Friday, 12 October 2012

ਮੇਰਾ ਸਕੂਲ ਜਾਣਾ


ਦਹੀਂ ਨਾਲ ਖਿਲਾਈ ਰੋਟੀ, ਮਾਂ ਮੇਰੀ ਨੇ ਕੋਲ ਸੀ ਖੜਕੇ 
ਦਿਲੋ ਇਕ ਅਸੀਸ ਸੀ ਦਿੱਤੀ, ਪੁੱਤ  ਬਣੂੰਗਾ ਅਫਸਰ ਪੜਕੇ 
ਨਵਾਂ ਝੱਗਾ ਤੇ ਨੰਗੇ ਪੈਰੀਂ, ਹਥ ਵਿਚ ਝੋਲਾ ਬੋਰੀ ਫੜਕੇ 
ਪਹਿਲੀ ਵਾਰ ਸੀ ਗਿਆ ਸਕੂਲੇ, ਮੈਂ ਬਾਪੁ ਦੇ ਮੋਢੇ ਚੜਕੇ 

ਫੁੱਲਿਆ ਨਾਲ ਮੈਂ ਚ ਮਲਾਰਾਂ, ਬੜਿਆ ਵਿਚ ਸਕੂਲੇ ਜਾਕੇ 
ਬਾਪੁ ਮੁੜ ਗਿਆ ਘਰ ਨੂੰ ਵਾਪਿਸ, ਨਾਂ ਮੇਰਾ ਦਰਜ਼ ਸ੍ਕੂਲ ਕਰਾਕੇ 
ਬੈਠ ਗਿਆ ਮੈਂ ਨਾਲ ਦੋਸਤਾਂ, ਵਿਚ ਕਤਾਰ ਬੋਰੀ ਤੇ ਚੜਕੇ 
ਪਹਿਲੀ ਵਾਰ ਸੀ ਗਿਆ ਸਕੂਲੇ, ਮੈਂ ਬਾਪੁ ਦੇ ਮੋਢੇ ਚੜਕੇ 

ਦੇਖ ਮੂਰਤਾਂ ਕਾਇਦੇ ਉਤੋਂ ਊੜਾ ਐੜਾ ਪੜਨਾ ਸਿਖਿਆ 
ਧਰਤੀ ਉਤੇ ਹਥ ਫੇਰਕੇ , ਉਂਗਲ ਨਾਲ ਮੈਂ ਲਿਖਣਾ ਸਿਖਿਆ 
ਸਿਖਿਆ ਪੜਨਾ ਜੋੜ ਕੇ ਅੱਖਰ, ਲਗਾ ਮਾਤਰਾਂ ਨਾਲ ਮੈਂ ਜੜਕੇ
ਪਹਿਲੀ ਵਾਰ ਸੀ ਗਿਆ ਸਕੂਲੇ, ਮੈਂ ਬਾਪੁ ਦੇ ਮੋਢੇ ਚੜਕੇ

ਫੱਟੀ ਉਤੇ ਗਾਚੀ ਮਲਕੇ, ਮਾਂ ਬੋਲੀ ਮੈਂ ਲਿਖਣੀ ਸਿੱਖੀ 
ਸਲੇਟ ਸਲੇਟੀ ਦਾ ਮੇਲ ਕਰਾਕੇ, ਗਣਿਤ ਦੀ ਪਰਿਭਾਸ਼ਾ ਸਿੱਖੀ 
ਇਕ ਦੂਣੀ ਦੂਣੀ, ਦੋ ਦੂਣੀ ਚਾਰ, ਰਟੇ ਪਹਾੜੇ ਲਾਇਨਾ ਚ ਖੜਕੇ 
ਪਹਿਲੀ ਵਾਰ ਸੀ ਗਿਆ ਸਕੂਲੇ, ਮੈਂ ਬਾਪੁ ਦੇ ਮੋਢੇ ਚੜਕੇ

ਘੜਨੀ ਕਿਦਾਂ ਕਲਮ ਕਾਨੇ ਤੋਂ, ਮਾਸਟਰ ਜੀ ਨੇ ਮੈਨੂੰ ਸਿਖਾਈ 
ਤਵੇ ਦੀ ਕਾਲਖ ਗੂੰਦ ਕਿੱਕਰ ਦਾ, ਪਾ ਬੇਬੇ ਨੇ ਸਿਆਹੀ ਬਣਾਈ
ਚਾਵਾਂ ਨਾਲ ਮੈਂ ਫੱਟੀ ਲਿੱਖੀ, ਹਾਥੀ ਕਲਮ ਕਾਨੇ ਦੀ ਘੜਕੇ
ਪਹਿਲੀ ਵਾਰ ਸੀ ਗਿਆ ਸਕੂਲੇ, ਮੈਂ ਬਾਪੁ ਦੇ ਮੋਢੇ ਚੜਕੇ

ਪੜਨ ਚ ਕੋਈ ਕਸਰ ਨਾਂ ਛੱਡੀ, ਰਿਹਾ ਸਦਾ ਕਲਾਸ ਚ ਅਗੇ 
ਕੀਤੀਆਂ ਨਿੱਕੀਆਂ ਸ਼ਰਾਰਤਾਂ ਕਾਰਨ, ਅਕਸਰ ਚਿਤੜਾਂ ਤੇ ਡੰਡੇ ਲੱਗੇ 
ਕਦੇ ਕਦੇ ਅਣਗਹਿਲੀ ਕਾਰਨ, ਮੁਰਗਾ ਬਣਿਆ ਕੰਨ ਪਕੜਕੇ 
ਪਹਿਲੀ ਵਾਰ ਸੀ ਗਿਆ ਸਕੂਲੇ,ਮੈਂ ਬਾਪੁ ਦੇ ਮੋਢੇ ਚੜਕੇ 

ਪੀੜ ਪ੍ਰੌਹਣੀ



ਇਕ ਦਿਨ ਪੀੜ ਪ੍ਰੌਹਣੀ ਬਣਕੇ 
ਸਾਡੇ ਵਿਹੜੇ ਆਕੇ ਬਹਿ ਗਈ  
ਹੱਸਦੇ ਵੱਸਦੇ ਖੇੜੇ ਦੇ ਵਿਚੋਂ
ਖੁਸ਼ੀਆਂ ਸਾਥੋਂ ਖੋਹਕੇ ਲੈ ਗਈ 

ਨਾਂ ਕੁਝ ਪੁਛਿਆ ਨਾਂ ਕੁਝ ਦੱਸਿਆ 
ਦੁਖਾਂ ਦਾ ਚਰਖਾ ਡਾਹਕੇ ਬਹਿ ਗਈ 
ਸੁਖਾਂ ਦੀਆਂ ਜੋ ਅਸੀਂ ਵੱਟੀਆਂ ਪੂਣੀਆ
ਬੋਹੀਏ ਦੇ ਵਿਚ ਪਾਕੇ ਬਹਿ ਗਈ 

ਕੱਸਕੇ  ਢਿੱਲੀ ਮਾਲ੍ਹ ਨੂੰ ਪਹਿਲਾਂ 
ਤੱਕਲੇ ਦੇ ਵੱਲ ਕੱਢਣ ਲੱਗ ਪਈ
ਚਰਖੇ ਨੂੰ  ਓਹ ਦੇਕੇ ਗੇੜਾ 
ਤੰਦ ਗਮਾਂ ਦੇ ਕੱਡਣ ਲੱਗ ਪਈ 

ਖੇੜੇ  ਦੇ ਵਿਚ ਜੋ ਸਨ ਖੁਸ਼ੀਆਂ 
ਹੋਲੀ ਹੋਲੀ ਉੱਡਣ ਲੱਗੀਆਂ 
ਜੁੰਡੀ  ਦੇ ਜੋ ਯਾਰ ਕਹਾਉਂਦੇ 
ਮਾਰਨ ਲੱਗ ਪਏ ਫਿਰ ਠੱਗੀਆਂ 

ਕਾਰੋਬਾਰ ਵੀ ਬੰਦ ਹੋ ਗਏ
ਆ ਗਈ ਨਾਲੇ ਪੈਸੇ ਦੀ ਤੰਗੀ 
ਪਤਾ ਨਹੀ ਕਾਹਤੋਂ  ਮੁੰਹ ਫੇਰ ਗਏ 
ਓਹ ਰਿਸ਼ਤੇਦਾਰ ਤੇ ਬੇਲੀ ਸੰਗੀ 

ਇਸੇ ਸਾੜਸਤੀ ਦੇ ਅੰਦਰ 
ਪਿਆਰੀ ਮਾਂ ਮੇਰੀ ਮੈਨੂੰ  ਛੱਡ ਗਈ 
ਜੋ ਮੇਰਾ ਨਿੱਤ ਸਹਾਰਾ ਬਣਦੀ
ਉਸ ਘਰਵਾਲੀ ਦੇ ਸੱਟ ਵੱਜ ਗਈ 

ਫਿਰ ਵੀ ਉਸ ਹਿੰਮਤ ਨਾਂ ਹਾਰੀ
ਡਿੱਗਦੇ ਨੂੰ ਆਪਣਾ ਹਥ ਫੜਾਇਆ 
ਬਾਪੂ ਮੈਨੂੰ  ਦਿੱਤਾ ਹੌਸਲਾ 
ਪੁਤਰਾਂ ਮੋਢੇ ਨਾਲ ਮੋਢਾ ਲਾਇਆ 
ਦੇਕੇ ਸਾਥ ਅਣਮੁਲੇ ਦੋਸਤਾਂ  
ਮੈਂਨੂੰ  ਮੇਰੇ  ਪੈਰਾਂ ਤੇ ਖੜਾਇਆ 
ਸਾਰਿਆ ਅਸੀਂ ਕੱਠੇ ਹੋਕੇ 
ਪੀੜ ਪ੍ਰੌਹਣੀ ਨੂੰ ਘਰੋਂ ਭਜਾਇਆ 

