Wednesday, 29 August 2018

ਮੈਂ ਠੇਕੇਦਾਰ ਹਾਂ

ਮੈਂ ਠੇਕੇਦਾਰ ਹਾਂ 

ਠੇਕੇਦਾਰ !
ਕਾਹਦਾ ਠੇਕੇਦਾਰ ?
ਕਰਮ ਦਾ ?

ਨਹੀਂ ਮੂਰਖਾ 
ਕਰਮ ਤਾਂ ਸਿਰਫ 
ਮੇਹਨਤ ਕਸ਼ੀ 
ਗਰੀਬ ਤੇ ਲਾਚਾਰ 
ਲੋਕਾਂ ਲਈ  ਹੈ 
ਮੇਰੇ ਲਈ ਨਹੀਂ 
ਮੈਂ ਮਿਹਨਤ ਕਿਓਂ ਕਰਾਂ 
ਮੇਰੇ ਕੋਲ ਤਾਂ 
ਗਿੱਦੜਸਿੰਗੀ ਹੈ ਗਿੱਦੜਸਿੰਗੀ

ਗਿੱਦੜਸਿੰਗੀ !

ਜੀ ਹਾਂ 
ਠੇਕੇਦਾਰੀ ਦੀ ਗਿੱਦੜਸਿੰਗੀ

 ਫੇਰ ਦੱਸ ਨਾਂ 
ਤੂੰ ਠੇਕੇਦਾਰ ਕਾਹਦਾ?

ਮੈਂ 
ਮੈਂ ਸਿਰਫ  ਠੇਕੇਦਾਰ  ਹਾਂ 
ਨਾਂ ਮੈਂ   ਹੱਡ  ਵਾਹੁਨਾ 
ਨਾਂ  ਦਿਮਾਗ ਵਰਤਦਾਂ 
ਬੱਸ ਚੰਗਾ ਖਾਨਾ  
ਤੇ ਚੰਗਾ ਪਹਿਨਦਾਂ 

ਠੀਕ ਹੈ ਪਰ 
ਤੂੰ ਕਰਦਾ ਕੀ ਐਂ ?

ਮੈਂ  
ਮੈਂ ਬੱਸ 
ਭੋਲੇ ਭਾਲੇ  ਲੋਕਾਂ ਨੂੰ 
ਭੰਬਲਭੂਸੇ ਚ ਪਾਉਨਾ  
ਉਹਨਾਂ ਨੂੰ 
ਰੱਬ ਦੇ ਨਾਂ 
ਤੇ ਡਰਾਕੇ 
ਉਹਨਾਂ ਦੀ 
ਲਾਚਾਰੀ ਦਾ 
ਫਾਇਦਾ ਉਠਾਉਨਾ 
ਉਹਨਾਂ ਦੀ  
ਹੱਕ ਸੱਚ ਦੀ ਕਮਾਈ  ਚੋਂ 
ਆਪਣਾ ਹਿੱਸਾ ਵੰਡਾਉਨਾ 
ਲੋੜ ਪਵੇ ਤਾਂ 
ਉਹਨਾਂ ਨੂੰ ਉਂਗਲ ਦੇਕੇ 
ਦੂਜਿਆਂ ਨਾਲ ਲੜਾਉਨਾ 
ਤੇ ਆਪਣੀ 
ਜੈ ਜੈ ਕਾਰ  ਕਰਾਉਨਾ  

ਤੈਨੂੰ ਕੋਈ ਫ਼ਰਕ  ਨੀਂ ਪੈਂਦਾ 
ਇਹਨਾਂ ਦੀ ਜਿੰਦਗੀ 
ਨਾਲ ਖਿਲਵਾੜ ਕਰਕੇ?

ਫ਼ਰਕ 
ਕਿਹੜਾ ਫ਼ਰਕ 
ਮੈਨੂੰ ਕੋਈ ਫਰਕ ਨੀਂ ਪੈਂਦਾ 
ਕੌਣ ਭੁੱਖਾ ਹੈ 
ਕੌਣ ਨੰਗਾ ਹੈ 
ਕੌਣ ਮਾੜਾ ਤੇ 
ਕੌਣ ਚੰਗਾ ਹੈ 
ਕੌਣ ਜਿਉਂਦਾ 
ਤੇ ਕੌਣ ਮਰਦਾ, 
ਮੈਂ ਤਾਂ ਸਿਫ਼ਰ
ਆਪਣੇ ਧਰਮ ਦੀ 
ਸੇਵਾ ਕਰਦਾਂ 
ਕਿਉਂ ਕੇ ਮੈਂ ਠੇਕੇਦਾਰ ਹਾਂ 
 ਠੇਕੇਦਾਰ 
ਸਿਰਫ ਧਰਮ ਦਾ 
 ਠੇਕੇਦਾਰ 

