾਂ ਦੀਦਾਰ ਓਹਦਾ
ਤੜਪ ਮੁਕ ਜਾਂਦੀ ਵੇਖ ਮੁਖ ਇਕ ਵਾਰ ਓਹਦਾ

ਆਖਰ ਮਿਲ ਗਈ ਮੈਨੂੰ ਤੇ ਦਿਨ ਫਿਰ ਗਏ ਮੇਰੇ
ਦੂਰ ਹੋ ਗਏ ਓਹ ਜੋ ਸਨ ਮੁਸੀਬਤਾਂ ਦੇ ਘੇਰੇ
ਮੁਸੀਬਤ ਲੱਗੀ ਸੀ ਮੈਨੂੰ ਓਹ ਔਖੇ ਰਾਹਾਂ ਦੇ ਵਿਚ
ਮੁਹੱਬਤ ਮਿਲੀ ਪਰ ਮੈਨੂੰ ਓਹਦੀਆਂ ਬਾਹਾਂ ਦੇ ਵਿਚ

Saturday, 30 March 2013

ਚਰਖਾ


ਪਿੰਡ ਵਾਲੇ ਤਰਖਾਣ ਬਾਬੇ ਨੇ ਮੇਰੇ ਲਈ ਇਹ ਚਰਖਾ ਬਣਾਇਆ 
ਰੰਗ ਬਿਰੰਗੇ ਸੀਸ਼ੇ ਲਾਏ, ਨਾਲੇ ਫੁੱਲ ਬੂਟਿਆਂ ਨਾਲ ਸਜਾਇਆ 

ਤਿੰਨ ਲੱਕੜਾਂ ਟਾਹਲੀ ਤੋਂ ਲੈ ਕੇ, ਚਰਖੇ ਦਾ ਉਸ ਥੱਲਾ ਬਣਾਇਆ 
ਤਿੰਨ ਗੁਡੀਆਂ ਤੇ ਦੋ ਮੁੰਨਿਆਂ ਦਾ, ਥੱਲੇ ਨਾਲ ਉਸ ਮੇਲ ਕਰਾਇਆ 

ਲੋਹੇ ਦੀ ਧੁਰ ਲੋਹਾਰ ਤੋਂ ਲੈ ਕੇ, ਉਸ ਉੱਤੇ ਉਸ ਤਾੜ ਬਣਾਇਆ 
ਜੁਲਾਹੇ ਕੋਲੋਂ ਲੈ ਸੂਤ ਦੀ ਰੱਸੀ, ਤਾੜ ਉੱਤੇ ਉਸ ਕੱਸਣ ਚੜਾਇਆ 

ਮੁੰਨਿਆਂ ਵਿਚੋਂ ਦੀ ਗਲੀ ਕੱਢ ਕੇ, ਵਿਚਲੇ ਇਹਨਾ ਦੇ ਤਾੜ ਲਗਾਇਆ 
ਧੁਰ ਦੇ ਨਾਲ ਫਿਰ ਹੱਥੜਾ ਲਾਕੇ, ਚਰਖੇ ਦਾ ਉਸ ਵਜੂਦ ਸਜਾਇਆ 

ਬਾਜੀਗਰਨੀ ਨੇ ਦਿੱਤੀਆਂ ਚਿਰਮਖਾਂ, ਗੱਡੀਆਂ ਵਾਲੀ ਨੇ ਤੱਕਲਾ ਬਣਾਇਆ 
ਨੈਣ ਤਾਈ ਨੇ ਬੀੜੀ ਦਿੱਤੀ, ਦਮ੍ਕੜਾ ਏਹਦੇ ਲਈ ਮੋਚੀ ਨੇ ਬਣਾਇਆ 

ਦਾਦੀ ਮੇਰੀ ਨੇ ਏਹਦੀ ਮਾਲ੍ਹ ਬਣਾਈ, ਬੇਬੇ ਤੱਕਲੇ ਤੇ ਪਾਲਣ ਲਗਾਇਆ 
ਰਲ ਭਾਬੀ ਨਾਲ ਮੈਂ ਵੱਟੀਆਂ ਪੂਣੀਆ, ਝਿਓਰੀ ਤੋਂ ਸੋਹਣਾ ਬੋਹਿਆ ਬਣਵਾਇਆ 

ਭਰ ਬੋਹਿਆ ਮੈਂ ਨਾਲ ਪੂਣੀਆ, ਆ ਚਰਖਾ ਤਿਰੰਜਨ ਚ ਡਾਹਿਆ 
ਲੈਕੇ ਸਾਈਂ ਦਾ ਨਾਂ ਗੇੜਾਦਿੱਤਾ, ਤੇ ਪਹਿਲਾ ਤੰਦ ਤੱਕਲੇ ਤੇ ਪਾਇਆ 

