ਦਹੀਂ ਨਾਲ ਖਿਲਾਈ ਰੋਟੀ, ਮਾਂ ਮੇਰੀ ਨੇ ਕੋਲ ਸੀ ਖੜਕੇ
ਦਿਲੋ ਇਕ ਅਸੀਸ ਸੀ ਦਿੱਤੀ, ਪੁੱਤ ਬਣੂੰਗਾ ਅਫਸਰ ਪੜਕੇ
ਨਵਾਂ ਝੱਗਾ ਤੇ ਨੰਗੇ ਪੈਰੀਂ, ਹਥ ਵਿਚ ਝੋਲਾ ਬੋਰੀ ਫੜਕੇ
ਪਹਿਲੀ ਵਾਰ ਸੀ ਗਿਆ ਸਕੂਲੇ, ਮੈਂ ਬਾਪੁ ਦੇ ਮੋਢੇ ਚੜਕੇ
ਫੁੱਲਿਆ ਨਾਲ ਮੈਂ ਚ ਮਲਾਰਾਂ, ਬੜਿਆ ਵਿਚ ਸਕੂਲੇ ਜਾਕੇ
ਬਾਪੁ ਮੁੜ ਗਿਆ ਘਰ ਨੂੰ ਵਾਪਿਸ, ਨਾਂ ਮੇਰਾ ਦਰਜ਼ ਸ੍ਕੂਲ ਕਰਾਕੇ
ਬੈਠ ਗਿਆ ਮੈਂ ਨਾਲ ਦੋਸਤਾਂ, ਵਿਚ ਕਤਾਰ ਬੋਰੀ ਤੇ ਚੜਕੇ
ਪਹਿਲੀ ਵਾਰ ਸੀ ਗਿਆ ਸਕੂਲੇ, ਮੈਂ ਬਾਪੁ ਦੇ ਮੋਢੇ ਚੜਕੇ
ਦੇਖ ਮੂਰਤਾਂ ਕਾਇਦੇ ਉਤੋਂ ਊੜਾ ਐੜਾ ਪੜਨਾ ਸਿਖਿਆ
ਧਰਤੀ ਉਤੇ ਹਥ ਫੇਰਕੇ , ਉਂਗਲ ਨਾਲ ਮੈਂ ਲਿਖਣਾ ਸਿਖਿਆ
ਸਿਖਿਆ ਪੜਨਾ ਜੋੜ ਕੇ ਅੱਖਰ, ਲਗਾ ਮਾਤਰਾਂ ਨਾਲ ਮੈਂ ਜੜਕੇ
ਪਹਿਲੀ ਵਾਰ ਸੀ ਗਿਆ ਸਕੂਲੇ, ਮੈਂ ਬਾਪੁ ਦੇ ਮੋਢੇ ਚੜਕੇ
ਫੱਟੀ ਉਤੇ ਗਾਚੀ ਮਲਕੇ, ਮਾਂ ਬੋਲੀ ਮੈਂ ਲਿਖਣੀ ਸਿੱਖੀ
ਸਲੇਟ ਸਲੇਟੀ ਦਾ ਮੇਲ ਕਰਾਕੇ, ਗਣਿਤ ਦੀ ਪਰਿਭਾਸ਼ਾ ਸਿੱਖੀ
ਇਕ ਦੂਣੀ ਦੂਣੀ, ਦੋ ਦੂਣੀ ਚਾਰ, ਰਟੇ ਪਹਾੜੇ ਲਾਇਨਾ ਚ ਖੜਕੇ
ਪਹਿਲੀ ਵਾਰ ਸੀ ਗਿਆ ਸਕੂਲੇ, ਮੈਂ ਬਾਪੁ ਦੇ ਮੋਢੇ ਚੜਕੇ
ਘੜਨੀ ਕਿਦਾਂ ਕਲਮ ਕਾਨੇ ਤੋਂ, ਮਾਸਟਰ ਜੀ ਨੇ ਮੈਨੂੰ ਸਿਖਾਈ
ਤਵੇ ਦੀ ਕਾਲਖ ਗੂੰਦ ਕਿੱਕਰ ਦਾ, ਪਾ ਬੇਬੇ ਨੇ ਸਿਆਹੀ ਬਣਾਈ
ਚਾਵਾਂ ਨਾਲ ਮੈਂ ਫੱਟੀ ਲਿੱਖੀ, ਹਾਥੀ ਕਲਮ ਕਾਨੇ ਦੀ ਘੜਕੇ
ਪਹਿਲੀ ਵਾਰ ਸੀ ਗਿਆ ਸਕੂਲੇ, ਮੈਂ ਬਾਪੁ ਦੇ ਮੋਢੇ ਚੜਕੇ
ਪੜਨ ਚ ਕੋਈ ਕਸਰ ਨਾਂ ਛੱਡੀ, ਰਿਹਾ ਸਦਾ ਕਲਾਸ ਚ ਅਗੇ
ਕੀਤੀਆਂ ਨਿੱਕੀਆਂ ਸ਼ਰਾਰਤਾਂ ਕਾਰਨ, ਅਕਸਰ ਚਿਤੜਾਂ ਤੇ ਡੰਡੇ ਲੱਗੇ
ਕਦੇ ਕਦੇ ਅਣਗਹਿਲੀ ਕਾਰਨ, ਮੁਰਗਾ ਬਣਿਆ ਕੰਨ ਪਕੜਕੇ
ਪਹਿਲੀ ਵਾਰ ਸੀ ਗਿਆ ਸਕੂਲੇ,ਮੈਂ ਬਾਪੁ ਦੇ ਮੋਢੇ ਚੜਕੇ
No comments:
Post a Comment