Wednesday, 29 August 2018

ਦੁਆ



ਬੰਦ ਹੋ ਜਾਣ ਸਾਰੇ ਦੁਆਰੇ ਉਹ
ਜਿੱਥੇ ਰੱਬ ਦੇ ਨਾਂ ਤੇ ਲੁੱਟਦੇ ਨੇ
ਜੜ ਸੁੱਕ ਜੇ ਉਹਨਾ ਢੋੰਗੀਆੰ ਦੀ
ਜੋ ਪਾਣੀ ਵਿੱਚ ਗੰਦ ਸੁੱਟਦੇ ਨੇ
ਮਿਲੇ ਜੱਗ ਤੇ ਿਕਸੇ ਨੂੰ ਢੋਈ ਨਾਂ
ਮਾਰਨ ਧੀ ਨੂੰ ਜੋ ਵਿੱਚ ਕੁੱਖ ਦੇ ਨੇ

ਕਿਤੇ ਸੋਧਾਂ ਇੱਦਾਂ ਹੀ ਲੱਗ ਜਾਵੇ
ਗੁੰਡੇ ਜੋ ਚਲਾਉਣ ਸਰਕਾਰਾਂ ਨੂੰ
ਿਵੱਚ ਜੇਲ੍ਹਾਂ ਜੇ ਬੰਦ ਕਰ ਦੇਵਣ
ਸਭ ਢੋੰਗੀ ਸੰਤ ਮਕਾਰਾੰ ਨੂੰਡ
ਨਾਲੇ ਸੂਲੀ ਉੱਤੇ ਚਾੜ੍ਹ ਦੇਵਣ
ਇਹਨਾੰ ਦੇ ਰਾਜਨੀਤਕ ਸਭ ਯਾਰਾਂ ਨੂੰ

ਛਿੱਤਰ ਖਾਣ ਪਿੱਛੋਂ ਹੀ ਆ ਜਾਵੇ
ਅਕਲ ਇਹਨਾੰ ਪੱਤਰਕਾਰਾਂ ਨੂੰ
ਹੁਣ ਛੱਡ ਕੇ ਗੱਲ ਪਖੰਡੀ ਦੀ
ਚਲੋ ਲੱਗੀਏ ਕੰਮਾਂ ਕਾਰਾੰ ਨੂੰ
ਲੈ ਕੇ ਸਿੱਖਿਆ ਉਸ ਦੀ ਕਰਨੀ ਤੋਂ
ਆਪਾੰ ਛੱਡੀਏ ਸਭ ਵਕਾਰਾਂ  ਨੂੰ

ਹਰ ਜੀ ੨੯/੦੮/੨੦੧੭

ਅਰਥੀ ਦਾ ਭਾਰ



ਧੰਨ ਨੇ ਉਹ ਮਾਪੇ
ਜੋ ਆਪਣੀ  ਉਲਾਦ ਦੀ
ਅਰਥੀ ਦਾ ਭਾਰ
ਆਪਣੇ ਮੋਢਿਆਂ ਤੇ
ਚੱਕ ਕੇ ਵੀ ਤੁਰ ਸਕਦੇ ਨੇ
ਮੈਨੂੰ ਤਾਂ ਮੇਰੇ
ਮਾਪਿਆਂ ਦੀ
ਅਰਥੀ ਦੇ ਭਾਰ  ਨੇ ਹੀ
ਤੋੜ ਛੱਡਿਆ

ਅਕਸਰ ਸੋਚਦਾਂ ਹਾਂ
ਕਿ ਕਿਵੇਂ ਹੋ ਜਾਂਦਾ
ਉਹਨਾਂ ਦਾ ਜਿਗਰਾ
ਪਹਾੜ ਵਾਂਗ ਅਟੱਲ
ਕਿਵੇਂ ਕਰ ਲੈਂਦੀ ਹੈ
ਮੁਸਕਾਨ ਮੁੜ ਵਾਸਾ
ਉਹਨਾਂ ਦੇ ਚਿਹਰਿਆਂ ਤੇ