Friday, 5 October 2012

ਲੁਕਣਮੀਚੀ

ਪਿੰਡ ਦੇ ਬੱਚੇ ਕੱਠੇ ਹੋਕੇ, ਸ਼ਾਮੀ ਖੇਲਦੇ ਲੁਕਣਮੀਚੀ
ਕਿੱਥੇ ਲੁਕਣਾ ਕਿੱਥੇ ਛੁਪਣਾ, ਕਦੇ ਕਿਸੇ ਪ੍ਰੀਵਾਹ ਨੀ ਕੀਤੀ 

ਕਿਹੜਾ ਘਰ ਹੈ ਕੌਣ ਹੈ ਘਰ ਵਿਚ, ਕਦੇ ਕਿਸੇ ਦੇ ਧਿਆਂਨ ਨਹੀਂ ਆਇਆ 
ਅੰਮਾ, ਭਾਬੀ, ਚਾਚੀ ਤਾਈ, ਬਾਬਾ ਵੀਰਾ ਚਾਚਾ ਜਾਂ ਫਿਰ ਤਾਇਆ 

ਲੁੱਕ ਜਾਂਦੇ ਜਾ ਵਿਚ ਸ੍ਬਾਤਾਂ, ਜਾਣ ਫਿਰ ਦਾਣਿਆਂ ਵਾਲੇ ਅੰਦਰ
ਖੁਰਲੀਆਂ ਦੇ ਵਿਚ ਡੰਗਰਾਂ ਮੁਹਰੇ, ਜਾਣ ਫਿਰ ਤੂੜੀ ਵਾਲੇ ਅੰਦਰ 

ਰੋਜ ਘਰਾਂ ਵਿਚ ਜਾ ਅਸੀਂ ਵੜਦੇ, ਕਦੇ ਕਿਸੇ ਨਾਂ ਬੁਰਾ ਮਨਾਇਆ 
ਘਰ ਵਾਲਿਆ ਨੇ ਅਗੇ ਹੋਕੇ, ਅਕਸਰ ਸਾਨੂੰ ਘਰ ਚ ਛੁਪਾਇਆ

ਚੂਹੇ  ਬਿੱਲੀਆ ਤੇ ਸੱਪਾਂ ਦਾ, ਕਦੇ ਨਾਂ ਮਨ ਵਿਚ ਡਰ ਕੋਈ ਆਇਆ 
ਓਨੀ ਦੇਰ ਤਕ਼ ਖੇਡਦੇ ਰਹਿੰਦੇ, ਜਦ ਤਕ਼ ਬੁਲਾਵਾ ਨਾਂ ਘਰ ਤੋਂ ਆਇਆ 

ਹੁਣ ਜਦ ਵੀ ਮੈਂ ਪਿੰਡ ਚ ਜਾਨਾ, ਲੁਕਣਮੀਚੀ ਕੋਏ ਨੇ ਖੇਲੇ 
ਕੌਮ੍ਪ੍ਯੁਟਰ, ਫੋਨ ਜਾਂ ਟੀਵੀ ਅੱਗੇ, ਮਿਲਦੇ ਬੈਠੇ ਸਾਰੇ ਵੇਹਲੇ 

ਪਹਿਲਾਂ ਵਾਂਗੂੰ  ਘਰ ਨੀ ਖੁੱਲੇ, ਨਾਂ ਹੀ ਬੱਚੇ ਹੁਣ ਬੱਚੇ ਰਹਿ ਗਏ 
ਆਪੋ ਧਾਪੀ ਦੇ ਚਕਰਾਂ ਵਿਚ, ਸਾਡੇ ਸੰਸਕਾਰ ਢੇਰੀ ਢਹਿ ਗਏ 

ਬਦਲਆ ਦੇ ਨਾਲ ਹੈ ਹੋਈ ਤਰੱਕੀ, ਮੰਨਿਆ ਬਦਲਆ ਹੈ ਬਹੁਤ ਜ਼ਰੂਰੀ
ਪਰ ਕਿਓਂ ਇਸ ਤਰੱਕੀ ਖਾਤਿਰ ਰਿਸ਼ਤਿਆਂ ਵਿਚ ਅਸੀਂ ਵਧਾ ਲਈ ਦੂਰੀ

ਤੇਰਾ ਮਿਲਣਾ


ਜਿੰਦਗੀ ਬਣ ਗਈ ਸੀ ਮਜਬੂਰੀ
ਓਹਦੇ ਚਲੇ ਜਾਣੇ  ਤੋਂ  ਬਾਦ 
ਖਿੜ ਗਿਆ ਫੇਰ ਓਹ ਗੁਲਸਤਾਂ  ਮੇਰਾ 
ਤੇਰੇ ਆ ਜਾਣੇ  ਤੋਂ ਬਾਦ

ਤੈਨੂੰ  ਲਗਦਾ ਮੈਂ ਹੁਣ ਵੀ ਪੂਜਦਾਂ
ਉਸਨੂੰ  ਦਫਨਾਣੇ  ਤੋਂ ਬਾਦ
ਮੇਰੇ ਦਿਲ ਵਿਚ ਸਿਰਫ ਇਕ ਹੀ ਮੂਰਤ 
ਤੇਰੇ ਮਿਲ ਜਾਣੇ ਤੋਂ ਬਾਦ 

ਚਾਹੇ ਤੈਨੂੰ ਕੁਝ ਭੀ ਲੱਗੇ
ਮੇਰੇ ਪਿਆਰ ਜਤਾਓਣੇ  ਤੋਂ ਬਾਦ
ਹੋ ਗਏ ਦਿਲ ਦੇ ਬੰਦ ਦਰਵਾਜੇ 
ਤੇਰੇ ਅੰਦਰ ਆਓਣੇ ਤੋਂ ਬਾਦ 

ਨੋਕ ਝੋਕ ਜਿੰਦਗੀ ਦਾ ਹਿੱਸਾ
ਸ਼ਾਦੀ ਹੋ ਜਾਣੇ ਤੋਂ ਬਾਦ
ਸ਼ੱਕ ਕਦੇ ਨਾਂ ਮਨ ਵਿਚ ਆਈ 
ਤੈਨੂੰ  ਅਪਨਾਣੇ ਤੋਂ ਬਾਦ  

ਕਈ ਵਾਰ ਕੁਝ ਬੋਲ ਦਿੰਦਾ ਹਾਂ
ਗੁੱਸਾ ਆ ਜਾਣੇ  ਤੋਂ ਬਾਦ 
ਸਮਝ ਨਹੀ ਲਗਦੀ ਕੀ ਕਰਾਂ ਮੈਂ 
ਤੇਰੇ ਰੁੱਸ ਜਾਣੇ ਤੋ ਬਾਦ

ਕਈ ਦਿਨਾਂ ਤੱਕ ਗੁੰਮ  ਸੁੰਮ  ਰਹਿਨਾ
ਤੈਨੂੰ  ਕੁਝ ਕਹਿ ਜਾਣੇ ਤੋਂ ਬਾਦ 
ਛੱਡ ਨਹੀ ਸਕਿਆ ਆਪਣੀ ਇਹ ਆਦਤ 
ਲੱਖ ਤੇਰੇ ਸਮਝਾਣੇ ਤੋਂ ਬਾਦ 

ਨਾਂ ਪੁਛਿਆ ਕਰ ਮੁੜ ਮੁੜ ਤੂੰਹੀ
ਇਕ ਬਾਰ ਬਤਾਣੇ  ਤੋਂ ਬਾਦ 
ਜਖ੍ਮ ਕੁਰੇਦਨ ਦਾ ਕੋਈ ਨੀ ਫਾਇਦਾ 
ਨਾਸੂਰ ਆ ਜਾਣੇ ਤੋਂ ਬਾਦ 

ਤੂੰ ਚਾਹੇ ਮੰਨੇ ਨਾਂ ਮੰਨੇ 
ਮੇਰੇ  ਇਹ ਕਹਿ ਜਾਣੇ ਤੋਂ ਬਾਦ 
ਜਿੰਦਾ ਇਕ ਪਲ ਰਹਿ ਨਹੀਂ ਸਕੂੰਗਾ
ਤੇਰੇ ਚਲੇ ਜਾਣੇ ਤੋਂ ਬਾਦ 

Friday, 28 September 2012

ਜ਼ਖਮ


ਮੇਰੇ ਦਿਲ ਤੇ ਜ਼ਖਮ ਜੋ ਲੱਗਦੇ 
ਕਦੇ ਕਿਸੇ ਨੂੰ ਨਹੀਂ ਓਹ ਦਿਸਦੇ 
ਮੂੰਹ ਫੁੱਟ ਫੋੜੇ ਵਾਂਗੂੰ ਓਹ ਤਾਂ 
ਅਕਸਰ ਮੇਰੇ ਅੰਦਰ ਹੀ  ਰਿਸਦੇ 

ਜਦ ਕਦੇ ਵੀ ਇਹ ਜਾਣ ਨਸੂਰੇ
ਆ ਕੋਈ ਇਹਨਾ ਨੂੰ ਕਰੇਦ ਹੀ ਦਿੰਦਾ 
ਅਕਸਰ ਗਮ ਵੰਡਾਉਣ  ਦਾ ਕਹਿਕੇ 
ਤੰਦ ਪੀੜ ਓਹ ਛੇੜ ਹੀ ਦਿੰਦਾ 

ਹਰ ਕੋਈ ਚਾਹੁੰਦਾ ਮੈਂ ਓਹਦੇ ਦਰਦ ਨੂੰ ਜਾਣਾ 
ਹਰ ਉਠਦੀ ਓਹਦੀ ਚੀਸ ਪਛਾਣਾ
ਲਾਵਾਂ ਮਲ੍ਹਮ ਓਹਦੇ ਜਖਮਾਂ ਉੱਤੇ 
ਵਾਂਗ ਧਨੰਤਰ ਬਣ ਵੈਦ ਸਿਆਣਾ 