 ਹਰ ਜੀ 11/07/2017

ਸ਼ਬਦ ਗੁਰੂ



ਪੜੋ ਵਿੱਦਿਆ ਵਿਚਾਰੀ ਕਰੋ ਪ੍ਰਉਪਕਾਰੀ
ਇਹੀ ਸ਼ਬਦ ਗੁਰੂ ਹੈ ਬਾਬਾ ਸਮਝਾ ਗਿਆ

ਬਿਨਾ ਗਿਆਨ ਦੇ ਨੀਂ ਬੰਦਾ ਕਦੇ ਬਣਦਾ ਮਨੁੱਖ
ਬਾਬਾ ਇਹੀ ਗੱਲ ਸਕੂਲੇ ਪਾਧੇ ਨੂੰ ਪੜ੍ਹਾ ਗਿਆ

ਨਾਂ ਦਿਖਾਵੇ ਵਿੱਚ ਬਾਬੇ ਕਦੀ ਕੀਤਾ ਸੀ ਯਕੀਨ
ਲਾਹ ਕੇ ਜਨੇਊੂ ਪੰਡਤ ਨੂੰ ਭੰਬਲ਼ਭੂਸੇ ਪਾ ਗਿਆ

ਜਿਹੜ੍ਹਾ ਕੰਮ ਕਰੋ, ਕਰੋ ਪੂਰਾ ਮਨ ਲਾਕੇ ਸਦਾ
ਵਿੱਚ ਮਸੀਤੇ ਕਾਜ਼ੀ ਦੇ ਪੱਲੇ ਬਾਬਾ ਪਾ ਗਿਆ

ਦਸਾਂ ਨੌਹਾਂ ਦੀ ਕਮਾਈ ਕਰੋ  ਤੇ ਛਕੋ ਵੰਡ ਕੇ
ਤਾਹਿਓਂ ਢਲਦੀ ਉਮਰੇ ਬਾਬਾ ਹਲ਼ ਖੇਤਾਂ ਚ ਵਾਹ ਗਿਆ

ਰੱਬ ਵਸਦਾ ਨੀ ਦੁਆਰੇ ਹੈ ਮਜੂਦ ਹਰ ਥਾਂ ਤੇ
ਤਾਹਿਓਂ ਲੰਮਾ ਪੈ ਕੇ ਬਾਬਾ ਮੱਕੇ ਨੂੰ ਘੁਮਾ ਗਿਆ

ਕੀਤੀ ਪੂਜਾ ਦੀ ਮੁਖਾਲ਼ਫਤ ਸਦਾ ਹੀ ਬਾਬੇ ਨੇ
ਪਾਣੀ ਸੂਰਜ ਤੋਂ ਰੋਕ ਖੇਤਾਂ ਨੂੰ ਦੁਆ ਗਿਆ

ਤਕੜੇ ਦੀ ਨਾਂ ਕਦੇ ਬਾਬੇ ਕੀਤੀ ਸੀ ਪਰਵਾਹ
ਭਾਗੋ ਛੱਡ ਰੋਟੀ ਲਾਲੋ ਦੇ ਘਰੇ ਖਾ ਗਿਆ

ਸਾਦਾ ਖਾਕੇ ਸਾਦਾ ਰਹਿ ਕੇ ਹੱਥੀਂ ਕਰਕੇ ਕਮਾਈ
ਰਹਿਣਾ ਸਦਾ ਕਿੰਝ ਖੁਸ਼ ਬਾਬਾ ਸਮਝਾ ਗਿਆ

ਬਚਣਾ ਝੂਠ ਤੇ ਫਰੇਬ ਦੇ ਲੁਟੇਰਿਆਂ ਤੋਂ ਕਿੰਝ
ਤਾਹੀਂ ਸ਼ਬਦ ਗੁਰੂ ਦੇ ਲੜ ਬਾਬਾ ਲਾ ਗਿਆ

ਨਾਂ ਡੰਡਾ ਤਲਵਾਰ ਇੱਕੋ ਤਰਕ ਵਾਲਾ ਹਥਿਆਰ
ਵਰਤ ਸਾਰਿਆਂ ਨੂੰ ਬਾਬਾ ਵੇਖੋ ਵਾਹਣੀ ਪਾ ਗਿਆ

ਹਰ ਜੀ ੧੨/੦੭/੨੦੧੫

ਸੰਤੋਖ ਕੰਗ

ਇੱਕ ਸੰਤੋਖ ਕੰਗ ਸੀ
ਯਾਰਾਂ ਦਾ ਯਾਰ ਸੀ
ਪਰ ਮਸਤ ਮਲੰਗ ਸੀ
ਸਦਾ ਹਸਦਾ ਹੀ  ਰਹਿੰਦਾ ਸੀ
ਅਕਸਰ ਪੋਲੀਆਂ ਪੋਲੀਆਂ
ਉਹ ਛੱਡਦਾ  ਹੀ ਰਹਿੰਦਾ ਸੀ
ਕਰਨਾ ਹੋਵੇ ਕੰਮ ਕੋਈ ਵੀ
ਹੁੰਦਾ ਉਹ ਸਭ ਤੋਂ ਅੱਗੇ ਸੀ
ਪੜਾਈ ਦੇ ਨਾਲ ਨਾਲ
ਪਿੰਡ ਜਾਕੇ ਉਹ ਹੱਕਦਾ ਰਿਹਾ ਢੱਗੇ ਸੀ
ਬੱਚੇ  ਕਹਿੰਦੇ ਪਾਪਾ
ਸਕੇਟ ਬੋਰਡ ਲੈ ਕੇ ਆਓ  ਤੁਸੀਂ
ਕਹਿੰਦਾ ਪਹਿਲਾਂ  ਮੇਰੇ ਵਾਲੇ ਉੱਤੇ
ਚੜ੍ਹ ਕੇ ਦਿਖਾਓ ਤੁਸੀਂ
ਕਾਰ ਚ ਬਿਠਾ ਕੇ
ਜੁਆਕਾਂ ਨੂੰ  ਪਿੰਡ  ਸੀ ਉਹ  ਲੈ  ਗਿਆ
ਬਲਦ ਖੋਲ ਚੱਕ ਪੰਜਾਲੀ
ਖੇਤ ਜਾਕੇ ਬਹਿ ਗਿਆ
ਜੋੜ ਕੇ ਸੁਹਾਗੀ ਕਹਿੰਦਾ
ਇਸ ਤੇ ਦਿਖਾਓ ਖੜ  ਕੇ
ਲੈਣਾ ਜੇ ਸਕੇਟ ਬੋਰਡ
ਸੁਹਾਗੀ ਉੱਤੇ ਦਿਖਾਓ ਚੜ੍ਹ ਕੇ
ਖੁਸ਼ ਮਿਜ਼ਾਜ਼ ਬੰਦਾ ਪੂਰਾ
ਯਾਰਾਂ ਦਾ  ਯਾਰ ਸੀ
ਵੱਡੇ ਛੋਟੇ ਸਭ ਦਾ
ਸਦਾ ਕਰਦਾ ਸਤਿਕਾਰ ਸੀ
ਤੁਰ ਗਿਆ ਅੱਗੇ
ਲਿਖਣ ਅਗਲੀ ਕਹਾਣੀ ਨੂੰ
ਛੱਡ ਵਿਲਖਦੇ ਬਾਲਾਂ ਤੇ
ਰੋਂਦੇ ਰੂਹ ਦੇ ਹਾਣੀ ਨੂੰ
ਖੁਸ਼ੀਆਂ ਹੀ ਵੰਡੇਂਗਾ
ਯਾਰਾ ਤੂੰ ਜਿਥੇ ਵੀ ਜਾਵੇਂਗਾ
ਅਪਣੀਆਂ ਗੱਲਾਂ ਨਾਲ
ਚਿੱਤ ਸਭ ਦਾ ਲਾਵਾਵੇਂਗਾ
ਬੀਤੇ ਜਿਹੜੇ ਪਲ ਚੰਗੇ
ਚੇਤੇ ਆਉਂਦੇ ਰਹਿਣਗੇ
ਯਾਦ ਕਰ ਤੈਨੂੰ
ਹੰਝੂ ਅੱਖੀਆਂ  ਚੋਂ  ਬਹਿਣਗੇ

ਹਰ ਜੀ 27/07/2017

ਸੰਤੋਖ ਕੰਗ

ਦੋ ਦਿਨ ਹੋਗੇ ਅੱਖਾਂ ਚੋਂ ਪਾਣੀ ਨੀਂ ਸੁੱਕਿਆ
ਬਹੁਤੀ ਦੇਰ ਵਗਿਆ ਥੋੜੀ ਦੇਰ ਰੁਕਿਆ
ਪਤਾ ਨੀਂ ਕਿਹੜਾ ਸੋਮਾ ਫੁੱਟਿਆ
ਜਿਹੜਾ ਹੁਣ ਤੱਕ ਨੀ ਇਹ ਮੁੱਕਿਆ
ਪਹੁੰਚ ਜਾਂਦਾ ਮਨ ਸਦਾ ਹੀ ਉੱਥੇ
ਜਿੱਥੇ  ਮੁਲਾਕਾਤ ਸ਼ੁਰੂ ਹੋਈ ਸੀ
ਮਿਲੇ ਸਾਂ  ਉਦੋਂ ਬਹੁਤ ਹੱਸੇ  ਸੀ
ਅੱਜ ਪਤਾ ਨੀ ਕਿਉਂ ਇਹ ਅੱਖ ਰੋਈ ਸੀ
ਹੋਸਟਲ ਦੀਆਂ ਉਹਨਾਂ ਯਾਦਾਂ ਦੇ ਵਿੱਚ
ਇੱਕ ਵੱਖਰਾ ਹੀ ਆਨੰਦ ਹੈ ਛੁਪਿਆ
ਅਠੱਨੀ ਉੱਤੇ ਜੋ  ਪੈਰ ਸੀ ਰੱਖਦਾ
ਅਕਸਰ ਉਹ ਸੰਤੋਖ ਹੁੰਦਾ ਹੈ ਲੁੱਕਿਆ
ਕਿਵੇਂ ਭੁਲਾਵਾਂਗੇ ਉਹ ਯਾਰਾ
ਮਨ ਤੇ ਉੱਕਰੀਆਂ ਯਾਦਾਂ ਨੂੰ ਦੱਸ
ਤੇਰੀਆਂ ਗੱਲਾਂ ਨੂੰ ਯਾਦ ਕਰਕੇ
ਕਿੰਝ ਸਕਾਂਗੇ ਹੁਣ ਅਸੀਂ ਹੱਸ
ਹੁਣ ਜਦ ਵੀ ਤੂੰ  ਯਾਦ ਆਏਂਗਾ
 ਹਾਸੇ ਦੇ ਨਾਲ ਨਿਕਲੂਗਾ ਰੋਣਾ
ਖਾਰਾ ਹੰਝੂ ਬਹਿ  ਤੁਰੇਗਾ
ਸਿੱਲ੍ਹੀ ਅੱਖ  ਦਾ ਛੱਡ ਕੇ ਕੋਨਾ
ਪਤਾ ਨੀਂ ਕਦੋਂ ਮਿਲਾਪ ਹੋਣਗੇ
ਹੋਣਗੇ ਵੀ ਕ ਹੈ ਇਹ ਆਸ ਅਧੂਰੀ
ਸਭ ਕੁਝ ਛੱਡ ਕੇ ਅੱਧਵਿਚਕਾਰੇ
ਤੂੰ ਤਾਂ ਕਰ ਗਿਆਂ ਜਿੰਦਗੀ ਪੂਰੀ
ਜਿੱਥੇ  ਵੀ ਜਾਵੇਂਗਾ ਖੁਸ਼ੀਆਂ ਹੀ ਵੰਡੇਂਗਾ
ਮਾੜਾ ਕਿਸੇ ਦਾ ਤੂੰ ਕਰ ਨੀ ਸਕਦਾ
ਜਿਹੜਾ ਪਾੜਾ  ਤੂੰ ਪਿੱਛੇ ਖਾਲੀ ਕਰ ਗਿਆਂ
ਹੋਰ ਕਿਸੇ ਨਾਲ ਇਹ ਭਰ ਨੀ ਸਕਦਾ
ਹਰ ਜੀ 28/07/2017

ਹੋਂਦ

ਹੋਂਦ 

ਸਾਲ  ਹੋ ਗਿਆ 
ਤੈਨੂੰ  ਇਥੋਂ ਗਏ ਨੂੰ 
ਬਹੁਤ ਕੁਝ 
ਬਦਲ ਗਿਆ 
ਤੇਰੇ 
ਜਾਣ ਤੋਂ ਬਾਅਦ 
ਘਰ ਦਾ ਮਹੌਲ 
ਤੇਰਾ ਕਮਰਾ 
ਗੱਲਾਂ ਬਾਤਾਂ 

ਹਾਂ ਤੇਰੇ 
ਜਾਣ  ਤੋਂ ਬਾਅਦ 
ਕੁਝ ਰਿਸ਼ਤਿਆਂ ਚ 
ਤਰੇੜਾਂ ਵੀ ਆਗੀਆਂ 
ਕੁਝ ਬੂਟੇ ਜਿਹੜੇ
ਤੇਰੀ ਸੰਘਣੀ ਛਾੰ
ਹੇਠਾਂ ਕੋਮਲ ਤੇ
ਮਿਠਾਸ ਭਰੇ ਸਨ 
ਹੁਣ ਉਹਨਾਂ ਦੇ 
ਸੂਲਾਂ ਵੀ 
ਉੱਗ ਆਈਆਂ 
ਤੇ ਫਲ ਵੀ 
ਕੌੜੇ ਹੋ ਗਏ 
ਲਗਦੇ ਨੇ 