ਕੱਤ ਕੱਤ ਪੂਣੀਆ ਤੇ ਲਾਹ ਲਾਹ ਗਲੋਟੇ, ਰੇਸ਼ਮ ਵਰਗਾ ਸੂਤ ਬਣਾਇਆ  
ਚਰਖੇ ਦੀ ਘੂਕ ਸੰਗ  ਮੈਂ ਉਸ ਦਿਨ ,ਮਾਹੀਏ ਵਾਲਾ ਗੀਤ ਸੁਣਾਇਆ 

ਸਪਨੇ

ਅੱਖੀਆਂ ਦੀਆਂ ਨਿੱਕੀਆਂ ਕਿਆਰੀਆਂ ਨੂੰ
ਖਿਆਲਾਂ ਦੇ ਹਲ੍ਹ ਨਾਲ ਵਾਹਿਆ ਮੈਂ
ਸੋਚਾਂ ਦਾ ਮਾਰ ਸੋਹਾਗਾ ਉੱਤੇ
ਬੀਜ ਸੁਪਨਿਆ ਵਾਲ ਪਾਇਆ ਮੈਂ

ਇਹਨਾਂ ਪੁੰਗਰਦੇ ਨਿੱਕੇ ਸੁਪਨਿਆਂ ਨੂੰ
ਪਲਕਾਂ ਨਾਲ ਕੀਤੀ ਸੀ ਛਾਂ ਮੈਂ
ਸਿੰਜਿਆ ਨਾਲ ਹੰਝੂ ਖਾਰਿਆਂ ਦੇ
ਪਾਲਿਆ ਇਹਨਾ ਨੂੰ ਬਣ ਕੇ ਮਾਂ ਮੈਂ

ਤਪਦੇ ਸੂਰਜ ਤੋਂ ਮੈਂ ਲਈ ਗਰਮੀ
ਲਿਆ ਚਾਨਣ ਉਧਾਰਾ ਚੰਨ ਤੋਂ ਮੈਂ
ਸੇਧ ਲਈ ਸੀ ਮੈਂ ਤਾਰਿਆਂ ਕੋਲੋਂ
ਹਿੰਮਤ ਲਈ ਦਰਿਆ ਦੇ ਬੰਨ ਤੋਂ ਮੈਂ

ਨਾ ਦੁਸ਼ਮਣ ਹਮਲਾ ਕਰ ਦੇਵੇ
ਛਿੜਕਾ ਪਿਆਰ ਦਾ ਕੀਤਾ ਮੈਂ
ਬੁਰੀ ਨਜ਼ਰ ਕਿਸੇ ਦੀ ਨਾਂ ਲੱਗ ਜਾਵੇ
ਮੁੰਹ ਨਜ਼ਰ ਬੱਟੂ ਜਿਹਾ ਕੀਤਾ ਮੈਂ

ਆਖਰ ਨੂੰ ਇਹ ਤਾਂ ਪੱਕ ਗਈ
ਫ਼ਸਲ ਸਪਨਿਆ ਦੀ ਜੋ ਪਾਲੀ ਮੈਂ
ਕੁਝ ਬੱਲੀਆਂ ਦੇ ਵਿਚ ਬੀਜ ਮਿਲੇ
ਬਾਕੀ ਦੇਖੀਆਂ ਦਾਣਿਓ ਖਾਲੀ ਮੈਂ

ਹੋ ਜਾਣਗੇ ਸਾਰੇ ਸਕਾਰ ਸਪਨੇ
ਇਸ ਦਸਤੂਰ ਬਾਰੇ ਨੀਂ ਜਾਣਦਾ ਮੈਂ
ਜੇ ਕੁਝ ਥਾਵਾਂ ਤੇ ਫੇਲ ਹੋਇਆ
ਇਸ ਬਾਰੇ ਨੀ ਪਛਤਾਂਵਦਾ ਮੈਂ

ਰੱਬ ਨੇ ਜੋ ਵੀ ਦਿੱਤਾ ਮੈਨੂੰ
ਕਰਾਂ ਓਹਦਾ ਸਦਾ ਸ਼ੁਕਰਾਨਾ ਮੈਂ
ਓਹਦੀਆਂ ਬਖਸ਼ੀਆਂ ਨਿਆਂਮਤਾਂ ਦਾ
ਰਿਹਾ ਸ਼ੁਰੂ ਤੋਂ ਹੀ ਦੀਵਾਨਾ ਮੈਂ

ਤਿੰਨ ਪੀੜੀਆਂ

ਜਿਸ ਧਰਤੀ ਤੇ ਮੇਰੇ ਮਾਂ ਪਿਓ ਜੰਮੇ
ਓਹ ਧਰਤ ਸੀ ਪੰਜ ਦਰਿਆਵਾਂ ਦੀ
ਆਪਸ ਵਿਚ ਸੀ ਪਿਆਰ ਬੜਾ
ਇਜ਼ੱਤ ਸੀ ਧੀਆਂ ਭੈਣਾ ਮਾਵਾਂ ਦੀ