ਸਭ ਦੇ ਜ਼ਖਮ ਮੇਰੇ ਤੋ ਵੱਡੇ 
ਕੱਚੇ ਰਿਸਦੇ ਅਤੇ ਅਲੂਣੇ
ਕਰਾਂ ਪੱਟੀਆਂ ਸਾਫ਼ ਮੈ ਕਰਕੇ 
ਧੋਕੇ ਪਾਣੀ ਨਾਲ ਸਲੂਣੇ 

ਸਖਤ ਦਿਖਾਂ ਮੈਂ ਬਾਹਰੋਂ ਸਭ ਨੂੰ 
ਵਾਂਗੂੰ ਕੱਚੇ ਨਾਰੀਅਲ ਫਲ ਦੇ 
ਅੰਦਰ ਮੇਰੇ ਕੋਈ ਨਾਂ ਜਾਣੇ 
ਕਿਨੇ ਖੂਨੀ ਦਰਿਆ ਨੇ ਚਲਦੇ 

ਬੱਸ ਇਕ ਆਸ ਤੇ ਜੀ ਰਿਹਾ ਮੈਂ 
ਕਿ ਇਕ ਦਿਨ ਐਸਾ ਆਏਗਾ 
ਮੇਰੇ ਜ਼ਖਮਾ ਨੂੰ ਆਪਣਾ ਸਮਝ ਕੇ
ਕੋਈ ਤਾਂ ਮਲ੍ਹਮ ਲਾਏਗਾ 

Saturday, 22 September 2012

ਪਿਆਰੇ ਨਾਲ ਮੇਲ


ਮੈਂ ਇਥੇ ਓਹ ਦੂਰ ਖੜਾ ਸੀ  ਸਾਡੇ ਦੋਨਾ ਚ ਫਰਕ਼ ਬੜਾ ਸੀ 
ਵਿਚ ਦਰਿਆ ਦਾ ਇਕ ਪੜਾ ਸੀ ਹਥ ਮੇਰੇ ਵਿਚ ਕੱਚਾ ਘੜਾ ਸੀ 

ਪਿਆਰ ਦਾ ਕਿੰਝ ਇਕਰਾਰ ਕਰਾਂਗਾ  ਕਿੰਝ ਦਰਿਆ ਨੂੰ ਪਾਰ ਕਰਾਂਗਾ 
ਕੱਚੇ ਘੜੇ ਸੰਗ ਕਿੰਝ ਤਰਾਂਗਾ ਕੀ ਮੈਂ ਅਧ ਵਿਚਕਾਰ ਮਰਾਂਗਾ 

ਦਰਿਆ ਦਾ ਪਾਣੀ ਅੱਗੇ ਬਹਿ ਗਿਆ  ਜਾਂਦਾ ਹੋ ਗਿਆ ਇਕ ਗੱਲ ਕਹਿ ਗਿਆ 
ਆਫਤ ਦੇਖਕੇ ਜੇ ਤੂੰ  ਸਹਿ ਗਿਆਂ  ਪਿਆਰ ਦੇ ਵਿਚ ਫਿਰ ਝੂਠਾ ਪੈ ਗਿਆਂ 

ਪਾਣੀ ਦੀ ਗੱਲ ਦਿਲ ਨੂੰ ਜੱਚੀ ਮਨ ਵਿਚ ਇਕ ਤਰਥੱਲੀ ਮੱਚੀ
ਜੇ ਕਰਦਾਂ ਮੁਹਬਤ ਸੱਚੀ ਫਿਰ ਕਿਓਂ ਨੀ ਬਣ ਜਾਂਦਾ ਹੁਣ ਮੱਛੀ 

ਹਿੰਮਤ ਕਰ ਪਾਣੀ ਵਿਚ ਠਿੱਲ ਗਿਆ  ਕੱਚਾ ਘੜਾ ਪਾਣੀ ਨਾਲ ਸਿੱਲ ਗਿਆ 
ਮੇਰਾ ਸਾਰਾ ਸੰਤੁਲਨ ਹਿੱਲ ਗਿਆ  ਡੁੱਬ  ਕੇ ਮੈਂ ਜਾ  ਯਾਰ ਨੂੰ ਮਿਲ ਗਿਆ 

ਯਾਰ ਨਾਲ ਜੋ ਪਲ ਬਿਤਾਏ ਭੁੱਲੇ  ਨਾਂ ਜਾਣ ਓਹ ਕਦੇ ਭੁਲਾਏ
ਮਨ ਦੇ ਕੈਨਵਾਸ ਜੋ ਓਹਦੇ ਅਕਸ ਬਣਾਏ ਕਵਿਤਾ ਵਿਚ ਨਾਂ ਜਾਣ ਦਰਸਾਏ  

Monday, 2 July 2012

ਡਰ

ਦਿਲ ਕਰਦਾ ਮੈਂ ਮਾਰ ਉਡਾਰੀ
ਛੂਹ ਲਾਂ ਉਸਨੀਲੇ ਅਸਮਾਨ ਨੂੰ
ਡਰਦਾਂ ਹਾਂ ਕਿਤੇ ਗੁਆ ਨਾਂ ਦੇਵਾਂ
ਇਹ ਕਰਕੇ ਆਪਣੀ ਪਹਿਚਾਨ ਨੂੰ
ਪੈਰ ਇਕ ਵਾਰੀ ਜੇ ਧਰਤੀ ਤੋਂ ਚੁੱਕ੍ਲੇ
ਲੋਕਾਂ ਮੁੜ ਥੱਲੇ ਲੱਗਣ ਨੀ ਦੇਣੇ
ਅਧ ਵਿਚਕਾਰੇ ਰਹੂੰ ਲਟਕਦਾ
ਖੁਸੀ ਦੇ ਦੀਵੇ ਜਗਣ ਨੇ ਦੇਣੇ
ਕੀ ਇਸ ਡਰ ਦੇ ਮਾਰੇ ਹੀ ਮੈਂ
ਵਧ ਨਹੀਂ ਸਕਦਾ ਕਦੇ ਵੀ ਅੱਗੇ
ਕਾਵਾਂ ਕੁੱਤਿਆ ਦੇ ਕਹਿਣ ਮੁਤਾਬਿਕ
ਦੱਸ ਕੱਦ ਮਰਦੇ ਜੱਟਾਂ ਦੇ ਢੱਗੇ
ਕਿਓਂ ਕਰਾਂ ਪ੍ਰਵਾਹ ਕਿਸੇ ਦੀ
ਆਪਣੀ ਮਰਜੀ ਹੁਣ ਕਰਾਂ ਮੈਂ
ਮਰਦੇ ਨੂੰ ਜਿਨ੍ਹ ਪਾਣੀ ਨੀ ਦੇਣਾ
ਉਹਨਾ ਤੋ ਹੁਣ ਕਿਓਂ ਡਰਾਂ ਮੈਂ
ਆਪਣੇ ਆਪ ਤੇ ਕਰ ਭਰੋਸਾ
ਪਹਿਲਾ ਕਦਮ ਮੈਂ ਅੱਜ ਹੀ ਪੁੱਟਾਂ
ਕੀ ਕਹਿਣਗੇ ਲੋਕੀਂ ਸਾਰੇ
ਇਸ ਡਰ ਨੂੰ ਮੈਂ ਪਾਸੇ ਸੁੱਟਾਂ
ਆਪਣੇ ਨਾਲ ਪਿਆਰਿਆਂ ਰਲਕੇ
ਆਪਣੀ ਹੀ ਇਕ ਦੁਨੀਆ ਸਜਾਵਾਂ
ਨਚ ਖੇਡ ਕੇ ਨਾਲ ਖੁਸ਼ੀ ਦੇ
ਜਿੰਦਗੀ ਦਾ ਇਹ ਸਫਰ ਮੁਕਾਵਾਂ

Wednesday, 27 June 2012

ਗੀਤ

ਪੈਣ ਗਲ੍ਹਾਂ ਵਿਚ ਟੋਏ, ਠੋਡੀ ਉਤੇ ਤਿੱਲ ਕਾਲਾ
ਲੰਬੀ ਧੌਣ ਸੁਰਾਹੀ, ਗਲ ਮੋਤੀਆਂ ਦੀ ਮਾਲਾ
ਕੋਕਾ ਨੱਕ ਦਾ ਮਾਰੇ ਲਿਸ਼ਕਾਰੇ
ਮਿੱਤਰਾਂ ਦਾ ਦਿਲ ਲੁਟ ਕੇ
ਕਿਥੇ ਤੁਰ ਗਈ ਸੁਨ੍ਖੀਏ ਨਾਰੇ ...

ਪਾਵੇਂ ਕੁੜਤੀ ਤੋ ਵ੍ਖੀਆਂ ਤੋਂ ਤੰਗ ਨੀ
ਸੁਚੇ ਮੋਟੀਆਂ ਤੋ ਚਿੱਟੇ ਤੇਰੇ ਦੰਦ ਨੀ
ਤੇਰੀ ਚੁੰਨੀ ਤੇ ਚਮਕਦੇ ਤਾਰੇ
ਮਿੱਤਰਾਂ ਦਾ ਦਿਲ ਲੁਟ ਕੇ
ਕਿਥੇ ਤੁਰ ਗਈ ਸੁਨ੍ਖੀਏ ਨਾਰੇ ...

ਪਾਇਆ ਘੱਗਰਾ ਸੂਫ਼ ਦਾ ਕਾਲਾ
ਵਿਚ ਸੁੱਚੇ ਨੀ ਰੇਸ਼ਮ ਦਾ ਨਾਲਾ
ਗੁੱਤ ਨਾਗਣੀ ਮਾਰੇ ਫੁੰਕਾਰੇ
ਮਿੱਤਰਾਂ ਦਾ ਦਿਲ ਲੁਟ ਕੇ
ਕਿਥੇ ਤੁਰ ਗਈ ਸੁਨ੍ਖੀਏ ਨਾਰੇ ...