ਹੋ ਸਕਦਾ ਇਸ ਤੋਂ ਬਿਨਾ
ਓਹਨਾ ਕੋਲ ਹੋਰ
ਕੋਈ ਰਸਤਾ ਵੀ ਨਾਂ ਹੋਵੇ
ਇਹ ਵੀ ਹੋ ਸਕਦਾ
ਵੇਖਦੇ ਹੋਣਗੇ ਉਹ
ਆਪਣੀ ਉਲਾਦ ਦੇ
ਸੁਪਨਿਆਂ ਨੂੰ

ਸ਼ਾਇਦ ਇਹ ਸੁਪਨੇ ਹੀ
ਦੇਂਦੇ ਹੋਣਗੇ ਉਹਨਾਂ ਨੂੰ
ਇਹ ਹਿੰਮਤ
ਲਗਦੇ ਹੋਣਗੇ ਉਹਨਾਂ ਦੇ
ਝੁਕਦੇ ਮੋਢਿਆਂ ਹੇਠ
ਬਣਕੇ ਫੌਹੜੀ
ਜੋ ਦਿੰਦੀ ਹੋਵੇਗੀ
ਉਹਨਾਂ ਦੀਆਂ
ਡਗਮਗਾਉਂਦੀਆਂ
ਲੱਤਾਂ ਨੂੰ ਸਹਾਰਾ

ਧੰਨ ਨੇ ਉਹ ਮਾਪੇ
ਧੰਨ ਹੈ ਉਹਨਾਂ ਦਾ ਜਿਗਰਾ

ਹਰ ਜੀ 07/09/2017

ਪੱਥਰਾਏ ਚਿਹਰੇ



ਅਕਸਰ ਦੇਖਦਾਂ ਹਾਂ
ਬਿਨਾ ਹਿੱਲਜੁਲ ਤੋਂ
ਟੱਡੀਆਂ ਅੱਖਾਂ
ਖੁਲ੍ਹੇ  ਮੂੰਹ
ਤੇ ਚਲਦੇ ਹੱਥ
ਇਹ ਨਜ਼ਾਰਾ
ਮਿਲ ਜਾਂਦਾ ਹੈ
ਹਰ ਘਰ ਵਿੱਚ
ਜਿਥੇ ਬੱਚੇ ਟੀਵੀ ਉੱਤੇ
ਟਿੱਕਟਿਕੀ ਲਾਕੇ
ਦੇਖਦੇ ਹਨ
ਕੋਈ ਕਾਰਟੂਨ
ਜਾਂ  ਖੇਡਦੇ ਹਨ
ਕੋਈ ਖੇਡ
ਇੰਝ ਮਹਿਸੂਸ ਹੁੰਦਾ
ਜਿਵੇਂ ਕਿਸੇ
ਜਿਓਂਦੀ ਜਾਗਦੀ
ਮੂਰਤ ਤੇ
ਪੱਥਰ ਦਾ ਚਿਹਰਾ
ਲਾਇਆ ਹੋਵੇ

ਹਰ ਜੀ 03/10/2017

ਗੁਆਚਾ ਰੱਬ



ਮੈ ਖ਼ੁਦ ਨੂੰ ਕਦੇ ਨੀ ਲੱਭ ਸਕਿਆ
ਪਰ ਰੱਬ ਨੂੰ ਲੱਭਦਾ ਫਿਰਦਾ ਰਿਹਾੰ
ਜ਼ਿੰਦਗੀ ਦੇ  ਇਸ ਭੰਬਲ਼ਭੂਸੇ ਵਿੱਚ
ਮੈ ਗੁਆਚਿਆ ਕਾਫ਼ੀ ਚਿਰਦਾ ਰਿਹਾੰ

ਮੇਰੇ ਜੰਮਦੇ ਸਾਰ ਹੀ ਸਿਰ ਉੱਤੇ
ਇੱਕ ਧਰਮ ਦਾ ਠੱਪਾ ਲਾ ਦਿੱਤਾ
ਨਾੰ ਰੱਖਣ ਵੇਲੇ ਮਾਪਿਆੰ ਨੇ
ਮੈਨੂੰ ਪਤਾ ਨੀ ਕੀ ਘੋਲ ਪਿਲਾ ਦਿੱਤਾ

ਰੱਬ ਮਾਪਿਆੰ ਦਾ ਜੋ ਗੁੰਮਿਆ ਸੀ
ਵਿੱਚ ਬਚਪਣ ਲੱਭਣ ਲਾ ਦਿੱਤਾ
ਬੱਸ ਜਵਾਨੀ ਚੜ੍ਹਨ ਤੋਂ ਪਹਿਲਾੰ ਹੀ
ਰੱਬ ਮੇਰੇ ਵਾਲਾ ਗੁਆ ਦਿੱਤਾ