ਖੁਸ਼ੀਆਂ ਸੰਨ ਹਰ ਇਕ ਖੇੜੇ ਵਿਚ
ਪੈਸੇ ਦੀ ਚਾਹੇ ਤੰਗੀ ਸੀ
ਰਿਸ਼ਤਿਆਂ ਨੂੰ ਰਿਸ਼ਤੇ ਮੰਨਦੇ ਸੀ
ਦੁਖ ਸੁਖ ਵਿਚ ਬਣਦੇ ਸੰਗੀ ਸੀ

ਲੜਾਈ ਸੀ ਬਿਗਾਨੇ ਹਾਕਮ ਨਾਲ
ਆਖਿਰ ਜਿਸਨੂੰ ਘਰੋਂ ਕੱਢ ਦਿੱਤਾ
ਜਿੱਤਣ ਲਈ ਇਸ ਲੜਾਈ ਨੂੰ
ਮਾਂ ਆਪਣੀ ਨੂੰ ਵਿਚੋਂ ਵੱਡ ਦਿੱਤਾ

ਜਦ ਜੰਮਿਆ ਮੈਂ ਉਸ ਧਰਤੀ ਤੇ
ਓਹ ਧਰਤੀ ਸੀ ਤਿੰਨ ਦਰਿਆਵਾਂ ਦੀ
ਪਰ ਮਹਿਫੂਜ਼ ਅਜੇ ਵੀ ਸੀ ਇਥੇ
ਇਜ਼ੱਤ ਧੀਆਂ ਭੈਣਾ ਮਾਵਾਂ ਦੀ

ਮਾਂ ਪਿਓ ਦੀ ਇਜ਼ੱਤ ਹੁੰਦੀ ਸੀ
ਤੇ ਉਸਤਾਦਾਂ ਦਾ ਸਤਿਕਾਰ ਹੁੰਦਾ
ਹਰ ਘਰ ਦਾ ਬੂਹਾ ਖੁੱਲਾ ਸੀ
ਇਕ ਦੂਜੇ ਤੇ ਇਤਬਾਰ ਹੁੰਦਾ

ਪਰ ਪਤਾ ਨਹੀਂ ਇਕ ਦਿਨ ਇਹਨੂੰ
ਕਿਹਦੀ ਓਹ ਮਾੜੀ ਨਜਰ ਲੱਗੀ
ਧਰਮ ਦੇ ਨਾਂ ਤੇ ਇਨਸਾਨ ਮਰੇ
ਜਦ ਹਿੰਸਾ ਦੀ ਨੇਰ੍ਹੀ ਇਥੇ ਵਗੀ

ਜਦ ਇਸ ਧਰਤੀ ਤੇ ਮੇਰਾ ਪੁਤ ਜੰਮਿਆ
ਸੀ ਧਰਤ ਅਜੇ ਵੀ ਤਿੰਨ ਦਰਿਆਵਾਂ ਦੀ
ਪਰ ਮਹਿਫੂਜ਼ ਨਹੀਂ ਸੀ ਹੁਣ ਇਥੇ
ਇਜ਼ੱਤ ਧੀਆਂ ਭੈਣਾ ਮਾਵਾਂ ਦੀ

ਪੈਸੇ ਦੀ ਭੁੱਖ ਇੰਨੀ ਵਧਗੀ
ਨਸ਼ਿਆਂ ਜਵਾਨੀ ਰੋਲ ਦਿੱਤੀ
ਮੁਕ ਗਿਆ ਪਾਣੀ ਧਰਤੀ ਵਿਚੋਂ
ਦਰਿਆਵਾਂ ਚ ਜ਼ਹਿਰ ਸੀ ਘੋਲ ਦਿੱਤੀ

ਉਸ ਜੱਟ ਦਾ ਕੀ ਬਣ ਸਕਦਾ ਹੈ
ਵਾੜ ਜਿਸਦੀ ਖੇਤ ਨੂੰ ਖਾ ਜਾਵੇ
ਅੱਜ ਕੱਲ ਦੇ ਲਾਲਚੀ ਲੀਡਰਾਂ ਤੋਂ
ਇਸ ਧਰਤ ਨੂੰ ਰੱਬ ਹੀ ਬਚਾਵੇ

ਡਾਕਟਰ ਕੰਗ



ਜਿਓਂ ਜਿਓਂ ਉਮਰ ਵਧਦੀ ਇਹ ਤਾਂ ਨਿਖ੍ਰਦਾ ਹੀ ਜਾਵੇ
ਪਤਾ ਨੇ ਆਟਾ ਲੈਕੇ ਕਿਹੜੀ ਚੱਕੀ ਤੋਂ  ਇਹ ਖਾਵੇ
ਕੈਸੋਆਣੇ ਦਾ ਵਾਸੀ ਫਿਰ ਵੀ ਚਿੱਟੇ ਇਹਦੇ  ਦੰਦ
ਯਾਰਾਂ ਦਾ ਓਹ ਯਾਰ ਹੈ ਜਿਹਨੂੰ ਕਹਿੰਦੇ ਡਾਕਟਰ ਕੰਗ