ਪੈਰੀਂ ਪਾਵੇਂ ਤੂੰ ਜੁੱਤੀ ਤਿਲੇਦਾਰ ਨੀ
ਤਕ਼ ਵੱਲ ਸਾਡੇ ਨਾਲ ਕਦੇ ਪਿਆਰ ਨੀ
ਤੇਰੀ ਤੋਰ ਤੇ ਮਰਨ ਮੁੰਡੇ ਸਾਰੇ
ਮਿੱਤਰਾਂ ਦਾ ਦਿਲ ਲੁਟ ਕੇ
ਕਿਥੇ ਤੁਰ ਗਈ ਸੁਨ੍ਖੀਏ ਨਾਰੇ ...

Friday, 15 June 2012

ਬਦਲਾਅ ਪਿੰਡ ਦਾ


ਕੀ ਬਦਲਾਅ ਜਰੂਰੀ ਹੈ
ਜਾਂ ਫਿਰ ਇਹ ਸਾਡੀ ਮਜਬੂਰੀ ਹੈ

ਜਦ ਪਿਛੇ ਮੁੜ ਕੇ ਵੇਖਦਾਂ ਹਾਂ
ਯਾਦਾਂ ਦੇ ਧੁੰਦਲੇ ਸਾਇਆਂ ਚੋਂ
ਯਾਦ ਪਿੰਡ ਮੁਹਰੇ ਆਉਂਦੀ ਹੈ
ਪਲ ਜਿੰਦਗੀ ਦੇ ਬਿਤਾਇਆਂ ਚੋਂ
ਰੂਹ ਚੋਂ ਸੁਆਲ ਇਹੀ ਉਠਦਾ ਹੈ
ਕਿਥੇ ਗੁਮ ਗਈ ਮਾਂ ਦੀ ਚੂਰੀ ਹੈ

ਕਿੰਨਾ ਕੁਝ ਇਥੇ ਬਦਲ ਗਿਆ
ਜਿਸ ਦਿਨ ਤੋ ਹੋਸ਼ ਸੰਭਾਲੀ ਹੈ
ਨਾਂ ਓਹ ਗਾਰੇ ਮਿੱਟੀ ਦਾ ਘਰ ਰਿਹਾ
ਨਾਂ ਓਹ ਘਰ ਨੂੰ ਸਾਂਭਣ ਵਾਲੀ ਹੈ
ਨਾਂ ਹੁਣ ਕੱਚੇ ਕੋਠੇ ਚੋਂਦੇ ਨੇ
ਨਾਂ ਲਿੱਪਣਾ ਕੋਈ ਜਰੂਰੀ ਹੈ

ਮੱਕੀ ਦੇ ਟਾਂਡੇ ਦਿਖਦੇ ਨੀ
ਜਿਥੇ ਦੇਖੋ ਉਥੇ ਪਰਾਲੀ ਹੈ
ਨਾਂ ਪਿੜਾਂ ਦੇ ਵਿਚ ਬੋਹਲ ਰਹੇ
ਕੋਠਾ ਨੀਰੇ ਵਾਲਾ ਖਾਲੀ ਹੈ
ਨਾਂ ਓਹ ਲੋਕ ਰਹੇ ਨਾਂ ਪਿਆਰ ਰਿਹਾ
ਬਸ ਮਨਾ ਚ ਵਧ ਗਈ ਦੂਰੀ ਹੈ

ਨਾਂ ਕੁਤਰਨ ਵਾਲੇ ਪਠਿਆਂ ਦੇ
ਅਜ ਕੱਲ ਮੁਹਾਰੇ ਲਗਦੇ ਨੇ
ਨਾਂ ਪਾਥੀਆਂ ਕੋਈ ਪਥਦਾ ਹੈ
ਨਾਂ ਹੀ ਗੁਹਾਰੇ ਲਗਦੇ ਨੇ
ਨਾਂ ਕਿੱਲਿਆਂ ਉਤੇ ਮਝਾਂ ਨੇ
ਨਾਂ ਪਾਲੀ ਹੁਣ ਜਰੂਰੀ ਹੈ

ਨਾਂ ਕਾੜਨੀਂ ਦੇ ਵਿਚ ਦੁਧ ਕਿਤੇ
ਨਾਂ ਦੁਧ ਨੂੰ ਰਿੜਕਣ ਵਾਲੀ ਹੈ
ਨਾਂ ਸੰਨ੍ਹੀ ਕਰਨ ਦੀ ਲੋੜ ਪੈਂਦੀ
ਨਾਂ ਧਾਰ ਕਢਣ ਦੀ ਕਾਹਲੀ ਹੈ
ਨਾਂ ਮਝਾਂ ਟੋਭੇ ਨ੍ਹਾਉਂਦੀਆਂ ਨੇ
ਨਾਂ ਚਾਰਨ ਦੀ ਮਜਬੂਰੀ ਹੈ

ਨਾਂ ਗੱਡਾ ਰਿਹਾ ਨਾਂ ਹਲਟ ਰਹੇ
ਨਾਂ ਬਲਦਾਂ ਗਲ ਪੰਜਾਲੀ ਹੁਣ
ਘਿਰਲੀ ਸੁਹਾਗਾ ਨਹੀ ਲਭਦਾ
ਨਾਂ ਕੈਲੇ ਵਰਗਾ ਹਾਲੀ ਹੁਣ
ਟਰੈਕਟਰ ਟਰਾਲੀ ਚੱਲਦੇ ਨੇ
ਨਾ ਖੇਤਾਂ ਦੇ ਵਿਚ ਦੂਰੀ ਹੈ

ਨਾਂ ਲੀਹਾਂ ਨੇ ਨਾਂ ਪਹੀਆਂ ਨੇ
ਨਾਂ ਖੁਰਪੇ ਦਾਤੀਆਂ ਕਹੀਆਂ ਨੇ
ਨਾਂ ਸਲੰਘ ਤਰਿੰਗਲੀ ਲਭਦੇ ਨੇ
ਨਾਂ ਸੇਠਾਂ ਦੇ ਕੋਲ ਵਹੀਆਂ ਨੇ
ਬੈੰਕਾਂ ਦਾ ਕਰਜਾ ਹਰ ਸਿਰ ਤੇ
ਨਾਂ ਮੋਢਿਆਂ ਉਤੇ ਭੂਰੀ ਹੈ

ਭਾਵੇਂ ਸਭ ਕੁਝ ਬਦਲ ਗਿਆ
ਤੇ ਇਹ ਬਦਲਾਅ ਜਰੂਰੀ ਹੈ
ਇਕੱਠੇ ਖੇੜੇ ਪਰਿਵਾਰ ਬਿਨਾ
ਕੀ ਸਾਡੀ ਹੋਂਦ ਇਹ ਪੂਰੀ ਹੈ
ਤੇ ਪਿਆਰ ਦਾ ਗਲ ਘੁਟਣਾ ਵੀ
ਕਿਓਂ ਬਣ ਗਈ ਸਾਡੀ ਮਜਬੂਰੀ ਹੈ

Wednesday, 13 June 2012

ਮੇਰਾ ਪਿਆਰ

ਜਿਦਾਂ ਪੱਥਰਾਂ ਦੇ ਵਿਚ ਓਹਨੇ ਪਾਣੀ ਭਰਿਆ
ਏਦਾਂ ਦਿਲ ਵਿਚ ਮੇਰੇ ਤੇਰਾ ਪਿਆਰ ਭਰਿਆ
ਕਦੇ ਥੋੜਾ ਕਦੇ ਬਹੁਤਾ ਪਰ ਮੁੱਕਣ ਨਾਂ ਦਿਤਾ
ਭਾਵੇਂ ਤੈਨੂੰ ਇਹ ਕਦੇ ਨੀ ਇਜਹਾਰ ਕਰਿਆ 

ਬਹਿ ਪੱਥਰਾਂ ਤੇ  ਵੇਖਦਾਂ ਸਾਂ ਪਾਣੀ ਵਾਲੇ ਰੰਗ 
ਅਜੇ ਤੱਕ ਵੀ ਹੈ ਯਾਦ ਪਹਿਲੀ ਮਿਲਣੀ ਦੀ ਸੰਗ 
ਰਿਹਾ ਤੱਕਦਾ ਮੈਂ ਤੈਨੂੰ ਨਿੱਤ  ਲੁਕ ਸ਼ਿੱਪ ਕੇ
 ਪਰ ਟੁੱਟਣ ਨਾਂ ਦਿੱਤੀ ਕਦੇ  ਪਿਆਰ ਵਾਲੀ ਤੰਦ 

 
ਭਟਕਦਾ ਸਾਂ ਵਿਚ ਮੰਜ੍ਧਾਰ ਜਦ ਮਿਲਿਆ ਸੀ ਤੈਨੂੰ 
ਧੁੰਦਲੇ ਛਾਇਆਂ ਦੇ  ਵਿਚੋਂ  ਕੁਝ  ਦਿੱਸਿਆ ਸੀ ਮੈਨੂੰ 
ਤੇਰੀ  ਇਕ ਤੱਕਣੀ ਤੇ  ਵਿਹੜਾ ਮਨ ਦਾ ਸੀ ਖਿਲਿਆ
ਜਿਹੜਾ  ਲਭਦਾ  ਨਹੀਂ ਸੀ ਕਿਨਾਰਾ ਮਿਲਿਆ ਸੀ ਮੈਨੂੰ 