ਪਰ ਕੀ  ਮੈਂ 
ਤੇਰੀ  ਦੇਹ ਨੂੰ 
ਦਾਗ ਲਾਕੇ 
ਤੇਰੇ ਫੁੱਲਾਂ ਨੂੰ  
ਪਾਣੀ ਚ ਬਹਾ  ਕੇ 
ਤੇਰਾ ਭੋਗ ਪਾਕੇ 
ਕਬੀਲੇ ਨੂੰ 
ਰੋਟੀ ਖਵਾ ਕੇ 
ਤੇਰਾ  ਸਮਾਨ
ਲੋੜਵੰਦਾਂ ਨੂੰ ਦੇ ਕੇ 
ਘਰ ਚ ਸਿਰਫ 
ਤੇਰੀ  ਫੋਟੋ ਲਾਕੇ 
ਤੇਰੀ ਹੋਂਦ ਨੂੰ 
ਮਿਟਾ  ਸਕਿਆ 

ਸ਼ਾਇਦ ਨਹੀਂ 
ਕਿਉਂ ਕਿ ਅੱਜ ਵੀ 
ਮੇਰੇ ਕੰਨਾਂ ਚ 
ਤੇਰੀ ਅਵਾਜ ਪੈਂਦੀ ਹੈ 
ਤੇ ਮੈਂ ਭੱਜ ਕੇ 
ਤੇਰੇ ਕਮਰੇ ਚ ਜਾਨਾ 
ਤੇਰੇ  ਨਾਲ  
ਖੁਦ ਦੀ ਹੋਂਦ ਨੂੰ 
ਜੁੜੀ ਮਹਿਸੂਸ ਕਰਦਾਂ 
ਮਨ ਨੂੰ 
ਤਸੱਲੀ ਹੁੰਦੀ 
ਕਿ ਤੇਰੀ ਹੋਂਦ 
ਮੇਰੇ ਜਿਉਂਦੇ ਜੀ 
ਖਤਮ ਨੀ ਹੋ ਸਕਦੀ 
ਯਾਰ ਬਾਪੂ 

ਹਰ ਜੀ ੦੯/੦੮/੨੦੧੭

ਸੌਦਾ ਸਾਧ

ਕਾਹਤੋਂ ਬਾਬਿਆ ਦੱਸ ਤੂੰ ਡਰੀ ਜਾਨਾਂ
ਨਾਲ ਰੱਬ ਦੇ ਸਿੱਧੀ ਹੈ ਗੱਲ ਤੇਰੀ
ਛੱਡ ਸਰਸਾ ਗੁਫਾ ਚੋ ਬਾਹਰ ਆਕੇ
ਚੰਡੀਗੜ੍ਹ ਦੀਆੰ ਸੜਕਾਂ ਤੇ ਲਾ ਗੇੜੀ

ਖ਼ੁਦ ਹੁਣ ਵਰਤਕੇ ਦਿਖਾ ਉਹ ਨਾਮ ਮੰਤਰ
ਜਿਹੜਾ ਪ੍ਰੇਮੀਆਂ ਨੂੰ ਨਿੱਤ ਵੰਡਦਾੰ ਏੰ
ਵੜਜਾ ਤਾਣ ਕੇ ਹਿੱਕ ਨੂੰ ਵਿੱਚ ਕਚਹਿਰੀ
ਕਿਹੜੀ ਗੱਲੋਂ ਤੂੰ ਹੁਣ ਪਿਆਂ ਸੰਗਦਾੰ ਏੰ

ਜੇਕਰ ਕੀਤਾ ਨੀ ਤੂੰ ਕੁਕਰਮ ਕੋਈ
ਖ਼ੌਫ਼ ਕਿਹੜੀ ਸਜ਼ਾ ਦੇ ਫੇਰ ਤੈਨੂੰ
ਖ਼ੁਦ ਨੂੰ ਵਿੱਚ ਕਚਹਿਰੀ ਨੀ ਬਚਾ ਸਕਦਾ
ਕਿਹੜੀ ਸ਼ਕਤੀ ਦੀ ਫੇਰ ਘਮੇਰ ਤੈਨੂੰ

ਵਕਤ ਪਾਇਆ ਤਿੰਨ ਚਾਰ ਸੂਬਿਆਂ
ਕਮਲੇ ਲੋਕਾਂ ਨੂੰ ਢਾਲ੍ਹ ਬਣਾ ਕੇ ਤੂੰ
ਕੀ ਖੱਟੇੰਗਾ ਇਸ ਸਾਰੀ ਖੇਡ ਵਿੱਚੋਂ
ਪੁਲਿਸ ਹੱਥੋਂ ਪ੍ਰੇਮੀ ਕੁਟਾ ਕੇ ਤੂੰ

ਅਮਨ ਕਨੂੰਨ ਨੂੰ ਕਿਊੰ ਭੰਗ ਕਰਨ ਲਈ
ਪਰੇਮੀ ਆਪਣਿਆਂ ਨੂੰ ਤੂੰ ਉਸਕਾ ਰਿਹਾੰ ਏੰ
ਬਚੇਖੁਚੇ ਨੇ ਜਿਹੜੇ ਸਾਹ ਪੰਜਾਬ ਅੰਦਰ
ਹੁਣ ਤੂੰ ਉਹਨਾ ਨੂੰ ਵੀ ਸੁੱਕਣੇ ਪਾ ਰਿਹਾ ਏੰ

ਫੈਸਲਾ ਜੋ ਵੀ ਹੋਵੇਗਾ ਮੰਨ ਸਿਰ ਮੱਥੇ
ਇੱਜ਼ਤ ਕਨੂੰਨ ਦੀ ਕਰਨੀ ਸਿਖਾ ਸਭ ਨੂੰ
ਹੋ ਜਾ ਪੇਸ਼ ਕਚਹਿਰੀ ਚ ਜਾ ਕੱਲਾ
ਲੀਡਰਸ਼ਿਪ ਹੁਣ ਵੀ ਦਿਖਾ ਸਭ ਨੂੰ

ਹਰਜੀ ੨੪/੦੮/੨੦੧੭

ਬਾਬਾ ਦੀ ਸੁਰੱਖਿਆ

ਬਾਬੇ ਨੂੰ ਮਿਲਗੀ ਜੈੱਡ ਤੋਂ ਅਗਲੀ ਸੁਰੱਖਿਆ
ਕਈ ਦਿਨ ਤੱਕ ਇਹ ਚੱਲੂ ਹੁਣ ਸਮਿੱਖਿਆ
ਕੌਣ ਹੈ ਜ਼ੁੰਮੇਵਾਰ ਇਹ ਸਭ ਕੁੱਝ ਦਾ
ਸੱਚੇ ਸੌਦੇ ਵਾਲਾ ਲੱਗੇ ਦੀਵਾ ਬੁੱਝਦਾ
ਮਰਗੇ ਜ਼ਿਹਨਾਂ ਦੇ ਸਾਰੀ ਉਮਰ ਰੋਣਗੇ
ਕਦੇ ਵੀ ਨਹੀਂ ਨੀਂਦ ਸੁੱਖ ਦੀ ਉਹ ਸੌਣਗੇ
ਮੂਰਖਾੰ ਦਾ ਟੋਲਾ ਭੇਡ ਚਾਲ ਕਰਦਾ
ਭਾਵੇਂ ਅਪਣੀ ਆਈ ਤੇ ਹਰ ਕੋਈ ਮਰਦਾ
ਸਾਧ ਦਾ ਕੀ ਗਿਆ ਮਰੇ ਤਾੰ ਗਰੀਬ ਨੇ
ਥੋਡੇ ਅਤੇ ਮੇਰੇ ਜਿਹੜੇ ਕਰੀਬ ਨੇ
ਸਾੜਤੀਆੰ ਕਾਰਾ ਮੋਟਰਾਂ ਤੇ ਗੱਡੀਆਂ
ਖ਼ਾਮ ਖਾਹ ਹੀ ਕਈਆੰ ਦੇ ਡਾੰਗਾੰਵੱਜੀਆੰ
ਸੂਬੇ ਸਰਕਾਰਾਂ ਨੂੰ ਹੈ ਵਕਤ ਪੈ ਗਿਆ
ਲਗਦਾ ਖੱਟੜ ਦੇ ਜੜੀੰ ਬਾਬਾ ਬਹਿ ਗਿਆ
ਧੰਨ ਧਨ ਧੰਨੋ ਵਾਲੀ ਗੱਲ ਸਾਧ ਦੀ
ਲੁਆਤੀ ਹੁਣ ਪਿੱਠ ਬੱਕਰੀ ਨੇ ਬਾਘ ਦੀ
ਵਹਿਮਾਂ ਤੇ ਪਖੰਡਾੰ ਦਾ ਖੂਬ ਬੋਲਵਾਲਾ ਹੈ
ਪੈਸੇ ਦੀ ਹੋੜ ਮਾਰਿਆ ਅੰਕਲ ਤੇ ਤਾਲਾ ਹੈ
ਹਰ ਚੀਜ਼ ਅੱਜ ਤਾਂ ਵਪਾਰ ਬਣ ਗਈ
ਗੁੰਡਿਆੰ ਦੀ ਹਰ ਸੂਬੇ ਸਰਕਾਰ ਬਣ ਗਈ
ਵੋਟਾਂ ਜਦੋਂ ਪਾਉਨੇ ਆੰ ਚੌਧਰੀ ਘੜੰਮ ਨੂੰ
ਦੇਨੇ ਆੰ ਬੜ੍ਹਾਵਾ ਡੇਰੇ ਵਾਲੇ ਕੰਮ ਨੂੰ
ਸ਼ੋਸ਼ਣ ਹੁੰਦਾ ਹੈ ਸਦਾ ਲੋੜਵੰਦ ਦਾ
ਕਦੇ ਕਦੇ ਭਾੰਡਾ ਫੁੱਟਦਾ ਪਖੰਡ ਦਾ
ਅੱਜ ਤੱਕ ਰੱਬ ਨਾੰ ਕਿਸੇ ਨੂੰ ਮਿਲਿਆ
ਹਾੰ ਬਾਬਿਆੰ ਦਾ ਧੰਦਾ ਵਧਿਆ ਤੇ ਫੁੱਲਿਆ