ਰੱਬ ਲੱਭਣ ਵਾਲੇ ਗਧੀ ਗੇੜ ਚ
ਮੈ ਅੱਧੋਂ ਵੱਧ ਹੀ ਉੁਮਰ ਗੁਆ ਬੈਠਾੰ
ਹਰ ਮੰਦਿਰ ਮਸਜਿਦ ਦੁਆਰੇ ਵਿੱਚ
ਪਤਾ ਨੀ ਕਿੰਨੀ ਕੁ ਕਮਾਈ ਚੜ੍ਹਾ ਬੈਠਾੰ

ਨਾੰ ਸੌੰ ਸਕਿਆ ਨਾੰ ਕੱਤ ਸਕਿਆ
ਨਾੰ ਝੂਠੇ ਦਿਖਾਵੇ ਰੋਕ ਸਕਿਆ
ਲੁੱਟ ਰੱਬ ਦੇ ਨਾੰ ਗ਼ਰੀਬਾਂ ਦੀ
ਨਾ ਦੇਖ ਸਕਿਆ ਨਾੰ ਟੋਕ ਸਕਿਆ

ਬੀਜ ਬਿਨਾ ਕੋਈ ਪੌਦਾ ਉੱਗਦਾ ਨਹੀਂ
ਕਿਊੰ ਆਸ ਹੈ ਮੈਨੂੰ ਫੁੱਲ ਖਿਲਣੇ ਦੀ
ਹੁਣ ਤੱਕ ਨੀ ਰੱਬ ਨੂੰ ਕੋਈ ਲੱਭ ਸਕਿਆ
ਆਸ ਛੱਡ ਦਿੱਤੀ ਹੈ ਮੈ ਵੀ ਮਿਲਣੇ ਦੀ

ਹਰ ਜੀ ੧੮/੧੦/੨੦੧੭

ਡੰਗਰਾਂ ਵਾਲਾ ਕੋਠਾ

ਡੰਗਰਾਂ ਵਾਲਾ ਕੋਠਾ

ਬੋਤਾ ਬੁੱਕਦਾ ਮੱਘੇ ਕੱਢਦਾ
ਨਾਲੇ ਦੇਖੀ ਮੱਝ ਮੈਂ ਰਿੰਗਦੀ
ਨਾਲ ਖੜਾ ਘੋੜਾ ਵੀ ਹਿਣਕਿਆ
ਗਾਂ ਵੀ ਦੇਖੀ ਸੀ ਮੈਂ  ਰੰਭਦੀ
ਬੱਕਰੀ ਦੀ ਮੈਂ ਤੇ ਭੇਡ  ਦੀ ਬੈਂ ਬੈਂ
ਮੇਮਣੇ ਲੇਲੇ ਦੇਖੇ ਮਿਆਂਕਦੇ
ਕਿੰਝ ਸਾਰਾ ਪਿੰਡ ਉੱਠ ਸੀ ਪੈਂਦਾ
ਪਹਿਲੀ ਮੁਰਗੇ ਦੀ ਬਾਂਗ ਤੇ

ਖੁਆ ਡੰਗਰਾਂ ਨੂੰ ਟੋਕਾ ਸੰਨ੍ਹੀ
ਲੇਟੀ ਖਲ਼ ਦੈੜ ਜਾਂ  ਘਾਣੀ
ਨਿਆਣਾਂ ਪਾ ਗਾਂ ਦੀਆਂ ਲੱਤਾਂ ਨੂੰ
ਧਾਰ ਕੱਢਦੀ ਮੈਂ ਦੇਖੀ  ਸੁਆਣੀ
ਤੋਕੜ  ਮੱਝ ਡੋਕਿਆਂ ਨੂੰ ਤਾਰੇ
ਨਵੀਂ ਸੂਈ ਦੀ ਬਹੁਲੀ  ਕੱਢਦੇ
ਦੁੱਧ ਚੋਣ ਪਿੱਛੋਂ ਗਾਂ  ਮੱਝ  ਥੱਲੇ
ਦੇਖੇ ਮੈਂ  ਵੱਛਰੂ  ਕੱਟਰੂ  ਛੱਡਦੇ