ਆਪਣੇ ਪਿਆਰ ਦੇ ਰਸਤੇ ਚ ਕਈ  ਅੜਕਣਾ ਵੀ ਆਈਆਂ 
ਪਾਸੇ ਕਰਨ ਦੀਆਂ ਕੱਠੇ ਬਹਿ ਵਿਉਂਤਾ ਵੀ ਬਣਾਈਆਂ 
ਜਾਵਾਂ ਸਦਕੇ ਮੈਂ ਯਾਰਾਂ ਜਿਹਨਾ ਪਿਛੋਂ ਧੱਕਾ ਲਾਇਆ 
ਅਹਿਸਾਨ  ਕਿੰਝ ਮੈਂ  ਭੁੱਲਾਵਾਂ  ਜਿਹਨਾ ਜੋੜੀਆਂ ਬਣਾਈਆਂ 

Monday, 28 May 2012

ਅਣਜੰਮੀ ਦੀ ਪੁਕਾਰ

ਮੈਂ ਅਣਜੰਮੀ ਜਾਨ ਨੀ ਦਾਦੀ
ਤੇਰੇ ਘਰ ਦੀ ਸ਼ਾਨ ਨੀ ਦਾਦੀ
ਕਿਓਂ ਮੈਨੂੰ ਤੂੰ ਘਿਰਨਾ ਕਰਦੀ
ਮੈਂ ਤੇਰੀ ਪਹਿਚਾਨ ਨੀ ਦਾਦੀ
ਤੇਰੇ ਨਾਲ ਜੇ ਇਹੀ ਹੁੰਦਾ
ਤੂੰ ਕਿੰਝ ਬਣਦੀ ਇਨਸਾਨ ਨੀ ਦਾਦੀ
ਮੇਰੀ ਹੋਂਦ ਮਿਟਾਵਣ ਵਾਲਾ
ਵਾਪਿਸ ਲੈ ਫੁਰਮਾਨ ਨੀ ਦਾਦੀ

ਮਾਂ ਦੇ ਦਰਦ ਨੂੰ ਸਹਿਣ ਕਰੇਂਗਾ
ਬੇਦਰਦੀ ਬਣ ਤੂੰ ਵੇ ਬਾਪੂ
ਇਕ ਪੁੱਤ ਦੀ ਚਾਹਿਤ ਖਾਤਿਰ
ਧੀਆਂ ਮਾਰੇਂਗਾ ਤੂੰ  ਵੇ ਬਾਪੂ
ਪੁੱਤ ਜੇ ਤੈਨੂੰ ਮਿਲ ਵੀ ਗਿਆ
ਫੇਰ ਕਿਥੋਂ ਲ੍ਭੇਂਗਾ ਨੂੰਹ ਵੇ ਬਾਪੂ
ਬੰਸ ਤਾਂ ਤੇਰਾ ਫਿਰ ਵੀ ਨੀਂ ਚਲਨਾ
ਗੱਲ ਤਾਂ ਜਿਓਂ ਦੀ ਤਿਓਂ ਵੇ ਬਾਪੂ

ਓਹ ਡਾਕਟਰ ਜੀਵਨ ਦੇ ਦਾਤੇ
ਕਿਓਂ ਆਪਣੀ ਰਾਹ ਤੋਂ ਭਟਕ ਗਿਆ ਤੂੰ
ਮੇਰੀ ਹੋਂਦ ਦੇ ਰਸਤੇ ਦੇ ਵਿਚ
ਰੋੜਾ ਬਣ ਕਿਓਂ ਅਟਕ ਗਿਆ ਤੂੰ
ਪੈਸੇ ਦੇ ਲਾਲਚ ਵਿਚ ਆਕੇ
ਇੰਨਾਂ ਕਾਹਤੋਂ ਸਟਕ ਗਿਆ ਤੂੰ
ਮੈਨੂੰ ਜਮਣ ਤੋਂ ਪਹਿਲਾਂ ਹੀ
ਮਾਂ ਦੀ ਕੁਖ ਚ ਝਟਕ ਗਿਆ ਤੂੰ

ਉਸ ਦੇ ਦੁੱਖ ਨੂੰ ਕਿਸੇ ਨਾਂ ਜਾਣਿਆ
ਕੀਤਾ ਕਤਲ ਜਦ ਮਾਂ ਦੀ ਕੁੱਖ ਦਾ
ਕਿਸੇ ਦੀ ਮਮਤਾ ਨੂੰ ਕਤਲ ਕਰਨਾ
ਇਹ ਕੰਮ ਹੈ ਨੀ ਕਿਸੇ ਮਨੁੱਖ ਦਾ
ਕਿਦਾਂ ਪੋਤਾ ਓਹ ਦਾਦੀ ਨੂੰ ਦੇਵੇ
ਕੀ ਕਰੇ ਬਾਪੂ ਦੀ ਭੁਖ ਦਾ
ਕੱਢਿਆ ਸਭ ਨੇ ਗਲਤ ਮਤੱਲਬ
ਇਸ ਦੁਖਾਂ ਮਾਰੀ ਦੀ ਚੁੱਪ ਦਾ

ਐ ਦੁਨੀਆ ਦੇ ਲੋਕੋ ਸੁਣ੍ਲੋ
ਇਕ  ਅਣਜੰਮੀ ਥੋਨੂੰ ਪੁਕਾਰੇ
ਓਹਦਾ ਹੁੱਕਾ ਪਾਣੀ ਕਰੋ  ਬੰਦ
ਜੇਹੜਾ ਅੱਜ ਤੋਂ ਅਣਜੰਮੀ ਨੂੰ ਮਾਰੇ
ਰੋਕ ਦਿਓ ਇਹ ਕੋਹੜ ਸਮਾਜੀ
ਤਾਂ ਜੋ ਮੁੰਡੇ ਮਰਨ ਨਾਂ ਕੁਆਰੇ
ਮੁੜ ਵੇਹੜੇ ਵਿਚ ਖੁਸੀਆਂ ਆਵਨ
ਨਚਣ ਖੇਡਣ ਹੱਸਣ ਸਾਰੇ

Friday, 18 May 2012

ਮੰਗਤਾ

ਮੰਗਤਿਆਂ ਦੀ ਦੁਨਿਆ ਹੈ ਇਹ
ਇਥੇ ਹਰ ਇਕ ਬੰਦਾ ਮੰਗੇ
ਕੋਈ ਬੇਝਿਝਕ ਹੋਕੇ ਮੰਗਦਾ
ਕੋਈ ਮੰਗਣ ਲੱਗਿਆ ਸੰਗੇ
ਕੋਈ ਵਿਚ ਚੁਰਾਹੇ ਮੰਗਦਾ
ਕੋਈ ਰੱਬ ਦੇ ਘਰ ਲੁੱਕ ਮੰਗੇ
ਜਦ ਮੈਂ ਵੀ ਮੰਗਤਾ ਤੁਸੀਂ ਵੀ ਮੰਗਤੇ
ਫਿਰ ਕੌਣ ਬੁਰਾ ਕੌਣ ਚੰਗੇ

ਪਹਿਲਾਂ ਪਹਿਲਾਂ ਮਾਂ ਕੋਲੋਂ ਮੈਂ
ਰੋ ਰੋ ਕੇ ਦੁਧ ਮੰਗਿਆ
ਭੁਖ ਲੱਗੀ ਰੋਟੀ ਦੇ ਬੇਬੇ
ਇਹ ਕਹਿਣੋ ਕਦੇ ਨੇ ਸੰਗਿਆ
ਕੁਝ ਨਾਂ ਕੁਝ ਮੈਂ ਲੈਣ ਬਹਾਨੇ
ਸਦਾ ਪੈਸੇ ਬਾਪੂ ਤੋਂ ਮੰਗੇ
ਜਦ ਮੈਂ ਵੀ ਮੰਗਤਾ ਤੁਸੀਂ ਵੀ ਮੰਗਤੇ
ਫਿਰ ਕੌਣ ਬੁਰਾ ਕੌਣ ਚੰਗੇ

ਧੰਨ ਦੌਲਤਾਂ ਰੱਬ ਤੋਂ ਮੰਗੀਆਂ
ਓਹਦੇ ਘਰ ਵਿਚ ਜਾਕੇ
ਕੰਨ ਪਕੜ ਕੇ ਨੱਕ ਰਗੜਿਆ
ਓਹਨੂੰ ਤੁਛ ਜੀ ਭੇਟ ਚੜਾਕੇ
ਰੱਬ ਨੂੰ ਵੀ ਮੈਂ ਮੰਗਤਾ ਸਮਝਿਆ
ਦੇਵਾਂ ਓਹਦੇ ਨਾਂ ਤੇ ਚੰਦੇ
ਜਦ ਮੈਂ ਵੀ ਮੰਗਤਾ ਤੁਸੀਂ ਵੀ ਮੰਗਤੇ
ਫਿਰ ਕੌਣ ਬੁਰਾ ਕੌਣ ਚੰਗੇ

ਮੰਗ ਮੰਗ ਮੈਂ ਝੋਲੀ ਭਰਲੀ
ਇਹ ਹੈ ਮੇਰੀ ਕਹਾਣੀ
ਹੁਣ ਲੋੜਵੰਦਾਂ ਦੀ ਮੱਦਦ ਕਰਦਾਂ
ਬਣ ਮੰਗਤੇ ਤੋਂ ਦਾਨੀ
ਦੁਨੀਆ ਦਾ ਦਸਤੂਰ ਇਹ ਕੈਸਾ
ਇਥੇ ਮੰਗਤਾ ਮੰਗਤੇ ਤੋ ਮੰਗੇ
ਜਦ ਮੈਂ ਵੀ ਮੰਗਤਾ ਤੁਸੀਂ ਵੀ ਮੰਗਤੇ
ਫਿਰ ਕੌਣ ਬੁਰਾ ਕੌਣ ਚੰਗੇ

Monday, 14 May 2012

ਏਹਿਸਾਸ

ਏਹਿਸਾਸ ਤਾਂ ਅਜ ਵੀ ਹੈ
ਮਾਂ ਦੀ ਲੋਰੀ ਦਾ
ਦਾਦੀ ਦੀ ਡਗੋਰੀ ਦਾ
ਬਾਪੂ ਦੇ ਮੋਢੇ ਦਾ
ਤਾਏ ਦੇ ਗੋਡੇ ਦਾ
ਪਰ .......