ਜਦ ਵੀ ਇਹਨੂੰ ਮਿਲਦੇ ਹੁੰਦੀ ਹੋਠਾਂ ਤੇ ਮੁਸਕਾਨ
ਝਲਕਨ ਕਦੇ ਨਾਂ ਦੇਵੇ ਚਾਹੇ ਕਿੰਨਾਂ ਵੀ ਪਰੇਸ਼ਾਨ
ਚਿੱਟੇ ਵਾਲਾਂ ਉੱਤੇ ਪਤਾਨੀਂ ਲਾਉਂਦਾ ਕਿਹੜਾ ਰੰਗ
ਯਾਰਾਂ ਦਾ ਓਹ ਯਾਰ ਹੈ ਜਿਹਨੂੰ ਕਹਿੰਦੇ ਡਾਕਟਰ ਕੰਗ

ਕਾਫੀ ਡੂੰਘਾ ਹੈ ਇਸਨੂੰ ਸਾਇੰਸ ਦੇ ਨਾਲ ਪਿਆਰ 
ਸਾਇੰਸ ਤੋਂ ਬਾਹਰ ਕੁਝ ਵੀ ਇਹ ਮੰਨਣ ਨੂੰ ਨਾਂ ਤਿਆਰ
ਸਾਇੰਸ ਦੇ ਨਾਲ ਸਿਧ ਕਰਨ ਦੇ ਲਭਦਾ ਰਹਿੰਦਾ ਢੰਗ
ਯਾਰਾਂ ਦਾ ਓਹ ਯਾਰ ਹੈ ਜਿਹਨੂੰ ਕਹਿੰਦੇ ਡਾਕਟਰ ਕੰਗ

ਮੇਜ਼ਬਾਨੀ ਦਾ ਸ਼ੌਕ ਹੈ ਪੂਰਾ ਨਾਲੇ ਮਹਿਫ਼ਲ ਸੁਜਾਉਣ ਦਾ
ਕਦੇ ਨਹੀਂ ਗੁਆਉਂਦਾ ਮੌਕਾ ਬੇਲੀਆਂ ਨੂੰ ਘੁਮਾਉਣ ਦਾ
ਸ਼ਾਮ ਹੁੰਦੀ ਹੀ ਖੋਲ ਬਹਿੰਦਾ  ਬੋਤਲ ਜੋ ਹੁੰਦੀ ਬੰਦ
ਯਾਰਾਂ ਦਾ ਓਹ ਯਾਰ ਹੈ ਜਿਹਨੂੰ ਕਹਿੰਦੇ ਡਾਕਟਰ ਕੰਗ

Friday, 15 March 2013

ਸਫਰ

ਖਿਆਲਾਂ ਦਾ ਜੋ ਦਰਿਆ ਹੈ ਵੱਗਦਾ
ਓਹਨੂੰ ਦੱਸ ਕਿੱਦਾਂ ਮੈਂ ਠੱਲਾਂ
ਕੱਲਾ ਕਦੇ ਜਦ ਬਹਿ ਜਾਂਨਾ ਮੈਂ
ਯਾਦਾਂ ਓਹ ਫੜ ਲੈਂਦੀਆਂ ਪੱਲਾ

ਕਿੰਨੇ ਸਾਲ ਮਿਲਿਆਂ ਨੂੰ ਹੋਗੇ
ਪਰ ਇਹ ਗੱਲ ਲੱਗਦੀ ਹੈ ਕੱਲ੍ਹ ਦੀ
ਅੱਖਾਂ ਮੁਹਰੇ ਫਿਲਮ ਇਕ ਚੱਲਦੀ
ਤੇਰੇ ਨਾਲ ਬੀਤੇ ਹਰ ਪਲ ਦੀ

ਉੱਚੇ ਨੀਵੇਂ ਰਸਤਿਆਂ ਉੱਤੇ
ਕੱਠਿਆਂ ਚੱਲ ਕੇ ਸਫ਼ਰ ਮੁਕਾਇਆ
ਇਕ ਦੂਜੇ ਦਾ ਬਣ ਸਹਾਰਾ
ਔਖੇ ਵ੍ਕ਼ਤਾਂ ਨੂੰ ਅਸੀਂ ਹੰਢਾਇਆ

ਲੜਕੇ ਮੂੰਹ ਮੁਟਾਪੇ ਕਰਕੇ
ਅਕਸਰ ਦਿਲ ਨੂੰ ਦੁਖ ਪੁਚਾਇਆ
ਕਈ ਵਾਰ ਬੋਲ ਕਬੋਲ ਬੋਲਕੇ
ਇਕ ਦੂਜੇ ਨੂੰ ਕਈ ਕੁਝ ਸੁਣਾਇਆ

ਫਿਰ ਵੀ ਆਪਾਂ ਦੋਵੇਂ ਰਲਕੇ
ਆਪਣਾ ਇਕ ਗੁਲ੍ਸ੍ਤਾਂ ਸਜਾਇਆ
ਲਾਕੇ ਉਸ ਵਿਚ ਪਿਆਰ ਦੇ ਬੂਟੇ
ਸੋਹਣਾ ਇਕ ਸੰਸਾਰ ਸਜਾਇਆ