ਮੱਝ ਦੇ ਬੱਚੇ  ਕੱਟਾ ਕੱਟੀ
ਬੱਕਰੀ ਦੇ ਦੇਖੇ  ਛੇਲਾ ਛੇਲੀ
ਵੱਛਾ ਵੱਛੀ ਗਾਂ ਪਿੱਛੇ  ਦੇਖੇ
ਦੇਖੇ ਭੇਡ ਪਿਛੇ  ਲੇਲਾ ਲੇਲੀ
ਬਾੜੇ ਜਾਂ ਹਵੇਲੀ ਦੇ ਵਿੱਚ
ਘੋੜੀ ਦੇ ਮਗਰ ਵਛੇਰਾ ਵਛੇਰੀ
ਡੰਗਰਾਂ ਵਾਲੇ ਘਰ ਬੰਨ੍ਹੀ  ਮੈਂ ਦੇਖੀ
ਨਵੀਂ ਸੂਈ ਹੋਈ ਇੱਕ ਲਵੇਰੀ

ਘੋੜਾ ਭੇਡੂ  ਬਲਦ ਨਰ ਸਾਰੇ
ਦੇਖੇ  ਬੋਕ ਝੋਟਾ ਤੇ ਸੰਢ੍ਹਾ
ਹਾਲੀ ਹੱਥ ਪਰਾਣੀ ਦੇਖੀ
ਪਾਲੀ ਹੱਥ ਵਿਚ ਦੇਖਿਆ ਡੰਡਾ
ਝੋਟੇ ਦੇ  ਨੱਕ ਵਿਚ ਕੁੰਡਾ ਦੇਖਿਆ
ਨੱਥ ਬਲਦਾਂ ਦੇ ਨੱਕ ਵਿੱਚ ਦੇਖੀ
ਗਾਵਾਂ ਮੱਝਾਂ ਦੇ ਗਲ਼ ਡਾਹਾ ਦੇਖਿਆ
ਤੇ ਨਕੇਲ ਬੋਤੇ ਦੇ ਨੱਕ ਵਿੱਚ  ਦੇਖੀ

ਪਾ ਪੈਂਖੜ ਰੱਸਾ  ਯਾ  ਸੰਗਲ
ਬੰਨ੍ਹਦੇ ਕਿੱਲੇ ਦੇ ਨਾਲ ਮੈਂ ਦੇਖੇ
ਪਾ ਕੇ ਮੂਹਰੀ  ਗਾਂ  ਮੱਝ ਦੇ
ਤੋਰਦੇ  ਆਪਣੇ ਨਾਲ ਮੈਂ ਦੇਖੇ
ਖੁਰਲੀ ਉੱਤੇ ਬੰਨ੍ਹ ਕੇ ਡੰਗਰ
ਦੇਖੇ ਉਹਨਾਂ ਨੂੰ ਪੱਠੇ ਪਾਉਂਦੇ
ਬਾਕੀਆਂ ਨੂੰ ਪਾਣੀ ਖੂਹ ਤੇ ਪਿਆਕੇ
ਮੱਝਾਂ ਦੇਖੇ  ਟੋਭੇ ਵਿਚ ਨੁਹਾਉਂਦੇ

ਕਣਕ ਦੀ ਨਾੜ ਤੋਂ ਤੂੜੀ ਬਣੀ ਦੇਖੀ
ਨਾਲੇ ਸੁੱਕੇ ਟਾਂਡੇ ਕੜਬ ਚਰੀ ਦੀ
ਸੁੱਕੇ ਗੁਆਰੇ ਤੋਂ ਬਣੀ ਕੰਡ ਮੈਂ ਦੇਖੀ
ਨਾਲੇ ਜਾਂਗੜ ਤੇ ਭੋਅ ਮੂੰਗਫਲੀ ਦੀ
ਝੋਨਾ ਵੱਢ  ਪਿੱਛੇ  ਰਹੀ ਪਰਾਲੀ
ਬਿਨ ਛੱਲੀਆਂ  ਦੇਖੇ  ਟਾਂਡੇ ਮੱਕੀ ਦੇ
ਛੋਲਿਆਂ ਮਗਰੋਂ  ਖੋਰ ਬਚ ਜਾਂਦਾ
ਗੰਨਿਆਂ  ਉਤੋਂ ਦੇਖੇ  ਆਗ ਲਥੀਦੇ

