Friday, 15 June 2012

ਬਦਲਾਅ ਪਿੰਡ ਦਾ


ਕੀ ਬਦਲਾਅ ਜਰੂਰੀ ਹੈ
ਜਾਂ ਫਿਰ ਇਹ ਸਾਡੀ ਮਜਬੂਰੀ ਹੈ

ਜਦ ਪਿਛੇ ਮੁੜ ਕੇ ਵੇਖਦਾਂ ਹਾਂ
ਯਾਦਾਂ ਦੇ ਧੁੰਦਲੇ ਸਾਇਆਂ ਚੋਂ
ਯਾਦ ਪਿੰਡ ਮੁਹਰੇ ਆਉਂਦੀ ਹੈ
ਪਲ ਜਿੰਦਗੀ ਦੇ ਬਿਤਾਇਆਂ ਚੋਂ
ਰੂਹ ਚੋਂ ਸੁਆਲ ਇਹੀ ਉਠਦਾ ਹੈ
ਕਿਥੇ ਗੁਮ ਗਈ ਮਾਂ ਦੀ ਚੂਰੀ ਹੈ

ਕਿੰਨਾ ਕੁਝ ਇਥੇ ਬਦਲ ਗਿਆ
ਜਿਸ ਦਿਨ ਤੋ ਹੋਸ਼ ਸੰਭਾਲੀ ਹੈ
ਨਾਂ ਓਹ ਗਾਰੇ ਮਿੱਟੀ ਦਾ ਘਰ ਰਿਹਾ
ਨਾਂ ਓਹ ਘਰ ਨੂੰ ਸਾਂਭਣ ਵਾਲੀ ਹੈ
ਨਾਂ ਹੁਣ ਕੱਚੇ ਕੋਠੇ ਚੋਂਦੇ ਨੇ
ਨਾਂ ਲਿੱਪਣਾ ਕੋਈ ਜਰੂਰੀ ਹੈ

ਮੱਕੀ ਦੇ ਟਾਂਡੇ ਦਿਖਦੇ ਨੀ
ਜਿਥੇ ਦੇਖੋ ਉਥੇ ਪਰਾਲੀ ਹੈ
ਨਾਂ ਪਿੜਾਂ ਦੇ ਵਿਚ ਬੋਹਲ ਰਹੇ
ਕੋਠਾ ਨੀਰੇ ਵਾਲਾ ਖਾਲੀ ਹੈ
ਨਾਂ ਓਹ ਲੋਕ ਰਹੇ ਨਾਂ ਪਿਆਰ ਰਿਹਾ
ਬਸ ਮਨਾ ਚ ਵਧ ਗਈ ਦੂਰੀ ਹੈ

ਨਾਂ ਕੁਤਰਨ ਵਾਲੇ ਪਠਿਆਂ ਦੇ
ਅਜ ਕੱਲ ਮੁਹਾਰੇ ਲਗਦੇ ਨੇ
ਨਾਂ ਪਾਥੀਆਂ ਕੋਈ ਪਥਦਾ ਹੈ
ਨਾਂ ਹੀ ਗੁਹਾਰੇ ਲਗਦੇ ਨੇ
ਨਾਂ ਕਿੱਲਿਆਂ ਉਤੇ ਮਝਾਂ ਨੇ
ਨਾਂ ਪਾਲੀ ਹੁਣ ਜਰੂਰੀ ਹੈ

ਨਾਂ ਕਾੜਨੀਂ ਦੇ ਵਿਚ ਦੁਧ ਕਿਤੇ
ਨਾਂ ਦੁਧ ਨੂੰ ਰਿੜਕਣ ਵਾਲੀ ਹੈ
ਨਾਂ ਸੰਨ੍ਹੀ ਕਰਨ ਦੀ ਲੋੜ ਪੈਂਦੀ
ਨਾਂ ਧਾਰ ਕਢਣ ਦੀ ਕਾਹਲੀ ਹੈ
ਨਾਂ ਮਝਾਂ ਟੋਭੇ ਨ੍ਹਾਉਂਦੀਆਂ ਨੇ
ਨਾਂ ਚਾਰਨ ਦੀ ਮਜਬੂਰੀ ਹੈ

ਨਾਂ ਗੱਡਾ ਰਿਹਾ ਨਾਂ ਹਲਟ ਰਹੇ
ਨਾਂ ਬਲਦਾਂ ਗਲ ਪੰਜਾਲੀ ਹੁਣ
ਘਿਰਲੀ ਸੁਹਾਗਾ ਨਹੀ ਲਭਦਾ
ਨਾਂ ਕੈਲੇ ਵਰਗਾ ਹਾਲੀ ਹੁਣ
ਟਰੈਕਟਰ ਟਰਾਲੀ ਚੱਲਦੇ ਨੇ
ਨਾ ਖੇਤਾਂ ਦੇ ਵਿਚ ਦੂਰੀ ਹੈ

ਨਾਂ ਲੀਹਾਂ ਨੇ ਨਾਂ ਪਹੀਆਂ ਨੇ
ਨਾਂ ਖੁਰਪੇ ਦਾਤੀਆਂ ਕਹੀਆਂ ਨੇ
ਨਾਂ ਸਲੰਘ ਤਰਿੰਗਲੀ ਲਭਦੇ ਨੇ
ਨਾਂ ਸੇਠਾਂ ਦੇ ਕੋਲ ਵਹੀਆਂ ਨੇ
ਬੈੰਕਾਂ ਦਾ ਕਰਜਾ ਹਰ ਸਿਰ ਤੇ
ਨਾਂ ਮੋਢਿਆਂ ਉਤੇ ਭੂਰੀ ਹੈ

ਭਾਵੇਂ ਸਭ ਕੁਝ ਬਦਲ ਗਿਆ
ਤੇ ਇਹ ਬਦਲਾਅ ਜਰੂਰੀ ਹੈ
ਇਕੱਠੇ ਖੇੜੇ ਪਰਿਵਾਰ ਬਿਨਾ
ਕੀ ਸਾਡੀ ਹੋਂਦ ਇਹ ਪੂਰੀ ਹੈ
ਤੇ ਪਿਆਰ ਦਾ ਗਲ ਘੁਟਣਾ ਵੀ
ਕਿਓਂ ਬਣ ਗਈ ਸਾਡੀ ਮਜਬੂਰੀ ਹੈ

No comments:

Post a Comment