ਲੱਗੇ ਕਿਸੇ ਦੀ ਨਜਰ ਨਾਂ ਏਹਨੂੰ
ਪਿਆਰ ਰਹੇ ਆਪਣਾ ਏਨਾ ਹੀ ਗੂੜਾ
ਹਥ ਵਿਚ ਹਥ ਇਕ ਦੂਜੇ ਦਾ ਫੜਕੇ
ਪੂਰਾ ਕਰੀਏ ਇਹ ਜੋ ਸਫਰ ਅਧੂਰਾ

Saturday, 2 March 2013

ਦਾਖਾ

ਨਾਂ ਰਿਹਾ ਕਾਕਾ ਨਾਂ ਰਿਹਾ ਦਾਖਾ
ਬਣ ਗਿਆ ਡਾਕਟਰ ਸੇਖੋਂ
ਲਗਦਾ ਕਾਫੀ ਬਦਲ ਗਿਆ ਇਹ
ਜੇ ਹੁਣ ਇਸਨੂੰ ਦੇਖੋ

ਨਾਂ ਹੁਣ ਚਾਰ ਚਿਨਾਰ ਤੇ ਚੜਦਾ
ਨਾਂ ਝੀਲ ਚ ਛਾਲਾਂ ਮਾਰੇ
ਹੁਣ ਤਾਂ ਕੁਦਰਤ ਵਿਚ ਸਮਾਕੇ
ਤ੍ਕ਼ਦਾ ਨਿੱਤ ਨਜ਼ਾਰੇ

ਚਾਹੇ ਕਸ਼ਮੀਰੀ ਚਾਹੇ ਗੋਆ ਦਾ
ਪਿਆਰਾ ਇਹਨੂੰ ਪਾਣੀ
ਇਥੋਂ ਤਕ਼ ਕੇ ਗੋਲ੍ਡ ਕੋਸਟ ਤੇ ਵੀ
ਲਿਖ ਗਿਆ ਇਕ ਕਹਾਣੀ

ਜਿੰਦਗੀ ਨੇ ਵੀ ਨਾਲ ਏਹਦੇ
ਹੈ ਖੇਡੀ ਲੁਕਣਮੀਟੀ
ਜੀਵਨ ਸਾਥੀ ਦੇ ਰੂਪ ਵਿਚ
ਮਿਲਗੀ ਸੋਹਣੀ ਪ੍ਰੀਤੀ

ਕਈ ਅਨੋਖੀਆਂ ਮੱਲਾਂ ਇਸਨੇ
ਜਿੰਦਗੀ ਦੇ ਵਿਚ ਮਾਰੀਆਂ
ਚੱਪੂ ਬਣ ਕਈਆਂ ਦੀਆਂ ਇਸਨੇ
ਡੁਬਦੀਆਂ ਬੇੜੀਆਂ ਤਾਰੀਆਂ

ਰੱਬ ਨੇ ਵੰਡਨ ਵੇਲੇ ਦਾਤਾਂ
ਕੋਈ ਕਸਰ ਨਾਂ ਛੱਡੀ
ਸੋਹਣੇ ਮਹਿਲ ਮੁਨਾਰਿਆਂ ਦੇ ਨਾਲ
ਬਖਸ਼ੀ ਵੱਡੀ ਗੱਡੀ

ਤਿੰਨ ਹੀਰੇ ਜਿਹੇ ਬੱਚੇ ਬਖਸ਼ੇ
ਚਮਕ ਜਿਹਨਾ ਦੀ ਨਿਰਾਲੀ
ਭਾਵੇਂ ਪੰਜਾਹ ਤੋਂ ਉਤੇ ਹੋ ਗਿਆ
ਪਰ ਦਾੜੀ ਅਜੇ ਵੀ ਕਾਲੀ

ਯਾਰਾਂ ਦਾ ਇਹ ਯਾਰ ਪਿਆਰਾ
ਕੋਈ ਕੁਝ ਵੀ ਆਖੇ
ਚਾਹੇ ਆ ਵੱਸ ਗਿਆ ਲੁਧਿਆਣੇ
ਪਰ ਦਿਲ ਅਜੇ ਵੀ ਦਾਖੇ

ਨਵਾਂ ਸਾਲ

ਹਰ ਸਾਲ ਦੀ ਤਰਾਂ
ਇਸ ਸਾਲ ਫਿਰ ਮੈਂ
ਜਿੰਦਗੀ ਚ ਆਪਣੇ ਹਿੱਸੇ ਆਏ
ਕਈ ਪੰਧ ਮੁਕਾਉਣ ਤੋ ਬਾਅਦ
ਕਰ ਰਿਹਾ ਹਾਂ ਪ੍ਰਵੇਸ਼
ਇਕ ਹੋਰ ਨਵੇਂ ਸਾਲ ਵਿਚ
ਕਈ ਆਸਾਂ ਤੇ ਉਮੰਗਾਂ ਲੈ ਕੇ
ਕਿ ਇਹ ਨਵਾਂ ਸਾਲ
ਮੇਰੇ ਲਈ ਤੇ ਤੋਹਾਡੇ ਲਈ
ਖੁਸ਼ੀਆਂ ਭਰਿਆ ਤੇ ਤਰੱਕੀ ਵਾਲਾ ਹੋਵੇਗਾ