ਏਹਿਸਾਸ ਤਾਂ ਅੱਜ ਵੀ ਹੈ
ਪਿੰਡ ਦੀਆਂ ਗਲੀਆਂ ਦਾ
ਵਗਦੀਆਂ ਨਲੀਆਂ ਦਾ
ਧੂੜ ਅਸਮਾਨੀ ਦਾ
ਮੋਘੇ ਵਾਲੀ ਪਜਾਮੀ ਦਾ
ਪਰ ......

ਏਹਿਸਾਸ ਤਾਂ ਅੱਜ ਵੀ ਹੈ
ਪੈਰੀਂ ਚੁਭੇ ਕੰਡੇ ਦਾ
ਮਾਸਟਰ ਜੀ ਦੇ ਡੰਡੇ ਦਾ
ਭੈਣ ਦੇ ਪਿਆਰ ਦਾ
ਤੇ ਵੀਰੇ ਦੀ ਮਾਰ ਦਾ
ਪਰ ......

ਏਹਿਸਾਸ ਤਾਂ ਅੱਜ ਵੀ ਹੈ
ਬਚਪਨ ਦੀਆਂ ਖੇਡਾਂ ਦਾ
ਕੀਤੀਆਂ ਓਹਨਾ ਝੇਡਾਂ ਦਾ
ਗਾਵਾਂ ਮਝਾਂ ਚਾਰਨ ਦਾ
ਤਿੱਤਰ ਬਟੇਰੇ ਮਾਰਨ ਦਾ
ਪਰ .....

ਏਹਿਸਾਸ ਤਾਂ ਅੱਜ ਵੀ ਹੈ
ਚੰਨ ਚਾਨਣੀਆਂ ਰਾਤਾਂ ਦਾ
ਸੁਣੀਆਂ ਓਹਨਾ ਬਾਤਾਂ ਦਾ
ਟੋਭਿਆਂ ਚ ਨਹਾਉਣ ਦਾ
ਕੋਠਿਆਂ ਤੇ ਸੌਣ ਦਾ
ਪਰ .....

Saturday, 5 May 2012

ਰੰਗ

ਰੰਗਾ ਦਾ ਮੈਂ ਬਣਕੇ ਸੁਦਾਗਰ
ਲੈਲੇ ਰੰਗ ਹਜ਼ਾਰਾਂ
ਕੀ ਕਰੇਂਗਾ ਨਾਲ ਇਹਨਾ ਦੇ
ਮਨ ਵਿਚ ਉਠਣ ਵਿਚਾਰਾਂ
ਕੁਝ ਰੰਗ ਲੋੜਵੰਦਾਂ ਨੂੰ ਦੇਦਾਂ
ਕੁਝ ਬਾਗੇ ਵਿਚ ਖਿਲਾਰਾਂ
ਕੁਝ ਰੰਗਾਂ ਨੂੰ ਸਾਂਭ ਕੇ ਰ੍ਖ੍ਲਾਂ
ਤੇ ਬਾਕੀ ਸੱਜਣਾ ਤੋਂ ਵਾਰਾਂ

ਲੋੜਵੰਦਾ ਨੂੰ ਜੋ ਰੰਗ ਦਿਤੇ
ਓਹਨਾ ਆਸ ਦੀ ਕਿਰਨ ਜਗਾਈ
ਉਠ ਓਏ ਜੀਤੇ ਉਠ ਓਏ ਗੀਤੇ
ਬੇਬੇ ਊਚੀ ਅਵਾਜ਼ ਲਗਾਈ
ਕਿਤੇ ਸੁਤੇ ਹੀ ਨਾਂ ਰਹਿ ਜਾਇਓ
ਵੇ ਉਠ ਕੇ ਕਰੋ ਕਮਾਈ
ਬਦਲ ਲਓ ਤਕ਼ਦੀਰ ਵੇ ਆਪਣੀ
ਮਸਾਂ ਵੇਹੜੇ ਖੁਸੀ ਸਾਡੇ ਆਈ

ਬਾਗੇ ਵਿਚ ਜਦ ਰੰਗ ਖਿਲਾਰੇ
ਉਥੇ ਭੌਰੇ ਤਿਤਲੀਆਂ ਆਈਆਂ
ਇਕ ਰੰਗ ਤੋ ਦੂਜੇ ਤਾਈਂ
ਉਹਨਾ ਕਿਨੀਆਂ ਗੇੜੀਆਂ ਲਾਈਆਂ
ਵਿਚ ਖੁਸ਼ੀ ਦੇ ਨਚ ਝੂਮ ਕੇ
ਕਿਕ੍ਲੀਆਂ ਵੀ ਪਾਈਆਂ
ਰੰਗਾਂ ਸੰਗ ਬਹਾ ਕੇ ਸਾਥੋਂ
ਓਹਨਾ ਇਹ ਸਤਰਾਂ ਲਿਖਵਾਈਆਂ

ਸੱਜਣਾ ਤੋਂ ਜਦ ਇਹ ਰੰਗ ਵਾਰੇ
ਇਹਨਾ ਕ੍ਰਿਸ਼ਮਾ ਇੱਕ ਦਿਖਾਇਆ
ਚੇਹਰੇ ਤੇ ਜੋ ਰੰਗ ਸੀ ਚੜਿਆ
ਓਹ ਚੜਦਾ ਨਹੀਂ ਚੜਾਇਆ
ਬੁਲੀਆਂ ਤੇ ਮੁਸਕਾਨ ਆ ਗਈ
ਅੱਖੀਆਂ ਤੋਂ ਨਸ਼ਿਆਇਆ
ਪੂਰਨਮਾਸ਼ੀ ਦੇ ਚੰਨ ਵਾਂਗੂੰ
ਇਹਨਾ ਸਾਰਾ ਆਲਮ ਰੁਸ਼ਨਾਇਆ

ਰੰਗ ਜੋ ਆਪਣੇ ਕੋਲ ਮੈਂ ਰੱਖੇ
ਸਮਝਕੇ ਆਪਣਾ ਸਰਮਾਇਆ
ਲੋਕਾਂ ਦੀਆਂ ਨਜ਼ਰਾਂ ਤੋ ਬਚਾਕੇ
ਆਪਣੀ ਬੁੱਕਲ ਵਿੱਚ ਲੁਕਾਇਆ
ਪਏ ਪਏ ਇਹ ਖਤਮ ਹੋ ਗਾਏ
ਮੇਰੇ ਹਥ ਨੀਂ ਕੁਝ ਵੀ ਆਇਆ
ਤੇਰਾ ਆਪਣਾ ਕੁਝ ਨੇ ਇਥੇ
ਇਹਨਾ ਏਹਿਓ ਸਬਕ ਸਿਖਾਇਆ

Saturday, 28 April 2012

ਗੁਰ ਭਾਲ

ਗੁਰ ਲਭਣ ਦੀ ਗਲ ਕਰਾਂ ਮੈਂ
ਇਸ ਜਨੂੰਨ ਤੋਂ ਬਹੁਤ ਡਰਾਂ ਮੈਂ
ਜਿਹੜਾ ਇਹ ਹੁਣ ਕੀੜਾ ਜਾਗਿਆ
ਇਸ ਦਾ ਹੁਣ ਦਸ ਕੀ ਕਰਾਂ ਮੈਂ
ਜਦ ਤਕ ਇਹ ਹੁਣ ਸੌਂ ਨਹੀ ਜਾਂਦਾ
ਇਹਨਾ ਰਾਹਾਂ ਤੇ ਨਿੱਤ ਤੁਰਾਂ ਮੈਂ
ਹਿੰਮਤ ਕਰਕੇ ਲਭ ਲਵਾਂਗਾ
ਇਹ ਸੋਚ ਕੇ ਅਗਾਂਹ ਤੁਰਾਂ ਮੈਂ

ਪੰਡਤ ਪਾਧੇ ਤੋ ਲੈ ਕੇ ਪੁਛਿਆ
ਕਾਲੇ ਕੁਤੇ ਨੂੰ ਰੋਟੀ ਪਾਈ
ਲੈ ਕੇ ਕੁਝ ਮੈਂ ਫੁੱਲ ਸਮਗਰੀ
ਜਾ ਬੇਈਂ ਵਿਚ ਡੁੱਬਕੀ ਲਾਈ
ਲਭਣਾ ਨੀ ਸੀ ਕੁਝ ਭੀ ਇਥੇ
ਚਾਹੇ ਮਛੀਆਂ ਸੰਗ ਤਰਾਂ ਮੈਂ
ਨਿਰਮਲ ਪਾਣੀ ਜੋ ਗੰਧਲਾ ਕੀਤਾ
ਇਸ ਨੂੰ ਦੱਸ ਕਿੰਝ ਸਾਫ਼ ਕਰਾਂ ਮੈਂ

ਮੰਦਿਰ ਮਸਜਿਦ ਅਤੇ ਦੁਆਰੇ
ਸ਼ਾਂਤੀ ਦੇ ਪਰਤੀਕ ਨੇ ਸਾਰੇ
ਇਥੇ ਹੈ ਜੋ ਅਜ ਕਲ ਹੁੰਦਾ
ਉਸ ਤੋਂ ਹੋ ਵਾਕ਼ਿਫ਼ ਤੁਸੀਂ ਸਾਰੇ
ਧਰਮ ਦੇ ਨਾਂ ਤੇ ਹੁੰਦੀ ਹਿੰਸਾਂ
ਧਰਮ ਦੇ ਨਾਂ ਤੇ ਕਿਓਂ ਮਰਾਂ ਮੈਂ
ਜਿਥੇ ਵੱਸਣਾ ਰੱਬ ਨੇ ਛੱਡਤਾ
ਉਥੇ ਜਾਕੇ ਕਿਓਂ ਬੜਾਂ ਮੈਂ