ਹਰ ਜੀ ੨੫/੦੮/੨੦੧੭

ਦੁਆ



ਬੰਦ ਹੋ ਜਾਣ ਸਾਰੇ ਦੁਆਰੇ ਉਹ
ਜਿੱਥੇ ਰੱਬ ਦੇ ਨਾਂ ਤੇ ਲੁੱਟਦੇ ਨੇ
ਜੜ ਸੁੱਕ ਜੇ ਉਹਨਾ ਢੋੰਗੀਆੰ ਦੀ
ਜੋ ਪਾਣੀ ਵਿੱਚ ਗੰਦ ਸੁੱਟਦੇ ਨੇ
ਮਿਲੇ ਜੱਗ ਤੇ ਿਕਸੇ ਨੂੰ ਢੋਈ ਨਾਂ
ਮਾਰਨ ਧੀ ਨੂੰ ਜੋ ਵਿੱਚ ਕੁੱਖ ਦੇ ਨੇ

ਕਿਤੇ ਸੋਧਾਂ ਇੱਦਾਂ ਹੀ ਲੱਗ ਜਾਵੇ
ਗੁੰਡੇ ਜੋ ਚਲਾਉਣ ਸਰਕਾਰਾਂ ਨੂੰ
ਿਵੱਚ ਜੇਲ੍ਹਾਂ ਜੇ ਬੰਦ ਕਰ ਦੇਵਣ
ਸਭ ਢੋੰਗੀ ਸੰਤ ਮਕਾਰਾੰ ਨੂੰਡ
ਨਾਲੇ ਸੂਲੀ ਉੱਤੇ ਚਾੜ੍ਹ ਦੇਵਣ
ਇਹਨਾੰ ਦੇ ਰਾਜਨੀਤਕ ਸਭ ਯਾਰਾਂ ਨੂੰ

ਛਿੱਤਰ ਖਾਣ ਪਿੱਛੋਂ ਹੀ ਆ ਜਾਵੇ
ਅਕਲ ਇਹਨਾੰ ਪੱਤਰਕਾਰਾਂ ਨੂੰ
ਹੁਣ ਛੱਡ ਕੇ ਗੱਲ ਪਖੰਡੀ ਦੀ
ਚਲੋ ਲੱਗੀਏ ਕੰਮਾਂ ਕਾਰਾੰ ਨੂੰ
ਲੈ ਕੇ ਸਿੱਖਿਆ ਉਸ ਦੀ ਕਰਨੀ ਤੋਂ
ਆਪਾੰ ਛੱਡੀਏ ਸਭ ਵਕਾਰਾਂ  ਨੂੰ

ਹਰ ਜੀ ੨੯/੦੮/੨੦੧੭

ਅਰਥੀ ਦਾ ਭਾਰ



ਧੰਨ ਨੇ ਉਹ ਮਾਪੇ
ਜੋ ਆਪਣੀ  ਉਲਾਦ ਦੀ
ਅਰਥੀ ਦਾ ਭਾਰ
ਆਪਣੇ ਮੋਢਿਆਂ ਤੇ
ਚੱਕ ਕੇ ਵੀ ਤੁਰ ਸਕਦੇ ਨੇ
ਮੈਨੂੰ ਤਾਂ ਮੇਰੇ
ਮਾਪਿਆਂ ਦੀ
ਅਰਥੀ ਦੇ ਭਾਰ  ਨੇ ਹੀ
ਤੋੜ ਛੱਡਿਆ

ਅਕਸਰ ਸੋਚਦਾਂ ਹਾਂ
ਕਿ ਕਿਵੇਂ ਹੋ ਜਾਂਦਾ
ਉਹਨਾਂ ਦਾ ਜਿਗਰਾ
ਪਹਾੜ ਵਾਂਗ ਅਟੱਲ
ਕਿਵੇਂ ਕਰ ਲੈਂਦੀ ਹੈ
ਮੁਸਕਾਨ ਮੁੜ ਵਾਸਾ
ਉਹਨਾਂ ਦੇ ਚਿਹਰਿਆਂ ਤੇ

ਹੋ ਸਕਦਾ ਇਸ ਤੋਂ ਬਿਨਾ
ਓਹਨਾ ਕੋਲ ਹੋਰ
ਕੋਈ ਰਸਤਾ ਵੀ ਨਾਂ ਹੋਵੇ
ਇਹ ਵੀ ਹੋ ਸਕਦਾ
ਵੇਖਦੇ ਹੋਣਗੇ ਉਹ
ਆਪਣੀ ਉਲਾਦ ਦੇ
ਸੁਪਨਿਆਂ ਨੂੰ

ਸ਼ਾਇਦ ਇਹ ਸੁਪਨੇ ਹੀ
ਦੇਂਦੇ ਹੋਣਗੇ ਉਹਨਾਂ ਨੂੰ
ਇਹ ਹਿੰਮਤ
ਲਗਦੇ ਹੋਣਗੇ ਉਹਨਾਂ ਦੇ
ਝੁਕਦੇ ਮੋਢਿਆਂ ਹੇਠ
ਬਣਕੇ ਫੌਹੜੀ
ਜੋ ਦਿੰਦੀ ਹੋਵੇਗੀ
ਉਹਨਾਂ ਦੀਆਂ
ਡਗਮਗਾਉਂਦੀਆਂ
ਲੱਤਾਂ ਨੂੰ ਸਹਾਰਾ

ਧੰਨ ਨੇ ਉਹ ਮਾਪੇ
ਧੰਨ ਹੈ ਉਹਨਾਂ ਦਾ ਜਿਗਰਾ

ਹਰ ਜੀ 07/09/2017

ਪੱਥਰਾਏ ਚਿਹਰੇ



ਅਕਸਰ ਦੇਖਦਾਂ ਹਾਂ
ਬਿਨਾ ਹਿੱਲਜੁਲ ਤੋਂ
ਟੱਡੀਆਂ ਅੱਖਾਂ
ਖੁਲ੍ਹੇ  ਮੂੰਹ
ਤੇ ਚਲਦੇ ਹੱਥ
ਇਹ ਨਜ਼ਾਰਾ
ਮਿਲ ਜਾਂਦਾ ਹੈ
ਹਰ ਘਰ ਵਿੱਚ
ਜਿਥੇ ਬੱਚੇ ਟੀਵੀ ਉੱਤੇ
ਟਿੱਕਟਿਕੀ ਲਾਕੇ
ਦੇਖਦੇ ਹਨ
ਕੋਈ ਕਾਰਟੂਨ
ਜਾਂ  ਖੇਡਦੇ ਹਨ
ਕੋਈ ਖੇਡ
ਇੰਝ ਮਹਿਸੂਸ ਹੁੰਦਾ
ਜਿਵੇਂ ਕਿਸੇ
ਜਿਓਂਦੀ ਜਾਗਦੀ
ਮੂਰਤ ਤੇ
ਪੱਥਰ ਦਾ ਚਿਹਰਾ
ਲਾਇਆ ਹੋਵੇ

ਹਰ ਜੀ 03/10/2017

ਗੁਆਚਾ ਰੱਬ



ਮੈ ਖ਼ੁਦ ਨੂੰ ਕਦੇ ਨੀ ਲੱਭ ਸਕਿਆ
ਪਰ ਰੱਬ ਨੂੰ ਲੱਭਦਾ ਫਿਰਦਾ ਰਿਹਾੰ
ਜ਼ਿੰਦਗੀ ਦੇ  ਇਸ ਭੰਬਲ਼ਭੂਸੇ ਵਿੱਚ
ਮੈ ਗੁਆਚਿਆ ਕਾਫ਼ੀ ਚਿਰਦਾ ਰਿਹਾੰ

ਮੇਰੇ ਜੰਮਦੇ ਸਾਰ ਹੀ ਸਿਰ ਉੱਤੇ
ਇੱਕ ਧਰਮ ਦਾ ਠੱਪਾ ਲਾ ਦਿੱਤਾ
ਨਾੰ ਰੱਖਣ ਵੇਲੇ ਮਾਪਿਆੰ ਨੇ
ਮੈਨੂੰ ਪਤਾ ਨੀ ਕੀ ਘੋਲ ਪਿਲਾ ਦਿੱਤਾ