ਇਸੇ ਆਸ ਨਾਲ ਰੱਖ ਰਿਹਾਂ ਪੈਰ
ਇਸ ਨਵੇਂ ਸਾਲ ਦੀ ਸਵੇਰ ਵਿਚ
ਕਿ ਹੋਰ ਕਿਸੇ ਦਾਮਿਨੀ ਨੂੰ
ਨਹੀਂ ਬਣਨਾ ਪਵੇਗਾ ਸ਼ਿਕਾਰ
ਇਨਸਾਨ ਦੀ ਖੱਲ ਚ
ਛੁੱਪੇ ਭੇੜੀਆਂ ਦਾ
ਕਿਸੇ ਵੀ ਬਾਪ ਨੂੰ
ਨਹੀਂ ਗਵਾਉਣੀ ਪਵੇਗੀ ਆਪਣੀ ਜਾਨ
ਲਾਡਲੀ ਇਜ਼ਤ ਬਚਾਉਣ ਲਈ
ਕਿਸੇ ਵੀ ਮਾਂ ਬਾਪ ਨੂੰ
ਨਹੀਂ ਹੋਣਾ ਪਵੇਗਾ ਬੇਇਜ਼ਤ
ਆਪਣੀ ਹੀ ਔਲਾਦ ਹੱਥੋਂ

ਆਸ ਕਰਦਾਂ ਹਾਂ
ਕਿ ਇਸ ਨਵੇਂ ਸਾਲ ਵਿਚ
ਇਹਨਾ ਕਨੂੰਨ ਤੇ ਧਰਮ ਦੇ ਠੇਕੇਦਾਰਾਂ ਨੂੰ
ਰੱਬ ਦੇਵੇਗਾ ਸਮੱਤ
ਆਪਣੀ ਜੁੰਮੇਵਾਰੀ ਤੇ ਫਰਜ਼ ਪ੍ਰਤੀ
ਤੇ ਇਹਨਾ ਸਿਆਸਤ ਦੇ ਕੀੜਿਆਂ ਦਾ
ਹੋਵੇਗਾ ਹਸ਼ਰ ਓਹੀ
ਜੋ ਇਹ ਕਰਦੇ ਨੇ ਵੋਟਾਂ ਦੇਣ ਵਾਲੀ ਜਨਤਾ ਦਾ
ਜਿੱਤਣ ਤੋਂ ਬਾਅਦ
ਤੇ ਇਹਨਾ ਦੀ ਔਲਾਦ ਨੂੰ
ਲੱਗੇਗੀ ਓਨਾਂ ਭੈੜੇ ਨਸ਼ਿਆਂ ਦੀ ਲੱਤ
ਜਿਸਦਾ ਇਹ ਕਰਦੇ ਨੇ ਵਪਾਰ

ਨਵਾਂ ਸਾਲ ਮੁਬਾਰਿਕ ਹੋ ਸਾਰਿਆਂ ਨੂੰ

ਮੇਰੀ ਵਧਦੀ ਉਮਰ


ਨਾਲ ਉਮਰ ਦੇ ਰੰਗ ਬਦਲ ਗਏ 
ਕੰਮ ਕਰਨ ਦੇ ਸੰਦ ਬਦਲ ਗਏ 
ਖਾਣਾ ਪੀਣਾ ਰਹਿਣਾ ਬਦਲ ਗਿਆ 
ਮਸਤੀ ਕਰਨ ਦੇ ਢੰਗ ਬਦਲ ਗਏ 

ਜੇਬ੍ਹ ਦੇ ਵਿਚ ਹੁਣ ਪੈਸਾ ਹੈਗਾ 
ਜਿਆਦਾ ਕੁਝ ਹੁਣ ਖਾ ਨਹੀਂ ਸਕਦਾ 
ਜਿਹਨੂੰ ਪਾਉਣ ਲਈ ਰਿਹਾ ਤਰਸਦਾ 
ਓਹ ਕੱਪੜੇ ਹੁਣ ਪਾ ਨਹੀਂ ਸਕਦਾ 

ਸਿਰ ਤੇ ਕੋਈ ਵਾਲ ਰਿਹਾ ਨੀ 
ਚਿੱਟੀ ਹੁਣ ਦਾਹੜੀ ਵੀ ਹੋ ਗਈ 
ਢਿੱਡ ਸੀ ਜੋ ਕੰਗ੍ਰੋੜ ਨਾਲ ਲਗਦਾ 
ਹੁਣ ਉਹ ਦੀ ਵੀ ਵਾਹਵਾ ਹੋ ਗਈ 

