Saturday, 28 April 2012

ਗੁਰ ਭਾਲ

ਗੁਰ ਲਭਣ ਦੀ ਗਲ ਕਰਾਂ ਮੈਂ
ਇਸ ਜਨੂੰਨ ਤੋਂ ਬਹੁਤ ਡਰਾਂ ਮੈਂ
ਜਿਹੜਾ ਇਹ ਹੁਣ ਕੀੜਾ ਜਾਗਿਆ
ਇਸ ਦਾ ਹੁਣ ਦਸ ਕੀ ਕਰਾਂ ਮੈਂ
ਜਦ ਤਕ ਇਹ ਹੁਣ ਸੌਂ ਨਹੀ ਜਾਂਦਾ
ਇਹਨਾ ਰਾਹਾਂ ਤੇ ਨਿੱਤ ਤੁਰਾਂ ਮੈਂ
ਹਿੰਮਤ ਕਰਕੇ ਲਭ ਲਵਾਂਗਾ
ਇਹ ਸੋਚ ਕੇ ਅਗਾਂਹ ਤੁਰਾਂ ਮੈਂ

ਪੰਡਤ ਪਾਧੇ ਤੋ ਲੈ ਕੇ ਪੁਛਿਆ
ਕਾਲੇ ਕੁਤੇ ਨੂੰ ਰੋਟੀ ਪਾਈ
ਲੈ ਕੇ ਕੁਝ ਮੈਂ ਫੁੱਲ ਸਮਗਰੀ
ਜਾ ਬੇਈਂ ਵਿਚ ਡੁੱਬਕੀ ਲਾਈ
ਲਭਣਾ ਨੀ ਸੀ ਕੁਝ ਭੀ ਇਥੇ
ਚਾਹੇ ਮਛੀਆਂ ਸੰਗ ਤਰਾਂ ਮੈਂ
ਨਿਰਮਲ ਪਾਣੀ ਜੋ ਗੰਧਲਾ ਕੀਤਾ
ਇਸ ਨੂੰ ਦੱਸ ਕਿੰਝ ਸਾਫ਼ ਕਰਾਂ ਮੈਂ

ਮੰਦਿਰ ਮਸਜਿਦ ਅਤੇ ਦੁਆਰੇ
ਸ਼ਾਂਤੀ ਦੇ ਪਰਤੀਕ ਨੇ ਸਾਰੇ
ਇਥੇ ਹੈ ਜੋ ਅਜ ਕਲ ਹੁੰਦਾ
ਉਸ ਤੋਂ ਹੋ ਵਾਕ਼ਿਫ਼ ਤੁਸੀਂ ਸਾਰੇ
ਧਰਮ ਦੇ ਨਾਂ ਤੇ ਹੁੰਦੀ ਹਿੰਸਾਂ
ਧਰਮ ਦੇ ਨਾਂ ਤੇ ਕਿਓਂ ਮਰਾਂ ਮੈਂ
ਜਿਥੇ ਵੱਸਣਾ ਰੱਬ ਨੇ ਛੱਡਤਾ
ਉਥੇ ਜਾਕੇ ਕਿਓਂ ਬੜਾਂ ਮੈਂ

ਬਾਬਿਆਂ ਦੇ ਡੇਰਿਆਂ ਤੇ ਜਾਕੇ
ਲਖਾਂ ਵਾਰੀ ਮਥੇ ਟੇਕੇ.
ਆਪਣੀ ਕਿਰਤ ਕਮਾਈ ਵਿਚੋਂ
ਚੰਗੀ ਖਾਸੀ ਭੇਟਾ ਦੇਕੇ
ਇਥੋਂ ਵੀ ਮੈਂ ਕੁਝ ਨੀ ਖਟਿਆ
ਇਹ ਦੱਸਣ ਤੋਂ ਨਾਂ ਡਰਾਂ ਮੈਂ
ਲਭ ਲਭ ਕੇ ਹੰਭ ਗਿਆ
ਹੁਣ ਦੱਸ ਅੱਗੇ ਕੀ ਕਰਾਂ ਮੈਂ

ਲਭਦਿਆਂ ਇੱਕ ਗੱਲ ਮੈਨੂੰ ਲਭੀ
ਜੇਹੜੀ ਮੇਰੇ ਮਨ ਨੂੰ ਫੱਬੀ
ਆਪਣੇ ਅੰਦਰ ਕਿਓਂ ਨੀ ਝਾਕਦਾ
ਇਧਰ ਉਧਰ ਕਿਓਂ ਜਾਨਾ ਭੱਜੀ
ਜਦ ਗੁਰ ਤਾਂ ਮੇਰੇ ਅੰਦਰ ਵਸਦਾ
ਫਿਰ ਬਾਹਿਰ ਲਭਦਾ ਕਿਓਂ ਫਿਰਾਂ ਮੈਂ
ਲਭ ਲਭ ਕੇ ਲਭ ਲਿਆ
ਹੁਣ ਬਿਨਾ ਗੁਰੂ ਤੋਂ ਨਾਂ ਮਰਾਂ ਮੈ



No comments:

Post a Comment