ਮੱਝਾਂ ਗਾਵਾਂ ਦੇਖੀਆਂ ਕਰਦੀਆਂ  ਗੋਹਾ
ਲਿੱ ਕਰਦੇ ਦੇਖੇ ਮੈੰ ਘੋੜੇ
ਬੋਤਾ ਸੀ ਜੋ ਸੁੱਟਦਾ ਲੇਡੇ
ਕੱਠੇ ਹੁੰਦੇ ਸੀ ਔਖੇ ਨਾਲ ਫੌੜ੍ਹੇ
ਭੇਡਾਂ ਬੱਕਰੀਆਂ ਦੀਆਂ  ਮੀਂਗਣਾਂ
ਬਿੱਠਾਂ ਮੁਰਗੀਆਂ ਦੀਆਂ ਮੈਂ ਦੇਖੀਆਂ
ਬੱਠਲ  ਤਸਲੇ ਤੇ ਟੋਕਰੇ ਭਰ ਕੇ
ਸਿੱਟਦੀਆਂ ਰੂੜੀ ਤੇ ਮੈਂ ਦੇਖੀਆਂ

ਹਰ ਜੀ 31/10/2017

ਅੱਖਾਂ ਚ ਉੁਦਾਸੀ

ਅੱਜ ਤੇਰੀਆੰ ਚਮਕਦੀਆੰ
ਅੱਖਾੰ ਵਿੱਚ ਕਿਊੰ ਹੈ ਉਦਾਸੀ
ਅੱਜ ਤੇਰੇ ਚਿਹਰੇ ਤੇ ਉੱਭਰੀ ਮੁਸਕਾਨ
ਕਿਊੰ ਲੱਗਦੀ  ਹੈ ਮੈਨੂੰ ਬਾਸੀ

ਛੁਪਾ ਕੇ ਗ਼ਮ ਅਪਣੇ ਅਕਸਰ
ਹਸਾਉਂਦੇ ਰਹਿੰਦੇ ਨੇ ਲੋਕਾੰ ਨੂੰ ਮਰਾਸੀ
ਚਿੱਟੇ ਦੰਦਾੰ ਚੋ ਜੋ ਡੁੱਲ੍ਹ ਡੁੱਲ੍ਹ ਪੈਂਦੀ ਸੀ
ਗੁੱਮ ਕਿੱਥੇ ਗਈ ਹੈ ਉਹ ਤੇਰੀ ਹਾਸੀ

ਹੋਇਆ ਕੀ ਜੇ ਆਪਾੰ ਹਾੰ ਪਰਦੇਸੀ
ਜਾਣ ਪਛਾਣ ਤਾੰ ਅਪਣੀ ਵੀ ਹੈ ਖਾਸੀ
ਪਰਵਾਜ਼ ਤਾੰ ਉਹ ਵੀ ਲਾਉਦੇ ਨੇ
ਹੁੰਦੇ ਨੇ ਜਿਹੜੇ ਪੰਛੀ ਪਰਵਾਸੀ

ਅਸੀੰ ਕਿਹੜੇ ਕਿਸੇ ਵੱਖਰੇ ਗ੍ਰਹਿ ਤੋੰ
ਅਸੀੰ ਵੀ ਇਸ ਧਰਤੀ ਦੇ ਵਾਸੀ
ਸਾਡੀ ਵੀ ਉਵੇੰ ਕੱਟ ਜਾਵੇਗੀ
ਜਿਵੇੰ ਬਾਕੀਆਂ ਦੀ ਕੱਟੇਗੀ ਚੌਰਾਸੀ

ਚੱਲ ਉੱਠ ਹੱਸੀਏ ਨੱਚੀਏ ਗਾਈਏ ਢੋਲੇ
ਭੁੱਲ ਕੇ ਸਾਰਾ ਕੁੱਝ ਜੋ ਹੈ ਸਿਆਸੀ
ਰੰਗ ਜਾਈਏ ਇੱਕ ਦੂਜੇ ਦੇ ਰੰਗ ਵਿੱਚ
ਖਿੜ ਜੇ ਰੂਹ ਜੋ ਹੈ ਚਿਰਾੰ ਤੋਂ ਪਿਆਸੀ
ਹਰ ਜੀ ੦੭/੧੧/੨੦੧੭