ਮੰਜੇ ਤੇ ਪੈ ਨੀਦ ਨਹੀਂ ਆਉਂਦੀ 
ਤਾਰੇ ਹੁਣ ਮੈਂ  ਗਿਣ ਨੀ  ਸਕਦਾ 
ਦੇਖਣ ਵਾਲੀ ਓਹ ਅੱਖ ਨਾਂ ਰਹਿ ਗਈ 
ਆਹਟਾਂ ਹੁਣ ਮੈਂ ਸੁਣ ਨੀ ਸਕਦਾ 

ਬੱਚਪਨ ਤੋਂ ਜੋ ਨਾਲ ਖੇਡਿਆ 
ਪਤਾ ਨੀਂ ਰੁੱਸਿਆ ਕਿਹੜੀ ਗੱਲੋਂ
ਆਕੜ ਕੇ ਸੀ ਜੋ ਨਿੱਤ ਤੁਰਦਾ   
ਹੁਣ ਨਜ਼ਰਾਂ ਚੱਕਦਾ ਨੀਂ ਥੱਲੋਂ 

ਬੱਚਪਨ ਤੋਂ ਹੁਣ ਤੱਕ ਮੈਂ ਦੇਖੀ 
ਇਸ ਜਿੰਦਗੀ ਦੀ ਅਜਬ ਕਹਾਣੀ 
ਰੱਜੇ ਹੋਏ ਨੂੰ ਇੱਥੇ ਲੱਖ ਸੁਗਾਤਾਂ 
ਪਰ ਲੋੜਵੰਦ ਨੂੰ ਮਿਲਦਾ ਨਾਂ ਪਾਣੀ 

ਆਪ ਜੀ


ਆਪ ਜੀ ਕੌਣ ਹੋ ਕੀ ਕਰਦੇ ਹੋ 
ਬਾਰੇ ਕਹਿਣਾ ਹੈ ਬਹੁਤ ਮੁਸ਼ਕਿਲ
ਪਰ ਮੈਂ ਇਹ ਕਹਿ ਸਕਦਾ ਹਾਂ 
ਕਿ ਆਪ ਜੀ ਹੋ 
ਨਾਰੀਅਲ ਦੇ ਕੱਚੇ ਫ਼ਲ ਵਾਂਗ 
ਜੋ ਹੁੰਦਾ ਹੈ ਉਪਰੋਂ ਤਾਂ ਬਹੁਤ ਸਖ਼ਤ 
ਪਰ ਅੰਦਰੋਂ ਨਰਮ,ਮੁਲਾਇਮ 
ਤੇ ਪਾਣੀ ਨਾਲ ਭਰਿਆ 

ਦੇਖ ਕਿ ਬਾਹਰੀ ਅਕਾਰ 
ਅਕਸਰ ਲੈਂਦੇ ਨੇ ਬਣਾ ਲੋਕੀਂ
ਗਲਤ ਧਾਰਨਾ ਆਪ ਜੀ ਦੇ ਬਾਰੇ 
ਪਰ ਜੋ ਜਾਣਦੇ ਨੇ  
ਨੇੜੇ ਤੋਂ ਆਪ ਜੀ ਨੂੰ   
ਪਤਾ ਹੈ ਉਹਨਾ ਨੂੰ 
ਕਿ ਆਪ ਜੀ ਕਿੰਨੇ ਕੋਮਲ ਦਿਲਵਾਲੇ 
ਤੇ ਯਾਰਾਂ ਦੇ ਯਾਰ ਹੋ 

ਵਹਾਏ ਨੇ ਅੱਥਰੂ ਆਪ ਜੀ ਨੇ 
ਹਮੇਸ਼ਾਂ ਯਾਰਾਂ ਦੇ ਦੁਖਾਂ ਵੇਲੇ 
ਤੇ ਪਾਏ ਨੇ ਭੰਗੜੇ 
ਯਾਰਾਂ ਦੀ ਖੁਸ਼ੀ ਵਿਚ 
ਕੀਤਾ ਹੈ ਹਰੇਕ ਦਾ ਕੰਮ 
ਆਪ ਜੀ ਨੇ ਸਮਝਕੇ ਆਪਣਾ
ਤੇ ਕੀਤਾ ਹੈ ਗੁੱਸਾ ਅਕਸਰ 
ਸਲਾਹ ਨਾਂ ਮੰਨਣ ਤੇ ਵੀ 

ਚਿੜੀਆਂ ਦਾ ਚੰਭਾ, 
ਹੀਰ ਤੇ ਮਿਰਜ਼ਾ 
ਹਨ ਆਪ ਜੀ ਦੀਆਂ 
ਮੰਨ੍ਭੌਦੀਆਂ ਲੋਕ ਗਾਥਾਵਾਂ 
ਤੇ ਗਾਇਆ ਹੈ ਇਹਨਾ ਨੂੰ 
ਆਪ ਜੀ ਨੇ ਹਰੇਕ ਖੁਸ਼ੀ ਦੇ ਮੌਕੇ ਤੇ 