ਰੱਬ ਮਾਪਿਆੰ ਦਾ ਜੋ ਗੁੰਮਿਆ ਸੀ
ਵਿੱਚ ਬਚਪਣ ਲੱਭਣ ਲਾ ਦਿੱਤਾ
ਬੱਸ ਜਵਾਨੀ ਚੜ੍ਹਨ ਤੋਂ ਪਹਿਲਾੰ ਹੀ
ਰੱਬ ਮੇਰੇ ਵਾਲਾ ਗੁਆ ਦਿੱਤਾ

ਰੱਬ ਲੱਭਣ ਵਾਲੇ ਗਧੀ ਗੇੜ ਚ
ਮੈ ਅੱਧੋਂ ਵੱਧ ਹੀ ਉੁਮਰ ਗੁਆ ਬੈਠਾੰ
ਹਰ ਮੰਦਿਰ ਮਸਜਿਦ ਦੁਆਰੇ ਵਿੱਚ
ਪਤਾ ਨੀ ਕਿੰਨੀ ਕੁ ਕਮਾਈ ਚੜ੍ਹਾ ਬੈਠਾੰ

ਨਾੰ ਸੌੰ ਸਕਿਆ ਨਾੰ ਕੱਤ ਸਕਿਆ
ਨਾੰ ਝੂਠੇ ਦਿਖਾਵੇ ਰੋਕ ਸਕਿਆ
ਲੁੱਟ ਰੱਬ ਦੇ ਨਾੰ ਗ਼ਰੀਬਾਂ ਦੀ
ਨਾ ਦੇਖ ਸਕਿਆ ਨਾੰ ਟੋਕ ਸਕਿਆ

ਬੀਜ ਬਿਨਾ ਕੋਈ ਪੌਦਾ ਉੱਗਦਾ ਨਹੀਂ
ਕਿਊੰ ਆਸ ਹੈ ਮੈਨੂੰ ਫੁੱਲ ਖਿਲਣੇ ਦੀ
ਹੁਣ ਤੱਕ ਨੀ ਰੱਬ ਨੂੰ ਕੋਈ ਲੱਭ ਸਕਿਆ
ਆਸ ਛੱਡ ਦਿੱਤੀ ਹੈ ਮੈ ਵੀ ਮਿਲਣੇ ਦੀ

ਹਰ ਜੀ ੧੮/੧੦/੨੦੧੭

ਡੰਗਰਾਂ ਵਾਲਾ ਕੋਠਾ

ਡੰਗਰਾਂ ਵਾਲਾ ਕੋਠਾ

ਬੋਤਾ ਬੁੱਕਦਾ ਮੱਘੇ ਕੱਢਦਾ
ਨਾਲੇ ਦੇਖੀ ਮੱਝ ਮੈਂ ਰਿੰਗਦੀ
ਨਾਲ ਖੜਾ ਘੋੜਾ ਵੀ ਹਿਣਕਿਆ
ਗਾਂ ਵੀ ਦੇਖੀ ਸੀ ਮੈਂ  ਰੰਭਦੀ
ਬੱਕਰੀ ਦੀ ਮੈਂ ਤੇ ਭੇਡ  ਦੀ ਬੈਂ ਬੈਂ
ਮੇਮਣੇ ਲੇਲੇ ਦੇਖੇ ਮਿਆਂਕਦੇ
ਕਿੰਝ ਸਾਰਾ ਪਿੰਡ ਉੱਠ ਸੀ ਪੈਂਦਾ
ਪਹਿਲੀ ਮੁਰਗੇ ਦੀ ਬਾਂਗ ਤੇ

ਖੁਆ ਡੰਗਰਾਂ ਨੂੰ ਟੋਕਾ ਸੰਨ੍ਹੀ
ਲੇਟੀ ਖਲ਼ ਦੈੜ ਜਾਂ  ਘਾਣੀ
ਨਿਆਣਾਂ ਪਾ ਗਾਂ ਦੀਆਂ ਲੱਤਾਂ ਨੂੰ
ਧਾਰ ਕੱਢਦੀ ਮੈਂ ਦੇਖੀ  ਸੁਆਣੀ
ਤੋਕੜ  ਮੱਝ ਡੋਕਿਆਂ ਨੂੰ ਤਾਰੇ
ਨਵੀਂ ਸੂਈ ਦੀ ਬਹੁਲੀ  ਕੱਢਦੇ
ਦੁੱਧ ਚੋਣ ਪਿੱਛੋਂ ਗਾਂ  ਮੱਝ  ਥੱਲੇ
ਦੇਖੇ ਮੈਂ  ਵੱਛਰੂ  ਕੱਟਰੂ  ਛੱਡਦੇ

ਮੱਝ ਦੇ ਬੱਚੇ  ਕੱਟਾ ਕੱਟੀ
ਬੱਕਰੀ ਦੇ ਦੇਖੇ  ਛੇਲਾ ਛੇਲੀ
ਵੱਛਾ ਵੱਛੀ ਗਾਂ ਪਿੱਛੇ  ਦੇਖੇ
ਦੇਖੇ ਭੇਡ ਪਿਛੇ  ਲੇਲਾ ਲੇਲੀ
ਬਾੜੇ ਜਾਂ ਹਵੇਲੀ ਦੇ ਵਿੱਚ
ਘੋੜੀ ਦੇ ਮਗਰ ਵਛੇਰਾ ਵਛੇਰੀ
ਡੰਗਰਾਂ ਵਾਲੇ ਘਰ ਬੰਨ੍ਹੀ  ਮੈਂ ਦੇਖੀ
ਨਵੀਂ ਸੂਈ ਹੋਈ ਇੱਕ ਲਵੇਰੀ

ਘੋੜਾ ਭੇਡੂ  ਬਲਦ ਨਰ ਸਾਰੇ
ਦੇਖੇ  ਬੋਕ ਝੋਟਾ ਤੇ ਸੰਢ੍ਹਾ
ਹਾਲੀ ਹੱਥ ਪਰਾਣੀ ਦੇਖੀ
ਪਾਲੀ ਹੱਥ ਵਿਚ ਦੇਖਿਆ ਡੰਡਾ
ਝੋਟੇ ਦੇ  ਨੱਕ ਵਿਚ ਕੁੰਡਾ ਦੇਖਿਆ
ਨੱਥ ਬਲਦਾਂ ਦੇ ਨੱਕ ਵਿੱਚ ਦੇਖੀ
ਗਾਵਾਂ ਮੱਝਾਂ ਦੇ ਗਲ਼ ਡਾਹਾ ਦੇਖਿਆ
ਤੇ ਨਕੇਲ ਬੋਤੇ ਦੇ ਨੱਕ ਵਿੱਚ  ਦੇਖੀ

ਪਾ ਪੈਂਖੜ ਰੱਸਾ  ਯਾ  ਸੰਗਲ
ਬੰਨ੍ਹਦੇ ਕਿੱਲੇ ਦੇ ਨਾਲ ਮੈਂ ਦੇਖੇ
ਪਾ ਕੇ ਮੂਹਰੀ  ਗਾਂ  ਮੱਝ ਦੇ
ਤੋਰਦੇ  ਆਪਣੇ ਨਾਲ ਮੈਂ ਦੇਖੇ
ਖੁਰਲੀ ਉੱਤੇ ਬੰਨ੍ਹ ਕੇ ਡੰਗਰ
ਦੇਖੇ ਉਹਨਾਂ ਨੂੰ ਪੱਠੇ ਪਾਉਂਦੇ
ਬਾਕੀਆਂ ਨੂੰ ਪਾਣੀ ਖੂਹ ਤੇ ਪਿਆਕੇ
ਮੱਝਾਂ ਦੇਖੇ  ਟੋਭੇ ਵਿਚ ਨੁਹਾਉਂਦੇ

ਕਣਕ ਦੀ ਨਾੜ ਤੋਂ ਤੂੜੀ ਬਣੀ ਦੇਖੀ
ਨਾਲੇ ਸੁੱਕੇ ਟਾਂਡੇ ਕੜਬ ਚਰੀ ਦੀ
ਸੁੱਕੇ ਗੁਆਰੇ ਤੋਂ ਬਣੀ ਕੰਡ ਮੈਂ ਦੇਖੀ
ਨਾਲੇ ਜਾਂਗੜ ਤੇ ਭੋਅ ਮੂੰਗਫਲੀ ਦੀ
ਝੋਨਾ ਵੱਢ  ਪਿੱਛੇ  ਰਹੀ ਪਰਾਲੀ
ਬਿਨ ਛੱਲੀਆਂ  ਦੇਖੇ  ਟਾਂਡੇ ਮੱਕੀ ਦੇ
ਛੋਲਿਆਂ ਮਗਰੋਂ  ਖੋਰ ਬਚ ਜਾਂਦਾ
ਗੰਨਿਆਂ  ਉਤੋਂ ਦੇਖੇ  ਆਗ ਲਥੀਦੇ