ਬੇਬੇ ਦਾ ਚੌਂਕਾ



ਡਾਹਕੇ ਪੀਹੜੀ ਬੇਬੇ ਵਿਚ ਚੌਂਕੇ ਦੇ ਬਹਿੰਦੀ  ਸੀ
ਹਰ ਵਕਤ ਹੱਥ ਚਲਾਉਂਦੀ ਮੂੰਹੋਂ ਕੁੱਝ  ਨਾਂ ਕਹਿੰਦੀ ਸੀ
ਨਾਲ ਗੋਹੇ ਦੇ ਚੌਂਕੇ ਨੂੰ ਉਹ   ਅਕਸਰ ਲਿੱਪਦੀ  ਸੀ
ਨਾਲ ਪਾਂਡੂ ਪੋਚੇ ਦੇ ਉਹ ਨਿੱਤ ਚੁੱਲ੍ਹਾ  ਸਜਾਉਂਦੀ ਸੀ
ਕੱਢ ਲੈਂਦੀ ਸੀ ਸੁਆਹ ਵਿਚੋਂ ਦੱਬੇ  ਅੱਗ ਦੇ ਗੋਹੇ  ਨੂੰ
ਰੱਖ ਪਾਥੀਆਂ ਉੱਤੇ ਨਾਲ ਭੂਕਣੇ  ਫੂਕਾਂ ਲਾਉਂਦੀ ਸੀ
ਕਦੇ ਗੁੱਲੇ ਕਾਨ੍ਹੇ ਟਾਂਡੇ ਤੇ ਕਦੇ  ਕਪਾਹ ਦੀਆਂ ਛਟੀਆਂ
ਪਰ ਜਿਆਦਾਤਰ ਪਾਥੀਆਂ ਦੇ ਨਾਲ ਚੁੱਲ੍ਹਾ  ਜਲਾਉਂਦੀ ਸੀ
ਅਕਸਰ ਚਿਮਟੇ ਦੇ ਨਾਲ  ਉਹ ਅੱਗ ਫਰੋਲਦੀ ਸੀ
ਤੌੜੀ  ਪਤੀਲਾ,ਤਵਾ ਚੁੱਲ੍ਹੇ ਤੇ ਬਦਲਦੀ ਰਹਿੰਦੀ ਸੀ

ਪਾ ਪਾਥੀਆਂ ਵਿਚ ਇੱਕ ਹਾਰੇ ਉਹ ਦਾਲ ਸੀ ਰੱਖ ਦਿੰਦੀ
ਵਿੱਚ ਦੂਜੇ ਹਾਰੇ ਦੇ ਦੁੱਧ ਦੀ ਕਾੜ੍ਹਨੀ ਧਰਦੀ ਸੀ
ਚਾਟੀ  ਵਿਚ ਦਹੀਂ  ਉਹ ਨਾਲ ਰਿੜਕਦੀ ਹੱਥਾਂ ਦੇ
ਮਧਾਣੀ ਨੇਤੀ  ਦਾ ਬੜਾ  ਖਿਆਲ ਉਹ ਕਰਦੀ ਸੀ
ਉਤਾਰ ਕੇ ਮੱਖਣ ਪਾ ਲੈਂਦੀ ਸੀ ਵਿਚ ਉਹ ਕੁੱਜੇ  ਦੇ
ਲੱਸੀ ਪੀਣ ਲਈ ਫੇਰ ਉਹ ਸਾਰੇ ਛੰਨੇ  ਭਰਦੀ ਸੀ
ਪਾਣੀ ਵਾਲਾ ਘੜਾ ਵੀ ਭਰ ਕੇ ਰੱਖਦੀ ਘੜਾਊਂਜ਼ੀ ਤੇ
ਆਟਾ ਕੱਢ ਭੜੋਲੀ ਚੋਂ  ਉਹ  ਗੋਹਲਾ  ਭਰਦੀ ਸੀ
ਮੁਠੀਆਂ ਦੇ ਨਾਲ ਮਿਣਕੇ  ਉਹ ਆਟਾ ਛਾਣ ਲੈਂਦੀ
ਗੁੰਨ੍ਹ ਕੇ ਵਿਚ ਪਰਾਂਤ ਆਟੇ  ਦੇ ਪੇੜੇ ਕਰਦੀ ਸੀ

