ਇਕ ਦਿਨ ਪੀੜ ਪ੍ਰੌਹਣੀ ਬਣਕੇ
ਸਾਡੇ ਵਿਹੜੇ ਆਕੇ ਬਹਿ ਗਈ
ਹੱਸਦੇ ਵੱਸਦੇ ਖੇੜੇ ਦੇ ਵਿਚੋਂ
ਖੁਸ਼ੀਆਂ ਸਾਥੋਂ ਖੋਹਕੇ ਲੈ ਗਈ
ਨਾਂ ਕੁਝ ਪੁਛਿਆ ਨਾਂ ਕੁਝ ਦੱਸਿਆ
ਦੁਖਾਂ ਦਾ ਚਰਖਾ ਡਾਹਕੇ ਬਹਿ ਗਈ
ਸੁਖਾਂ ਦੀਆਂ ਜੋ ਅਸੀਂ ਵੱਟੀਆਂ ਪੂਣੀਆ
ਬੋਹੀਏ ਦੇ ਵਿਚ ਪਾਕੇ ਬਹਿ ਗਈ
ਕੱਸਕੇ ਢਿੱਲੀ ਮਾਲ੍ਹ ਨੂੰ ਪਹਿਲਾਂ
ਤੱਕਲੇ ਦੇ ਵੱਲ ਕੱਢਣ ਲੱਗ ਪਈ
ਚਰਖੇ ਨੂੰ ਓਹ ਦੇਕੇ ਗੇੜਾ
ਤੰਦ ਗਮਾਂ ਦੇ ਕੱਡਣ ਲੱਗ ਪਈ
ਖੇੜੇ ਦੇ ਵਿਚ ਜੋ ਸਨ ਖੁਸ਼ੀਆਂ
ਹੋਲੀ ਹੋਲੀ ਉੱਡਣ ਲੱਗੀਆਂ
ਜੁੰਡੀ ਦੇ ਜੋ ਯਾਰ ਕਹਾਉਂਦੇ
ਮਾਰਨ ਲੱਗ ਪਏ ਫਿਰ ਠੱਗੀਆਂ
ਕਾਰੋਬਾਰ ਵੀ ਬੰਦ ਹੋ ਗਏ
ਆ ਗਈ ਨਾਲੇ ਪੈਸੇ ਦੀ ਤੰਗੀ
ਪਤਾ ਨਹੀ ਕਾਹਤੋਂ ਮੁੰਹ ਫੇਰ ਗਏ
ਓਹ ਰਿਸ਼ਤੇਦਾਰ ਤੇ ਬੇਲੀ ਸੰਗੀ
ਇਸੇ ਸਾੜਸਤੀ ਦੇ ਅੰਦਰ
ਪਿਆਰੀ ਮਾਂ ਮੇਰੀ ਮੈਨੂੰ ਛੱਡ ਗਈ
ਜੋ ਮੇਰਾ ਨਿੱਤ ਸਹਾਰਾ ਬਣਦੀ
ਉਸ ਘਰਵਾਲੀ ਦੇ ਸੱਟ ਵੱਜ ਗਈ
ਫਿਰ ਵੀ ਉਸ ਹਿੰਮਤ ਨਾਂ ਹਾਰੀ
ਡਿੱਗਦੇ ਨੂੰ ਆਪਣਾ ਹਥ ਫੜਾਇਆ
ਬਾਪੂ ਮੈਨੂੰ ਦਿੱਤਾ ਹੌਸਲਾ
ਪੁਤਰਾਂ ਮੋਢੇ ਨਾਲ ਮੋਢਾ ਲਾਇਆ
ਦੇਕੇ ਸਾਥ ਅਣਮੁਲੇ ਦੋਸਤਾਂ
ਮੈਂਨੂੰ ਮੇਰੇ ਪੈਰਾਂ ਤੇ ਖੜਾਇਆ
ਸਾਰਿਆ ਅਸੀਂ ਕੱਠੇ ਹੋਕੇ
ਪੀੜ ਪ੍ਰੌਹਣੀ ਨੂੰ ਘਰੋਂ ਭਜਾਇਆ
No comments:
Post a Comment