ਮੱਝਾਂ ਗਾਵਾਂ ਦੇਖੀਆਂ ਕਰਦੀਆਂ  ਗੋਹਾ
ਲਿੱ ਕਰਦੇ ਦੇਖੇ ਮੈੰ ਘੋੜੇ
ਬੋਤਾ ਸੀ ਜੋ ਸੁੱਟਦਾ ਲੇਡੇ
ਕੱਠੇ ਹੁੰਦੇ ਸੀ ਔਖੇ ਨਾਲ ਫੌੜ੍ਹੇ
ਭੇਡਾਂ ਬੱਕਰੀਆਂ ਦੀਆਂ  ਮੀਂਗਣਾਂ
ਬਿੱਠਾਂ ਮੁਰਗੀਆਂ ਦੀਆਂ ਮੈਂ ਦੇਖੀਆਂ
ਬੱਠਲ  ਤਸਲੇ ਤੇ ਟੋਕਰੇ ਭਰ ਕੇ
ਸਿੱਟਦੀਆਂ ਰੂੜੀ ਤੇ ਮੈਂ ਦੇਖੀਆਂ

ਹਰ ਜੀ 31/10/2017

ਅੱਖਾਂ ਚ ਉੁਦਾਸੀ

ਅੱਜ ਤੇਰੀਆੰ ਚਮਕਦੀਆੰ
ਅੱਖਾੰ ਵਿੱਚ ਕਿਊੰ ਹੈ ਉਦਾਸੀ
ਅੱਜ ਤੇਰੇ ਚਿਹਰੇ ਤੇ ਉੱਭਰੀ ਮੁਸਕਾਨ
ਕਿਊੰ ਲੱਗਦੀ  ਹੈ ਮੈਨੂੰ ਬਾਸੀ

ਛੁਪਾ ਕੇ ਗ਼ਮ ਅਪਣੇ ਅਕਸਰ
ਹਸਾਉਂਦੇ ਰਹਿੰਦੇ ਨੇ ਲੋਕਾੰ ਨੂੰ ਮਰਾਸੀ
ਚਿੱਟੇ ਦੰਦਾੰ ਚੋ ਜੋ ਡੁੱਲ੍ਹ ਡੁੱਲ੍ਹ ਪੈਂਦੀ ਸੀ
ਗੁੱਮ ਕਿੱਥੇ ਗਈ ਹੈ ਉਹ ਤੇਰੀ ਹਾਸੀ

ਹੋਇਆ ਕੀ ਜੇ ਆਪਾੰ ਹਾੰ ਪਰਦੇਸੀ
ਜਾਣ ਪਛਾਣ ਤਾੰ ਅਪਣੀ ਵੀ ਹੈ ਖਾਸੀ
ਪਰਵਾਜ਼ ਤਾੰ ਉਹ ਵੀ ਲਾਉਦੇ ਨੇ
ਹੁੰਦੇ ਨੇ ਜਿਹੜੇ ਪੰਛੀ ਪਰਵਾਸੀ

ਅਸੀੰ ਕਿਹੜੇ ਕਿਸੇ ਵੱਖਰੇ ਗ੍ਰਹਿ ਤੋੰ
ਅਸੀੰ ਵੀ ਇਸ ਧਰਤੀ ਦੇ ਵਾਸੀ
ਸਾਡੀ ਵੀ ਉਵੇੰ ਕੱਟ ਜਾਵੇਗੀ
ਜਿਵੇੰ ਬਾਕੀਆਂ ਦੀ ਕੱਟੇਗੀ ਚੌਰਾਸੀ

ਚੱਲ ਉੱਠ ਹੱਸੀਏ ਨੱਚੀਏ ਗਾਈਏ ਢੋਲੇ
ਭੁੱਲ ਕੇ ਸਾਰਾ ਕੁੱਝ ਜੋ ਹੈ ਸਿਆਸੀ
ਰੰਗ ਜਾਈਏ ਇੱਕ ਦੂਜੇ ਦੇ ਰੰਗ ਵਿੱਚ
ਖਿੜ ਜੇ ਰੂਹ ਜੋ ਹੈ ਚਿਰਾੰ ਤੋਂ ਪਿਆਸੀ
ਹਰ ਜੀ ੦੭/੧੧/੨੦੧੭

ਬੇਬੇ ਦਾ ਚੌਂਕਾ



ਡਾਹਕੇ ਪੀਹੜੀ ਬੇਬੇ ਵਿਚ ਚੌਂਕੇ ਦੇ ਬਹਿੰਦੀ  ਸੀ
ਹਰ ਵਕਤ ਹੱਥ ਚਲਾਉਂਦੀ ਮੂੰਹੋਂ ਕੁੱਝ  ਨਾਂ ਕਹਿੰਦੀ ਸੀ
ਨਾਲ ਗੋਹੇ ਦੇ ਚੌਂਕੇ ਨੂੰ ਉਹ   ਅਕਸਰ ਲਿੱਪਦੀ  ਸੀ
ਨਾਲ ਪਾਂਡੂ ਪੋਚੇ ਦੇ ਉਹ ਨਿੱਤ ਚੁੱਲ੍ਹਾ  ਸਜਾਉਂਦੀ ਸੀ
ਕੱਢ ਲੈਂਦੀ ਸੀ ਸੁਆਹ ਵਿਚੋਂ ਦੱਬੇ  ਅੱਗ ਦੇ ਗੋਹੇ  ਨੂੰ
ਰੱਖ ਪਾਥੀਆਂ ਉੱਤੇ ਨਾਲ ਭੂਕਣੇ  ਫੂਕਾਂ ਲਾਉਂਦੀ ਸੀ
ਕਦੇ ਗੁੱਲੇ ਕਾਨ੍ਹੇ ਟਾਂਡੇ ਤੇ ਕਦੇ  ਕਪਾਹ ਦੀਆਂ ਛਟੀਆਂ
ਪਰ ਜਿਆਦਾਤਰ ਪਾਥੀਆਂ ਦੇ ਨਾਲ ਚੁੱਲ੍ਹਾ  ਜਲਾਉਂਦੀ ਸੀ
ਅਕਸਰ ਚਿਮਟੇ ਦੇ ਨਾਲ  ਉਹ ਅੱਗ ਫਰੋਲਦੀ ਸੀ
ਤੌੜੀ  ਪਤੀਲਾ,ਤਵਾ ਚੁੱਲ੍ਹੇ ਤੇ ਬਦਲਦੀ ਰਹਿੰਦੀ ਸੀ

ਪਾ ਪਾਥੀਆਂ ਵਿਚ ਇੱਕ ਹਾਰੇ ਉਹ ਦਾਲ ਸੀ ਰੱਖ ਦਿੰਦੀ
ਵਿੱਚ ਦੂਜੇ ਹਾਰੇ ਦੇ ਦੁੱਧ ਦੀ ਕਾੜ੍ਹਨੀ ਧਰਦੀ ਸੀ
ਚਾਟੀ  ਵਿਚ ਦਹੀਂ  ਉਹ ਨਾਲ ਰਿੜਕਦੀ ਹੱਥਾਂ ਦੇ
ਮਧਾਣੀ ਨੇਤੀ  ਦਾ ਬੜਾ  ਖਿਆਲ ਉਹ ਕਰਦੀ ਸੀ
ਉਤਾਰ ਕੇ ਮੱਖਣ ਪਾ ਲੈਂਦੀ ਸੀ ਵਿਚ ਉਹ ਕੁੱਜੇ  ਦੇ
ਲੱਸੀ ਪੀਣ ਲਈ ਫੇਰ ਉਹ ਸਾਰੇ ਛੰਨੇ  ਭਰਦੀ ਸੀ
ਪਾਣੀ ਵਾਲਾ ਘੜਾ ਵੀ ਭਰ ਕੇ ਰੱਖਦੀ ਘੜਾਊਂਜ਼ੀ ਤੇ
ਆਟਾ ਕੱਢ ਭੜੋਲੀ ਚੋਂ  ਉਹ  ਗੋਹਲਾ  ਭਰਦੀ ਸੀ
ਮੁਠੀਆਂ ਦੇ ਨਾਲ ਮਿਣਕੇ  ਉਹ ਆਟਾ ਛਾਣ ਲੈਂਦੀ
ਗੁੰਨ੍ਹ ਕੇ ਵਿਚ ਪਰਾਂਤ ਆਟੇ  ਦੇ ਪੇੜੇ ਕਰਦੀ ਸੀ