ਕੁਟਦੀ ਸੀ ਨਾਲ ਕੂੰਡੀ ਸੋਟੇ  ਮਸਾਲਾ ਸਬਜ਼ੀ ਲਈ
ਅਕਸਰ ਵਿੱਚ  ਹਾਰੇ ਦੇ ਤੜਕਾ ਦਾਲ ਨੂੰ ਲਾ  ਦਿੰਦੀ
ਕਦੇ ਕਦੇ ਕੁੱਟ ਲੈਂਦੀ ਸੀ ਉਹਚਟਨੀ  ਅੰਬੀਆਂ ਦੀ
ਕਦੇ ਪਦੀਨੇ ਦੇ ਨਾਲ ਗੰਢਿਆਂ ਦਾ ਮੇਲ ਕਰਾ ਦਿੰਦੀ
ਕਦੇ ਲੱਸੀ ਨੂੰ ਛਾਣ  ਕੇ ਉਹ ਪਨੀਰ ਬਣਾ ਲੈਂਦੀ
ਅਧਰਕ ਮਿਰਚਾਂ ਵਾਲ ਲੂਣ ਕੁੱਟਕੇ  ਵਿਚ ਇਸ ਦੇ ਪਾ ਦਿੰਦੀ
ਚਾਰ ਚੀਰਨੀਆਂ ਸਰੋਂ ਦੀਆਂ ਨਾਲ ਇੱਕ ਚੀਰਨੀ ਬਾਥੂ
ਚੀਰ ਦਾਤੀ ਨਾਲ ਵਿਚ ਸਿਆਲਾਂ ਸਾਗ ਬਣਾ ਦਿੰਦੀ
ਫੜ ਕੇ ਪੈਰਾਂ ਦੇ ਨਾਲ ਤੱਤੀ ਸਾਗ ਦੀ ਤੌੜੀ ਨੂੰ
ਘੋਟ ਘੋਟ ਕੇ ਨਾਲ ਘੋਟਣੇ ਵਿਚ ਆਲਣ  ਪਾ ਦਿੰਦੀ

ਪੋਣਾ ਖੱਦਰ ਦਾ ਉਹ ਰੱਖਦੀ ਸੀ ਵਿਚ ਬੋਹੀਏ ਦੇ
ਚੱਕਲੇ ਵੇਲਣੇ ਨਾਲ ਪੇੜੇ ਦੀ ਰੋਟੀ ਬਣਾ ਲੈਂਦੀ
ਨਾਲ ਖੁਰਚਣੇ  ਗਰਮ ਤਵੇ ਤੇ ਰੋਟੀ ਥੱਲਦੀ ਸੀ
ਫਿਰ ਵਿਚ ਚੁੱਲ੍ਹੇ ਦੇ ਰੋਟੀ ਨੂੰ ਉਹ ਰੱਖ ਫੂਲਾ ਲੈਂਦੀ
ਰੋਟੀਆਂ  ਚੋਪੜ ਕੇ ਧਰ ਦਿੰਦੀ ਸੀ ਵਿਚ  ਛਾਬੇ ਦੇ
ਪਾਕੇ ਥਾਲੀਆਂ ਦੇ ਵਿਚ ਨਾਲੇ ਨਾਲ ਵਰਤਾ ਦਿੰਦੀ
ਜੋ ਕੁਝ ਬਚ ਜਾਂਦਾ ਉਹ ਰੱਖ ਦਿੰਦੀ ਸੀ ਵਿਚ ਆਲੇ ਦੇ
ਅੱਗ ਦੇ ਗੋਹੇ ਨੂੰ ਉਹ ਸੁਆਹ ਦੇ ਵਿਚ ਦਬਾ ਦਿੰਦੀ
ਨਾਲ ਸੁਆਹ ਦੇ ਝੱਟ ਹੀ ਭਾਂਡੇ ਮਾਂਜਕੇ ਰੱਖ ਦਿੰਦੀ
ਖਾ ਖੁਆਕੇ  ਰੋਟੀ ਮਗਰੋਂ ਚੌਂਕਾ  ਚਮਕਾ ਦਿੰਦੀ

ਹਰ ਜੀ 08/11/2017