ਬਾਬਿਆਂ ਦੇ ਡੇਰਿਆਂ ਤੇ ਜਾਕੇ
ਲਖਾਂ ਵਾਰੀ ਮਥੇ ਟੇਕੇ.
ਆਪਣੀ ਕਿਰਤ ਕਮਾਈ ਵਿਚੋਂ
ਚੰਗੀ ਖਾਸੀ ਭੇਟਾ ਦੇਕੇ
ਇਥੋਂ ਵੀ ਮੈਂ ਕੁਝ ਨੀ ਖਟਿਆ
ਇਹ ਦੱਸਣ ਤੋਂ ਨਾਂ ਡਰਾਂ ਮੈਂ
ਲਭ ਲਭ ਕੇ ਹੰਭ ਗਿਆ
ਹੁਣ ਦੱਸ ਅੱਗੇ ਕੀ ਕਰਾਂ ਮੈਂ

ਲਭਦਿਆਂ ਇੱਕ ਗੱਲ ਮੈਨੂੰ ਲਭੀ
ਜੇਹੜੀ ਮੇਰੇ ਮਨ ਨੂੰ ਫੱਬੀ
ਆਪਣੇ ਅੰਦਰ ਕਿਓਂ ਨੀ ਝਾਕਦਾ
ਇਧਰ ਉਧਰ ਕਿਓਂ ਜਾਨਾ ਭੱਜੀ
ਜਦ ਗੁਰ ਤਾਂ ਮੇਰੇ ਅੰਦਰ ਵਸਦਾ
ਫਿਰ ਬਾਹਿਰ ਲਭਦਾ ਕਿਓਂ ਫਿਰਾਂ ਮੈਂ
ਲਭ ਲਭ ਕੇ ਲਭ ਲਿਆ
ਹੁਣ ਬਿਨਾ ਗੁਰੂ ਤੋਂ ਨਾਂ ਮਰਾਂ ਮੈ



Thursday, 19 April 2012

ਕੋਹੜ ਸਮਾਜੀ

ਨਾਂ ਕਰ ਚੋਰੀ ਨਾਂ ਸੀਨਾ ਜੋਰੀ
ਇਹ ਆਦਤ ਨਹੀਂ ਹੈ ਚੰਗੀ
ਪਹਿਲਾਂ ਹੀ ਇਸ ਆਦਤ ਦੇ ਵਿਚ
ਦੁਨਿਆ ਫਿਰਦੀ ਰੰਗੀ
ਜੇ ਆਪਾਂ ਵੀ ਇਸ ਪਾਸੇ ਤੁਰਗੇ
ਤਾਂ ਉਹਨਾ ਨੂੰ ਮਿਲਣਗੇ ਸੰਗੀ
ਆ ਮਿੱਤਰਾ ਰਲ ਉੱਦਮ ਕਰੀਏ
ਤਾਂ ਜੋ ਦੁਨਿਆ ਹੋ ਜੇ ਚੰਗੀ

ਪੈਸੇ ਪਿਛੇ ਕਿਓਂ ਪਾਗਲ ਹੋਇਆਂ
ਸਬ ਕੁਝ ਹੀ ਨਹੀ ਪੈਸਾ
ਕੰਮ ਆਪਣੇ ਦੀ ਲੈਨਾ ਮਜੂਰੀ
ਤੇਰਾ ਫਿਰ ਵਰਤਾਓ ਕਿਓਂ ਐਸਾ
ਕਿਸੇ ਦੀ ਹਕ਼ ਸਚ ਦੀ ਕਮਾਈ
ਹੜਪ ਲੈਣੀ ਕਦੇ ਨੀ ਚੰਗੀ
ਆ ਮਿੱਤਰਾ ਰਲ ਉੱਦਮ ਕਰੀਏ
ਤਾਂ ਜੋ ਦੁਨਿਆ ਹੋ ਜੇ ਚੰਗੀ

ਰਿਸ਼ਵਤ ਖੋਰੀ ਚੋਰ ਬਾਜ਼ਾਰੀ
ਲਹੂ ਸਾਡੇ ਵਿਚ ਰਚ ਗਈ
ਜਿਹੜੀ ਇਕ ਜ਼ਮੀਰ ਸੀ ਹੁੰਦੀ
ਰੂਹ ਸਾਡੀ ਚੋਂ ਨਸ ਗਈ
ਬਿਨ ਪੈਸੇ ਕੋਈ ਕੰਮ ਨੀ ਹੁੰਦਾ
ਸਾਡੀ ਕਿਸਮਤ ਮੰਦੀ
ਆ ਮਿੱਤਰਾ ਰਲ ਉੱਦਮ ਕਰੀਏ
ਤਾਂ ਜੋ ਦੁਨਿਆ ਹੋ ਜੇ ਚੰਗੀ

ਆਓ ਰਲ ਮਿਲ ਕਸਮਾ ਖਾਇਏ
ਕੋਈ ਐਸ ਕੰਮ ਨੀ ਕਰਨਾ
ਜਿਸ ਨੂੰ ਕਰਨ ਦੇ ਮਗਰੋਂ
ਸਾਡੀ ਰੂਹ ਨੂੰ ਪੈਜੇ ਮਰਨਾ
ਅਸਲੀ ਰੰਗ ਚ ਹੀ ਰੰਗ ਜਾਈਏ
ਕੀ ਕਰਨੀ ਇਹ ਬਹੁਰੰਗੀ
ਆ ਮਿੱਤਰਾ ਰਲ ਉੱਦਮ ਕਰੀਏ
ਤਾਂ ਜੋ ਦੁਨਿਆ ਹੋ ਜੇ ਚੰਗੀ




Thursday, 12 April 2012

ਮੇਰੀ ਤਬੀਅਤ


ਜਿੰਨਾਂ ਮੈਨੂੰ ਲੋਕ ਸਮਝਦੇ
ਓੰਨਾਂ ਤੇ ਨੀਂ ਬੁਰਾ ਮੈਂ

ਨਾਂ ਆਪਣੇ ਮੂੰਹ ਮਿਆਂ ਮਿਠੂ ਬਣਾ ਮੈਂ
ਨਾਂ ਆਪਣੀ ਕੋਈ ਸਿਫਤ ਕਰਾਂ ਮੈਂ
ਨਾਂ ਮੈਂ ਕੋਈ ਭਗਤ ਹਾਂ ਯਾਰੋ
ਨਾਂ ਕੋਈ ਮੰਦਾ ਕੰਮ ਕਰਾਂ ਮੈਂ
ਜਦ ਚੰਗਾ ਮੰਦਾ ਕੰਮ ਨੀਂ ਕੋਈ
ਫਿਰ ਐਵੇਂ ਦਸ ਕਿਓਂ ਡਰਾਂ ਮੈਂ

ਕਈਆਂ ਦੇ ਨਾਲ ਕਰੀ ਲੜਾਈ
ਕਈਆਂ ਦੇ ਨਾਲ ਮਾਰ ਕੁਟਾਈ
ਜਿਹੜਾ ਲੜ ਕੇ ਪਾਸੇ ਹਟ ਗਿਆ
ਉਸ ਨੂੰ ਮੁੜ ਨਾਂ ਭਾਜੀ ਪਾਈ
ਕੋਈ ਮੈਨੂੰ ਪਾਜੂ ਭਾਜੀ
ਇਸ ਗੱਲ ਤੋਂ ਬੀ ਨਾਂ ਡਰਾਂ ਮੈਂ

ਮੇਰੇ ਨੇ ਕਈ ਯਾਰ ਅਣਮੁੱਲੇ
ਸਾਗਰ ਵਾਂਗੂ ਦਿਲ ਨੇ ਖੁਲੇ
ਤੱਤੀ ਵਾ ਨਾਂ ਲੱਗਣ ਦੇਵਣ
ਜਿੱਦਾਂ ਠੰਡੀ ਪੌਣ ਦੇ ਬੁੱਲੇ
ਜਦ ਮੇਰੇ ਤੇ ਓਹ ਜਿੰਦ ਵਾਰਦੇ
ਯਾਰ ਮਾਰ ਫੇਰ ਕਿਓਂ ਕਰਾਂ ਮੈਂ

ਯਾਰਾਂ ਦੀ ਸੰਗਤ ਚ ਰਹਕੇ
ਓਹਨਾ ਸੰਗ ਢਾਣੀ ਚ ਬਹਿਕੇ
ਇਕ ਗੱਲ ਪਲੇ ਬੰਨ੍ਲੀ ਮੈਂ ਤਾਂ
ਜੇਹੜੀ ਅੱਜ ਜਾਊਂਗਾ ਕਹਿਕੇ
ਹੱਸਾਂ ਖੇਡਾਂ ਬੁੱਲੇ ਲੁੱਟਾਂ
ਹੋਰ ਨਾਂ ਕੋਈ ਆਸ ਕਰਾਂ ਮੈਂ