ਕੁਟਦੀ ਸੀ ਨਾਲ ਕੂੰਡੀ ਸੋਟੇ  ਮਸਾਲਾ ਸਬਜ਼ੀ ਲਈ
ਅਕਸਰ ਵਿੱਚ  ਹਾਰੇ ਦੇ ਤੜਕਾ ਦਾਲ ਨੂੰ ਲਾ  ਦਿੰਦੀ
ਕਦੇ ਕਦੇ ਕੁੱਟ ਲੈਂਦੀ ਸੀ ਉਹਚਟਨੀ  ਅੰਬੀਆਂ ਦੀ
ਕਦੇ ਪਦੀਨੇ ਦੇ ਨਾਲ ਗੰਢਿਆਂ ਦਾ ਮੇਲ ਕਰਾ ਦਿੰਦੀ
ਕਦੇ ਲੱਸੀ ਨੂੰ ਛਾਣ  ਕੇ ਉਹ ਪਨੀਰ ਬਣਾ ਲੈਂਦੀ
ਅਧਰਕ ਮਿਰਚਾਂ ਵਾਲ ਲੂਣ ਕੁੱਟਕੇ  ਵਿਚ ਇਸ ਦੇ ਪਾ ਦਿੰਦੀ
ਚਾਰ ਚੀਰਨੀਆਂ ਸਰੋਂ ਦੀਆਂ ਨਾਲ ਇੱਕ ਚੀਰਨੀ ਬਾਥੂ
ਚੀਰ ਦਾਤੀ ਨਾਲ ਵਿਚ ਸਿਆਲਾਂ ਸਾਗ ਬਣਾ ਦਿੰਦੀ
ਫੜ ਕੇ ਪੈਰਾਂ ਦੇ ਨਾਲ ਤੱਤੀ ਸਾਗ ਦੀ ਤੌੜੀ ਨੂੰ
ਘੋਟ ਘੋਟ ਕੇ ਨਾਲ ਘੋਟਣੇ ਵਿਚ ਆਲਣ  ਪਾ ਦਿੰਦੀ

ਪੋਣਾ ਖੱਦਰ ਦਾ ਉਹ ਰੱਖਦੀ ਸੀ ਵਿਚ ਬੋਹੀਏ ਦੇ
ਚੱਕਲੇ ਵੇਲਣੇ ਨਾਲ ਪੇੜੇ ਦੀ ਰੋਟੀ ਬਣਾ ਲੈਂਦੀ
ਨਾਲ ਖੁਰਚਣੇ  ਗਰਮ ਤਵੇ ਤੇ ਰੋਟੀ ਥੱਲਦੀ ਸੀ
ਫਿਰ ਵਿਚ ਚੁੱਲ੍ਹੇ ਦੇ ਰੋਟੀ ਨੂੰ ਉਹ ਰੱਖ ਫੂਲਾ ਲੈਂਦੀ
ਰੋਟੀਆਂ  ਚੋਪੜ ਕੇ ਧਰ ਦਿੰਦੀ ਸੀ ਵਿਚ  ਛਾਬੇ ਦੇ
ਪਾਕੇ ਥਾਲੀਆਂ ਦੇ ਵਿਚ ਨਾਲੇ ਨਾਲ ਵਰਤਾ ਦਿੰਦੀ
ਜੋ ਕੁਝ ਬਚ ਜਾਂਦਾ ਉਹ ਰੱਖ ਦਿੰਦੀ ਸੀ ਵਿਚ ਆਲੇ ਦੇ
ਅੱਗ ਦੇ ਗੋਹੇ ਨੂੰ ਉਹ ਸੁਆਹ ਦੇ ਵਿਚ ਦਬਾ ਦਿੰਦੀ
ਨਾਲ ਸੁਆਹ ਦੇ ਝੱਟ ਹੀ ਭਾਂਡੇ ਮਾਂਜਕੇ ਰੱਖ ਦਿੰਦੀ
ਖਾ ਖੁਆਕੇ  ਰੋਟੀ ਮਗਰੋਂ ਚੌਂਕਾ  ਚਮਕਾ ਦਿੰਦੀ

ਹਰ ਜੀ 08/11/2017

ਅੱਜ ਮੈ ਕਹਿ ਦੇਣਾ



ਅੱਜ ਮੈ ਕਹਿ ਦੇਣਾ
ਸਾਰੇ ਪਰਿਵਾਰਾਂ ਨੂੰ
ਰਿਸ਼ਤੇਦਾਰਾਂ ਨੂੰ
ਦੋਸਤਾਂ ਮਿੱਤਰਾਂ ਤੇ
ਜੁੰਡੀ ਦੇ ਯਾਰਾਂ ਨੂੰ
ਪਿੰਡ ਦੀ ਪੰਚਾਇਤ ਨੂੰ ਤੇ
ਸਮੇ ਦੀਆੰ ਸਰਕਾਰਾਂ ਨੂੰ
ਪੜੌਸੀਆੰ ਨੂੰ
ਪਿੰਡ ਵਾਲਿਆੰ ਨੂੰ
ਘਸਮੈਲ਼ਿਆਂ ਨੂੰ ਤੇ
ਗੋਰਿਆੰ ਕਾਲਿਆਂ ਨੂੰ
ਤੀਵੀਆੰ ਨੂੰ ਤੇ
ਬੰਦਿਆੰ ਨੂੰ
ਮਾੜਿਆਂ ਨੂੰ ਤੇ
ਚੰਗਿਆੰ ਨੂੰ
ਗਰੀਬਾੰ ਨੂੰ ਤੇ
ਅਮੀਰਾੰ ਨੂੰ
ਸਾਧੂ ਸੰਤਾੰ ਨੂੰ ਤੇ
ਫਕੀਰਾੰ ਨੂੰ
ਤੰਦਰੁਸਤਾੰ ਤੇ
ਬਿਮਾਰਾੰ ਨੂੰ
ਨਾਲੇ ਧਰਮ ਦੇ
ਠੇਕੇਦਾਰਾਂ ਨੂੰ
ਲੁੱਚੇ ਲੰਗੇ
ਠੱਗ ਚੋਰਾਂ ਨੂੰ
ਬੁੱਕਲ਼ ਚ ਛਿਪੇ
ਚੁਗਲਖੋਰਾੰ ਨੂੰ
ਕੁੱਤਿਆਂ ਨੂੰ
ਕਮੀਣਿਆੰ ਨੂੰ
ਰਜਵਾੜਿਆੰ ਨੂੰ ਤੇ
ਬੇ ਜਮੀਨਿਆੰ ਨੂੰ
ਮੇਰੇ ਚਾਹੁਣੇ ਵਾਲਿਆੰ ਨੂੰ
ਤੇ ਪਿਆਰਿਆੰ ਨੂੰ
ਬੱਸ ਸਮਝੋ ਪੜਨ ਵਾਲੇ
ਸਾਰਿਆੰ ਨੂੰ

ਤਰੀਕ ਹੀ ਬਦਲੀ ਹੈ
ਕੁੱਝ ਨੀ ਬਦਲਿਆ
ਨਾ ਤੁਸੀਂ ਤੇ ਨਾੰ ਮੈੰ
ਫਿਰ ਰੌਲਾ ਰੱਪਾ ਕਾਹਦਾ
ਬੱਸ ਜ਼ਿੰਦਗੀ ਨੂੰ ਮਾਣੋ
ਤੇ ਖੁਸੀਆੰ ਵੰਡਦੇ ਰਹੋ
ਹਰ ਦਿਨ ਹਰ ਪਲ
ਸਾਲ ਬਦਲਣ ਦੀ
ਉਡੀਕ ਨਾ ਕਰੋ

ਅੱਖਰ

ਇਹ ਅੱਖਰ ਜਦ
ਸ਼ਬਦਾਂ ਵਿਚ ਬਦਲ ਜਾਂਦੇ
ਤੇ ਸ਼ਬਦ ਖੰਜਰ ਬਣ
ਦਿਲ ਚ ਖੁਭ ਜਾਂਦੇ
ਤਾਂ ਇਕ ਪੀੜ ਜਨਮ ਲੈਂਦੀ
ਤੇ ਪਾਣੀ ਬਣ
ਅੱਖੀਆਂ ਚੋਂ ਬਹਿ ਤੁਰਦੀ

ਇਹ ਅੱਖਰ ਜਦ
ਸ਼ਬਦਾਂ ਵਿਚ ਬਦਲ ਜਾਂਦੇ
ਤੇ ਸ਼ਬਦ ਮੱਲ੍ਹਮ ਬਣ
ਜਖਮਾਂ ਤੇ ਲੱਗ ਜਾਂਦੇ
ਤਾਂ ਪੀੜ ਪਿਆਰ ਚ
ਤੇ ਅੱਖੀਆਂ ਵਿਚਲਾ ਪਾਣੀ
ਚਮਕ ਵਿਚ ਬਦਲ ਜਾਂਦਾ

ਇਹ ਅੱਖਰ  ਜਦ
ਸ਼ਬਦਾਂ ਵਿਚ ਬਦਲ ਜਾਂਦੇ
ਤੇ ਸ਼ਬਦ ਖੌਫ਼ ਬਣ
ਕਿਸੇ ਦੇ ਰਾਹ ਦਾ ਰੋੜਾ ਬਣ ਜਾਂਦੇ
ਤਾਂ ਰਾਹੀ ਅਟਕ ਦੇ ਡਿੱਗ ਪੈਂਦਾ
ਤੇ ਉਸਦੀ ਮੰਜਿਲ
ਹਨੇਰਿਆਂ ਚ ਗੁਮ ਜਾਂਦੀ

ਇਹ ਅੱਖਰ  ਜਦ
ਸ਼ਬਦਾਂ ਵਿਚ ਬਦਲ ਜਾਂਦੇ
ਤੇ ਸ਼ਬਦ ਹਿੱਮਤ ਬਣ
ਕਿਸੇ ਨੂੰ ਪ੍ਰੇਰਿਤ ਕਰਦੇ
ਤਾਂ ਡਿੱਗੇ ਹੋਏ ਉਠ ਪੈਂਦੇ
ਤੇ ਤੁਰ ਪੈਂਦੇ
ਆਪਣੀ ਮੰਜ਼ਿਲ ਵੱਲ
ਹਰ ਜੀ ੨੧/੦੧/੨੦੧੮