ਲੱਗਦਾ ਹੈ ਪਿਆਰ ਆਪ ਜੀ ਨੂੰ 
ਹੈ ਬਹੁਤ ਮੰਜੇ ਨਾਲ ਵੀ 
ਸ਼ਾਇਦ ਇਸੇ ਕਰਕੇ ਖੇਡਦੇ ਹੋ 
ਅਕਸਰ 
ਕਦੇ ਮੰਜੇ ਦੇ ਉੱਤੇ ਤੇ ਕਦੇ 
ਮੰਜੇ ਦੇ ਥੱਲੇ ਵਾਲੀ ਖੇਡ 

ਮਾਰੀਆਂ ਨੇ ਆਪ ਜੀ ਨੇ 
ਜਿੰਦਗੀ ਚ ਕਈ ਅਨਹੋਣੀਆਂ ਮੱਲਾਂ 
ਤੇ ਦਿੱਤਾ ਹੈ ਹਮੇਸ਼ਾਂ ਰੱਬ ਨੇ 
ਆਪ ਜੀ ਦਾ ਸਾਥ 
ਮਾਣ ਹੈ ਸਾਨੂੰ ਇਸੇ ਕਰਕੇ 
 ਆਪ ਜੀ ਦੀ ਸਮਰਥਾ ਤੇ 

ਮੇਰੀ ਤਾਂ ਹਮੇਸ਼ਾਂ ਅਰਦਾਸ ਹੈ 
ਉਸ ਡਾਢੇ  ਦੇ ਅੱਗੇ 
ਕਿ ਬਖਸ਼ਦਾ ਰਹੇ ਆਪ ਜੀ ਨੂੰ 
ਹਿੰਮਤ, ਖੁਸੀਆਂ ਤੇ ਲੰਬੀ ਉਮਰ 
ਤੇ ਭਰਦੇ ਰਹੀ ਅਸੀਂ ਹਮੇਸ਼ਾਂ 
ਚੁੰਗੀਆਂ ਆਪ ਜੀ ਦੇ ਇਰਦ ਗਿਰਦ 

ਦਰਿਆ


ਲੱਖਾਂ ਮਣ ਭਾਵੇਂ  ਹੋਵੇ ਪਾਣੀ
ਬੇਸ਼ੱਕ ਠਾਠਾਂ ਮਾਰਦਾ ਆਵੇ 
ਜਦ ਤੱਕ ਦੋ  ਕੰਢਿਆਂ ਚ ਨੀ ਵੱਗਦਾ 
ਤਦ ਤੱਕ ਇਹ ਦਰਿਆ ਨਾਂ ਕਹਾਵੇ 

ਨਿੱਕੀਆਂ ਨਿੱਕੀਆਂ ਕੂਲ੍ਹਾਂ ਮਿਲਕੇ
ਛੋਟੇ ਛੋਟੇ ਚੋ ਬਨਾਉਣ 
ਨਾਲੇ ਨਾਲ ਨਦੀਆਂ ਦੇ ਮਿਲਕੇ 
ਕੂਲ੍ਹਾਂ ਦਾ ਪਾਣੀ ਦਰਿਆ ਚ ਪਾਉਣ 

ਉੱਚੇ ਥਾਂ ਤੋਂ ਨੀਵੇਂ ਥਾਂ ਨੂੰ 
ਵਿਚ ਪਹਾੜਾਂ ਦੇ ਇਹ ਭੱਜਦਾ 
ਸੱਪ ਵਾਂਗੂੰ ਵਲ੍ਹ ਖਾਕੇ ਤੁਰਦਾ 
ਜਦ ਇਹ ਵਿਚ ਮੈਦਾਨੀ ਵੱਗਦਾ 

ਆਪਣੇ ਨਾਲ ਪਿਆਰੇ ਮਿਲਣ ਦੀ 
ਇਸ ਨੂੰ ਰਹਿੰਦੀ ਸਦਾ ਹੀ ਚਾਹ 
ਚਾਹੇ ਇਹ ਸਮੁੰਦਰ ਹੋਵੇ 
ਝੀਲ ਹੋਵੇ ਜਾਨ ਫਿਰ ਦਰਿਆ 

ਕਿੰਨਾ ਕੁਝ ਨਿਰਭਰ ਹੈ ਇਸ ਤੇ 
ਜਿਥੋਂ ਦੀ ਦਰਿਆ ਹੈ ਵਗਦਾ 
ਜੇ ਧਰਤੀ ਤੇ ਦਰਿਆ ਨਾਂ ਹੁੰਦੇ 
ਤਾਂ ਫਿਰ ਕੀ ਬਣਦਾ  ਇਸ ਜਗ ਦਾ 

ਇਸ ਵਿਚ ਵਗਦੇ ਨਿਰਮਲ ਜਲ ਦੀ 
ਫਿਰ ਵੀ ਕਿਓਂ ਨੀ ਅਸੀਂ ਇਜ਼ਤ ਕਰਦੇ 
ਧਰਮ, ਤਰੱਕੀ ਦੇ ਨਾਂ ਉੱਤੇ 
ਪ੍ਰਦੂਸ਼ਣ ਨਾਲ ਇਸਨੂੰ ਰਹਿੰਦੇ  ਭਰਦੇ