ਜਿੰਨਾਂ ਮੈਨੂੰ ਲੋਕ ਸਮਝਦੇ
ਓੰਨਾਂ ਤੇ ਨੀਂ ਬੁਰਾ ਮੈਂ

Monday, 2 April 2012

ਮੇਰਾ ਖਜਾਨਾ

ਇਹ ਦੌਲਤਾਂ ਤੇ ਸਰਮਾਏ
ਦਿਨ ਰਾਤ ਜੋ ਕਮਾਏ ,
ਕੁਝ ਸਾਂਭੇ ਕੁਝ ਲੁਟਾਏ
ਕਦੀ ਮੇਰੇ ਨਾ ਸੀ,

ਇਹ ਮਹਿਲ ਇਹ ਮੁਨਾਰੇ
ਚਾਵਾਂ ਨਾਲ ਜੋ ਉਸਾਰੇ
ਰਖੇ ਜਾਨ ਤੋਂ ਪਿਆਰੇ
ਕਦੀ ਮੇਰੇ ਨਾ ਸੀ,

ਵਕ਼ਤ ਖੁਸ਼ੀ ਦੇ ਸੀ ਚੰਗੇ
ਸੰਗ ਦੋਸਤਾਂ ਜੋ ਲੰਘੇ
ਉਧਾਰੇ ਰੱਬ ਤੋ ਸੀ ਮੰਗੇ
ਕਦੀ ਮੇਰੇ ਨਾ ਸੀ,

ਕਦੀ ਹਸਿਆ ਕਦੀ ਰੋਇਆ
ਖੁਸ਼ੀ ਵਿਚ ਖੀਵਾ ਹੋਇਆ
ਜੇਹੜੇ ਦੁਖਾਂ ਨੂੰ ਮੈਂ ਢੋਇਆ
ਕਦੀ ਮੇਰੇ ਨਾ ਸੀ,

ਵਾਂਗ ਮੁਸਾਫ਼ਿਰ ਦੇ ਮੈਂ ਆਇਆ
ਮਿਲਿਆ ਹੁਮ੍ਸ੍ਫ੍ਰਾਂ ਦਾ ਸਾਇਆ
ਸਫਰ ਸੁਖਾਵਾਂ ਜਿਨ੍ਹਾਂ  ਬਣਾਇਆ
ਕਦੀ ਮੇਰੇ ਨਾ ਸੀ,

ਖਾਲੀ ਹਥ ਸੀ ਮੈਂ ਆਇਆ
ਆਕੇ ਜੋ ਭੀ ਕੁਝ ਬਣਾਇਆ
ਜਿਹੜੇ ਸਪਨਿਆ ਨੂ ਸਜਾਇਆ
ਕਦੇ ਮੇਰੇ ਨਾਂ ਸੀ

Thursday, 29 March 2012

ਆਸ਼ਾਵਾਦੀ

ਨਾਂ ਮੈਂ ਮੌਕਾਪ੍ਰੁਸਤ ਹਾਂ ਸਜਨੋ
ਨਾਂ ਹੀ ਨਿਰਾਸ਼ਾਵਾਦੀ
ਨਾਂ ਮੈਂ ਕੋਈ ਖੇਡ ਖੇਡਣੀ
ਨਾਂ ਮੈਂ ਜਿਤਣੀ ਬਾਜੀ
ਨਾਂ ਮੈਂ ਪੰਡਿਤ ਨਾ ਮੈਂ ਗਿਆਨੀ
ਨਾਂ ਮੁਲਾਂ ਨਾ ਕਾਜੀ
ਮੈਂ ਤਾਂ ਸਿਰਫ ਮਨੁਖ ਹਾਂ ਮਿਤਰੋ
ਤੁਹਾਡੇ ਵਰਗਾ ਆਸ਼ਾਵਾਦੀ


ਨਾਂ ਮੈਂ ਮੰਦਿਰ ਮਸਜਿਦ ਜਾਨਾ
ਨਾਂ ਗਿਰਜੇ ਨਾਂ ਦੁਆਰੇ
ਮੇਰੇ ਲਈ ਕੋਈ ਹੈ ਨਹੀਂ ਵਖਰਾ
ਇਕੋ ਜਿਹੇ ਧਰਮ ਸਾਰੇ
ਭਜਨ ਗਾਵਾਂ ਜਾਨ ਬਾਂਗਾ ਦੇਵਾਂ
ਮੇਰਾ ਰਾਂਝਾ ਹਰਦਮ ਰਾਜੀ

ਮੈਂ ਤਾਂ ਸਿਰਫ ਮਨੁਖ ਹਾਂ ਮਿਤਰੋ
ਤੁਹਾਡੇ ਵਰਗਾ ਆਸ਼ਾਵਾਦੀ

ਇਕੋ ਜਿਹੇ ਅਸੀਂ ਅੰਦਰੋਂ ਸਾਰੇ
ਫਿਰ ਬਾਹਰ ਤੋਂ ਕੀ ਲੈਣਾ
ਇਕੋ ਜਿਹੀ ਰੂਹ ਸਾਡੇ ਅੰਦਰ
ਅੰਦਰੋਂ ਰੱਤਾ ਖੂਨ ਹੀ
ਬਹਿਣਾ 
ਮਾਰਾਂਗੇ ਜੇ ਆਪਣੇ ਆਪ ਨੂੰ
ਤਾਂ ਫੇਰ ਕੌਣ ਜਿਤੇਗਾ ਬਾਜ਼ੀ
ਮੈਂ ਤਾਂ ਸਿਰਫ ਮਨੁਖ ਹਾਂ ਮਿਤਰੋ
ਤੁਹਾਡੇ ਵਰਗਾ ਆਸ਼ਾਵਾਦੀ

ਆਓ ਰਲ ਮਿਲ ਊਧਮ ਕਰੀਏ
ਇਸ ਦੁਨਿਆ ਨੂੰ ਰੁਸ੍ਹ੍ਨਾਈਏ
ਛਡੀਏ ਨਫਰਤ ਤੇ ਦੁਸ਼ਮਨੀ
ਪਿਆਰ ਦੀ ਗਲਵਕੜੀ ਪਾਈਏ
ਹੇਰਾ ਫੇਰੀ ਚੋਰ ਬਾਜ਼ਾਰੀ
ਇਹ ਸਾਰੇ ਕੋਹੜ ਸਮਾਜੀ
ਮੈਂ ਤਾਂ ਸਿਰਫ ਮਨੁਖ ਹਾਂ ਮਿਤਰੋ
ਤੁਹਾਡੇ ਵਰਗਾ ਆਸ਼ਾਵਾਦੀ

ਮੇਰੀ ਕਵਿਤਾ ਦਾ ਜਨਮ

ਜਿਸ ਦਿਨ ਇਹ ਕਵੀ ਜਾਗਿਆ
ਹੜ ਸਬਦਾਂ ਦਾ ਨਾਲ ਲਿਆਇਆ
ਕੀ ਕਰਾਂਗਾ ਇਹਨਾ ਦਾ ਮੈਂ
ਇਹ ਸੋਚ ਕੇ ਮਨ ਘਬਰਾਇਆ
ਚਕ ਚਕ ਕਾਗਜ਼ ਉਤੇ ਰਖ ਦੇ
ਮਨ ਦੇ ਵਿਚ ਫੁਰਨਾ ਇਕ ਆਇਆ
ਚੁਣ ਚੁਣ ਸ਼ਬਦ ਕਾਗਜ਼ ਤੇ ਰਖਕੇ
ਕਵਿਤਾ ਦਾ ਮੈਂ ਜਨਮ ਕਰਾਇਆ

ਕਿਸ ਸ਼ਬਦ ਨੂੰ ਕਿਸ ਨਾਲ ਜੋੜਾਂ
ਮਨ ਮੇਰੇ ਚ ਉਲਝਨ ਭਾਰੀ
ਕਿਧਰੋਂ ਚਕ ਕੇ ਕਿਧਰ ਰਖਾਂ
ਇਹੀ ਦੁਭਿਦਾ ਮਨ ਵਿਚ ਜਾਰੀ
ਇਨੀ ਤਾਕ਼ਤ ਇਹਨਾਂ ਸ਼ਬਦਾਂ ਚ
ਇਹ ਕਦੇ ਮਨ ਖਿਆਲ ਨੀਂ ਆਇਆ
ਚੁਣ ਚੁਣ ਸ਼ਬਦ ਕਾਗਜ਼ ਤੇ ਰਖਕੇ
ਕਵਿਤਾ ਦਾ ਮੈਂ ਜਨਮ ਕਰਾਇਆ

ਜੋੜ ਜੋੜ ਅਖਰਾਂ ਨਾਲ ਅਖਰ
 ਸ਼ਬਦਾਂ ਦਾ ਇਕ ਭੰਡਾਰ ਬਣਾਇਆ
ਸ਼ਬਦਾਂ ਦੇ ਨਾਲ ਜੋੜ ਸ਼ਬਦਾਂ ਨੂੰ
ਸ਼ਬਦਾਂ ਦਾ ਮੈਂ ਹਾਰ ਬਣਾਇਆ
ਲਾ ਕਿਤੇ ਟਿਪੀ ਲਾ ਕਿਤੇ ਬਿੰਦੀ
ਲਗਾ ਮਾਤਰਾਂ ਨਾਲ ਸਜਾਇਆ
ਚੁਣ ਚੁਣ ਸ਼ਬਦ ਕਾਗਜ਼ ਤੇ ਰਖਕੇ
ਕਵਿਤਾ ਦਾ ਮੈਂ ਜਨਮ ਕਰਾਇਆ

ਮਨ ਵਿਚ ਵਾ ਵਰੋਲੇ ਚਲਣ
ਕੀ ਇਸਨੂੰ ਸਿਰਲੇਖ ਦੇਵਾਂ ਮੈਂ
ਕਿਹਨੂੰ ਕਰਾਂ ਸਮਰਪਤ ਇਸਨੂੰ
ਕੀ ਇਸ ਵਿਚ ਉਪਦੇਸ਼ ਦੇਵਾਂ ਮੈਂ
ਇਹ ਸਾਰਾ ਕੁਝ ਲਭਣ ਦੇ ਲਈ ਮੈਂ
ਇਧਰ ਉਧਰ ਮਨ ਭਜਾਇਆ
ਚੁਣ ਚੁਣ ਸ਼ਬਦ ਕਾਗਜ਼ ਤੇ ਰਖਕੇ
ਕਵਿਤਾ ਦਾ ਮੈਂ ਜਨਮ ਕਰਾਇਆ