ਮੇਰਾ ਪਿੰਡ

ਮੇਰਾ ਪਿੰਡ

ਨਿੱਕਾ ਜਿਹਾ ਹੈ ਇਹ ਪਿੰਡ ਮੇਰਾ
ਪਰ ਹੈ ਇਹ ਬੜਾ ਈ ਨਿਆਰਾ
ਪੋਪਨਿਆਂ ਵਾਲੀ ਜੋ ਹੈ ਚੋਈ
ਨਿਆਮੀਆੰ ਬਣ ਜਾਂਦੀ ਘਾਰਾ

ਹਰ ਸਾਲ ਹਾੜ ਤੋਂ ਅੱਸੂ ਤੱਕ
ਲਗਾਤਾਰ ਇਹ ਵਗਦੀ ਰਹਿੰਦਾ
ਪਿੰਡੋ ਜਾਣ  ਤੇ ਪਿੰਡ ਨੂੰ ਜਾਣ  ਲਈ
ਰੋਜ ਜੁੱਤੀ ਪਜਾਮਾ ਲਾਹੁਣਾ ਪੈਂਦਾ

ਪੰਜਾਹ ਕ ਘਰਾਂ ਦਾ ਇਹ ਮਾਜਰਾ
ਵਿਚ ਪੁਆਧ ਦੇ ਹੈ ਵਸਦਾ
ਪਹਿਲਾੰ ਅੰਬਾਲਾ ਤੇ ਫੇਰ ਰੋਪੜ
ਹੁਣ ਮੁਹਾਲੀ ਜ਼ਿਲ੍ਹਾ ਹੈ ਦੱਸਦਾ

ਗਿੱਲ ਬਿਲਿੰਗ ਮੁੰਡੀ ਜੱਟ ਸਾਰੇ
ਢੀਂਡਸਿਆਂ  ਦਾ ਕੱਲਾ ਘਰ ਹੈ
ਨਾਂ ਕੋਈ ਛੀਂਬਾ ਤੇਲੀ ਘੁਮਿਆਰ
ਬਾਕੀ ਸਭ ਜਾਤਾਂ ਦੇ ਘਰ ਹੈਂ

ਨਾਂ ਕੋਈ ਮਸਜ਼ਿਦ ਗਿਰਜਾ ਮੰਦਿਰ
ਪਿੰਡ ਵਿੱਚ  ਹੈ ਇੱਕ ਗੁਰੂਦਵਾਰਾ
ਖੇੜਾ ਖੁਆਜਾ ਤੇ ਹਨੂੰਮਾਨ ਨੂੰ
ਪੂਜਦਾ ਹੈ ਮੇਰਾ ਪਿੰਡ ਸਾਰਾ

ਮਾਤਾ ਰਾਣੀ ਦੇ ਥਾਨ ਵੀ ਹੈਗੇ
ਮੜ੍ਹੀਆਂ ਕੋਲ ਹੈ ਸਥਾਨ ਸ਼ਹੀਦਾਂ
ਦਿਵਾਲੀ ਦੂਸ਼ੈਹਿਰਾ ਹਰ ਸਾਲ ਮਨਾਉਂਦੇ
ਕਦੇ ਨੇ ਦੇਖੇ ਮਨਾਉਂਦੇ ਈਦਾਂ

ਬਾਬੇ ਨਾਨਕ ਦਾ ਦਿਹਾੜਾ ਮਨਾਉਦੇ
ਇੱਕਠੇ ਹੋਕੇ ਲੋਹੜੀ ਬਾਲਦੇ
ਝੱਕਰੀਆਂ ਤੇ ਦੋਘੜਾਂ ਮਿਣਸਦੇ
ਬਾਲਮੀਕ ਲਈ ਗੜ੍ਹਬੜੇ  ਬਾਲਦੇ

ਪਿੰਡ ਵਿੱਚ  ਹੈ ਇੱਕ ਚੌਂਕ ਤੇ ਟੋਭਾ
ਪੰਜ ਗਲੀਆਂ ਦਰਵਾਜ਼ੇ ਅੰਦਰ
ਪਿੰਡ ਦੇ ਦੁਆਲੇ ਫਿਰਨੀ ਘੁੰਮਦੀ
ਪੰਜ ਗੋਹਰਾਂ ਜਾਣ ਪਿੰਡ ਦੇ ਅੰਦਰ

ਪੜ੍ਹਿਆਂ ਲਿਖਿਆਂ ਤੇ ਨੌਕਰੀ ਪੇਸ਼ੇ ਦੀ
ਸਦਾ ਰਹੀ ਹੈ ਭਰਮਾਰ ਮੇਰੇ ਪਿੰਡ
ਵੱਡਿਆਂ ਬਜ਼ੁਰਗਾਂ ਤੇ ਧੀਆਂ  ਦਾ
ਸਦਾ ਰਿਹਾ ਸਤਿਕਾਰ ਮੇਰੇ ਪਿੰਡ

ਡਾਕਟਰ ਸਾਇੰਸਦਾਨ ਇੰਜੀਂਨੀਅਰ
ਮਾਸਟਰ ਕਲਰਕ ਤੇ ਪੱਤਰਕਾਰ
ਫੌਜੀ ਡਰਾਈਵਰ ਤੇ ਵੱਡੇ ਅਫ਼ਸਰ
ਪਿੰਡ ਮੇਰੇ ਦਿੱਤੇ ਹਰ ਸਰਕਾਰ

ਪੁਆਧੀ ਮਲਵਈ ਦਾ ਸੁੰਦਰ ਮਿਸਰਣ
ਸੁਣਨ ਨੂੰ ਪਿੰਡ ਮੇਰੇ ਮਿਲ ਜਾਂਦਾ
ਜਦ ਵੀ ਕਦੇ ਮੈ ਪਿੰਡ ਗੇੜਾ ਮਾਰਦਾ
ਗਦ ਗਦ ਹੋ ਮਨ ਮੇਰਾ ਖਿੱਲ ਜਾਂਦਾ

ਹਰ ਜੀ ੨੭/੦੨/੨੦੧੮

ਮਾਫ਼ੀਨਾਮਾ



ਮਾਫ਼ੀ ਵਾਲੀ ਗੱਡੀ ਚੱਲ ਪਈ
ਚੱਲ ਪਈ ਅੰਬਰਸਰ  ਤੋਂ
ਹੋ ਸਕਦਾ ਏ ਗੁਰਦਾਸ ਪੁਰੋ ਨਿਕਲੇ
ਹੋਕੇ ਛੋਟੇਪੁਰ ਦੇ ਦਰ ਤੋਂ
ਰਸਤੇ ਵਿੱਚ ਸਾਇਦ ਸ਼ਾਂਤੀ ਵਾਲੀ
ਘੁੱਗੀ ਵੀ ਉਡ ਜਾਵੇ
ਜਿੱਥੇ ਵੀ ਹੈ ਧੱਕਾ ਹੋਇਆ
ਗੱਡੀ ਪੰਜਾਬ ਚ ਜਾਵੇ
ਸਾਇਦ ਪਟਿਆਲ਼ੇ ਵਾਲੇ ਗਾਂਧੀ
ਤੇ ਖਾਲਸੇ ਨੂੰ ਵੀ ਮਿਲਜੇ ਚਿੱਠੀ
ਸਿਆਸੀ ਨੇਤਾ ਦੀ ਮਾਫ਼ੀ ਗੱਡੀ
ਪਹਿਲੀ ਵਾਰ ਮੈ ਡਿੱਠੀ
ਯਾਦਵ ਤੇ ਪਰਸ਼ਾੰਤ ਭੂਸ਼ਣ ਨੇਵੀ
ਲਿੱਪ ਲੈਣੀ ਹੈ ਦੇਹਲ਼ੀ
ਅਰੁਣ ਜੇਤਲੀ ਵੀ ਹੁਣ ਭੰਨੂੰ
ਸਾੰਭ ਰੱਖੀ ਜੋ ਭੇਲ੍ਹੀ
ਕੁਮਾਰ ਵਿਸ਼ਵਾਸ ਵੀ ਗਾਊ ਕਵਿਤਾ
ਵਿੱਚ ਗੱਡੀ ਦੇ ਚੜ੍ਹਕੇ
ਸਾਰਿਆੰ ਤੋਂ ਮੰਗੀ ਜਾਊ ਮਾਫ਼ੀ
ਡੱਕਣੇ ਜੇਲ੍ਹੀੰ ਸੀ ਜੋ ਫੜਕੇ
ਡੁੱਬਦੀ ਬੇੜੀ ਦੇ ਵਿੱਚ ਚੜ੍ਹਗੀ
ਇਹ ਮਾਫ਼ੀ ਵਾਲੀ ਗੱਡੀ
ਵਲੰਟੀਅਰਾੰ ਤੇ ਪਰਦੇਸੀਆਂ ਦੀ
ਇਹਨੇ ਧੌਣ ਮਰੋੜ ਹੁਣ ਛੱਡੀ

ਹਰਜੀ ੧੬/੦੩/੨੦੧੮